Home » ਧਾਰਮਿਕ » ਇਤਿਹਾਸ » ਗੁਰੂ ਗ੍ਰੰਥ ਸਾਹਿਬ ਵਿਚਲਾ “ਰਾਮ” ਕਿਹੜਾ ਹੈ ?

ਗੁਰੂ ਗ੍ਰੰਥ ਸਾਹਿਬ ਵਿਚਲਾ “ਰਾਮ” ਕਿਹੜਾ ਹੈ ?

252 Views
  1. ਰਾਮ” ਲਫ਼ਜ਼ ਦੇ 13 ਵੱਖ-ਵੱਖ ਪਿਛੋਕੜ ਹਨ।
    ਕਿਉਂਕਿ ਉਨ੍ਹਾਂ ਵਿਚੋਂ ਸਿਰਫ਼ ਦੋ ਦਾ ਹੀ ਹਥਲੇ ਮਜ਼ਮੂਨ ਨਾਲ ਸਬੰਧ ਹੈ ਇਸ ਕਰ ਕੇ ਮੈਂ ਉਨ੍ਹਾਂ ਦੋਹਾਂ ਦਾ ਜ਼ਿਕਰ ਹੀ ਕਰਾਂਗਾ। ਪਹਿਲੇ ਰਾਮ ਦਾ ਮਤਲਬ ਹੈ: “ਉਹ ਪਾਰਬ੍ਰਹਮ, ਸਰਬ ਵਿਆਪੀ, ਕਰਤਾਰ” ਅਤੇ ਦੂਜਾ ਰਾਮਯੁਧਿਆ ਦੇ ਰਾਜੇ ਦਸ਼ਰਥ ਦਾ ਪੁਤਰ ਸੀ।
    ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਦੋਹਾਂ ਰਾਮਾਂ ਦਾ ਹੀ ਜ਼ਿਕਰ ਆਉਂਦਾ ਹੈ। ਮੂਲਵਾਦੀ ਹਿੰਦੂ ਅਤੇ ਗ਼ੈਰ-ਹਿੰਦੂਆਂ ਨਾਲ ਨਫ਼ਰਤ ਕਰਨ ਵਾਲੇ ਫ਼ਿਰਕੂ ਹਿੰਦੂਆਂ ਅਤੇ ਉਨ੍ਹਾਂ ਦੇ ਚਾਪਲੂਸ ਲੇਖਕਾਂ ਨੇ ਗੁਰੂ ਗ੍ਰੰਥ ਸਾਹਿਬ ਵਿਚ ਕਰੀਬ 2500 ਵਾਰ “ਰਾਮ” ਲਫ਼ਜ਼ ਆਉਣ ਵਲ ਇਸ਼ਾਰਾ ਕਰਦਿਆਂ ਇਹ ਵੀ ਯਬਲੀ ਮਾਰੀ ਸੀ ਕਿ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚ “ਰਾਮ” ਦਾ ਨਾਂ ਏਨੀ ਵਾਰ ਆਇਆ ਹੈ ਇਸ ਕਰ ਕੇ ਸਿੱਖਾਂ ਨੂੰ ਅਯੁਧਿਆ ਵਾਲੇ “ਰਾਮ” ਦੀ ਪੂਜਾ ਕਰਨੀ ਚਾਹੀਦੀ ਹੈ।
    ਕੁਝ ਕੂ ਚਾਪਲੂਸ, ਦੰਭੀ ਅਤੇ ਹਿੰਦੂ ਮੂਲਵਾਦੀਆਂ ਤੋਂ ਨਿੱਕੇ-ਨਿੱਕੇ ਫ਼ਾਇਦੇ ਲੈਣ ਦੇ ਖ਼ਾਹਿਸ਼ਮੰਦ ਸਿੱਖਾਂ ਨੇ ਵੀ ਇਸ ਗੱਲ ਨੂੰ ਪਰਚਾਰਨ ਦੀ ਨਾਕਾਮ ਕੋਸ਼ਿਸ਼ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਵਿਚ ਰਾਜਾ ਦਸ਼ਰਥ ਦੇ ਪੁੱਤਰ ਰਾਮ ਚੰਦ ਦਾ ਹੀ ਕਰੀਬ 2500 ਵਾਰੀ ਜ਼ਿਕਰ ਹੈ ਤੇ ਉਸ ਰਾਮ ਕਾਰਨ ਹੀ ਸਿੱਖ ਹਿੰਦੂ ਧਰਮ ਦਾ ਹਿੱਸਾ ਹਨ। (ਇਹ 2500 ਵਾਰ ਦੀ ਗਿਣਤੀ ਵਖ ਵਖ ਲੇਖਕਾਂ ਨੇ ਵਖ-ਵਖ ਕੀਤੀ ਹੈ, ਜੋ 2450 ਤੇ 2550 ਦੇ ਵਿਚਕਾਰ ਹੈ, ਪਰ ਸਾਡਾ ਮਤਲਬ ਇਹ ਗਿਣਤੀ ਕਰਨਾ ਨਹੀਂ)।

