Home » ਧਾਰਮਿਕ » ਇਤਿਹਾਸ » ਦਮਦਮੀ ਟਕਸਾਲ ਖ਼ਾਲਸਾ ਪੰਥ ਦੀ ਧਾਰਮਿਕ ਯੂਨੀਵਰਸਿਟੀ ਅਤੇ ਯੋਧਿਆਂ ਦੀ ਖ਼ਾਨ

ਦਮਦਮੀ ਟਕਸਾਲ ਖ਼ਾਲਸਾ ਪੰਥ ਦੀ ਧਾਰਮਿਕ ਯੂਨੀਵਰਸਿਟੀ ਅਤੇ ਯੋਧਿਆਂ ਦੀ ਖ਼ਾਨ

106 Views

ਦਮਦਮੀ ਟਕਸਾਲ ਦੀ ਸਥਾਪਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਨ 1706 ਵਿੱਚ ਕੀਤੀ। ਇਸ ਸੰਪ੍ਰਦਾਇ/ਜਥੇਬੰਦੀ ਨੇ ਜਿੱਥੇ ਸਿੱਖੀ ਦਾ ਭਾਰੀ ਪ੍ਰਚਾਰ-ਪ੍ਰਸਾਰ ਕੀਤਾ, ਓਥੇ ਸਮੇਂ-ਸਮੇਂ ’ਤੇ ਧਰਮ ਦੀ ਰਾਖੀ ਲਈ ਸੀਸ ਵੀ ਵਾਰੇ। ਦਮਦਮੀ ਟਕਸਾਲ ਨੂੰ ਖ਼ਾਲਸਾ ਪੰਥ ਦੀ ਚੱਲਦੀ-ਫਿਰਦੀ ਧਾਰਮਿਕ ਯੂਨੀਵਰਸਿਟੀ ਅਤੇ ਯੋਧਿਆਂ ਦੀ ਖ਼ਾਨ ਵੀ ਕਿਹਾ ਜਾਂਦਾ ਹੈ। ਸਿੱਖ ਇਤਿਹਾਸ ਵਿੱਚ ਦਮਦਮੀ ਟਕਸਾਲ ਦਾ ਵਿਸ਼ੇਸ਼ ਸਥਾਨ ਹੈ। ਦਮਦਮੀ ਟਕਸਾਲ ਦਾ ਨਾਂ ਸੁਣਦਿਆਂ ਸਾਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਸੰਤ ਗਿਆਨੀ ਕਰਤਾਰ ਸਿੰਘ ਜੀ, ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਅਤੇ ਸੰਤ ਬਾਬਾ ਠਾਕੁਰ ਸਿੰਘ ਜੀ ਖ਼ਾਲਸਾ ਦੀ ਕੌਮ ਪ੍ਰਤੀ ਘਾਲਣਾ, ਸੇਵਾ, ਕਮਾਈ ਤੇ ਕੁਰਬਾਨੀ ਯਾਦ ਆ ਜਾਂਦੀ ਹੈ ਤੇ ਸੰਗਤਾਂ ਦੇ ਆਪ ਮੁਹਾਰੇ ਹੀ ਸਤਿਕਾਰ ਨਾਲ਼ ਹੱਥ ਜੁੜ ਜਾਂਦੇ ਹਨ। ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਉਭਾਰ, ਸੰਘਰਸ਼ ਅਤੇ ਸ਼ਹਾਦਤ ਨਾਲ਼ ਪੂਰੇ ਸੰਸਾਰ ’ਚ ਦਮਦਮੀ ਟਕਸਾਲ ਦਾ ਨਾਂ ਚਮਕ ਗਿਆ। ਇਹ ਸ਼ਹੀਦਾਂ, ਯੋਧਿਆਂ ਤੇ ਗੁਰਮੁਖਾਂ ਦੀ ਜਥੇਬੰਦੀ ਹੈ, ਮੈਨੂੰ ਦਮਦਮੀ ਟਕਸਾਲ ਦਾ ਵਿਦਿਆਰਥੀ ਹੋਣ ਦਾ ਮਾਣ ਹਾਸਲ ਹੈ।
