ਇਟਲੀ / ਰਿਜੋਈਮੀਲੀਆ 10 ਫਰਵਰੀ ( ਦਲਵੀਰ ਸਿੰਘ ਕੈਂਥ )ਇਟਲੀ ਦੇ ਸਭ ਤੋ ਪੁਰਾਣੇ ਗੁਰਦੁਆਰਾ ਸਾਹਿਬ ਸਿੰਘ ਸਭਾ, ਨੋਵੇਲਾਰਾ (ਰਿਜੋਈਮੀਲੀਆ) ਦੇ ਸਾਬਕਾ ਪ੍ਰਧਾਨ ਸ ਹਰਪਾਲ ਸਿੰਘ ਪਾਲਾ (59 ਸਾਲ) ਦਾ ਬੀਤੀ ਰਾਤ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਰਪਾਲ ਸਿੰਘ ਪਾਲਾ ਜੋ ਕਿ ਪੇਸ਼ੇ ਵਜੋਂ ਟਰਾਂਸਪੋਰਟਰ ਸਨ।ਬੀਤੀ ਰਾਤ ਪਰਾਤੋ ਜਿਲੇ ਦੇ ਸ਼ਹਿਰ ਸੇਆਨੋ ਵਿਖੇ ਟਰੱਕ ਲੋਡ ਕਰਨ ਗਏ ਸਨ। ਸਮਾਨ ਲੋਡ ਕਰਨ ਤੋਂ ਬਾਅਦ ਉਹ ਆਪਣੀ ਮੱਦਦ ਲਈ ਕੰਮ ਕਰਦੇ ਪਾਕਿਸਤਾਨੀ ਮੂਲ ਦੇ ਦੋ ਨੌਜਵਾਨਾਂ ਨੂੰ ਛੱਡਣ ਜਾ ਰਹੇ ਸਨ ਤਾਂ ਉਹਨਾਂ ਨੌਜਵਾਨਾਂ ਵਲੋਂ ਉਹਨਾਂ ਦੇ ਸਿਰ ਤੇ ਰਾਡ ਨਾਲ ਵਾਰ ਕਰਕੇ ਅਤੇ ਚਾਕੂ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਿਕ ਹਰਪਾਲ ਸਿੰਘ ਪਾਲਾ ਕੋਲ ਕਾਫੀ ਨਕਦ ਰਾਸ਼ੀ ਸੀ, ਜਿਸ ਦੀ ਭਿਣਕ ਉਹਨਾਂ ਨੌਜਵਾਨਾਂ ਨੂੰ ਪੈ ਗਈ। ਜਿਹਨਾਂ ਪੈਸੇ ਦੇ ਲਾਲਚ ਵਿਚ ਇੱਕ ਹਸਦੇ ਵਸਦੇ ਘਰ ਨੂੰ ਬਰਬਾਦ ਕਰ ਦਿੱਤਾ। ਹਰਪਾਲ ਸਿੰਘ ਪਾਲਾ ਦੇ ਤਿੰਨ ਪੁੱਤਰ ਹਨ ਜੋ ਕਿ ਇੱਕ ਉਹਨਾਂ ਦੇ ਨਾਲ ਟਰਾਂਸਪੋਰਟ ਦਾ ਕੰਮ ਕਰਦਾ ਹੈ। ਜਦਕਿ ਇੱਕ ਪ੍ਰਾਈਵੇਟ ਸਰਵਿਸ ਅਤੇ ਤੀਜਾ ਅਜੇ ਪੜਾਈ ਕਰਦਾ ਹੈ। ਹਰਪਾਲ ਸਿੰਘ ਪਾਲਾ ਪੰਜਾਬ ਦੇ ਪਿੰਡ ਬਗਵਾਈ (ਬਲਾਚੌਰ) ਦੇ ਵਸਨੀਕ ਸਨ। ਜੋ ਕੇ ਲੰਬੇ ਅਰਸੇ ਤੋਂ ਇਟਲੀ ਵਿੱਚ ਰੈਣ ਬਸੇਰਾ ਕਰ ਰਹੇ ਸਨ। ਹਰਪਾਲ ਸਿੰਘ ਪਾਲਾ ਨੇ ਜਿੱਥੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਈ ਉੱਥੇ ਹੀ ਉਹਨਾਂ ਨੇ ਇਟਲੀ ਕਬੱਡੀ ਨੂੰ ਪ੍ਰਫੁਲਿਤ ਕਰਨ ਹਿੱਤ ਲੰਬਾ ਸਮਾਂ ਕੰਮ ਕੀਤਾ। ਇਟਾਲੀਅਨ ਪੁਲਿਸ ਦੋਸ਼ੀਆਂ ਨੂੰ ਫੜਨ ਲਈ ਅਗਲੀ ਕਾਰਵਾਈ ਕਰ ਰਹੀ ਹੈ।
Author: Gurbhej Singh Anandpuri
ਮੁੱਖ ਸੰਪਾਦਕ