ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਬਾਅਦ ਬਾਬਾ ਗੁਰਬਖ਼ਸ਼ ਸਿੰਘ ਜੀ ਦਮਦਮੀ ਟਕਸਾਲ ਅਤੇ ਤਰਨਾ ਦਲ ਮਿਸਲ ਸ਼ਹੀਦਾਂ ਦੇ ਮੁਖੀ ਬਣੇ। ਆਪ ਦਾ ਜਨਮ ਮਾਤਾ ਲਛਮੀ ਜੀ ਦੀ ਕੁੱਖੋਂ, ਪਿਤਾ ਸ. ਦਸੌਂਧਾ ਸਿੰਘ ਦੇ ਘਰ ਪਿੰਡ ਲੀਲ, ਜ਼ਿਲ੍ਹਾ ਖੇਮਕਰਨ ਵਿਖੇ ਹੋਇਆ। ਆਪ ਦੇ ਮਾਤਾ-ਪਿਤਾ ਜੀ ਕਲਗੀਧਰ ਪਾਤਸ਼ਾਹ ਦੀ ਹਜ਼ੂਰੀ ’ਚ ਸੇਵਾ ਕਰਿਆ ਕਰਦੇ ਸਨ, ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਵਰ ਦਿੱਤਾ ਸੀ ਕਿ “ਤੁਹਾਡੇ ਘਰ ਬ੍ਰਹਮ-ਗਿਆਨੀ, ਸੂਰਮਾ ਤੇ ਧਰਮੀ ਪੁੱਤਰ ਪੈਦਾ ਹੋਵੇਗਾ।” ਫਿਰ ਵੱਡੇ ਹੋ ਕੇ ਆਪ ਨੇ ਭਾਈ ਮਨੀ ਸਿੰਘ ਜੀ ਪਾਸੋਂ ਧਰਮ ਦੀ ਵਿੱਦਿਆ ਅਤੇ ਸ਼ਸਤਰ ਵਿੱਦਿਆ ਗ੍ਰਹਿਣ ਕੀਤੀ ਤੇ 1699 ਦੀ ਵਿਸਾਖੀ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਛਕਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1704 ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਸਮੇਂ ਬਾਬਾ ਗੁਰਬਖ਼ਸ਼ ਸਿੰਘ ਨੂੰ ਹੁਕਮ ਕੀਤਾ ਸੀ ਕਿ “ਤੁਸੀਂ ਇੱਥੇ (ਸ੍ਰੀ ਅਨੰਦਪੁਰ ਸਾਹਿਬ) ਰਹਿ ਕੇ ਗੁਰਮਤਿ ਦਾ ਪ੍ਰਚਾਰ ਤੇ ਸਥਾਨ ਦੀ ਸੇਵਾ-ਸੰਭਾਲ ਕਰੋ।” ਫਿਰ ਬਾਬਾ ਜੀ ਨੇ ਇੱਥੇ ਰਹਿ ਕੇ ਅਨੇਕਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਤੇ ਰੋਜ਼ ਦੀਵਾਨ ਸਜਾ ਕੇ ਗੁਰਮਤਿ ਦਾ ਪ੍ਰਚਾਰ ਕਰਿਆ ਕਰਦੇ ਸਨ। ਬਾਬਾ ਗੁਰਬਖ਼ਸ਼ ਸਿੰਘ ਨੇ ਵੀ ਬਾਬਾ ਦੀਪ ਸਿੰਘ ਜੀ ਵਾਂਗ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕੇ ਹੱਥੀਂ ਲਿਖ ਕੇ ਕਈ ਸਥਾਨਾਂ ’ਤੇ ਭੇਜੇ। ਬਾਬਾ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਇੱਕ ਸਰੂਪ ਦਾ ਵੀ ਉਤਾਰਾ ਕੀਤਾ।
