ਇਸ ਵੇਲ਼ੇ ਸਾਰੀ ਦੁਨੀਆ ਵਿੱਚ ਕੈਂਸਰ ਪੈਰ ਪਸਾਰ ਰਿਹਾ ਹੈ। ਵਿਕਸਿਤ ਦੇਸ਼ਾਂ ਦੇ ਤਣਾਅ ਭਰੇ ਮਾਹੌਲ ਨੇ ਇਸ ਨੂੰ ਵਿਕਾਸਸ਼ੀਲ ਦੇਸ਼ਾਂ ਵਿੱਚ ਵੀ ਲੈ ਆਂਦਾ ਹੈ। ਹਰ ਵੇਲ਼ੇ ਦੀ ਭੱਜ ਦੌੜ ਵੇਲੇ ਕੁਵੇਲੇ ਖਾਧੇ ਜਾਣ ਵਾਲ਼ੇ ਡੱਬਾ ਬੰਦ ਖਾਧ ਪਦਾਰਥਾਂ ਵਿੱਚ ਪਾਏ ਜਾਣ ਵਾਲ਼ੇ ਤੱਤ, ਰਸਾਇਣਕ ਪਦਾਰਥਾਂ ਨਾਲ਼ ਤਿਆਰ ਕੀਤਾ ਸਵਾਦੀ ਪਰ ਗ਼ੈਰ ਪੋਸ਼ਟਿਕ ਭੋਜਨ ਮਨੁੱਖੀ ਸਿਹਤ ਤੇ ਬੁਰਾ ਅਸਰ ਪਾ ਰਿਹਾ ਹੈ। ਰੇੜ੍ਹੀਆਂ ਤੇ ਵਿਕ ਰਿਹਾ ਗ਼ੈਰਮਿਆਰੀ ਖਾਣ ਪੀਣ ਦਾ ਸਮਾਨ ਜੋ ਖਾਣ ਦੇ ਕਾਬਲ ਹੀ ਨਹੀਂ ਪਰ ਲੋਕ ਮੂੰਹ ਦੇ ਸਵਾਦ ਲਈ ਇਸ ਗੱਲ ਤੋਂ ਲਾਪਰਵਾਹ ਹੋ ਕੇ ਖਾ ਰਹੇ ਨੇ। ਇਹ ਲਾਪਰਵਾਹੀ ਅਖੀਰ ਘਾਤਕ ਰੋਗ ਕੈਂਸਰ ਨੂੰ ਸੱਦਾ ਦਿੰਦੀ ਹੈ। ਖਾਣ ਪੀਣ ਤੋਂ ਇਲਾਵਾ ਧਰਤੀ ਹੇਠਲਾ ਜ਼ਹਿਰੀਲਾ ਪਾਣੀ, ਹਰੀ ਕ੍ਰਾਂਤੀ ਦੇ ਨਾਮ ਤੇ ਫੈਲਾਇਆ ਜਾ ਰਿਹਾ ਸਪਰੇਆਂ ਕੀਟ ਨਾਸ਼ਕਾਂ ਦਾ ਜ਼ਹਿਰ, ਧਰਤੀ ਦੀ ਉਪਜਾਊ ਪਰਤ ਦਾ ਖ਼ਰਾਬ ਹੋਣਾ ਵੀ ਇਸ ਸਭ ਲਈ ਜ਼ਿੰਮੇਵਾਰ ਹੈ।
ਸਾਨੂੰ ਅਕਸਰ ਹੀ ਦੱਸਿਆ ਜਾਂਦਾ ਹੈ ਕਿ ਕੈਂਸਰ ਲਈ ਜ਼ਹਿਰੀਲੀਆਂ ਗੈਸਾਂ ਰਸਾਇਣਕ ਤੱਤਾਂ ਨਾਲ਼ ਗੰਧਲਾ ਹੋਇਆ ਪਾਣੀ, ਕੀਟਨਾਸ਼ਕ ਸਪਰੇਆਂ ਤੋਂ ਤਿਆਰ ਖਾਨ ਪਦਾਰਥ ਅਤੇ ਤੰਬਾਕੂ ਜ਼ਿੰਮੇਵਾਰ ਹੈ। ਤੰਬਾਕੂ ਤੋਂ ਬਿਨਾਂ ਉਪਰੋਕਤ ਸਾਰੇ ਤੱਤ ਲੁਕਵੇਂ ਢੰਗ ਨਾਲ਼ ਮਨੁੱਖੀ ਸਿਹਤ ਅਸਰ ਕਰਦੇ ਹਨ। ਤੰਬਾਕੂ ਯੁਕਤ ਪਦਾਰਥਾਂ – ਬੀੜੀ, ਜਰਦਾ, ਸਿਗਰਟਾਂ ਆਦਿ ਵਰਤੋਂ ਨਾਲ਼ ਮੂੰਹ ਅਤੇ ਛਾਤੀਆਂ ਦੀਆਂ ਬਿਮਾਰੀਆਂ ਲੱਗਦੀਆਂ ਹਨ। ਸਿਗਰਟਾਂ ਬੀੜੀਆਂ ਦਾ ਧੂੰਆਂ ਤਾਂ ਆਲ਼ੇ ਦੁਆਲ਼ੇ ਵਿੱਚ ਰਹਿ ਰਹੇ ਲੋਕਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਇਸ ਦੇ ਧੂੰਏਂ ਵਿਚਲੇ ਬਰੀਕ ਤਾਰ ਫੇਫੜਿਆਂ ਵਿੱਚ ਜੰਮ ਜਾਂਦੇ ਹਨ। ਤੰਬਾਕੂ ਵਿਚਲਾ ਜ਼ਹਿਰੀਲਾ ਨਿਕੋਟੀਨ ਰੂਡੋਨ ਰੇਡੀਓ ਐਕਟਿਵ ਗੈਸ ਦੇ ਰੂਪ ਵਿੱਚ ਵਾਤਾਵਰਨ ਵਿੱਚ ਮਿਲਣ ਵਾਲ਼ਾ ਜ਼ਹਿਰੀਲਾ ਤੱਤ ਯੂਰੇਨੀਅਮ ਹੈ। ਇਹਨਾਂ ਗੈਸਾਂ ਦੇ ਪ੍ਰਭਾਵ ਨਾਲ਼ ਕੈਸਰ ਕਾਰਨ ਮਰਨ ਵਾਲ਼ੇ ਲੋਕਾਂ ਦੀ ਸੰਸਾਰ ਭਰ ਵਿੱਚ ਮੌਤ ਦਰ 6% ਤੋਂ 15% ਤੱਕ ਹੈ। ਸਭ ਤੋਂ ਪਹਿਲਾਂ 1775 ਵਿੱਚ ਲੰਡਨ ਦੇ ਸਰਜਨ ਬਰਥੋਲੋਮਿਊ ਨੇ ਚਿਮਨੀਆਂ ਦੇ ਧੂਏ ਤੋਂ ਚਮੜੀ ਦੇ ਕੈਸਰ ਹੋਣ ਬਾਰੇ ਸੁਚੇਤ ਕੀਤਾ ਸੀ। 1930 ਵਿੱਚ ਇੱਕ ਸਰਵੇ ਅਨੁਸਾਰ ਜਪਾਨ, ਇੰਗਲੈਂਡ ਅਤੇ ਅਮਰੀਕਾ ਵਿੱਚ ਕੀਤੇ ਸਰਵੇ ਅਨੁਸਾਰ ਮੌਤ ਦਰ ਦਾ ਆਂਕੜਾ ਵਧਣ ਦਾ ਕਾਰਨ ਫੇਫੜਿਆਂ ਦਾ ਕੈਂਸਰ ਸੀ। ਹੁਣ ਵੀ ਲੱਖਾਂ ਲੋਕ ਤੰਬਾਕੂ ਤੋਂ ਪੈਦਾ ਹੋਣ ਵਾਲ਼ੀ ਇਸ ਬਿਮਾਰੀ ਕਾਰਨ ਮਰ ਰਹੇ ਹਨ।
ਸਾਡੇ ਦੇਸ਼ ਵਿੱਚ ਹਰ ਸਾਲ 35 ਤੋਂ 40 ਲੱਖ ਲੋਕ ਸਿਰਫ਼ ਤੇ ਸਿਰਫ਼ ਤੰਬਾਕੂ ਦੀ ਵਰਤੋਂ ਕਰਕੇ ਹੀ ਕੈਂਸਰ ਨਾਲ਼ ਮਰ ਰਹੇ ਹਨ।