Home » ਧਾਰਮਿਕ » ਇਤਿਹਾਸ » ਬੈਲਜ਼ੀਅਮ ਵਿਖੇ 28 ਅਪ੍ਰੈਲ ਨੂੰ ਕਰਾਇਆ ਜਾਵੇਗਾ ਵਿਸ਼ਵ ਯੁੱਧਾਂ ‘ਚ ਸ਼ਹੀਦ ਸਿੱਖ ਫੌਜੀਆਂ ਨੂੰ ਸਮਰਪਿਤ ਸਮਾਗਮ

ਬੈਲਜ਼ੀਅਮ ਵਿਖੇ 28 ਅਪ੍ਰੈਲ ਨੂੰ ਕਰਾਇਆ ਜਾਵੇਗਾ ਵਿਸ਼ਵ ਯੁੱਧਾਂ ‘ਚ ਸ਼ਹੀਦ ਸਿੱਖ ਫੌਜੀਆਂ ਨੂੰ ਸਮਰਪਿਤ ਸਮਾਗਮ

251 Views

ਰੋਮ (ਦਲਵੀਰ ਕੈਂਥ)- ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰੇਗੰਢ ਮੌਕੇ ਦੋਨਾਂ ਵਿਸ਼ਵ ਯੁੱਧਾਂ ਵਿੱਚ ਸ਼ਹੀਦ ਸਿੱਖ ਫੌਜੀਆਂ ਦੀ ਯਾਦ ਨੂੰ ਸਮਰਪਤਿ ਇੱਕ ਵਿਸ਼ਾਲ ਧਾਰਮਿਕ ਸਮਾਗਮ ਯੂਰਪੀਅਨ ਦੇਸ਼ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਈਪਰ ਦੇ ਪ੍ਰਸਾਸ਼ਨ, ਫਲਾਂਨਦਰਨ ਫੀਲਡ ਮਿਊਜ਼ੀਅਮ ਅਤੇ ਸਿੱਖਜ਼ ਔਨ ਦਿ ਵੈਸਟਰਨ ਫਰੰਟ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਅਤੇ ਦਸਵੰਧ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸਿੱਖ ਕੌਮ ਦੀਆਂ ਮਹਾਨ ਸਖ਼ਸੀਅਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਭਾਈ ਰਵੀ ਸਿੰਘ ਖਾਲਸਾ ਮੁੱਖ ਸੇਵਾਦਾਰ ਖਾਲਸਾ ਏਡ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਭਾਈ ਮਨਧੀਰ ਸਿੰਘ, ਵਿਸ਼ਵ ਯੁੱਧਾਂ ‘ਤੇ ਖੋਜ ਭਰਪੂਰ ਕਿਤਾਬਾਂ ਦੇ ਲੇਖਕ ਸਰਦਾਰ ਭੁਪਿੰਦਰ ਸਿੰਘ ਹੌਲੈਂਡ, ਲੇਖਕ ਬਲਵਿੰਦਰ ਸਿੰਘ ਚਾਹਲ ਇੰਗਲੈਂਡ, ਦਲ ਸਿੰਘ ਢੇਸੀ ਇੰਗਲੈਂਡ, ਡਾ. ਸੁਰਜੀਤ ਸਿੰਘ ਜਰਮਨੀ ਸਮੇਤ ਯੂਰਪ ਭਰ ਦੇ ਪੰਥਕ ਆਗੂ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ।

ਈਪਰ ਦੀ ਮੇਅਰ ਅਤੇ ਮੈਂਬਰ ਪਾਰਲੀਮੈਂਟ ਇਮਲੀ ਟਾਲਪੇ ਸਮੇਤ ਕਈ ਸ਼ਹਿਰਾਂ ਦੇ ਮੇਅਰ ਅਤੇ ਕਥਾਵਾਚਕ ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ ‘ਤੋਂ ਇਲਾਵਾ ਸਿੱਖ ਧਰਮ ਦੀਆਂ ਹੋਰ ਵੀ ਮਹਾਨ ਸਖ਼ਸੀਅਤਾਂ ਪਹੁੰਚ ਰਹੀਆਂ ਹਨ। 26 ਅਪ੍ਰੈਲ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 28 ਅਪ੍ਰੈਲ ਨੂੰ ਭੋਗ ਪਾਏ ਜਾਣਗੇ। ਉਪਰੰਤ ਕਥਾ-ਕੀਰਤਨ ਦਰਬਾਰ, ਪੰਜਾਬ ਸਮੇਤ ਦੁਨੀਆ ਭਰ ਵਿੱਚੋਂ ਪਹੁੰਚੀਆਂ ਸ਼ਖਸੀਅਤਾਂ ਸੰਗਤਾਂ ਦੇ ਰੂਬਰੂ ਹੋਣਗੀਆਂ। ਦੁਪਿਹਰ 2 ‘ਤੋਂ 3 ਵਜੇ ਤੱਕ ‘ਦੇਹ ਸਿਵਾ ਵਰ ਮੋਹਿ ਇਹੇ’ ਸ਼ਬਦ ਦੀ ਧੁਨ ਇਤਿਹਾਸਿਕ ਚਰਚ ਵਿੱਚੋਂ ਵਿਸੇਸ਼ ਤੌਰ ‘ਤੇ ਵਜਾਈ ਜਾਵੇਗੀ। ਦੁਪਿਹਰ ਬਾਅਦ 5 ਵਜੇ ਹੋਲੇਬੇਕੇ ਸਮਾਰਕ ( Eekhofstraat, 8902 Holebeke ) ਦੀ ਸਥਾਪਨਾ ਦੇ 25 ਸਾਲ ਪੂਰੇ ਹੋਣ ਦੀ ਵਰੇਗੰਢ ਮੌਕੇ ਅੱਧੇ ਘੰਟੇ ਦਾ ਸਮਾਗਮ ਸ਼ਹਿਰ ਦੇ ਪ੍ਰਸਾਸ਼ਨ ਅਤੇ ਫਲਾਨਦਰਨ ਫੀਲਡ ਮਿਊਜ਼ੀਅਮ ਵੱਲੋਂ ਹੋਵੇਗਾ।

ਕੀ ਹੈ ਹੋਲੇਬੇਕੇ ਸਮਾਰਕ:

ਖਾਲਸਾ ਸਾਜਨਾ ਦਾ 300ਵਾਂ ਦਿਵਸ ਯੂਰਪ ਭਰ ਦੀਆਂ ਸਿੱਖ ਸੰਗਤਾਂ ਨੇ ਵੀ ਈਪਰ ਸ਼ਹਿਰ ਵਿਖੇ ਅਪ੍ਰੈਲ 1999 ਵਿੱਚ ਵੱਡੇ ਪੱਧਰ ‘ਤੇ ਮਨਾਇਆ ਸੀ। ਇਸੇ ਸਮੇਂ ਹੀ 5 ਪਿਆਰਿਆਂ ਦੀ ਅਗਵਾਹੀ ਹੇਠ ਹੋਲੇਬੇਕੇ ਸਮਾਰਕ ਦਾ ਉਦਘਾਟਨ ਕੀਤਾ ਗਿਆ ਸੀ ਜਿਥੇ ਹਰ ਸਾਲ 11 ਨਵੰਬਰ ਨੂੰ ਸਿੱਖ ਸੰਗਤ ਸ਼ਹੀਦ ਫੌਜੀਆਂ ਦੀ ਯਾਦ ਵਿੱਚ ਅਰਦਾਸ ਕਰਨ ਉਪਰੰਤ ਲੰਗਰ ਛਕਦੀ ਹੈ। 26 ਅਕਤੂਬਰ 1914 ਨੂੰ ਪਹਿਲੀ ਵਾਰ ਇਸ ਜਗ੍ਹਾ ‘ਤੋਂ ਹੀ ਅੰਗਰੇਜ਼ ਹਕੂਮਤ ਅਧੀਨ ਭਾਰਤੀ ਫੌਜਾਂ ਨੇ ਜੰਗ ਵਿੱਚ ਹਿੱਸਾ ਲਿਆ ਸੀ। ਮੀਨਨ ਗੇਟ ਸਮਾਰਕ ‘ਤੇ ਸ਼ਾਮ 8 ਵਜੇ ਰੋਜ਼ਾਨਾ ਹੁੰਦੀ ਪਰੇਡ ਵੀ ਇਸ ਦਿਨ ਸ਼ਹੀਦ ਸਿੱਖ ਫੌਜ਼ੀਆਂ ਨੂੰ ਸਮਰਪਤਿ ਹੋਵੇਗੀ। ਮੀਨਨ ਗੇਟ ਉਹ ਸਮਾਰਕ ਹੈ ਜਿਸ ਉੱਪਰ 54896 ਉਹਨਾਂ ਸ਼ਹੀਦਾਂ ਦੇ ਨਾਮ ਹਨ, ਜਿਨ੍ਹਾਂ ਦੇ ਦਫਨਾਉਣ ਦੀ ਜਗ੍ਹਾ ਦੀ ਕੋਈ ਪੁੱਖਤਾ ਜਾਣਕਾਰੀ ਮੌਜੂਦ ਨਹੀਂ ਹੈ। 14 ਜੁਲਾਈ 1927 ਨੂੰ ਹੋਏ ਉਦਘਾਟਨ ‘ਤੋਂ  ਹੁਣ ਤੱਕ ਇਸ ਗੇਟ ‘ਤੇ ਰੋਜ਼ਾਨਾ ਪਰੇਡ ਹੁੰਦੀ ਹੈ, ਜੋ ਸਿਰਫ ਦੂਜੇ ਵਿਸ਼ਵ ਯੁੱਧ ਸਮੇਂ ਕੁੱਝ ਦਿਨਾਂ ਲਈ ਹੀ ਰੋਕੀ ਗਈ ਸੀ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?