ਮੈਲਬੌਰਨ 15 ਮਈ ( ਤਾਜੀਮਨੂਰ ਕੌਰ ) ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਏਨੀ ਦਿਨੀ ਗੁਰਦੁਆਰਾ ਗੁਰੂ ਨਾਨਕ ਸਤਸੰਗ ਸਭਾ ਬਲੈਕਬਰਨ ਦੇ ਵਿਸ਼ੇਸ ਸੱਦੇ ਤੇ ਮੈਲਬੌਰਨ ਆਸਟ੍ਰੇਲੀਆ ਵਿਖੇ ਧਰਮ ਪ੍ਰਚਾਰ ਦੌਰੇ ਤੇ ਹਨ। ਭਾਈ ਸਾਹਿਬ ਨੇ 5 ਅਪ੍ਰੈਲ ਤੋ ਲੈ ਕੇ 12 ਮਈ ਤੱਕ ਮੈਲਬੌਰਨ ਦੇ ਗੁਰੂ ਘਰਾਂ ਜਿਵੇਂ ਗੁਰਦੁਆਰਾ ਗੁਰੂ ਨਾਨਕ ਸਤਸੰਗ ਸਭਾ ਬਲੈਕਬਰਨ, ਗੁਰਦੁਆਰਾ ਗੁਰੂ ਨਾਨਕ ਸਤਸੰਗ ਸਭਾ ਹੌਪਰ ਕਰੋਸਿੰਗ, ਗੁਰਦੁਆਰਾ ਬਾਬਾ ਬਿਧੀ ਚੰਦ ਛਾਉਣੀ ਪਲੰਮਟਨ, ਗੁਰਦੁਆਰਾ ਗੁਰੂ ਨਾਨਕ ਦਰਬਾਰ ਆਫਿਸਰ, ਗੁਰਦੁਆਰਾ ਨਾਨਕਸਰ ਠਾਠ ਮੈਲਬੌਰਨ, ਗੁਰਦੁਆਰਾ ਸਾਹਿਬ ਕੀਜਬਰੋ, ਗੁਰਦੁਆਰਾ ਸਾਹਿਬ ਮੀਰੀ ਪੀਰੀ, ਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਵਿਖੇ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ। ਭਾਈ ਸਾਹਿਬ ਗੁਰਬਾਣੀ ਤੇ ਇਤਿਹਾਸ ਦਾ ਸੁਮੇਲ ਕਰਕੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਗੁਰਮਤਿ ਵਖਿਆਨ ਕਰਦੇ ਹਨ।ਇਹੀ ਕਾਰਨ ਹੈ ਕੇ ਸੰਗਤਾਂ ਭਾਈ ਸਾਹਿਬ ਦੁਆਰਾ ਕੀਤੀ ਕਥਾ ਨੂੰ ਬਹੁਤ ਪਿਆਰ ਨਾਲ ਸਰਵਣ ਕਰਦੀਆਂ ਹਨ।
ਭਾਈ ਸਾਹਿਬ ਨੇ ਬੀਤੇ ਸਮੇ ਵਿੱਚ ਪੰਜਾਬ ਤੇ ਭਾਰਤ ਭਰ ਦੇ ਵੱਖ ਵੱਖ ਸੂਬਿਆਂ ਵਿੱਚ ਅਨੇਕਾਂ ਗੁਰਮਤਿ ਕੈੰਪ, ਵੱਖ ਵੱਖ ਸਿੱਖ ਸੰਸਥਾਵਾ ਤੇ ਸਿੱਖ ਸੰਪਰਦਾਵਾ ਵਲੋਂ ਧਰਮ ਪ੍ਰਚਾਰ ਹਿਤ ਕੀਤੇ ਜਾਂਦੇ ਗੁਰਮਤਿ ਸਮਾਗਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਨਾਈਆ ਜਾਂਦੀਆਂ ਸਤਾਬਦੀਆਂ ਵਿੱਚ ਹਾਜ਼ਰੀ ਭਰੀ ਹੈ ਤੇ ਜਮੀਨੀ ਪੱਧਰ ਤੇ ਧਰਮ ਪ੍ਰਚਾਰ ਦਾ ਕਾਰਜ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਕੀਤਾ ਹੈ।ਤੇ ਇਸ ਦੇ ਨਾਲ ਹੀ ਹੁਣ ਤੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਪੁਰਖੀ ਨਗਰ ਡੇਹਰਾ ਸਾਹਿਬ (ਪੱਠੇਵਿੰਡ ਪੁਰ ) ਦੇ ਇਤਿਹਾਸ ਨਾਲ ਸੰਬੰਧਿਤ 2 ਕਿਤਾਬਾਂ ਵੀ ਲਿਖ ਕੇ ਕੌਮ ਨੂੰ ਸਮਰਪਿਤ ਕੀਤੀਆਂ ਹਨ।ਤੇ ਸਮੇ ਸਮੇ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋ ਵੀ ਕਥਾ ਦੀ ਸੇਵਾ ਨਿਭਾਉਂਦੇ ਹਨ।ਭਾਈ ਸਾਹਿਬ ਨੇ ਦਸਿਆ ਕੇ ਇਸ ਧਰਮ ਪ੍ਰਚਾਰ ਦੌਰੇ ਦਰਮਿਆਨ ਜਿਥੇ ਸੰਗਤਾਂ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਜੋੜ੍ਹਿਆ ਹੈ ਓਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਜਾ ਰਹੇ ਧਾਰਮਿਕ ਤੇ ਸਮਾਜਿਕ ਕਾਰਜਾਂ ਸੰਬੰਧੀ ਵੀ ਇਥੋਂ ਦੀਆ ਸੰਗਤਾਂ ਨੂੰ ਜਾਣੂ ਕਰਵਾਇਆ ਹੈ।ਸੋ ਭਾਈ ਸਾਹਿਬ ਜੀ ਦੀਆ ਸੇਵਾਵਾਂ ਨੂੰ ਮੁੱਖ ਰੱਖਦਿਆ ਮੈਲਬੌਰਨ ਦੇ ਸਮੂਹ ਗੁਰੂ ਘਰਾਂ ਵਲੋਂ ਭਾਈ ਸਰਬਜੀਤ ਸਿੰਘ ਢੋਟੀਆਂ ਦਾ ਮਾਣ ਸਨਮਾਨ ਕੀਤਾ ਗਿਆ ਹੈ। ਭਾਈ ਸਾਹਿਬ ਮੈਲਬੌਰਨ ਤੋ ਬਾਅਦ ਸਿਡਨੀ ਤੇ ਐਡੀਲੇਡ ਦੇ ਗੁਰੂ ਘਰਾਂ ਵਿੱਚ ਵੀ ਹਾਜ਼ਰੀ ਭਰਨਗੇ।
Author: Gurbhej Singh Anandpuri
ਮੁੱਖ ਸੰਪਾਦਕ