ਗੁਰੂ ਗ੍ਰੰਥ ਸਾਹਿਬ ਵਿਚਲਾ “ਰਾਮ” ਕਿਹੜਾ ਹੈ ? ਇਹ ਸਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ “ਰਾਮ” ਲਫ਼ਜ਼ ਜੇ ਤਕਰੀਬਨ 2500 ਵਾਰੀ ਆਇਆ ਹੈ। ਪਰ ਇਸ ਵਿਚੋਂ ਕਰੀਬ 2490 ਵਾਰੀ “ਰਾਮ” ਲਫ਼ਜ਼ ਅਕਾਲ ਪੁਰਖ, ਵਾਹਿਗੁਰੂ, ਪਰਮਾਤਮਾ ਵਾਸਤੇ ਹੈ ਜਿਹੜਾ ਹਰ ਥਾਂ “ਰਮਿਆ” ਹੋਇਆ ਹੈ। “ਰਮਿਆ” ਹੋਇਆ ਦਾ ਮਤਲਬ ਹੈ “ਜੋ ਹਰ ਥਾਂ ਵਿਚਰਦਾ ਹੈ, ਫਿਰਦਾ ਹੈ, ਮੌਜੂਦ ਹੈ, ਸਮਾਇਆ ਹੋਇਆ ਹੈ।” “ਰਾਮ” ਇਸੇ “ਰਮੇ’ ਹੋਣ ਤੋਂ ਹੀ ਬਣਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਕਰੀਬ 2490 ਵਾਰ ਇਸੇ ਰਮੇ ਹੋਏ, ਰਾਮ, ਰਮੱਈਆ, ਰਾਮੱਈਆ ਦਾ ਹੀ ਜ਼ਿਕਰ ਹੈ।
ਦੂਜੇ ਪਾਸੇ, ਅਯੁਧਿਆ ਦੇ ਰਾਜੇ ਦਸ਼ਰਥ ਦੇ ਪੁੱਤਰ ਰਾਮ ਦਾ ਜ਼ਿਕਰ ਵੀ ਗੁਰੂ ਗ੍ਰੰਥ ਸਾਹਿਬ ਵਿਚ ਹੈ। ਪਰ ਇਹ ਸਿਰਫ਼ 8 ਥਾਂਵਾਂ ‘ਤੇ ਹੈ । ਉਹ ਅੱਠ ਹਵਾਲੇ ਇਹ ਹਨ:
1. ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥
ਕੇਤੀਆਂ ਕੰਨ੍ਹ ਕਹਾਣੀਆਂ ਕੇਤੇ ਬੇਦ ਬਿਚਾਰ ॥ (ਗਰੂ ਗ੍ਰੰਥ ਸਾਹਿਬ, ਸਫ਼ਾ 464)
2. ਪਾਂਡੇ ਤੁਮਰਾ ਰਾਮ ਚੰਦ ਸੋ ਭੀ ਆਵਤੁ ਦੇਖਿਆ ॥
ਰਾਵਣ ਸੇਤੀ ਸਰਬਰ ਹੋਈ ਘਰ ਕੀ ਜਇ ਗਵਾਈ ਥੀ ॥ (ਗਰੂ ਗ੍ਰੰਥ ਸਾਹਿਬ, ਸਫ਼ਾ 875)
3. ਰੋਵੈ ਰਾਮ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥ (ਗਰੂ ਗ੍ਰੰਥ ਸਾਹਿਬ, ਸਫ਼ਾ 953)
