ਹੜਤਾਲ ਦੇ ਮੱਦੇਨਜ਼ਰ ਪਬਲਿਕ ਟਰਾਂਸਪੋਰਟ ਨਾ ਚੱਲਣ ਕਾਰਨ 4 ਘੰਟੇ ਰਿਹਾ ਜਨਜੀਵਨ ਪ੍ਰਭਾਵਿਤ
ਰੋਮ ਇਟਲੀ 19 ਨਵੰਬਰ (ਦਲਵੀਰ ਸਿੰਘ ਕੈਂਥ) ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆਂ ਮੇਲੋਨੀ ਦੀ ਅਗਵਾਈ ਵਾਲੀ ਸਰਕਾਰ ਦੇਸ਼ ਦੇ ਨਾਗਰਿਕਾਂ ਨੂੰ ਖੁਸ਼ਹਾਲ ਕਰਨ ਲਈ ਆਏ ਦਿਨ ਮਹਿੰਗਾਈ ਦੇ ਮੱਦੇਨਜ਼ਰ ਭੱਤੇ ਦੇ ਰਹੀ ਹੈ,ਪਰ ਇਸ ਦੇ ਮੱਦੇਨਜ਼ਰ ਵੀ ਇਟਲੀ ਦੇ ਨਾਗਰਿਕ ਸਰਕਾਰ ਤੋਂ ਖੁਸ਼ ਨਜ਼ਰ ਨਹੀਂ ਆ ਰਹੇ। ਕਿਉਂਕਿ ਇਟਲੀ ਵਿੱਚ ਦਿਨੋ ਦਿਨ ਵੱਧ ਰਹੀ ਮਹਿੰਗਾਈ ਆਮ ਲੋਕਾਂ ਦਾ ਲੱਕ ਤੋੜ ਰਹੀ ਹੈ ਜਿਸ ਕਾਰਨ ਲੋਕਾਂ ਵਿੱਚ ਮਹਿੰਗਾਈ ਨੂੰ ਲੈਕੇ ਹਾਹਾਕਾਰ ਮਚੀ ਹੋਈ ਹੈ। ਜੇਕਰ ਗੱਲ ਇਸ ਸਾਲ ਦੀ ਹੀ ਕੀਤੀ ਜਾਵੇ ਤਾਂ ਇਸ ਸਾਲ ਤੋਂ ਇਟਲੀ ਵਿੱਚ ਆਮ ਵਿਅਕਤੀ ਦੀ ਰੋਜ਼ਾਨਾ ਵਰਤੀਆਂ ਜਾਣ ਵਾਲੀਆ ਵਸਤੂਆਂ ਦੇ ਮੁੱਲ ਆਮ ਵਧੇਰੇ ਵੱਧਣ ਨਾਲ ਗਰੀਬ ਤਬਕਾ ਭੁੱਖਾ ਮਰਨ ਕਿਨਾਰੇ ਹੈ ।
ਦੇਸ਼ ਵਿੱਚ ਵੱਧ ਰਹੀ ਮਹਿਗਾਈ ਦੇ ਵਿਰੁੱਧ ਇਟਲੀ ਦੀਆ ਦੋ ਪ੍ਰਸਿੱਧ ਜਨਤਕ ਸੰਸਥਾਵਾਂ ਜਿਹੜੀਆਂ ਸਦਾ ਹੀ ਮਜ਼ਦੂਰ ਵਰਗ ਨਾਲ ਮੋਢਾ ਲਾ ਉਹਨਾਂ ਦੇ ਹੱਕਾਂ ਲਈ ਲੜਦੀਆਂ ਹਨ ਸੀ ਜੀ ਆਈ ਐਲ ਤੇ ਉ ਆਈ ਐਲ ਵਲੋਂ ਲਾਸੀਓ ਸੂਬੇ ਦੇ ਮਹਿੰਗਾਈ ਨਾਲ ਪ੍ਰਭਾਵਿਤ ਲੋਕਾਂ ਦੇ ਸਹਿਯੋਗ ਨਾਲ ਰਾਜਧਾਨੀ ਰੋਮ ਦੇ ਪ੍ਰਸਿੱਧ ਸਥਾਨ ਪਿਆਸਾ ਦੱਲ ਪੌਪਲੋ ਵਿਖੇ ਭਾਰੀ ਗਿਣਤੀ ਵਿੱਚ ਇੱਕਠ ਕਰਕੇ ਮੇਲੋਨੀ ਸਰਕਾਰ ਵਿਰੁੱਧਦ ਰੋਸ ਪ੍ਰਦਰਸ਼ਨ ਕੀਤਾ ਗਿਆ। ਸੀ ਜੀ ਆਈ ਐਲ ਦੇ ਜਨਰਲ ਸੈਕਟਰੀ ਪੀਏਪਾਬਲੋ ਬੋਬਰਦੇਈਰੀ ਤੇ ਉ ਆਈ ਐਲ ਦੇ ਜਨਰਲ ਸੈਕਟਰੀ ਮਾਓਰੀਸੀਓ ਲਣਦੀਨੀ ਦੀ ਰਹਿਨੁਮਾਈ ਹੇਠ ਠਾਠਾਂ ਮਾਰਦਾ ਇੱਕਠ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਵੱਲੋਂ ਸਰਕਾਰ ਖ਼ਿਲਾਫ਼ ਰੋਹ ਵਿੱਚ ਨਾਅਰੇਬਾਜ਼ੀ ਕੀਤੀ ਗਈ।
ਹੱਥਾਂ ਵਿੱਚ ਬੈਨਰ ਤੇ ਤਖਤੀਆਂ ਫੜ ਕੇ ਕਾਮਿਆਂ, ਪੈਨਸ਼ਨ ਲ਼ੈਣ ਵਾਲੇ ਤੇ ਆਮ ਨਾਗਰਿਕਾਂ ਦੀ ਮਿਹਨਤ ਰਾਸ਼ੀ ਵਿੱਚ ਵਾਧਾ ਕਰਨ ਦੀ ਮੰਗ ਰੱਖੀ ਗਈ। ਇਸ ਮੌਕੇ ਪਬਲਿਕ ਟਰਾਂਸਪੋਰਟ ਜਿਵੇ ਬੱਸਾਂ , ਰੇਲਾਂ ਦੀ ਵੀ 4 ਘੰਟੇ ਹੜਤਾਲ ਕੀਤੀ ਗਈ ਅਤੇ ਸੰਸਥਾ ਵਲੋ 8 ਘੰਟੇ ਦੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਦੂਜੇ ਪਾਸੇ ਵਿੱਦਿਅਕ ਅਦਾਰੇ , ਬੈਂਕਾਂ ਤੇ ਡਾਕਘਰ ਆਦਿ ਆਮ ਨਾਗਰਿਕਾਂ ਲਈ ਖੁੱਲੇ ਰਹੇ ਸਨ। ਇਸ ਰੋਸ ਪ੍ਰਦਰਸ਼ਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਟਾਲੀਅਨ ਲੋਕਾਂ ਵਲੋ ਸ਼ਮੂਲੀਅਤ ਕੀਤੀ ਗਈ ਪਰ ਭਾਰਤੀ ਕਾਮਿਆਂ ਤੋਂ ਇਲਾਵਾ ਭਾਰਤੀ ਭਾਈਚਾਰੇ ਦੇ ਸਿਰ ਕੱਢਵੇਂ ਆਗੂ ਤੇ ਲੋਕ ਇਸ ਪ੍ਰਦਰਸ਼ਨ ਵਿੱਚ ਕਿਧਰੇ ਵੀ ਨਜ਼ਰੀ ਨਾ ਆਏ ਜਿਹੜਾ ਕਿ ਸਭ ਲਈ ਸਵਾਲੀਆਂ ਚਿੰਨ ਰਿਹਾ ।
ਇਸ ਰੋਸ ਮੁਜਾਹਰੇ ਵਿੱਚ ਹਰ ਵਰਗ ਤੇ ਕਈ ਦੇਸ਼ਾਂ ਦੇ ਲੋਕਾਂ ਨੇ ਹਾਅ ਦਾ ਨਆਰਾ ਮਾਰਿਆ ਗਿਆ ਕਿਉਂਕਿ ਸੰਸਥਾਵਾਂ ਵੱਲੋਂ ਇਟਲੀ ਦੇ ਨਾਗਰਿਕਾਂ ਲਈ ਤੇ ਮਹਿੰਗਾਈ ਦੇ ਖਿਲਾਫ ਮੌਜੂਦਾ ਸਰਕਾਰ ਦੇ ਵਿਰੁੱਧ ਲੜੀ ਜਾ ਰਹੀ ਸੀ ਨਾ ਕਿ ਕਿਸੇ ਇੱਕ ਵਰਗ ਦੇਸ਼ ਲਈ ਇਸ ਲਈ ਇਸ ਮੁਜਾਹਰੇ ਲੋਕ ਹਿੱਤਾਂ ਲਈ ਹੋਣ ਕਾਰਨ ਹਰ ਉਸ ਸਖ਼ਸ ਦਾ ਸਮੂਲੀਅਤ ਕਰਨਾ ਜਰੂਰੀ ਹੁੰਦਾ ਜਿਹੜਾ ਇਹ ਸਮਝਦਾ ਹੈ ਕਿ ਆਮ ਆਦਮੀ ਨਾਲ ਹਾਕਮ ਧਿਰਾਂ ਧੱਕਾ ਕਰ ਰਹੀਆਂ ਉਹਨਾਂ ਨੂੰ ਨੀਂਦ ਤੋਂ ਜਗਾਉਣ ਲਈ ਅਜਿਹੇ ਮੁਜ਼ਾਰਹੇ ਲਾਗਮੀ ਹਨ ਪਰ ਅਫ਼ਸੋਸ ਭਾਰਤੀ ਮਜ਼ਦੂਰ ਤੇ ਆਗੂ ਕਿਉਂ ਗੈਰ-ਹਾਜ਼ਰ ਰਹੇ ਇਹ ਉਹ ਹੀ ਦੱਸ ਸਕਦੇ ਹਨ।
ਜਿਕਰਯੋਗ ਹੈ ਕਿ ਇਸ ਇਕੱਠ ਨੇ ਸਰਕਾਰ ਦੀ ਨੀਂਦ ਜ਼ਰੂਰ ਉਡਾਈ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਮੌਕੇ ਦੀ ਮੇਲੌਨੀ ਸਰਕਾਰ ਦੇਸ਼ ਦੇ ਨਾਗਰਿਕਾਂ ਲਈ ਕਿ ਨਵਾਂ ਕਰੇਗੀ ਤਾਂ ਦੇਸ਼ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੋਵੇ ਤੇ ਮਹਿੰਗਾਈ ਨੂੰ ਵੀ ਨੱਥ ਪੈ ਸਕੇ ਇਹ ਤਾਂ ਆਉਣ ਵਾਲਾ ਸਮਾਂ ਤੈਅ ਕਰੇਗਾ ਪਰ ਇਸ ਮੁਜ਼ਾਹਰੇ ਪ੍ਰਤੀ ਦੇਸ਼ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਕਿਹਾ ਕਿ ਇਹ ਮੁਜ਼ਾਹਰਾ ਉਹਨਾਂ ਦੇ ਬਜਟ ਦੇ ਐਲਾਨ ਤੋਂ ਪਹਿਲਾਂ ਦਾ ਹੀ ਰੱਖਿਆ ਸੀ ਤੇ ਉਹਨਾਂ ਦੀ ਸਰਕਾਰ ਤਾਂ ਆਮ ਲੋਕਾਂ ਲਈ ਸੁੱਖ-ਸਹੂਲਤਾਂ ਮੁਹੱਈਆਂ ਕਰਵਾਉਣ ਵਿੱਚ ਜੁੱਟੀ ਹੋਈ ਹੈ। ਇਸ ਮੁਜ਼ਾਹਰੇ ਲਈ ਲੋਕਾਂ ਦਾ ਰੁਝਾਨ ਨਾਂਹ ਦੇ ਬਰਾਬਰ ਰਿਹਾ ਲੋਕ ਰੋਜ ਵਾਂਗਰ ਆਪਣੇ ਕੰਮਾਂ ਵਿੱਚ ਮਸ਼ਰੂਫ ਹੋ ਸਰਕਾਰ ਦੇ ਫੈਸਲਿਆਂ ਉਪੱਰ ਹਮਾਇਤ ਦੀ ਮੋਹਰ ਲਗਾ ਰਹੇ ਹਨ।
Author: Gurbhej Singh Anandpuri
ਮੁੱਖ ਸੰਪਾਦਕ