ਭਾਵੇਂ ਸਰਕਾਰ ਨੇ 1 ਮਈ 2004 ਨੂੰ ਤੰਬਾਕੂ ਦੀ ਜਨਤਕ ਥਾਵਾਂ ਤੇ ਵਰਤੋਂ ਦੀ ਮਨਾਹੀ ਵਾਲ਼ਾ ਕਾਨੂੰਨ ਲਾਗੂ ਕਰ ਦਿੱਤਾ ਹੈ ਪਰ ਫਿਰ ਵੀ ਤੰਬਾਕੂ ਪੂਰੇ ਧੜੱਲੇ ਨਾਲ਼ ਵਿਕ ਰਿਹਾ ਹੈ। ਭਾਰਤ ਤੰਬਾਕੂ ਪੈਦਾ ਕਰਨ ਵਾਲ਼ਾ ਦੁਨੀਆ ਵਿੱਚ ਦੂਜਾ ਵੱਡਾ ਦੇਸ਼ ਹੈ। ਭਾਰਤ ਵਿੱਚ ਇਸ ਤੋਂ ਪ੍ਰਾਪਤ ਹੋਣ ਵਾਲ਼ੀ ਆਮਦਨ ਨਾਲ਼ੋਂ ਦਸ ਗੁਣਾ ਵੱਧ ਖ਼ਰਚ ਇਸ ਤੋਂ ਪੈਦਾ ਹੋਣ ਵਾਲ਼ੀਆਂ ਬਿਮਾਰੀਆਂ ਤੇ ਹੋ ਰਿਹਾ ਹੈ। ਲੋਕਾਂ ਦੀ ਸਿਹਤ ਨਾਲ਼ ਇਸ ਤੋਂ ਵੱਧ ਖਿਲਵਾੜ ਹੋਰ ਕੀ ਹੋ ਸਕਦਾ ਹੈ। ਸਾਡੇ ਗੁਰੂ ਸਾਹਿਬਾਨ ਨੇ ਤਾਂ ਸਦੀਆਂ ਪਹਿਲਾਂ ਹੀ ਤੰਬਾਕੂ ਦੀ ਵਰਤੋਂ ਤੋਂ ਵਰਜ ਦਿੱਤਾ ਸੀ। ਮਨੁੱਖਤਾ ਨੂੰ ਕੈਂਸਰ ਵਰਗੇ ਭਿਆਨਕ ਰੋਗਾਂ ਤੋਂ ਬਚਣ ਲਈ ਸੁਚੇਤ ਕਰਨ ਦਾ ਇਹ ਇੱਕ ਅਹਿਮ ਸੁਨੇਹਾ ਸੀ। ਸਾਰੀ ਮਨੁੱਖਤਾ ਇਸ ਲਈ ਰਿਣੀ ਰਹੇਗੀ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਲੋਕ ਇਹ ਸਿੱਖਿਆ ਨੂੰ ਭੁੱਲ ਰਹੇ ਹਨ। ਸਰਕਾਰਾਂ ਵੀ ਆਪਣੇ ਫਰਜ਼ਾਂ ਪ੍ਰਤੀ ਅਵੇਸਲੀਆਂ ਹੋ ਰਹੀਆਂ ਹਨ। ਤੰਬਾਕੂ ਦੇ ਉਤਪਾਦਨਾ ਉੱਤੇ ਬਰੀਕ ਜਿਹੇ ਅੱਖਰਾਂ ਵਿੱਚ ‘ਤੰਬਾਕੂ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੈ’ ਲਿਖ ਕੇ ਚੁੱਪ ਵੱਟ ਲੈਂਦੀਆਂ ਹਨ। ਫਿਲਮ ਅਤੇ ਟੈਲੀਵਿਜ਼ਨ ਸੀਰੀਅਲਾਂ ਵਿੱਚ ਵੀ ਇਹਨਾਂ ਦੀ ਵਰਤੋਂ ਕਰਨ ਵਾਲ਼ੇ ਦ੍ਰਿਸ਼ਾਂ ਨੂੰ ਦਿਖਾਉਣ ਤੇ ਪਾਬੰਦੀ ਤਾਂ ਲਗਾਈ ਗਈ ਹੈ ਪਰ ਪੁਰਾਣੀਆਂ ਫਿਲਮਾਂ ਦੇ ਦ੍ਰਿਸ਼ ਹੇਠਾਂ ਛੋਟਾ ਜਿਹਾ ਫੁੱਟ ਨੋਟ ਦੇ ਕੇ ਸਾਰ ਲਿਆ ਜਾਂਦਾ ਹੈ। ਤੰਬਾਕੂ ਤਾਂ ਕੈਂਸਰ ਦਾ ਘਰ ਹੈ ਹੀ ਪਰ ਧੂੰਏਂ ਤੋਂ ਹੁੰਦੇ ਨੁਕਸਾਨ ਬਾਰੇ ਅਸੀਂ ਬਹੁਤਾ ਨਹੀਂ ਜਾਣਦੇ। ਸਾਡੇ ਪੂਜਾ ਘਰਾਂ ਵਿੱਚ ਬੇਲੋੜੀ ਧੂਫ਼ ਦੀ ਵਰਤੋਂ ਹੋ ਰਹੀ ਹੈ। ਤੁਸੀਂ ਇਸ ਗੱਲ ਨੂੰ ਜਾਣ ਕੇ ਹੈਰਾਨ ਹੋਵੋਗੇ ਕਿ ਧੂਫ਼ ਬੀੜੀ ਸਿਗਰਟ ਨਾਲੋਂ ਵੱਧ ਬਾਹਾਂ ਪਸਾਰ ਕੇ ਕੈਂਸਰ ਨੂੰ ਸੱਦਾ ਦਿੰਦੀ ਹੈ। ਸਾਡੀਆਂ ਸਰਕਾਰਾਂ ਅਤੇ ਸਮਾਜ ਸੰਸਥਾਵਾਂ ਲੋਕਾਂ ਨੂੰ ਇਸ ਬਾਰੇ ਸੁਚੇਤ ਕਰਨ ਪ੍ਰਤੀ ਚੁੱਪ ਹਨ। ਧੂਫ਼ ਦਾ ਕਾਰੋਬਾਰ ਦੇਸ਼ ਵਿੱਚ ਵੱਡੇ ਪੱਧਰ ਤੇ ਫ਼ੈਲਿਆ ਹੋਇਆ ਹੈ। ਬਾਜ਼ਾਰਾਂ ਵਿੱਚ ਧੂਫ਼ ਵੇਚਣ ਵਾਲ਼ੇ ਹਰ ਵਕਤ ਮਿਲ ਜਾਣਗੇ।ਸਾਡੇ ਦੇਸ਼ ਵਿੱਚ ਧੂਫ਼ ਦੀ ਵਰਤੋਂ ਬਹੁਤ ਜਿਆਦਾ ਹੋ ਰਹੀ ਹੈ। ਧੂਫ਼ ਦੇ ਉਤਪਾਦਨ ਵਿੱਚ ਵਰਤੇ ਜਾਂਦੇ ਖ਼ੁਸ਼ਬੂਦਾਰ ਕੈਮੀਕਲ ਪਦਾਰਥ ਜਦੋਂ ਬਲ਼ਦੇ ਹਨ ਤਾਂ ਉਹਨਾਂ ਦਾ ਧੂੰਆਂ ਸਾਡੇ ਦਿਮਾਗ਼ ਤੇ ਸਿੱਧਾ ਅਸਰ ਕਰਦਾ ਹੈ। ਤੁਸੀਂ ਕੁਝ ਸਮਾਂ ਹੀ ਧੂਫ਼ ਵਾਲ਼ੇ ਕਮਰੇ ਵਿੱਚ ਬੈਠੋਗੇ ਤਾਂ ਬੇਚੈਨੀ ਮਹਿਸੂਸ ਕਰਨ ਲੱਗਦੇ ਹੋ। ਸਾਡੇ ਲੋਕ ਇਸ ਗੱਲ ਤੋਂ ਬੇਖ਼ਬਰ ਹਨ ਅਤੇ ਉਹ ਸ਼ਰਧਾ ਵੱਸ ਵੱਧ ਤੋਂ ਵੱਧ ਧੂਫ਼ ਲਾ ਕੇ ਆਪਣੇ ਇਸ਼ਟ ਨੂੰ ਖ਼ੁਸ਼ ਕਰਨ ਦੇ ਯਤਨ ਵਿੱਚ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਹੇ ਹਨ। ਹਰ ਧਾਰਮਿਕ ਸਥਾਨ ਤੇ ਵੱਖ-ਵੱਖ ਖ਼ੁਸ਼ਬੂਆਂ ਵਾਲ਼ੀਆਂ ਧੂਫਾਂ ਦਾ ਧੂੰਆਂ ਤੁਹਾਨੂੰ ਬਾਹਾਂ ਪਸਾਰ ਕੇ ਮਿਲੇਗਾ। ਮਾਨਸਿਕ ਰੋਗੀਆਂ ਨੂੰ ਠੀਕ ਕਰਨ ਦੇ ਬਹਾਨੇ ਤਾਂਤਰਿਕਾਂ ਵੱਲੋਂ ਧੂਫ਼ ਦਾ ਧੂੰਆਂ ਚੜ੍ਹਾ ਕੇ ਉਹਨਾਂ ਦੇ ਦਿਮਾਗ਼ ਨੂੰ ਬੇਸੁੱਧ ਕਰਕੇ ਲੁੱਟਿਆ ਜਾ ਰਿਹਾ ਹੈ। ਇਹ ਧੂੰਆਂ ਉਹਨਾਂ ਨੂੰ ਹੀ ਨਹੀਂ ਆਲ਼ੇ ਦੁਆਲ਼ੇ ਵਸ ਰਹੇ ਲੋਕਾਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਵੱਖ-ਵੱਖ ਵਿਗਿਆਨਕ ਪ੍ਰੀਖਣਾਂ ਵਿੱਚ ਇਹ ਸਾਹਮਣੇ ਆਇਆ ਕਿ ਹੁਣ ਧੂਫ਼ ਕੈਂਸਰ ਦਾ ਮੁੱਖ ਕਾਰਨ ਬਣਦੀ ਜਾ ਰਹੀ ਹੈ। ਜੇਕਰ ਪੰਜਾਬ ਦੀ ਹੀ ਗੱਲ ਕਰੀਏ ਤਾਂ ਇੱਥੋਂ ਦਾ ਸੱਭਿਆਚਾਰ ਔਰਤਾਂ ਨੂੰ ਤਾਂ ਬਿਲਕੁਲ ਵੀ ਤੰਬਾਕੂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਪਰ ਇੱਥੇ ਮਰਦਾਂ ਨਾਲ਼ੋਂ ਔਰਤਾਂ ਨੂੰ ਜ਼ਿਆਦਾ ਕੈਂਸਰ ਕਿਉਂ ਹੋ ਰਿਹਾ ਹੈ? ਇਸ ਦੇ ਕਾਰਨਾਂ ਨੂੰ ਜਾਨਣ ਦੀ ਲੋੜ ਹੈ। ਪੰਜਾਬ ਦੇ ਪਿੰਡਾਂ ਵਿੱਚ ਬਹੁਤ ਸਾਰੇ ਘਰਾਂ ਤਾਂ ਕੀ ਗਲੀਆਂ ਮੁਹੱਲਿਆਂ ਵਿੱਚ ਵੀ ਬੀੜੀ ਸਿਗਰਟ ਦੀ ਵਰਤੋਂ ਨਹੀਂ ਹੁੰਦੀ ਤਾਂ ਵੀ ਲੋਕ ਕੈਂਸਰ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਧੂਫ਼ ਵੀ ਜ਼ਿੰਮੇਵਾਰ ਹੈ। ਅਗਰਬੱਤੀਆਂ ਦੇ ਧੂਏ ਨਾਲ਼ ਸੜਕ ਤੇ ਚੱਲ ਰਹੀਆਂ ਮੋਟਰਕਾਰਾਂ ਦੇ ਧੂਏ ਨਾਲ਼ੋਂ ਵੱਧ ਪ੍ਰਦੂਸ਼ਣ ਹੁੰਦਾ ਹੈ। ਤਾਈਵਾਨ ਦੇ ਡਾਕਟਰ ਤਾ ਚੰਗਲਿਨ ਨੇ 2001 ਵਿੱਚ ਉਥੋਂ ਦੇ ਇੱਕ ਮੰਦਿਰ ਦੇ ਅੰਦਰੋਂ ਤੇ ਬਾਹਰੋਂ ਹਵਾ ਦੇ ਨਮੂਨੇ ਇਕੱਠੇ ਕੀਤੇ। ਫਿਰ ਉਸ ਨੇ ਆਵਾਜਾਈ ਨਾਲ਼ ਭਰੀ ਸੜਕ ਤੋਂ ਵੀ ਹਵਾ ਦੇ ਨਮੂਨੇ ਲਏ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਮੰਦਰ ਦੇ ਅਹਾਤੇ ਵਿਚਲੀ ਹਵਾ ਵਿੱਚ ਕਾਰਸੀਨੋਜੈਨਿਕ ਗਰੁੱਪ ਦੇ ਰਸਾਇਣਿਕ ਪਦਾਰਥ ਬਹੁਤ ਜ਼ਿਆਦਾ ਮਾਤਰਾ ਵਿੱਚ ਸਨ। ਕਾਰਸੀਨੋਜੈਨਿਕ ਗਰੁੱਪ ਵਿੱਚ ਪੌਲਏਸਾਈਕਲਿਕ ਐਰੋਮੈਟਿਕ ਹਾਈਡਰੋਕਾਰਬਨਜ ਨਾਂ ਦਾ ਰਸਾਇਣਿਕ ਤੱਤ ਹੁੰਦਾ ਹੈ ਜੋ ਚੀਜ਼ਾਂ ਦੇ ਗਲਣ ਸੜਨ ਦੇ ਧੂੰਏਂ ਤੋਂ ਪੈਦਾ ਹੁੰਦਾ ਹੈ।
ਡਾਕਟਰ ਲਿੰਨ ਨੇ ਇੱਕ ਹੋਰ ਤਜਰਬਾ ਕੀਤਾ। ਉਸ ਨੇ ਮੰਦਰ ਅਤੇ ਇੱਕ ਘਰ ਵਿੱਚ ਜਿਸ ਵਿੱਚ ਬੀੜੀ ਸਿਗਰਟ ਵਰਤੀ ਜਾਂਦੀ ਹੋਵੇ ਵਿੱਚੋਂ ਹਵਾ ਦੇ ਨਮੂਨੇ ਲਏ। ਇਹਨਾਂ ਦੀ ਤੁਲਨਾ ਕਰਨ ਤੇ ਪਤਾ ਲੱਗਾ ਕਿ ਮੰਦਰ ਦੇ ਧੂੰਏਂ ਵਿੱਚ ਘਰ ਦੀ ਤੁਲਨਾ ਵਿੱਚ 118 ਗੁਣਾ ਜ਼ਿਆਦਾ ਰਸਾਇਣਕ ਪਦਾਰਥ ਸਨ। ਜਿਸ ਰਸਾਇਣਕ ਪਦਾਰਥ ਨਾਲ਼ ਕੈਂਸਰ ਹੁੰਦਾ ਹੈ ਉਸ ਦੀ ਮਾਤਰਾ ਬੀੜੀ ਸਿਗਰਟ ਵਾਲ਼ੇ ਘਰ ਨਾਲ਼ੋਂ 40 ਗੁਣਾ ਜ਼ਿਆਦਾ ਸੀ। ਇਸ ਦਾ ਕਾਰਨ ਸਿਰਫ ਤੇ ਸਿਰਫ ਅਗਰਬੱਤੀਆਂ ਦਾ ਧੂੰਆਂ ਸੀ। ਅਗਰਬੱਤੀਆਂ ਦਾ ਧੂੰਆਂ ਸਾਡੇ ਸਰੀਰ ਦੇ ਅੰਦਰੂਨੀ ਅੰਗਾਂ ਫੇਫੜਿਆਂ ਜਿਗਰ ਅਤੇ ਮਿਹਦੇ ਨੂੰ ਤਾਂ ਨੁਕਸਾਨ ਪਹੁੰਚਾਉਂਦਾ ਹੀ ਹੈ, ਚਮੜੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਚਮੜੀ ਦੇ ਬਹੁਤ ਸਾਰੇ ਰੋਗ ਇਸੇ ਕਰਕੇ ਵੀ ਹੁੰਦੇ ਹਨ। ਪੁਰਾਣੇ ਜ਼ਮਾਨੇ ਵਿੱਚ ਧੂਫ਼ ਬਣਾਉਣ ਲਈ ਦੇਸੀ ਜੜੀ ਬੂਟੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਸਮਗਰੀ ਸੀਮਤ ਮਾਤਰਾ ਵਿੱਚ ਬਣਾ ਕੇ ਵਰਤੀ ਜਾਂਦੀ ਸੀ। ਹੁਣ ਕੈਮੀਕਲ ਯੁਕਤ ਅਗਰਬੱਤੀਆਂ ਦੀ ਬਹੁਤ ਵਰਤੋਂ ਹੋਣ ਲੱਗ ਪਈ ਹੈ। ਬੱਸਾਂ ਗੱਡੀਆਂ ਵਿੱਚ ਵੀ ਡਰਾਈਵਰ ਸਵੇਰੇ ਸਵੇਰੇ ਧੂਫ਼ ਲਾ ਕੇ ਫਿਰ ਗੱਡੀ ਚਲਾਉਂਦੇ ਹਨ। ਬੰਦ ਕੈਬਨ ਵਿੱਚਲਾ ਇਹ ਧੂੰਆਂ ਹਵਾ ਨੂੰ ਜ਼ਹਿਰੀਲਾ ਕਰ ਦਿੰਦਾ ਹੈ। ਸਫ਼ਰ ਸਮੇਂ ਦਿਲ ਘਬਰਾਉਣਾ, ਚੱਕਰ ਆਉਣੇ ਅਤੇ ਉਲਟੀ ਆਉਣ ਦਾ ਕਾਰਨ ਵੀ ਇਸ ਵਿੱਚ ਲੁਕਿਆ ਹੋਇਆ ਹੈ। ਧਾਰਮਿਕ ਸ਼ਰਧਾ ਨੂੰ ਵਪਾਰੀ ਲੋਕਾਂ ਨੇ ਸ਼ੋਸ਼ਣ ਦਾ ਢੰਗ ਬਣਾ ਲਿਆ ਹੈ। ਲੋਕਾਂ ਦੀ ਸਿਹਤ ਨਾਲ਼ ਖਿਲਵਾੜ ਹੋ ਰਿਹਾ ਹੈ। ਇੱਕ ਬੰਦ ਕਮਰੇ ਵਿੱਚ ਜੇਕਰ 10 ਮੋਟਰਸਾਈਕਲ ਸਟਾਰਟ ਕਰਕੇ ਖੜ੍ਹਾ ਦਿੱਤੇ ਜਾਣ ਅਤੇ ਦੂਸਰੇ ਬੰਦ ਕਮਰੇ ਵਿੱਚ ਅਗਰਬੱਤੀਆਂ ਲਾ ਦਿੱਤੀਆਂ ਜਾਣ ਤਾਂ ਕੁਝ ਸਮੇਂ ਬਾਅਦ ਦੋਹਾਂ ਕਮਰਿਆਂ ਦਾ ਹਵਾ ਦਾ ਪ੍ਰਦੂਸ਼ਣ ਪੱਧਰ ਚੈੱਕ ਕੀਤਾ ਜਾਵੇ ਤਾਂ ਅਗਰਬੱਤੀਆਂ ਵਾਲ਼ੇ ਕਮਰੇ ਦੀ ਹਵਾ ਦਾ ਪ੍ਰਦੂਸ਼ਣ ਪੱਧਰ ਜ਼ਿਆਦਾ ਹੋਵੇਗਾ।