ਰੋਮ ਇਟਲੀ 23 ਫਰਵਰੀ (ਦਲਵੀਰ ਸਿੰਘ ਕੈਂਥ ) ਸ਼ੁਰੂਆਤੀ ਦੌਰ ਸਮੇਂ ਜਦੋਂ ਰੋਟੀ – ਰੋਜ਼ਗਾਰ ਦੀ ਭਾਲ ਵਿੱਚ ਆਪਣਾ ਘਰ ਪ੍ਰੀਵਾਰ ਛੱਡ ਕੇ ਦੁਨੀਆਂ ਦੇ ਵੱਖ – ਵੱਖ ਮੁਲਕਾਂ ਵਿੱਚ ਪੁੱਜੇ ਭਾਰਤੀ ਜਿਨ੍ਹਾਂ ਵਿੱਚ ਜਿਆਦਾਤਰ ਪੰਜਾਬੀ ਭਾਈਚਾਰੇ ਦੇ ਲੋਕ ਸ਼ਾਮਲ ਸਨ, ਜਿਨ੍ਹਾਂ ਨੇ ਸ਼ਾਇਦ ਇਹ ਨਹੀਂ ਸੋਚਿਆ ਹੋਵੇਗਾ ਕਿ ਸਾਡੇ ਵੱਲੋਂ ਕੀਤੀ ਹੱਡ – ਭੰਨਵੀਂ ਮਿਹਨਤ ਇਸ ਕਦਰ ਰੰਗ ਲਿਆਵੇਗੀ ਕਿ ਸਾਡੇ ਬੱਚੇ ਵਿਦੇਸ਼ੀ ਧਰਤੀ ਤੇ ਪੜ੍ਹਾਈ ਕਰਕੇ ਸਫ਼ਲਤਾ ਦੇ ਝੰਡੇ ਗੱਡਣਗੇ ਪਰ ਹੁਣ ਅਜਿਹੀਆਂ ਤਰੱਕੀਆਂ ਵੇਖਕੇ ਹਰ ਕੋਈ ਮਾਣ ਮਹਿਸੂਸ ਕਰ ਰਿਹਾ ਹੈ। ਅਜਿਹੀ ਤਾਜਾ ਖੁਸ਼ਖਬਰੀ ਇਟਲੀ ਦੇ ਵਿਰੋਨਾ ਸ਼ਹਿਰ ਤੋਂ ਆਈ ਹੈ ਜਿੱਥੇ ਪੰਜਾਬ ਦੇ ਜਿਲ੍ਹਾ ਜਲੰਧਰ ਦੇ ਪਿੰਡ ਸਰਹਾਲੀ ਤੋਂ ਆਏ ਇਕ ਸਧਾਰਨ ਪ੍ਰੀਵਾਰ ਦੀ ਹੋਣਹਾਰ ਮੁਟਿਆਰ ਭੁਪਿੰਦਰਜੀਤ ਕੌਰ “ਮੱਲ” ਨੇ ਵਿਰੋਨਾ ਦੀ “ਯੂਨੀਵਰਸਿਟੀ ਆਫ ਲਾਅ” ਤੋਂ ਕਾਨੂੰਨੀ ਵਿਗਿਆਨ ਵਿਚ ਡਾਕਟਰ ਬਣ ਕੇ ਆਪਣੇ ਦਾਦਾ ਕਾਮਰੇਡ ਪ੍ਰਿੰਸੀਪਲ ਮੂਲ ਚੰਦ ਸਰਹਾਲੀ (ਮੈਂਬਰ ਜਿਲ੍ਹਾ ਸਕੱਤਰੇਤ ਸੀ ਪੀ ਆਈ ਐਮ ਜਲੰਧਰ), ਮਾਤਾ ਹਰੀਸ਼ ਕੁਮਾਰੀ, ਪਿਤਾ ਰਾਜ ਸਰਹਾਲੀ (ਉੱਘੇ ਪੰਜਾਬੀ ਪੰਜਾਬੀ ਗੀਤਕਾਰ ਤੇ ਸਾਬਕਾ ਮੁਲਾਜਮ ਪੰਜਾਬ ਪੁਲਸ) ਭੈਣ ਯਾਦਵਿੰਦਰਜੀਤ ਕੌਰ ਸਮੇਤ ਸਮੁੱਚੇ ਪ੍ਰੀਵਾਰ ਅਤੇ ਦੇਸ਼ ਦਾ ਮਾਣ ਵਧਾਇਆ ਹੈ।
ਇਸ ਮੁਬਾਰਕ ਮੌਕੇ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਸਦੇ ਪਿਤਾ ਸਾਥੀ ਰਾਜ ਸਰਹਾਲੀ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਪੜ੍ਹਾਈ ਵਿੱਚ ਹਮੇਸ਼ਾਂ ਹੀ ਅਵੱਲ ਦਰਜੇ ਨਾਲ ਅੱਗੇ ਰਹੀ ਹੈ ਅੱਗੋਂ ਵੀ ਵੱਡੀਆਂ ਉਮੀਦਾਂ ਨਾਲ ਵਿਰੋਨਾ ਯੂਨੀਵਰਸਿਟੀ ਵਿੱਚ ਪੜ੍ਹਾਈ ਜਾਰੀ ਹੈ। ਇਸ ਮੌਕੇ ਤੇ ਉਨ੍ਹਾਂ ਦੇ ਪਰਿਵਾਰ ਨੂੰ ਡਾਕਟਰ ਸੁਲੇਖ ਰਾਜ ਮੱਲ, ਸੋਨੀਆ ਮੱਲ, ਸੌਰਵ ਮੱਲ, ਸਿਮਰਨ ਮੱਲ, ਪ੍ਰਵੀਨ ਰੱਲ, ਮੁਨੀਸ਼ ਰੱਲ, ਅਕਾਸ਼ਦੀਪ, ਪੱਲਵੀ ਰੱਲ, ਕਾਮਰੇਡ ਦਵਿੰਦਰ ਹੀਉਂ, ਰਾਣਾ ਰਵਿੰਦਰ, ਨਰਿੰਦਰ ਗੋਸਲ, ਮਾਸਟਰ ਬਲਵੀਰ ਮੱਲ, ਗਿਆਨੀ ਰਣਧੀਰ ਸਿੰਘ ਸਮੇਤ ਬਹੁਤ ਸਾਰੇ ਇਟਲੀ, ਇੰਗਲੈਂਡ, ਕਨੇਡਾ ਵਸਦੇ ਸਾਕ – ਸਨੇਹੀਆਂ ਵਲੋਂ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਦਿੱਤੀਆਂ।
Author: Gurbhej Singh Anandpuri
ਮੁੱਖ ਸੰਪਾਦਕ