ਬਾਬਾ ਦੀਪ ਸਿੰਘ ਅਤੇ ਬਾਬਾ ਗੁਰਬਖ਼ਸ਼ ਸਿੰਘ ਦੋਨੋਂ ਗੁਰਭਾਈ ਸਨ। ਬਾਬਾ ਦੀਪ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਅਤੇ ਬਾਬਾ ਗੁਰਬਖ਼ਸ਼ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਸੇਵਾ ਕਰਿਆ ਕਰਦੇ ਸਨ। ਦੋਹਾਂ ਜਥੇਦਾਰਾਂ ਨੇ ਕਈ ਜੰਗਾਂ, ਪੰਥਕ ਸਰਗਰਮੀਆਂ ਤੇ ਮੁਹਿੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਪਾਇਆ ਸੀ।
ਬਾਬਾ ਗੁਰਬਖ਼ਸ਼ ਸਿੰਘ ਜੀ ਨੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਗੁਰਬਾਣੀ ਦੀ ਕਥਾ ਅਰੰਭ ਕੀਤੀ ਸੀ ਜੋ ਕਈ ਸਾਲਾਂ ਤਕ ਚੱਲਦੀ ਰਹੀ। ਜਿਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਸ਼ਹਾਦਤ ਪਾਈ ਤਾਂ ਉਸ ਜੰਗ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਬਾਬਾ ਗੁਰਬਖ਼ਸ਼ ਸਿੰਘ ਵੀ ਨਾਲ਼ ਸਨ ਤੇ ਆਪ ਜੀ ਨੇ ਹੀ ਸ਼ਹੀਦ ਬਾਬਾ ਦੀਪ ਸਿੰਘ ਤੇ ਹੋਰ ਸਿੰਘਾਂ ਦਾ ਸਸਕਾਰ ਕੀਤਾ ਸੀ।
ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਅਤੇ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨੂੰ ਵੇਖ ਕੇ ਬਾਬਾ ਗੁਰਬਖ਼ਸ਼ ਸਿੰਘ ਜੀ ਦਾ ਐਨਾ ਖ਼ੂਨ ਖੋਲਿਆ ਕਿ ਆਪ ਨੇ ਰਾਤੀਂ ਛਾਪੇ ਮਾਰ-ਮਾਰ ਕੇ ਦੁਰਾਨੀਆਂ ਦੇ ਥਾਣੇ ਅਤੇ ਤਹਿਸੀਲਾਂ ਸਾੜ ਦਿੱਤੀਆਂ ਤੇ ਹਕੂਮਤ ਦਾ ਹੋਰ ਵੀ ਕਾਫ਼ੀ ਨੁਕਸਾਨ ਕੀਤਾ ਤੇ ਖ਼ਾਲਸਾ ਬਾਗ਼ੀ ਜਾਂ ਬਾਦਸ਼ਾਹ ਹੋਣ ਦਾ ਪ੍ਰਗਟਾਵਾ ਕੀਤਾ। ਤੈਮੂਰ ਸ਼ਾਹ ਨੇ ਸਿੰਘਾਂ ਦੇ ਹੱਲੇ ਵੇਖ ਕੇ ਕਾਬਲ, ਮੁਲਤਾਨ, ਰੁਹਤਾਸ ਆਦਿਕ ਤੋਂ ਫ਼ੌਜਾਂ ਸੱਦ ਲਈਆਂ ਤੇ ਸਿੰਘਾਂ ਦਾ ਖੁਰਾ-ਖੋਜ ਮਿਟਾਉਣ ਦਾ ਹੁਕਮ ਜਾਰੀ ਕਰ ਦਿੱਤਾ।
