ਅੰਮੀ ਇਨਸਾਨ ਦਾ ਪਹਿਲਾ ਘਰ ਹੈ; ਪਹਿਲੀ ਹਿਫ਼ਾਜ਼ਤ ਹੈ; ਪਹਿਲਾ ਸੁਖ ਹੈ।
ਅੰਮੀ ਬੇਲਾਗ, ਬੇਗ਼ਰਜ਼, ਲੋਭ-ਰਹਿਤ, ਖ਼ਾਹਿਸ਼-ਰਹਿਤ ਰਿਸ਼ਤਾ ਹੈ।
ਅੰਮੀ ਮਿੱਠਾ ਚਸ਼ਮਾ ਹੈ, ਜਿਸ ਵਿਚੋਂ ਲਗਾਤਾਰ ਅੰਮ੍ਰਿਤ ਦੀ ਧਾਰਾ ਵਹਿੰਦੀ ਹੈ।
ਅੰਮੀ ਸੇਵਾ ਦਾ ਖ਼ਜ਼ਾਨਾ ਹੈ; ਪਤੀ, ਪੁੱਤ-ਧੀ, ਪੋਤੇ-ਪੋਤੀਆਂ, ਦੋਹਤੇ ਦੋਹਤੀਆਂ ਦੀ ਸੇਵਾ ਕਰ ਕੇ ਕਦੇ ਵੀ ਝਕਦੀ ਨਹੀਂ, ਰੱਜਦੀ ਨਹੀਂ, ਥੱਕਦੀ ਨਹੀਂ, ਅੱਕਦੀ ਨਹੀਂ।
ਅੰਮੀ ਇਖ਼ਲਾਕ ਦਾ ਭੰਡਾਰਾ ਹੈ ਜੋ ਬੱਚਿਆਂ ਨੂੰ ਸਾਖੀਆਂ, ਕਹਾਣੀਆਂ, ਬਾਤਾਂ ਸੁਣਾ-ਸੁਣਾ ਕੇ ਅਮੀਰ ਕਰਦੀ ਰਹਿੰਦੀ ਹੈ।
ਅੰਮੀ ਨਿੱਘ ਦਾ ਘਰ ਹੈ; ਰੋਂਦੇ ਬੱਚੇ ਨੂੰ ਸੀਨੇ ਨਾਲ ਲਾ ਕੇ ਨਿੱਘ ਦੇਂਦੀ ਹੈ।
ਅੰਮੀ ਠੰਡਾ-ਠਾਰ ਨੀਰ ਹੈ ਜੋ ਤਪਦੇ ਦਿਲਾਂ ਨੂੰ ਸ਼ਾਂਤੀ ਬਖ਼ਸ਼ਦਾ ਹੈ।
ਅੰਮੀ ਦੁਆਵਾਂ ਦੀ ਦੌਲਤ ਹੈ, ਦੁਆਵਾਂ, ਅਸੀਸਾਂ ਤੇ ਅਰਦਾਸਾਂ ਕਰਦਿਆਂ ਕਦੇ ਥੱਕਦੀ ਨਹੀਂ।
ਅੰਮੀ ਇਕ ਰਮਜ਼ ਹੈ; ਦੁਖੀ ਤੇ ਬਦਨਾਮ ਕਰਨ ਵਾਲੇ, ਰੁਆਉਣ ਤੇ ਸਤਾਉਣ ਵਾਲੇ ਬੱਚਿਆਂ ਨੂੰ ਵੀ ਬਦ-ਦੁਆ ਨਹੀਂ ਦੇਂਦੀ।
ਅੰਮੀ ਖ਼ੁਸ਼ਬੂਦਾਰ ਤੇ ਮਨਮੋਹਣੇ ਫੁਲਾਂ ਦਾ ਬਗ਼ੀਚਾ ਹੈ ਜੋ ਸਦਾ ਖ਼ੁਸ਼ੀਆਂ ਤੇ ਖੇੜੇ ਵੰਡਦਾ ਹੈ।
ਅੰਮੀ ਨੂਰ ਦਾ ਚਾਨਣ ਹੈ, ਜੋ ਹਨੇਰਿਆਂ ਵਿਚ ਸਦਾ ਰੌਸ਼ਨੀ ਕਰਦਾ ਹੈ।
ਅੰਮੀ ਰੱਬ ਦਾ ਰੂਪ ਹੈ, ਉਸ ਨੂੰ ਵੇਖ ਕੇ ਰੱਬ ਦੇ ਦੀਦਾਰ ਹੋ ਜਾਂਦੇ ਹਨ (ਕੁਝ ਹੋਰ ਵੇਖਣ ਦੀ ਤਲਬ ਨਹੀਂ ਰਹਿੰਦੀ)।
ਬਦਕਿਸਮਤ ਹਨ ਉਹ ਲੋਕ ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੀ ਮਾਂ ਕਦੇ ਵੀ ਖ਼ੁਸ਼ੀ ਨਹੀਂ ਹੋਈ।
ਮੰਦੇ ਭਾਗ ਹਨ ਉਸ ਦੇ ਜਿਸ ਦੇ ਮਨ ਵਿਚ ਮਾਂ ਨੂੰ ਵੇਖਣ ਵਾਸਤੇ ਤੜਪ ਨਹੀਂ ਆਈ।
ਨਿਕਰਮੇ ਹਨ ਉਹ ਜਿਨ੍ਹਾਂ ਦਾ ਨਾਂ ਸੁਣ ਕੇ ਮਾਂ ਦੇ ਚਿਹਰੇ ‘ਤੇ ਲਾਲੀ ਨਹੀਂ ਆਈ।
ਗ਼ਰੀਬ ਹਨ ਉਹ ਲੋਕ ਜੋ ਮਾਂ ਨੂੰ ਕਦੇ ਵੀ ਜ਼ਰਾ ਵੀ ਖ਼ੁਸ਼ੀ ਨਹੀਂ ਦੇ ਸਕੇ।