ਇਹ ਟਕਸਾਲ ਕਿਸੇ ਮਨੁੱਖ ਦੀ ਨਹੀਂ ਬਣਾਈ ਹੋਈ, ਇਸ ਦੇ ਸੰਸਥਾਪਕ ਅਤੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ। ਇਤਿਹਾਸ ਅਨੁਸਾਰ ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਮਹਿਲ ’ਚ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਜੇ ਹੋਏ ਸਨ। ਇੱਕ ਪ੍ਰੇਮੀ ਸਿੰਘ ਜੋ ਸ਼ਰਧਾ-ਭਾਵਨਾ ਨਾਲ਼ ਪੰਜ ਗ੍ਰੰਥੀ ਦਾ ਪਾਠ ਕਰ ਰਿਹਾ ਸੀ ਜੋ ਗੁਰੂ ਸਾਹਿਬ ਨੂੰ ਵੀ ਸੁਣਾਈ ਦੇ ਰਿਹਾ ਸੀ। ਉਸ ਸਿੰਘ ਨੇ ਜਦ ‘ਦਖਣੀ ਓਅੰਕਾਰੁ’ ਬਾਣੀ ਦੀ ਇਹ ਪੰਗਤੀ ਪੜ੍ਹੀ “ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ॥” ਤਾਂ ਉਹ ਸਿੰਘ ‘ਕੈ’ ਦੀ ਜਗ੍ਹਾ ‘ਕੇ’ ਪੜ੍ਹ ਗਿਆ। ਗੁਰੂ ਸਾਹਿਬ ਜੀ ਨੇ ਉੱਚੀ ਆਵਾਜ਼ ’ਚ ਦੋ ਵਾਰ ਕਿਹਾ “ਸਿੰਘਾਂ! ਸ਼ੁੱਧ ਗੁਰਬਾਣੀ ਪੜ੍ਹ।” ਪਰ ਉਹ ਸਿੰਘ ਐਨਾ ਮਸਤ ਸੀ ਕਿ ਉਸ ਨੇ ਧਿਆਨ ਨਾ ਦਿੱਤਾ। ਤਾਂ ਗੁਰੂ ਪਾਤਸ਼ਾਹ ਨੇ ਆਪਣੇ ਡਿਓੜ੍ਹੀਦਾਰ ਸਿੰਘ ਨੂੰ ਭੇਜ ਕੇ ਤਾੜਨਾ ਕਰਵਾਈ ਤੇ ਉਸ ਦੇ ਤਮਾਚਾ ਮਰਵਾਇਆ। ਉਸੇ ਦਿਨ ਹੀ ਫਿਰ ਉਸ ਸਿੰਘ ਨੇ ਗੁਰੂ ਸਾਹਿਬ ਦੇ ਸਜੇ ਦੀਵਾਨ ’ਚ ਆ ਕੇ ਕਿਹਾ “ਹਜ਼ੂਰ! ਆਪ ਜੀ ਦਾ ਬਚਨ ਹੈ ਕਿ ਇਹ ਗੁਰਬਾਣੀ ਲੋਕ-ਪ੍ਰਲੋਕ ’ਚ ਸਾਡੀ ਸਹਾਇਤਾ ਅਤੇ ਕਲਿਆਣ ਕਰੇਗੀ, ਪਰ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਰੂਪ ਗੁਰਬਾਣੀ ਪੜ੍ਹਦਿਆਂ ਮੈਨੂੰ ਮਾਰ ਪਈ ਹੈ, ਤੁਹਾਡੇ ਡਿਓੜ੍ਹੀਦਾਰ ਨੇ ਮੇਰੇ ਤਮਾਚਾ ਮਾਰਿਆ ਹੈ ਜਿਸ ਨਾਲ਼ ਮੈਨੂੰ ਬਹੁਤ ਦੁੱਖ ਹੋਇਆ ਹੈ।”
ਸਿੰਘ ਦੀ ਗੱਲ ਸੁਣ ਕੇ ਗੁਰੂ ਸਾਹਿਬ ਨੇ ਕਿਹਾ “ਸਿੰਘਾ! ਗੁਰਬਾਣੀ ਦੇ ਅੱਖਰ ਸਾਡੇ ਅੰਗ ਹਨ, ਤੂੰ ਗੁਰਬਾਣੀ ਗ਼ਲਤ ਪੜ੍ਹ ਕੇ ਸਾਡੇ ਅੰਗ ਤੋੜਦਾ ਸੀ, ਅਸੀਂ ਤੈਨੂੰ ਦੋ ਵਾਰ ਆਵਾਜ਼ ਵੀ ਦਿੱਤੀ, ਤੇਰੇ ਗੁਰਬਾਣੀ ਗ਼ਲਤ ਪੜ੍ਹਨ ਕਰਕੇ ਜੋ ਸਾਨੂੰ ਖੇਦ ਹੋਇਆ ਉਹ ਤੈਨੂੰ ਚਪੇੜਾਂ ਨਾਲ਼ ਨਹੀਂ ਹੋਇਆ। ਗੁਰਬਾਣੀ ਸ਼ੁੱਧ ਪੜ੍ਹਿਆ ਕਰ, ਮਾਤਰਾ ਛੱਡਣ ਨਾਲ਼ ਅਰਥਾਂ ਦਾ ਅਨਰਥ ਹੋ ਜਾਂਦਾ ਹੈ।” ਇਹ ਸੁਣ ਕੇ ਉਸ ਸਿੰਘ ਦੀ ਨਰਾਜ਼ਗੀ ਦੂਰ ਹੋ ਗਈ ਤੇ ਨਿਮਰਤਾ ਨਾਲ਼ ਪੁੱਛਿਆ “ਸਤਿਗੁਰੂ ਜੀ! ਕਿਰਪਾ ਕਰਕੇ ਦੱਸੋ ਕਿ ਕਿੱਥੋਂ ਗ਼ਲਤ ਪੜ੍ਹਦਾ ਸੀ ਤਾਂ ਜੋ ਸੋਧ ਲਵਾਂ।”
ਤਾਂ ਹਜ਼ੂਰ ਨੇ ਕਿਹਾ “ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ॥ ਵਾਲ਼ੀ ਪੰਗਤੀ ਪੜ੍ਹ।” ਉਸ ਸਿੰਘ ਨੇ ਜਦ ਇਹ ਪੰਗਤੀ ਪੜ੍ਹੀ ਤਾਂ ਇੱਥੇ ‘ਕੈ’ ਦੀ ਜਗ੍ਹਾ ਫਿਰ ‘ਕੇ’ ਪੜ੍ਹਿਆ।
ਤਾਂ ਗੁਰੂ ਸਾਹਿਬ ਨੇ ਕਿਹਾ ਕਿ “ਤੂੰ ਇੱਥੋਂ ਗ਼ਲਤ ਪੜ੍ਹਿਆ ਸੀ ਜਿਸ ਕਰ ਕੇ ਅਰਥ ਬਦਲ ਗਏ, ਗ਼ਲਤ ਹੋ ਗਏ ਜੋ ਅਨਜਾਣੇ ’ਚ ਪਾਪ ਹੈ। ਜਦੋਂ ‘ਕੈ’ ਪੜ੍ਹੀਏ ਤਾਂ ਇਸ ਪੰਗਤੀ ਦਾ ਠੀਕ ਅਰਥ ਹੈ ਕਿ ਕਰਤੇ ਵਾਹਿਗੁਰੂ ਦੀ ਮਰਯਾਦਾ ਨੂੰ ਕਰਤਾ ਆਪ ਜਾਣਦਾ ਹੈ ਜਾਂ ਗੁਰੂ ਸੂਰਮੇ ਜਾਣਦੇ ਹਨ। ਪਰ ਜਦੋਂ ‘ਕੈ’ ਦੀ ਥਾਂ ‘ਕੇ’ ਗ਼ਲਤ ਪੜ੍ਹ ਜਾਈਏ ਤਾਂ ਅਰਥ ਬਣਦੇ ਹਨ ਕਿ ਗੁਰੂ ਸੂਰਮੇ ਕੀ ਜਾਣਦੇ ਹਨ ? ਭਾਵ ਨਹੀਂ ਜਾਣਦੇ। ਇਸ ਤਰ੍ਹਾਂ ਅਰਥ ਉਲ਼ਟ ਬਣ ਗਿਆ। ਜੇ ਸਤਿਗੁਰੂ ਸੂਰਮੇ ਹੀ ਮਰਯਾਦਾ ਨੂੰ ਨਹੀਂ ਜਾਣਦੇ ਤਾਂ ਹੋਰ ਕੌਣ ਜਾਣੇਗਾ ? ਤੇ ਸਤਿਗੁਰੂ ਜੀ ਹੋਰ ਦੁਨੀਆਂ ਨੂੰ ਉਪਦੇਸ਼ ਦੇ ਕੇ ਕਿਵੇਂ ਤਾਰਨਗੇ ? ਦੁਨੀਆਂ ਨੂੰ ਸਮਝ ਕਿਸ ਤਰ੍ਹਾਂ ਪਵੇਗੀ ? ਇਸ ਲਈ ਸਭ ਸਿੰਘਾਂ ਨੂੰ ਗੁਰਬਾਣੀ ਸੋਧ ਕੇ, ਵਿਚਾਰ ਕੇ, ਸਾਵਧਾਨ ਹੋ ਕੇ ਤੇ ਚਿਤ ਟਿਕਾ ਕੇ ਪੜ੍ਹਨੀ ਚਾਹੀਦੀ ਹੈ।”
ਇਹ ਸੁਣ ਕੇ ਪਿਆਰੇ ਭਾਈ ਦਇਆ ਸਿੰਘ ਜੀ ਤੇ ਹੋਰ ਮੁਖੀ ਸਿੰਘਾਂ ਨੇ ਬੇਨਤੀ ਕੀਤੀ “ਹੇ ਗ਼ਰੀਬ ਨਿਵਾਜ ਸੱਚੇ ਪਾਤਸ਼ਾਹ ਜੀ! ਆਪ ਜੀ ਕਿਰਪਾ ਕਰਕੇ ਸਾਨੂੰ ਗੁਰਬਾਣੀ ਦੇ ਅਰਥ ਪੜ੍ਹਾਓ। ਅਰਥਾਂ ਬਿਨਾਂ ਗੁਰਬਾਣੀ ਦੀ ਸ਼ੁੱਧੀ-ਅਸ਼ੁੱਧੀ ਦਾ ਪਤਾ ਨਹੀਂ ਲੱਗਦਾ।”
ਤਾਂ ਹਜ਼ੂਰ ਨੇ ਫੁਰਮਾਇਆ “ਸਿੰਘੋ! ਹੁਣ ਤਾਂ ਧਰਮ ਯੁੱਧ ਦਾ ਸਮਾਂ ਹੈ, ਪਰ ਸਾਡਾ ਇਕਰਾਰ ਰਿਹਾ, ਜੰਗਾਂ ਤੋਂ ਵਿਹਲੇ ਹੋ ਕੇ ਅਰਥ ਜ਼ਰੂਰ ਪੜ੍ਹਾਵਾਂਗੇ, ਉਹ ਸਮਾਂ ਵੀ ਜਲਦ ਆਵੇਗਾ।”


ਫਿਰ ਜਦੋਂ ਕਲਗੀਧਰ ਪਿਤਾ ਜੀ ਸਰਬੰਸ ਵਾਰ ਕੇ ਸ੍ਰੀ ਮੁਕਤਸਰ ਸਾਹਿਬ ਟੁੱਟੀ ਗੰਢ ਕੇ ਸਾਬੋ ਕੀ ਤਲਵੰਡੀ ਆਏ ਤਾਂ ਸਿੰਘਾਂ ਨੇ ਬੇਨਤੀ ਕੀਤੀ, “ਹਜ਼ੂਰ! ਸਾਰੇ ਦੁਸ਼ਮਣ ਹਾਰ ਮੰਨ ਕੇ ਭੱਜ ਚੁੱਕੇ ਹਨ, ਜੋ ਆਪ ਜੀ ਨੇ ਗੁਰਬਾਣੀ ਦੇ ਅਰਥ ਪੜ੍ਹਾਉਣ ਦਾ ਇਕਰਾਰ ਕੀਤਾ ਸੀ, ਸੋ ਹੁਣ ਕਿਰਪਾ ਕਰ ਕੇ ਪੂਰਾ ਕਰੋ।” ਤਾਂ ਮਹਾਰਾਜ ਨੇ ਕਿਹਾ, “ਤੁਸੀਂ ਧੀਰ ਮੱਲੀਆਂ ਦੇ ਪਾਸ ਕਰਤਾਰਪੁਰ ਦੁਆਬੇ ਵਿੱਚ ਜਾਓ। ਪੰਜਵੇਂ ਪਾਤਸ਼ਾਹ ਜੀ ਨੇ ਜੋ ਗੁਰਬਾਣੀ ਦਾ ਪਾਵਨ ਸਰੂਪ ਰਚਿਆ ਹੈ, ਉਸ ਵਿੱਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਲਿਖਣ ਵਾਸਤੇ ਜਗ੍ਹਾ ਖ਼ਾਲੀ ਛੱਡੀ ਹੈ, ਉਹ ਸਰੂਪ ਲੈ ਆਵੋ, ਨਾਲ਼ੇ ਗੁਰਬਾਣੀ ਚੜ੍ਹਾ ਦੇਈਏ, ਨਾਲੇ ਤੁਹਾਨੂੰ ਅਰਥ ਪੜ੍ਹਾ ਦੇਈਏ।” ਸਤਿਗੁਰਾਂ ਦਾ ਹੁਕਮ ਮੰਨ ਕੇ 25 ਸਿੰਘ ਧੀਰ ਮੱਲੀਆਂ ਕੋਲ਼ ਗਏ। ਪਰ ਅੱਗੋਂ ਉਹਨਾਂ ਪਾਵਨ ਸਰੂਪ ਦੇਣ ਤੋਂ ਨਾ ਕਰ ਦਿੱਤੀ ਤੇ ਕਿਹਾ ਕਿ “ਇਹ ਸਰੂਪ ਗੁਰੂ ਨਾਨਕ ਸਾਹਿਬ ਦੀ ਪੰਜਵੀਂ ਜੋਤ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਿਆਰ ਕੀਤਾ ਸੀ, ਜੇਕਰ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਹੀ ਜੋਤ ਹਨ ਤਾਂ ਖ਼ੁਦ ਨਵਾਂ ਸਰੂਪ ਤਿਆਰ ਕਰ ਲੈਣ।”
ਧੀਰ ਮੱਲ ਦਾ ਜਵਾਬ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾਇਆ ਅਤੇ ਬਾਬਾ ਦੀਪ ਸਿੰਘ ਜੀ ਨੂੰ ਸਹਾਇਕ ਲਾ ਕੇ, ਆਪਣੀ ਪਵਿੱਤਰ ਰਸਨਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਗੁਰਬਾਣੀ ਕੰਠੋਂ ਉਚਾਰਨ ਲੱਗੇ। ਐਸੀ ਅਗੰਮੀ ਕਲਮ ਚੱਲੀ ਕਿ ਜਪੁ ਜੀ ਸਾਹਿਬ, ਰਹਰਾਸਿ ਸਾਹਿਬ ਤੇ ਕੀਰਤਨ ਸੋਹਿਲਾ ਤਕ ਗੁਰਬਾਣੀ ਪਹਿਲੇ ਦਿਨ ਹੀ ਲਿਖੀ ਗਈ ਅਤੇ ਸ਼ਾਮ ਨੂੰ ਅਰਥ ਸੁਣਾਏ। ਗੁਰੂ ਸਾਹਿਬ ਜੀ ਅੰਮ੍ਰਿਤ ਵੇਲ਼ੇ ਜਿੰਨੀ ਗੁਰਬਾਣੀ ਲਿਖਵਾਇਆ ਕਰਦੇ, ਪਿਛਲੇ ਪਹਿਰ ਉਤਨੀ ਦੇ ਹੀ 48 ਸਿੰਘਾਂ ਤੇ ਸੰਗਤਾਂ ਨੂੰ ਅਰਥ ਪੜ੍ਹਾਇਆ ਕਰਦੇ। ਇਸ ਪ੍ਰਕਾਰ 9 ਮਹੀਨੇ 9 ਦਿਨ ਵਿੱਚ ਸੰਮਤ 1762 ਕੱਤਕ ਸੁਦੀ ਪੂਰਨਮਾਸ਼ੀ ਤੋਂ ਅਰੰਭ ਕਰ ਕੇ 1763 ਬਿਕ੍ਰਮੀ 23 ਸਾਵਣ ਤਕ ਅਰਥ ਪੜ੍ਹਾਏ ਅਤੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸਮੇਤ ੴ ਤੋਂ ਅਠਾਰਹ ਦਸ ਬੀਸ॥ ਤਕ ਸਾਰੀ ਬਾਣੀ ਸੰਪੂਰਨ ਕੀਤੀ। ਹਜ਼ੂਰ ਨੇ ਇਸ ਸਾਬੋ ਕੀ ਤਲਵੰਡੀ ਦਾ ਨਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਂਸ਼ੀ ਰੱਖ ਕੇ ਵਰ ਦਿੱਤਾ ਕਿ “ਜੋ ਏਥੇ ਬੈਲ-ਬੁੱਧੀ ਵਾਲ਼ਾ ਵੀ ਪੜ੍ਹੇਗਾ, ਉਸ ਨੂੰ ਛੇਤੀ ਵਿੱਦਿਆ ਪ੍ਰਾਪਤ ਹੋਇਆ ਕਰੇਗੀ।” ਗੁਰਬਾਣੀ ਦੇ ਸੰਪੂਰਨ ਹੋਣ ਤੋਂ ਜੋ ਸਿਆਹੀ ਤੇ ਕਲਮਾਂ ਬਚੀਆਂ, ਉਹ ਹਜ਼ੂਰ ਨੇ ਜਿਸ ਸਰੋਵਰ ਵਿੱਚ ਸੁੱਟੀਆਂ ਉਸ ਦਾ ਨਾਂ ‘ਸ੍ਰੀ ਲਿਖਣਸਰ ਸਾਹਿਬ’ ਰੱਖਿਆ। ਭਾਈ ਰਤਨ ਸਿੰਘ ਭੰਗੂ ਨੇ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿੱਚ ਲਿਿਖਆ ਹੈ:- “ਨੌ ਮਹੀਨੇ ਤੇ ਨੌ ਦਿਨੈ, ਤਲਵੰਡੀ ਰਖੈ ਮੁਕਾਮ। ਡੇਰਾ ਤੋਰਾ ਰੁਖ ਦਖਣ, ਛਡ ਤੁਰਕਨ ਬਡ ਥਾਨ। ਇਹ ਹੈ ਪ੍ਰਗਟ ਹਮਾਰੀ ਕਾਂਸ਼ੀ। ਪੜ੍ਹ ਹੈਂ ਇਹਾਂ ਢੋਰ ਮਤਿ ਹਾਸੀ। ਲੇਖਨ ਗੁਨੀ ਕਵਿੰਦ ਗਿਆਨੀ। ਬੁਧਿ ਸਿੰਧੁ ਹੈ ਹੈ ਇਤ ਆਨੀ। ਸਤਿਗੁਰ ਬੈਠ ਸੁ ਦਮਦਮੈਂ, ਲਿਖਨ ਘੜ ਸੁਟ ਦੇਂ। ਹਮਾਰੀ ਕਾਂਸ਼ੀ ਯਹ ਭਈ, ਆਇ ਮੂਰਖ ਈਹਾਂ ਪੜ੍ਹੇ। ਤਿਨ ਕੇ ਕਾਰਨ ਕਲਮ ਘੜ੍ਹ, ਦੇਤ ਪ੍ਰਗਟ ਹਮ ਡਾਰ। ਸਿਖ ਸਖਾ ਇਤ ਪੜ੍ਹੈਂਗੇ, ਹਮਰੇ ਕਈ ਹਜ਼ਾਰ।”