ਕਈ ਹਮਲਿਆਂ ਮਗਰੋਂ ਜਦੋਂ ਅਬਦਾਲੀ ਫਿਰ ਹਿੰਦੁਸਤਾਨ ’ਤੇ ਚੜ੍ਹ ਕੇ ਆਇਆ ਤਾਂ ਆਪ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਲਈ ਡਟ ਗਏ। ਆਪ ਨੇ 30 ਸਿੰਘਾਂ ਸਮੇਤ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ, ਸ੍ਰੀ ਹਰਿਮੰਦਰ ਸਾਹਿਬ ’ਚ ਸੱਤ ਥਾਲ ਕੜਾਹ ਪ੍ਰਸ਼ਾਦਿ ਕਰਵਾਇਆ ਤੇ ਪੰਜ ਥਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੇਗ ਕਰਵਾਈ ਤੇ ਆਪ ਜੀ ਉੱਚੀ-ਉੱਚੀ ਗੁਰਬਾਣੀ ਦੇ ਜੋਸ਼ੀਲੇ ਸ਼ਬਦ ਪੜ੍ਹ ਰਹੇ ਸਨ।
ਐਨੇ ਚਿਰ ਨੂੰ ਦੁਸ਼ਮਣ ਫ਼ੌਜਾਂ ਨੇ ਹਮਲਾ ਕਰ ਦਿੱਤਾ ਤੇ ਦੋਹੀਂ ਪਾਸਿਆਂ ਤੋਂ ਖ਼ੂਨ ਡੋਲ੍ਹਵੀਂ ਲੜਾਈ ਹੋਈ। ਤੀਹ ਸਿੰਘਾਂ ਨੇ ਐਨੀ ਬਹਾਦਰੀ ਨਾਲ਼ ਮੁਕਾਬਲਾ ਕੀਤਾ ਕਿ ਵੈਰੀਆਂ ਦੀਆਂ ਲਾਸ਼ਾਂ ਦੇ ਢੇਰ ਲਾ ਦਿੱਤੇ।
ਇਸੇ ਸਮੇਂ ਹੀ ਦਸ ਹਜ਼ਾਰੀ ਖ਼ਾਨ ਅਤੇ ਬਾਬਾ ਗੁਰਬਖ਼ਸ਼ ਸਿੰਘ ਜੀ ਦਾ ਸਾਂਝਾ ਵਾਰ ਹੋ ਗਿਆ ਤੇ ਦੋਹਾਂ ਦੇ ਸਿਰ ਲੱਥ ਗਏ। ਬਾਬਾ ਗੁਰਬਖ਼ਸ਼ ਸਿੰਘ ਜੀ ਦਾ ਧੜ ਬਿਨਾਂ ਸੀਸ ਤੋਂ ਲੜਨ ਲੱਗਾ ਜਿਸ ਨੂੰ ਫ਼ੌਜ ਕੇ ਮੁਗ਼ਲ ਫ਼ੌਜ ਨੱਸਣ ਲੱਗੀ, ਬਾਬਾ ਜੀ ਨੇ ਬਹੁਤ ਸਾਰੇ ਜ਼ਾਲਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਆਖ਼ਰ ਇੱਕ ਮੁਸਲਮਾਨ ਪੀਰ ਦੇ ਸਲਾਹ ਦੇਣ ’ਤੇ ਸੂਬਾ ਭੇਟਾ ਲੈ ਕੇ ਚਰਨੀਂ ਪਿਆ ਕਿ ਅੱਗੇ ਤੋਂ ਕੋਈ ਤੁਰਕ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਨਹੀਂ ਕਰੇਗਾ, ਸਾਡੇ ਪਿਛਲੇ ਗ਼ੁਨਾਹ ਮਾਫ਼ ਕਰੋ। ਇਹ ਸੁਣ ਕੇ ਬਾਬਾ ਗੁਰਬਖ਼ਸ਼ ਸਿੰਘ ਜੀ ਦਾ ਧੜ ਸ਼ਾਂਤ ਹੋ ਗਿਆ। ਬਾਬਾ ਜੀ ਦਾ ਸਸਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਕੀਤਾ ਗਿਆ ਜਿੱਥੇ ਬਾਬਾ ਜੀ ਦੀ ਯਾਦ ’ਚ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ।
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
Author: Gurbhej Singh Anandpuri
ਮੁੱਖ ਸੰਪਾਦਕ