ਇੱਜ਼ਤ-ਹੀਣ ਹਨ ਉਹ ਲੋਕ ਜਿਨ੍ਹਾਂ ਨੇ ਕਦੇ ਮਾਂ ਦੇ ਪੈਰ ਨਹੀਂ ਛੂਹੇ।
ਖ਼ਾਲੀ ਹਨ ਉਹ ਲੋਕ ਜਿਨ੍ਹਾਂ ਨੇ ਮਾਂ ਨੂੰ ਕਦੇ ਕਲਾਵੇ ਵਿਚ ਨਹੀਂ ਲਿਆ।
ਜ਼ਾਲਮ ਹਨ ਉਹ ਜਿਨ੍ਹਾਂ ਨੂੰ ਕਦੇ ਵੀ ਮਾਂ ਦੀ ਤਕਲੀਫ਼ ਦੀ ਪੀੜ ਮਹਿਸੂਸ ਨਹੀਂ ਹੋਈ।
ਪੱਥਰ ਹਨ ਉਹ ਲੋਕ ਜਿਨ੍ਹਾਂ ਨੂੰ ਮਰਨ ਮਗਰੋਂ ਮਾਂ ਕਈ ਕਈ ਦਿਨ ਯਾਦ ਨਹੀਂ ਆਉਂਦੀ।
ਪਸੂ ਤੋਂ ਵੀ ਮਾੜੇ ਹਨ ਉਹ ਲੋਕ ਜੋ ਮਾਂ ਦਾ ਚਿਹਰਾ ਵੀ ਭੁੱਲ ਜਾਂਦੇ ਹਨ।
ਖ਼ੁਸ਼ਕਿਸਮਤ ਹਨ ਉਹ ਲੋਕ ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੀ ਮਾਂ ਨੂੰ ਚਾਅ ਚੜ੍ਹਦਾ ਹੈ।
ਭਾਗਾਂ ਵਾਲੇ ਹਨ ਉਹ ਲੋਕ ਜਿਨ੍ਹਾਂ ਦੀਆਂ ਮਾਵਾਂ ਉਨ੍ਹਾਂ ਨੂੰ ਵੇਖਣ ਵਾਸਤੇ ਤਰਸਦੀਆਂ ਤੇ ਤੜਪਦੀਆਂ ਹਨ।
ਅਮੀਰ ਹਨ ਉਹ ਪੁੱਤਰ ਜਿਨ੍ਹਾਂ ਨੇ ਮਾਂ ਦੀ ਸੇਵਾ ਕਰ ਕੇ ਉਸ ਦੀਆਂ ਅਸੀਸਾਂ ਦੇ ਖ਼ਜ਼ਾਨੇ ਭਰ ਲਏ ਹਨ।
ਅੰਮੀ ਦੀ ਅਹਮੀਅਤ ਉਸ ਦੇ ਚਲੇ ਜਾਣ ਤੋਂ ਮਗਰੋਂ ਸਮਝ ਆਉਂਦੀ ਹੈ।
ਜਿਨ੍ਹਾਂ ਨੂੰ ਉਸ ਦੇ ਜਿਊਂਦਿਆਂ ਜੀਅ ਉਸ ਦੀ ਅਹਿਮੀਅਤ ਪਤਾ ਲਗ ਜਾਵੇ ਉਹੀ ਅਸਲ ਇਨਸਾਨ ਹੈ।
ਮੈਨੂੰ ਮਾਣ ਹੈ ਕਿ ਮੈਨੂੰ ਅੰਮੀ ਦਾ ਪਿਆਰ, ਉਸ ਦੇ ਪੈਰਾਂ ਦੀ ਧੂੜ, ਉਸ ਦੀਆਂ ਬਾਹਵਾਂ ਦਾ ਨਿੱਘ ਅਸੀਸਾਂ, ਉਸ ਤੋਂ ਸੁਖ ਹੀ ਸੁਖ, ਅਦਬ, ਇੱਜ਼ਤ, ਮਾਣ ਮਿਲਿਆ।
(ਸ਼ਾਇਦ ਇਕ ਕਮੀ ਰਹੀ ਕਿ) ਮੈਨੂੰ ਮਾਂ ਦੀਆਂ ਝਿੜਕਾਂ, ਗੁੱਸਾ, ਖਿਝ, ਤ੍ਰਿਸਕਾਰ, ਫਿਟਕਾਰ, ਬਦ-ਦੁਆ, ਥੱਪੜ ਕਦੇ ਨਹੀਂ ਮਿਲਿਆ।
ਉਸ ਨੇ ਕਦੇ ਮੈਨੂੰ ‘ਤੂੰ’ ਕਹਿ ਕੇ ਵੀ ਨਹੀਂ ਬੁਲਾਇਆ ਸੀ।
ਅੱਜ ਅੰਮੀ ਮੇਰੇ ਕੋਲ ਨਹੀਂ ਪਰ ਮੇਰੇ ਸਾਹਮਣੇ ਦੀਵਾਰ ‘ਤੇ ਅਤੇ ਮੇਰੇ ਦਿਲ ਵਿਚ ਸਦਾ ਉਸ ਦੀ ਤਸਵੀਰ ਨਜ਼ਰ ਆਉਂਦੀ ਰਹਿੰਦੀ ਹੈ।
(ਡਾ: ਹਰਜਿੰਦਰ ਸਿੰਘ ਦਿਲਗੀਰ, ਮਈ 2009)
Author: Gurbhej Singh Anandpuri
ਮੁੱਖ ਸੰਪਾਦਕ