4. ਰਾਮ ਝੁਰੈ ਦਲ ਮੇਲਵੈ ਅੰਤਰੀ ਬਲੁ ਅਧਿਕਾਰ ॥
ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰ ॥ (ਗਰੂ ਗ੍ਰੰਥ ਸਾਹਿਬ, ਸਫ਼ਾ 1412)
5. ਮਨ ਮਹਿ ਝੁਰੈ ਰਾਮ ਚੰਦ ਸੀਤਾ ਲਛਮਣ ਜੋਗੁ ॥
ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥ (ਗਰੂ ਗ੍ਰੰਥ ਸਾਹਿਬ, ਸਫ਼ਾ 1412)
6. ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ (ਗਰੂ ਗ੍ਰੰਥ ਸਾਹਿਬ, ਸਫ਼ਾ 1428)
7. ਰਾਮੁ ਰਾਮੁ ਕਰਤਾ ਸਭ ਜਗੁ ਫਿਰੈ, ਰਾਮ ਨਾ ਪਾਇਆ ਜਾਇ ॥
ਅਗਮੁ ਅਗੋਚਰੁ ਅਤਿ ਵਡਾ ਅਤੁਲ ਨਾ ਤੁਲਿਆ ਜਾਇ ॥ (ਗਰੂ ਗ੍ਰੰਥ ਸਾਹਿਬ, ਸਫ਼ਾ 555)
8. ਕਬੀਰ ਰਾਮ ਕਹਿਨ ਮਹਿ ਭੇਦੁ ਹੈ ਤਾ ਮਹਿ ਏਕੁ ਬੀਚਾਰੁ ॥
ਸੋਈ ਰਾਮ ਸਭੈ ਕਹਿਹ ਸੋਈ ਕਉਕਤਹਾਰ ॥ (ਗਰੂ ਗ੍ਰੰਥ ਸਾਹਿਬ, ਸਫ਼ਾ 1374)
ਇਨ੍ਹਾਂ ਅੱਠਾਂ ਵਿਚੋਂ ਪਹਿਲੇ ਛੇਆਂ ਸਲੋਕਾਂ ਤੋਂ ਇਕ ਅੰਞਾਣਾ ਵੀ ਸਮਝ ਸਕਦਾ ਹੈ ਕਿ ਇਥੇ ਅਯੁਧਿਆ ਦੇ ਰਾਜੇ ਰਾਮ ਚੰਦ ਦਾ ਸਿੱਧਾ ਜ਼ਿਕਰ ਕੀਤਾ ਹੈ। ਪਹਿਲੇ ਸਲੋਕ ਵਿਚ ਕਿਹਾ ਗਿਆ ਹੈ ਕਿ ਸਿਰਫ਼ ਨਿਰਭਉ ਨਿਰੰਕਾਰ ਵਾਹਿਗੁਰੂ ਹੀ ਸਭ ਥਾਂ ਰਮਿਆ ਹੋਇਆ ਹੈ ਅਤੇ (ਅਯੁਧਿਆ ਵਾਲੇ) ਰਾਮ ਵਰਗੇ ਕਿੰਨੇ ਹੀ (ਰਾਜੇ ਵਗ਼ੈਰਾ) ਘੱਟਾ-ਮਿੱਟੀ ਵਾਂਗ ਛਿਣ ਭੰਗਰ ਦਾ ਵਜੂਦ ਰਖਦੇ ਸਨ। ਰਾਮ ਵਾਂਗ ਕ੍ਰਿਸ਼ਨ ਵਰਗਿਆਂ ਦੀਆਂ ਲੀਲ੍ਹਾਵਾਂ ਅਤੇ ਅਜਿਹੀਆਂ ਹੋਰ ਕਹਾਣੀਆਂ ਲਿਖਣ ਵਾਲੀਆਂ ਕਿਤਾਬਾਂ (ਵੇਦ ਵਗ਼ੈਰਾ) ਵੀ ਬਹੁਤ ਹਨ।
ਦੂਜਾ ਸਲੋਕ ਰਾਵਣ ਵੱਲੋਂ ਅਯੁਧਿਆ ਦੇ ਰਾਜੇ ਰਾਮ ਚੰਦ ਦੀ ਸੀਤਾ ਚੁਕੇ ਜਾਣ ਦਾ ਜ਼ਿਕਰ ਕਰਦਿਆਂ ਉਸ ਰਾਮ ਚੰਦ ਨੂੰ ਇਕ ਬੇਬਸ, ਫਸਿਆ ਹੋਇਆ ਤੇ ਲਾਚਾਰ ਕਹਿੰਦਾ ਹੈ (ਕੀ ਭਗਵਾਨ ਏਨਾ ਵਿਚਾਰਾ ਹੁੰਦਾ ਹੈ?)।
