ਵੋਟਤੰਤਰ ਨੂੰ ਖ਼ਾਲਿਸਤਾਨ ਦੀ ਮਜ਼ਬੂਤੀ ਲਈ ਵਰਤਿਆ ਜਾਵੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਅੰਮ੍ਰਿਤਸਰ, 1 ਮਈ ( ਤਾਜੀਮਨੂਰ ਕੌਰ ) ਬੀਤੇ ਕੱਲ੍ਹ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਤੇ ਸੰਗਤਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਕਰਕੇ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਅਜਾਦ ਪੰਥਕ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਮਨੁੱਖੀ ਹੱਕਾਂ ਦੇ ਪਹਿਰੇਦਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ, ਪਿਤਾ ਸ. ਤਰਸੇਮ ਸਿੰਘ ਦਾ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਤੇ ਜਥੇ ਦੇ ਸਿੰਘਾਂ ਨੇ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ ਤੇ ਸਿੱਖ ਯੂਥ ਫੈ਼ਡਰੇਸ਼ਨ ਭਿੰਡਰਾਂਵਾਲਾ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਪੰਥਕ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਦਾ ਐਲਾਨ ਕੀਤਾ। ਫਿਰ ਸਾਰਾਗੜ੍ਹੀ ਸਰਾਂ ਕੋਲ ਮੋਰਚੇ ਵਿੱਚ ਬੈਠ ਕੇ ਫੈਡਰੇਸ਼ਨ ਆਗੂਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਵਿਚਾਰਾਂ ਦੀ ਸਾਂਝ ਵੀ ਕੀਤੀ ਤੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੀ ਘੋਰ ਸ਼ਬਦਾਂ ਵਿੱਚ ਨਿੰਦਾ ਕੀਤੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਸ ਵਾਰ ਖਾਲਸਾ ਪੰਥ ਅਤੇ ਪੰਜਾਬ ਵਾਸੀਆਂ ਨੂੰ ਸ਼ਾਨਦਾਰ ਇਤਿਹਾਸ ਸਿਰਜਣਾ ਚਾਹੀਦਾ ਹੈ, ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ, ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ, ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਮਲੋਆ, ਲੁਧਿਆਣਾ ਤੋਂ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ (ਸਪੁੱਤਰ ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾ), ਪਟਿਆਲਾ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ, ਗੁਰਦਾਸਪੁਰ ਤੋਂ ਗੁਰਿੰਦਰ ਸਿੰਘ ਬਾਜਵਾ, ਬਠਿੰਡਾ ਤੋਂ ਲਖਬੀਰ ਸਿੰਘ ਲੱਖਾ ਸਿਧਾਣਾ ਨੂੰ ਪੰਜਾਬ ਵਾਸੀ ਵੋਟਾਂ ਪਾ ਕੇ ਕਾਮਯਾਬ ਕਰਨ। ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਸਰਕਾਰ ਨੇ ਐਨ.ਐਸ.ਏ. ਤਹਿਤ ਨਜ਼ਰਬੰਦ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਅੰਮ੍ਰਿਤ ਛਕਾਉਣ ਅਤੇ ਨਸ਼ੇ ਛਡਾਉਣ ਦੀ ਲਹਿਰ ਸਰਕਾਰ ਨੂੰ ਰਾਸ ਨਾ ਆਈ, ਸਰਕਾਰ ਸਾਨੂੰ ਵਾਰ ਵਾਰ ਗੁਲਾਮੀ ਦਾ ਅਹਿਸਾਸ ਕਰਵਾ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਤਾਰ ਬੇਅਦਬੀਆਂ ਹੋ ਰਹੀਆਂ ਹਨ, ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਉਮੀਦਵਾਰਾਂ ਨੂੰ ਜਿਤਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਵੋਟਤੰਤਰ ਨੂੰ ਖਾਲਿਸਤਾਨ ਦੀ ਮਜ਼ਬੂਤੀ ਲਈ ਵਰਤਿਆ ਜਾਵੇ, ਜੇਕਰ ਪੰਥਕ ਉਮੀਦਵਾਰ ਜਿੱਤਦੇ ਹਨ ਤਾਂ ਇਸ ਦੇ ਨਾਲ ਖਾਲਿਸਤਾਨ ਦਾ ਸੰਘਰਸ਼ ਵੀ ਬੁਲੰਦ ਹੋਵੇਗਾ। ਪਿਛਲੇ ਸਮੇਂ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਐਮ.ਪੀ. ਨੇ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਖੰਡਾ, ਭਾਈ ਸੰਦੀਪ ਸਿੰਘ ਦੀਪ ਸਿੱਧੂ ਅਤੇ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਤੇ ਸਮੇਂ ਸਮੇਂ ਤੇ ਭਾਰਤ ਦੇ ਅਖੌਤੀ ਲੋਕਤੰਤਰ ਦਾ ਚਿਹਰਾ ਨੰਗਾ ਕੀਤਾ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਖਡੂਰ ਸਾਹਿਬ ਤੋਂ ਹਰਾਉਣ ਵਾਲੀ ਗਲਤੀ ਵੋਟਰ ਦੁਬਾਰਾ ਨਾ ਕਰਨ ਤੇ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੂਰੇ ਜਾਹੁ ਜਲਾਲ ਨਾਲ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਜਾਵੇ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਕਾਂਗਰਸੀ, ਬਾਦਲਕੇ, ਭਾਜਪਾਈ ਤੇ ਝਾੜੂ ਪਾਰਟੀ ਵਾਲੇ ਪੰਥ ਅਤੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਲੇ ਹਨ, ਇਹਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਸਬਕ ਜਰੂਰ ਸਿਖਾਇਆ ਜਾਵੇ।
Author: Gurbhej Singh Anandpuri
ਮੁੱਖ ਸੰਪਾਦਕ