ਜਥੇਦਾਰ ਬਾਬਾ ਗੁਰਬਖ਼ਸ਼ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਸੰਤ ਗਿਆਨੀ ਸੂਰਤ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਬਣੇ। ਗਿਆਨੀ ਸੂਰਤ ਸਿੰਘ ਜੀ ਦਾ ਜਨਮ ਜ਼ਿਲ੍ਹਾ ਝੰਗ (ਪਾਕਿਸਤਾਨ) ਦੇ ਪਿੰਡ ਚੰਨਯੋਟ ਵਿਖੇ ਹੋਇਆ। ਆਪ ਦੇ ਪਿਤਾ ਭਾਈ ਰਾਮ ਸਿੰਘ ਨੇ ਭਾਈ ਮਨੀ ਸਿੰਘ ਜੀ ਪਾਸੋਂ ਗੁਰਬਾਣੀ ਦੀ ਸੰਥਿਆ ਪ੍ਰਾਪਤ ਕੀਤੀ ਤੇ ਕਥਾ-ਵਿਚਾਰ ਕਰਕੇ ਉਹ ਆਪਣੇ ਇਲਾਕੇ ’ਚ ਸਿੱਖੀ ਦਾ ਪ੍ਰਚਾਰ ਕਰਨ ਲੱਗੇ ਜਿਸ ਦੇ ਪ੍ਰਭਾਵ ਕਾਰਨ ਅਨੇਕਾਂ ਲੋਕ ਸਿੱਖੀ ਵੱਲ ਪ੍ਰੇਰਿਤ ਹੋ ਗਏ। ਸਿੱਖੀ ਪ੍ਰਚਾਰ ਨੂੰ ਵੱਧਦਾ ਵੇਖ ਕੇ ਮੁਲਤਾਨ ਦਾ ਹਾਕਮ ਆਪ ਨਾਲ਼ ਵੈਰ ਕਮਾਉਣ ਲੱਗਾ ਪਰ ਆਪ ਸਮਾਂ ਵਿਚਾਰ ਕੇ ਸ੍ਰੀ ਅੰਮ੍ਰਿਤਸਰ ਆ ਗਏ।
ਗਿਆਨੀ ਸੂਰਤ ਸਿੰਘ ਕੁਝ ਸਮਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਰਹੇ ਸਨ, ਉਸ ਸਮੇਂ ਹੀ ਆਪ ਨੇ ਖੰਡੇ-ਬਾਟੇ ਦਾ ਅੰਮ੍ਰਿਤਪਾਨ ਕਰ ਲਿਆ। ਆਪ ਨੇ ਸ਼ਹੀਦ ਭਾਈ ਮਨੀ ਸਿੰਘ ਅਤੇ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਪਾਸੋਂ ਗੁਰਬਾਣੀ ਦੇ ਅਰਥ ਪੜ੍ਹੇ ਸਨ। ਆਪ ਗੁਰਮਤਿ ਤੋਂ ਇਲਾਵਾ ਫ਼ਾਰਸੀ, ਉਰਦੂ ਤੇ ਹਿੰਦੀ ਦੇ ਵੀ ਵਿਦਵਾਨ ਸਨ। ਬਾਬਾ ਗੁਰਬਖ਼ਸ਼ ਸਿੰਘ ਦੀ ਸ਼ਹੀਦੀ ਤੋਂ ਬਾਅਦ ਆਪ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਦੀ ਕਥਾ ਕਰਦੇ ਰਹੇ। ਆਪ ਨੇ ਅਨੇਕਾਂ ਵਿਦਿਆਰਥੀਆਂ ਨੂੰ ਗੁਰਮਤਿ ਦੀ ਵਿੱਦਿਆ ਪੜ੍ਹਾਈ ਤੇ ਸ੍ਰੀ ਅੰਮ੍ਰਿਤਸਰ ਰਹਿ ਕੇ ਸਿੱਖੀ ਦਾ ਭਾਰੀ ਪ੍ਰਚਾਰ ਕੀਤਾ।
ਆਪ ਜੀ ‘ਗਿਆਨੀ’ ਦੇ ਨਾਂ ਨਾਲ਼ ਜਾਣੇ ਜਾਂਦੇ ਸਨ, ਸੰਗਤਾਂ ਵਿੱਚ ਆਪ ਦਾ ਅਥਾਹ ਸਤਿਕਾਰ ਸੀ। ਆਪ ਨੇ ਸੰਨ 1765 ਵਿੱਚ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸੰਭਾਲਿਆ ਸੀ। ਆਪ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਜੋ ਕਥਾ ਸੁਣੀ ਉਸ ਨੂੰ ਲਿਖਤੀ ਰੂਪ ਵੀ ਦਿੱਤਾ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦਾ ਟੀਕਾ ਗਿਆਨੀ ਸੂਰਤ ਸਿੰਘ ਜੀ ਨੇ ਹੀ ਕੀਤਾ ਸੀ।
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
Author: Gurbhej Singh Anandpuri
ਮੁੱਖ ਸੰਪਾਦਕ