ਤੀਜੇ ਸਲੋਕ ਵਿਚ ਰਾਮ ਨੂੰ ਦੇਸ ਨਿਕਾਲੇ (ਬਨਵਾਸ) ਦਾ ਜ਼ਿਕਰ ਕਰਦਿਆਂ, ਸੀਤਾ ਦੇ ਅਗਵਾ ਹ ਜਾਣ ਅਤੇ ਉਸ ਨੂੰ ਵਾਪਿਸ ਹਾਸਿਲ ਕਰਨ ਦੀ ਲੜਾਈ ਵਿਚ ਲਛਮਣ ਦੇ ਬੇਹੋਸ਼ ਹੋਣ ਵੇਲੇ ਰਾਜਾ ਰਾਮ ਚੰਦ ਦੇ ਰੋਣ ਤੇ ਵਿਰਲਾਪ ਕਰਨ ਦਾ ਹਾਲ ਬਿਆਨ ਕੀਤਾ ਹੈ।
ਚੌਥੇ ਸਲੋਕ ਵਿਚ ਵੀ ਰਾਜਾ ਰਾਮ ਚੰਦ, ਹੁਣ, ਸੀਤਾ ਤੇ ਲਛਮਣ ਨੂੰ ਬਚਾਉਣ ਵਾਸਤੇ ਬਾਂਦਰਾਂ (ਹਨੂਮਾਨ) ਦੀ ਫ਼ੌਜ ‘ਤੇ ਹੀ ਟੇਕ ਰਖਦਾ ਹੈ।
ਪੰਜਵੇਂ ਸਲੋਕ ਵਿਚ ਵੀ ਇਹੀ ਗੱਲ ਦੁਹਰਾਈ ਹੋਈ ਹੈ ਕਿ ਰਾਮ ਚੰਦ ਤਾਂ ਵਿਚਾਰਾ ਲਾਚਾਰ ਹੈ ਤੇ ਮਨ ਵਿਚ ਝੁਰਦਾ ਹੈ। ਉਹ ਹਨੂਮਾਨ ਦੀ ਮਿਹਰ ਅਤੇ ਰਹਿਮ ਸਦਕਾ ਹੀ ਵਹੁਟੀ ਅਤੇ ਭਰਾ ਨੂੰ ਬਚਾਅ ਸਕਦਾ ਹੈ।
ਛੇਵੇਂ ਸਲੋਕ ਵਿਚ ਗੁਰੂ ਸਾਹਿਬ ਕਹਿੰਦੇ ਹਨ ਕਿ ਦੁਨੀਆਂ ਵਿਚ ਅਜਿਹੇ ਕਈ ਰਾਮ ਆਏ ਤੇ ਕਈ ਗਏ ਤੇ ਉਨ੍ਹਾਂ ਦੇ ਟੱਬਰ, ਪਰਵਾਰ, ਖ਼ਾਨਦਾਨ ਵੀ ਬੜੇ ਵੱਡੇ ਸਨ।
ਸੋ ਇਨ੍ਹਾਂ ਛੇਆਂ ਸਲੋਕਾਂ ਵਿਚ ਸਾਫ਼ ਸਪਸ਼ਟ ਤੌਰ ‘ਤੇ ਅਯੁਧਿਆ ਦੇ ਰਾਜੇ ਰਾਮ ਚੰਦ ਦਾ ਜ਼ਿਕਰ ਹੈ ਅਤੇ ਹਿੰਦੂ ਇਸੇ ਰਾਮ ਚੰਦ ਨੂੰ ਹੀ ਪ੍ਰਮਾਤਮਾ ਸਮਝ ਕੇ ਉਸ ਦੀ ਪੂਜਾ ਕਰਦੇ ਹਨ।ਹਿੰਦੂਆਂ ਦੇ ਇਸ ਕਾਲਪਨਿਕ “ਪ੍ਰਮਾਤਮਾ” ਜਾਂ “ਨਾਇਕ” ਰਾਜਾ ਰਾਮ ਚੰਦ ਦੀ ਜ਼ਿੰਦਗੀ ਦੀ ਕਥਾ ਮਹਾਨ ਕਵੀ ਤੁਲਸੀ ਦਾਸ ਅਤੇ ਮਹਾਂਰਿਸ਼ੀ ਵਾਲਮੀਕੀ ਜੀ ਵੱਲੋਂ ਲਿਖੀਆਂ ਰਾਮਾਇਣਾਂ ਵਿਚ ਪੇਸ਼ ਹੈ।
ਇਨ੍ਹਾਂ ਰਾਮਾਇਣਾਂ ਵਿਚੋਂ ਪਤਾ ਲਗਦਾ ਹੈ ਕਿ ਕਿਵੇਂ ਰਾਮ ਤੇ ਉਸ ਦੇ ਤਿੰਨ ਭਰਾਵਾਂ ਦਾ ਜਨਮ ਹੋਇਆ, ਕਿਵੇਂ ਸੀਤਾ ਦਾ ਜਨਮ ਹੋਇਆ, ਕਿਵੇਂ ਮਤਰੇਈ ਮਾਂ ਨੇ ਵੱਸ ਵਿਚ ਕੀਤੇ ਪਤੀ ਦਸ਼ਰਥ ਤੋਂ ਰਾਮ ਨੂੰ ਬਨਵਾਸ ਦਿਵਾਇਆ, ਕਿਵੇਂ ਲਛਮਣ ਨੇ ਸਰੁਪਨਖਾ ਦੀ ਬੇਇਜ਼ਤੀ ਕੀਤੀ, ਕਿਵੇਂ ਰਾਵਣ ਨੇ ਭੈਣ ਦੀ ਬੇਇਜ਼ਤੀ ਦਾ ਬਦਲਾ ਲੈਣ ਵਾਸਤੇ ਸੀਤਾ ਨੂੰ ਅਗਵਾ ਕੀਤਾ (ਪਰ ਉਸ ਮਹਾਨ ਰਾਵਣ ਨੇ ਸੀਤਾ ਦੇ ਜਿਸਮ ਨੂੰ ਹੱਥ ਤਕ ਨਹੀਂ ਲਾਇਆ), ਕਿਵੇਂ ਰਾਮ ਨੇ ਵਹੁਟੀ ਵਾਪਿਸ ਲੈਣ ਵਾਸਤੇ ਰਾਵਣ ਨਾਲ ਜੰਗ ਕੀਤਾ ਤੇ ਇਸ ਦੌਰਾਨ ਲਛਮਣ ਜ਼ਖ਼ਮੀ ਹੋਇਆ, ਕਿਵੇਂ ਰਾਮ ਨੇ ਵਿਰਲਾਪ ਕੀਤਾ ਤੇ ਫਿਰ ਬਾਂਦਰਾਂ ਦੀ ਫ਼ੌਜ ਤੋਂ ਮਦਦ ਮੰਗੀ, ਕਿਵੇਂ ਰਾਮ ਨੇ ਚਲਾਕੀ ਨਾਲ ਦੁਸ਼ਮਣ ਨੂੰ ਮਾਰਿਆ, ਕਿਵੇਂ ਰਾਮ ਚੰਦ ਨੇ ਧੋਬੀ ਦੇ ਮਿਹਣਾ ਮਾਰਨ ‘ਤੇ ਵਹੁਟੀ ਨੂੰ ਘਰੋਂ ਕੱਢ ਦਿਤਾ, ਕਿਵੇਂ ਲਛਮਣ ’ਤੇ ਗੁੱਸਾ ਕਰ ਕੇ ਉਸ ਨੂੰ ਦੁਨੀਆਂ ਛੱਡਣ ‘ਤੇ ਮਜਬੂਰ ਕੀਤਾ ਅਤੇ ਕਿਵੇਂ ਸ਼ੰਬੂਕ ਰਿਸ਼ੀ ਨੂੰ ਇਸ ਕਰ ਕੇ ਮਰਵਾ ਦਿਤਾ ਕਿਉਂ ਕਿ ਉਹ ਅਖੌਤੀ ਅਛੂਤ ਸੀ।
ਵਧੇਰੇ ਤਫ਼ਸੀਲ ਵਾਸਤੇ ਵੇਖੌ: ਜੌਨ ਡੋਸਨ ਲਿਖਤ “ਹਿੰਦੂ ਮਿਥਿਹਾਸ ਕੋਸ਼”, ਭਾਸ਼ਾ ਵਿਭਾਗ, 1998 ਦੀ ਐਡੀਸ਼ਨ, ਸਫ਼ੇ 99, 464 ਤੋਂ 471, 474-76, 485-86 ਅਤੇ ਭਾਈ ਕਾਨ੍ਹ ਸਿੰਘ ਨਾਭਾ ਦਾ “ਮਹਾਨ ਕੋਸ਼”, ਸਫ਼ੇ 1032-33 ਅਤੇ 247)।ਉਪਰ ਦਿੱਤੇ ਅੱਠ ਸਲੋਕਾਂ ਵਿਚ ਇਸ ਰਾਜੇ ਰਾਮ ਚੰਦ ਦਾ ਜ਼ਿਕਰ ਕੀਤਾ ਹੈ, ਜਿਸ ਨੂੰ ਹਿੰਦੂ ਲੋਕ ਪ੍ਰਮਾਤਮਾ/ਭਗਵਾਨ ਮੰਨਦੇ ਹਨ ਅਤੇ ਉਸ ਦੀ ਪੂਜਾ ਕਰਦੇ ਹਨ।
ਹਿੰਦੂਆਂ ਨੂੰ ਹੱਕ ਹੈ ਕਿ ਉਹ ਜਿਸ ‘ਤੇ ਮਰਜ਼ੀ ਯਕੀਨ ਰੱਖਣ ਤੇ ਜਿਸ ਨੂੰ ਜੀਅ ਚਾਹੇ ਰੱਬ ਮੰਨਣ। ਮੈਂ ਤਾਂ ਰਾਮਾਇਣ ਵਿਚ ਜਾਂ ਗੁਰੂ ਗ੍ਰੰਥ ਸਾਹਿਬ ਵਿਚ ਪੇਸ਼ ਹੋਈ ਰਾਜੇ ਰਾਮ ਚੰਦ ਦੀ ਸ਼ਖ਼ਸੀਅਤ ਦਾ ਲੇਖਾ-ਜੋਖਾ ਵੀ ਨਹੀਂ ਕਰਨਾ ਕਿਉਂਕਿ ਹਿੰਦੂ ਉਸ ‘ਤੇ ਅਕੀਦਾ ਰਖਦੇ ਹਨ। ਮੈਂ ਕਿਸੇ ਸੇ ਜਜ਼ਬਾਤ ‘ਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ ਕਿਉਂ ਕਿ ਮੈਂ ਵੀ ਨਹੀਂ ਚਾਹਵਾਂਗਾ ਕਿ ਕੋਈ ਅਣਮਤੀਆ ਮੇਰੇ ਧਾਰਮਿਕ ਅਕੀਦੇ ਬਾਰੇ ਕੁਝ ਆਖੇ।
ਉਪਰਲੇ ਸਲੋਕਾਂ ਵਿਚੋਂ ਆਖ਼ਰੀ ਦੋ (ਸਤਵਾਂ ਤੇ ਅਠਵਾਂ) ਸਲੋਕਾਂ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਪੇਸ਼ ਹੋਏ ਰਾਜੇ ਰਾਮ ਬਾਰੇ ਕਿਹਾ ਗਿਆ ਹੈ ਕਿ ਹਿੰਦੂ ਜਿਸ ਰਾਜੇ ਰਾਮ ਚੰਦ ਨੂੰ ਦੇਵਤਾ ਮੰਨਦੇ ਹਨ ਉਹ ਪਰਮਾਤਮਾ ਨਹੀਂ ਹੈ। ਪਰਮਾਤਮਾ ਤਾਂ “ਰਾਮ” ਹੈ (ਜੋ ਕਦੇ ਵੀ ਇਨਸਾਨ ਦੀ ਜੂਨ ਵਿਚ ਨਹੀਂ ਆਉਂਦਾ) ਅਤੇ ਅਯੁਧਿਆ ਵਾਲੇ ਰਾਮ ਚੰਦ ਦਾ ਨਾਂ ਉਸ ਪਰਮਾਤਮਾ ਦੇ ਨਾਂ “ਰਾਮ” ਵਰਗਾ ਹੋਣ ਕਰ ਕੇ ਹੀ ਸਾਰੇ ਭੁਲੇਖੇ ਪਏ ਹਨ।
ਇਹ ਤਾਂ ਇਸੇ ਤਰ੍ਹਾਂ ਹੈ ਜਿਵੇਂ ਲੋਕਾਂ ਨੇ ਆਪਣੇ ਬੱਚਿਆਂ ਦੇ ਨਾਂ ਨਾਨਕ ਸਿੰਘ, ਅੰਗਦ ਸਿੰਘ, ਅਰਜਨ ਸਿੰਘ, ਗੋਬਿੰਦ ਸਿੰਘ ਰਖ ਲਏ। ਹਿੰਦੂਆਂ ਵਿਚ ਵੀ ਸਦੀਆਂ ਤੋਂ ਬੱਚਿਆਂ ਦੇ ਨਾਂ ਰਾਮ, ਰਾਮ ਚੰਦ, ਰਾਮ ਪਾਲ ਰੱਖੇ ਜਾਂਦੇ ਰਹੇ ਹਨ ਤੇ ਰੱਖੇ ਜਾ ਰਹੇ ਹਨ।
ਇਸੇ ਤਰ੍ਹਾਂ ਹੀ ਹਿੰਦੂ ਆਪਣੇ ਬੱਚਿਆਂ ਦਾ ਨਾਂ ਕ੍ਰਿਸ਼ਨ ਹੀ ਨਹੀਂ ਬਲਕਿ “ਮਹਾਰਾਜ ਕ੍ਰਿਸ਼ਨ” ਵੀ ਰਖ ਲੈਂਦੇ ਹਨ (ਸਿਤਾਰ ਦੇ ਬਾਦਸ਼ਾਹ ਵਿਲਾਇਤ ਖਾਂ ਨਾਲ ਤਬਲੇ ਦੀ ਸੰਗਤ ਕਰਨ ਵਾਲੇ ਦਾ ਨਾਂ ਵੀ ਮਹਾਰਾਜ ਕ੍ਰਿਸ਼ਨ ਹੈ)। ਇਸ ਤੋਂ ਇਲਾਵਾ ਕਈ ਹੋਰ ਨਾਂ ਰਾਮ ਕਿਸ਼ਨ, ਬਲਰਾਮ, ਵਾਸਦੇਵ, ਗੋਵਰਧਨ ਅਤੇ ਦਰਜਨਾਂ ਹੋਰ ਨਾਂ ਵੀ (ਜਿਹੜੇ ਪ੍ਰਮਾਤਮਾ ਦੇ ਨਾਂਵਾਂ ਵਜੋਂ ਜਾਣੇ ਜਾਂਦੇ ਹਨ) ਹਿੰਦੂ ਮਾਪੇ ਆਪਣੇ ਬੱਚਿਆਂ ਨੂੰ ਦੇਂਦੇ ਸਨ। ਇਸੇ ਸੋਚ ਨਾਲ ਹੀ ਅਯੁਧਿਆ ਦੇ ਰਾਜੇ ਦਸ਼ਰਥ ਨੇ ਵੀ ਆਪਣੇ ਸਭ ਤੋਂ ਵੱਡੇ ਬੱਚੇ ਦਾ ਨਾਂ ਪ੍ਰਮਾਤਮਾ ਦੇ ਇਕ ਨਾਂ ਰਾਮ ਦੇ ਨਾਂ ‘ਤੇ ਰਖ ਦਿਤਾ ਹੋਵੇਗਾ। ਇੰਜ ਹੀ ਦੁਆਰਕਾ ਦੇ ਬਾਬਾ ਵਾਸਦੇਵ ਨੈ ਆਪਣੇ ਬੱਚਿਆਂ ਦੇ ਨਾਂ ਪ੍ਰਮਾਤਮਾ ਦੇ ਨਾਂਵਾਂ ਕ੍ਰਿਸ਼ਨ, ਬਲਰਾਮ ਵਗੈਰਾ ਰੱਖੇ ਹੋਣਗੇ । ਕਿਉਂਕਿ ਉਹ ਰਾਜੇ ਸਨ ਇਸ ਕਰ ਕੇ ਲੇਖਕਾਂ ਨੇ ਉਨ੍ਹਾਂ ਦੀਆਂ ਲੀਲ੍ਹਾਵਾਂ (ਕਹਾਣੀਆਂ) ਬਣਾਈਆਂ ਅਤੇ ਇਸ ਬਾਰੇ ਕਿਤਾਬਾਂ ਲਿਖ ਦਿਤੀਆਂ ।
ਮਗਰੋਂ ਭੋਲੇ ਲੋਕਾਂ ਨੇ ਇਹ ਕਿਤਾਬਾਂ ਪੜ੍ਹ ਕੇ ਇਨ੍ਹਾਂ ਰਾਜਿਆਂ ਨੂੰ ਹੀ ਪ੍ਰਮਾਤਮਾ ਮੰਨਣਾ ਸ਼ੁਰੂ ਕਰ ਦਿਤਾ:ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ॥ (ਗਰੂ ਗ੍ਰੰਥ ਸਾਹਿਬ, ਸਫ਼ਾ 423)
ਸਿੱਖ ਫ਼ਲਸਫ਼ੇ ਮੁਤਾਬਿਕ ਪ੍ਰਮਾਤਮਾ ਕਦੇ ਵੀ ਇਨਸਾਨੀ ਜਾਮੇ ਵਿਚ ਦੁਨੀਆਂ ‘ਤੇ ਨਹੀਂ ਆਉਂਦਾ ਅਤੇ ਜਿਹੜੀ ਜ਼ਬਾਨ ਪ੍ਰਮਾਤਮਾ ਦੇ ਅਵਤਾਰ ਧਾਰ ਕੇ ਇਨਸਾਨੀ ਜਾਮੇ ਵਿਚ ਆਉਣ ਦੀ ਗੱਲ ਕਰਦੀ ਹੈ ਉਸ ਜ਼ਬਾਨ ਨੂੰ ਸੜ ਜਾਣਾ (ਜਾਂ ਸਾੜ ਦਿਤਾ ਜਾਣਾ) ਚਾਹੀਦਾ ਹੈ:ਸੋ ਮੁਖ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥ਜਨਮ ਨਾ ਮਰੈ ਨ ਆਵੈ ਨਾ ਜਾਇ ॥ਨਾਨਕ ਕਾ ਪ੍ਰਭੁ ਰਹਿਆ ਸਮਾਇ ॥ (ਗਰੂ ਗ੍ਰੰਥ ਸਾਹਿਬ, ਸਫ਼ਾ 1136)
ਗੁਰੂ ਗ੍ਰੰਥ ਸਾਹਿਬ ਵਿਚ ਤਾਂ ਅਯੁਧਿਆ ਦੇ ਰਾਜੇ ਰਾਮ ਚੰਦ ਨੂੰ ਛਿਣ-ਭੰਗਰ ਦਾ (ਵਕਤੀ) ਮੰਨਿਆ ਗਿਆ ਹੈ । ਜਿਵੇਂ ਧਰਤੀ ‘ਤੇ ਮਿੱਟੀ-ਘੱਟਾ (ਰਵਾਲ) ਉਡਦਾ ਹੈ ਅਤੇ ਫਿਰ ਇਸ ਵਿਚ ਹੀ ਮਿਲ ਜਾਂਦਾ ਹੈ, ਇਸੇ ਤਰ੍ਹਾਂ ਰਾਮ ਚੰਦ ਵਰਗੇ ਕਈ ਰਾਜੇ ਆਏ ਅਤੇ ਆਪਣਾ ਵਕਤ ਪੂਰਾ ਕਰ ਕੇ ਰਵਾਲ (ਮਿੱਟੀ-ਘੱਟਾ) ਵਾਂਗ ਪੰਜ ਤੱਤਾਂ ਵਿਚ ਸਮਾ ਗਏ:ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥ (ਗਰੂ ਗ੍ਰੰਥ ਸਾਹਿਬ, ਸਫ਼ਾ 464)