ਦੇਖੋ ਕਿੰਨੀ ਖ਼ਤਰਨਾਕ ਹੈ ਅਗਰਬੱਤੀ ਦੀ ਵਰਤੋਂ। ਪਰ ਅਸੀਂ ਸ਼ਾਇਦ ਨਹੀਂ ਜਾਣਦੇ। ਅੱਜਕੱਲ੍ਹ ਤਾਂ ਇੰਟਰਨੈਟ ਦਾ ਜ਼ਮਾਨਾ ਹੈ ਤੁਸੀਂ ਧੂਫ਼ ਦੇ ਧੂੰਏਂ ਦੇ ਨੁਕਸਾਨ ਬਾਰੇ ਇੰਟਰਨੈਟ ਤੋਂ ਹੋਰ ਵੀ ਜਾਣਕਾਰੀ ਲੱਭ ਸਕਦੇ ਹੋ। ਲੋਕਾਂ ਨੂੰ ਇਸ ਤੋਂ ਹੋ ਰਹੇ ਨੁਕਸਾਨ ਬਾਰੇ ਸੁਚੇਤ ਕਰਨ ਲਈ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਉਚੇਚੇ ਯਤਨ ਕਰਨ ਦੀ ਲੋੜ ਹੈ। ਸ਼ਰਾਬ ਤੰਬਾਕੂ ਉਤਪਾਦਨਾ ਵਾਂਗ ਹੀ ਅਗਰਬੱਤੀਆਂ ਦੇ ਡੱਬਿਆਂ ਉੱਤੇ ਇਹਨਾਂ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਲਿਖਿਆ ਹੋਣਾ ਚਾਹੀਦਾ ਹੈ। ਵਾਤਾਵਰਨ ਨੂੰ ਸਾਫ਼ ਕਰਨ ਲਈ ਜਿੱਥੇ ਅਸੀਂ ਪਾਣੀ ਸਾਫ਼ ਕਰਨ ਦੀ ਗੱਲ ਕਰਦੇ ਹਾਂ, ਹਵਾ ਸਾਫ਼ ਕਰਨ ਲਈ ਹੋਕਾ ਦਿੰਦੇ ਹਾਂ, ਹਵਾ ਨੂੰ ਗੰਧਲਾ ਹੋਣ ਲਈ ਪਰਾਲੀ ਦੇ ਧੂੰਏਂ ਸੜਕਾਂ ਤੇ ਚਲਦੀਆਂ ਮੋਟਰਕਾਰਾਂ ਦੇ ਧੂੰਏਂ ਅਤੇ ਫ਼ੈਕਟਰੀਆਂ ਦੇ ਧੂੰਏਂ ਨੂੰ ਜ਼ਿੰਮੇਵਾਰ ਮੰਨਦੇ ਹਾਂ। ਉੱਥੇ ਸਾਨੂੰ ਧੂਫ਼ ਤੋਂ ਹੋ ਰਹੇ ਨੁਕਸਾਨ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ਼ਤਿਹਾਰਾਂ, ਸੈਮੀਨਾਰਾਂ ਅਤੇ ਗੋਸ਼ਟੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਜਨਤਕ ਥਾਵਾਂ ਤੇ ਇਸ ਦੀ ਵਰਤੋਂ ਦੀ ਮਨਾਹੀ ਹੋਣੀ ਚਾਹੀਦੀ ਹੈ। ਆਓ ਆਪਾਂ ਲੋਕਾਂ ਨੂੰ ਸੁਚੇਤ ਕਰੀਏ ਅਤੇ ਆਪਣੇ ਆਪ ਆਪਣੇ ਪਰਿਵਾਰ ਤੇ ਸਮਾਜ ਨੂੰ ਬਚਾਈਏ।
ਜਗਤਾਰ ਸਿੰਘ ਸੋਖੀ
ਸੰਪਰਕ ਨੰਬਰ: 9417166386
Author: Gurbhej Singh Anandpuri
ਮੁੱਖ ਸੰਪਾਦਕ