ਸੋ ਗੁਰੂ ਗ੍ਰੰਥ ਸਾਹਿਬ ਵਿਚ ਇਸ ਅਯੁਧਿਆ (ਦਰਅਸਲ ਕਾਸ਼ੀ ਵਾਲਾ ਰਾਮ ਸੀ, ਵੇਖੋ ਕਿਤਾਬ: ਸਿੱਖ ਤਵਾਰੀਖ਼) ਵਾਲੇ ਰਾਮ ਦਾ ਜ਼ਿਕਰ ਸਿਰਫ਼ ਅੱਠ ਸ਼ਬਦਾਂ ਵਿਚ 10 (ਰਾਮ 8 ਤੇ ਰਾਮੁ 2) ਵਾਰ ਆਇਆ ਹੈ ਪਰ ਪਰਮਾਤਮਾ, ਜੋ ਹਰ ਥਾ “ਰਮਿਆ ਹੋਇਆ” ਹੈ, ਉਸ “ਰਾਮ” ਦਾ ਜ਼ਿਕਰ ਕਰੀਬ 2017 ਵਾਰ (ਰਾਮ 1705 ਵਾਰ, ਰਾਮੁ 250 ਵਾਰ, ਰਾਮਾ 27 ਵਾਰ, ਰਾਮਿ 7 ਵਾਰ, ਰਮਈਆ 26 ਵਾਰ, ਰਮਈਐ 2 ਵਾਰ) ਆਇਆ ਹੈ।
ਗੁਰੁ ਗ੍ਰੰਥ ਸਾਹਿਬ ਵਿਚ ਰੱਬ ਨੂੰ ਰਾਮ (ਦੁਨੀਆਂ ਵਿਚ ਰਮਿਆ/ਰਮੱਈਆ ਹੋਇਆ) ਹੀ ਨਹੀਂ ਬਲਕਿ ਬਹੁਤ ਸਾਰੇ ਨਾਂਵਾਂ (ਜੋ ਉਸ ਦੀਆਂ ਖ਼ੂਬੀਆਂ/ਗੁਣ ਦੱਸੇ/ਜ਼ਾਹਿਰ ਕੀਤੇ ਹੋਏ ਹਨ) ਨਾਲ ਯਾਦ ਕੀਤਾ ਹੋਇਆ ਹੈ, ਜਿਵੇਂ ਮੁਰਾਰੀ (ਮੁਰ ਦੈਂਤ ਨੂੰ ਮਰਨ ਵਾਲਾ), ਗੋਪਾਲ/ਗੋਵਿੰਦ (ਗੋ/ਧਰਤੀ ਨੂੰ ਪਾਲਣ ਵਾਲਾ), ਬਨਵਾਲੀ (ਦੁਨੀਆਂ ਰੂਪੀ ਬਨ ਦਾ ਮਾਲੀ/ਰਾਖਾ), ਮਧੂਸੂਦਨ (ਮਧੂ ਦੈਂਤ ਨੂੰ ਮਾਰਨ ਵਾਲਾ) , ਠਾਕੁਰ (ਮਾਲਕ), ਪ੍ਰਭੂ (ਮਾਲਕ), ਪ੍ਰਮਾਤਮਾ (ਪਰਮ ਆਤਮਾ), ਜਗਦੀਸ਼ (ਜਗਤ ਦਾ ਮਾਲਕ), ਨਿਰੰਕਾਰ (ਆਕਾਰ ਰਹਿਤ), ਨਾਰਾਇਣ (ਸਾਰੇ ਨਰਾਂ/ਜੀਵਾਂ ਦਾ ਸਮੁੰਦਰ, ਯਾਨਿ ਸਾਰਿਆਂ ਵਿਚ ਸਮਾਇਆ ਹੋਇਆ).
{ਕਿਤਾਬ ਨਾਨਕਸ਼ਾਹੀ ਕੈਲੰਡਰ ਤੇ ਹੋਰ ਲੇਖ (2010ਦੀ ਪ੍ਰਕਾਸ਼ਨਾ). (ਸਫ਼ਾ 141-144) ਵਿਚੋਂ)

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?