ਦਸਮੇਸ਼ ਪਿਤਾ ਜੀ ਤੋਂ ਗੁਰਬਾਣੀ ਦੇ ਅਰਥ ਸੁਣ ਕੇ 48 ਸਿੰਘ ਹੀ ਬ੍ਰਹਮ ਗਿਆਨ ਪਾ ਕੇ, ਜੀਵਨ-ਮੁਕਤ ਤੇ ਬਿਦੇਹ-ਮੁਕਤ ਹੋ ਗਏ, ਕਿਸੇ ਨੂੰ ਸਰੀਰ ਦਾ ਚੇਤਾ ਨਾ ਰਿਹਾ। ਇਹ ਵੇਖ ਕੇ ਸਤਿਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਆਗਿਆ ਕੀਤੀ ਕਿ “ਭਾਈ ਸਾਹਿਬ! ਤੁਸੀਂ ਦੂਜੇ ਸਿੰਘਾਂ ਵਾਂਗ ਬਿਦੇਹ ਮੁਕਤ ਹੋ ਕੇ ਸਭ ਕੁਝ ਛੱਡਣਾ ਨਹੀਂ, ਸਗੋਂ ਸੇਵਾ ਕਰਨੀ ਹੈ, ਭਾਵੇਂ ਤੁਹਾਡੇ ਸਰੀਰ ਦਾ ਬੰਦ-ਬੰਦ ਕਿਉਂ ਨਾ ਕੱਟਿਆ ਜਾਵੇ, ਤੁਹਾਡੇ ਗਿਆਨ ਵਿੱਚ ਕੋਈ ਫ਼ਰਕ ਨਹੀਂ ਪਵੇਗਾ।” ਗੁਰੂ ਪਾਤਸ਼ਾਹ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਆਗਿਆ ਕੀਤੀ ਕਿ “ਤੁਸੀਂ ਵੀ ਸੇਵਾ ਕਰਨੀ ਹੈ, ਤੁਹਾਡੇ ਗਿਆਨ ਵਿੱਚ ਵੀ ਕੋਈ ਕਚਿਆਈ ਨਹੀਂ ਆਵੇਗੀ, ਭਾਵੇਂ ਤੁਹਾਡੇ ਸਰੀਰ ਨਾਲ਼ੋਂ ਸੀਸ ਵੀ ਕਿਉਂ ਨਾ ਅੱਡ ਹੋ ਜਾਵੇ, ਤੁਸੀਂ ਉਸੇ ਤਰ੍ਹਾਂ ਹੀ ਗਿਆਨ ਵਿੱਚ ਇਸਥਿਤ ਰਹੋਗੇ।” ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਦੀਪ ਸਿੰਘ ਅਤੇ ਭਾਈ ਮਨੀ ਸਿੰਘ ਨੂੰ ਕਿਹਾ ਕਿ “ਜਿਵੇਂ ਅਸੀਂ ਤੁਹਾਨੂੰ ਗੁਰਬਾਣੀ ਦੀ ਸੰਥਿਆ ਕਰਵਾਈ, ਅਰਥ ਪੜ੍ਹਾਏ, ਕਥਾ ਸਿਖਾਈ, ਸ਼ਸਤਰ ਵਿੱਦਿਆ ਦੀ ਸਿਖਲਾਈ ਦਿੱਤੀ, ਗੁਰਮਤਿ ਅਤੇ ਸੰਗੀਤ ਦਾ ਗਿਆਨ ਬਖ਼ਸ਼ਿਆ। ਇਸੇ ਤਰ੍ਹਾਂ ਤੁਸੀਂ ਅਗਾਂਹ ਟਕਸਾਲਾਂ, ਵਿਦਿਆਲੇ ਚਲਾ ਕੇ ਸਿੰਘਾਂ ਨੂੰ ਸੰਤ-ਸਿਪਾਹੀ ਬਣਾਉਣਾ ਹੈ, ਧਰਮ ਦਾ ਪ੍ਰਚਾਰ, ਜ਼ੁਲਮ ਦਾ ਨਾਸ ਤੇ ਲੋਕਾਈ ਦੀ ਰੱਖਿਆ ਕਰਨੀ ਹੈ।”
ਫੇਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾ ਕੇ ਸਤਿਗੁਰੂ ਜੀ ਨੇ ਦੇਹਧਾਰੀ ਪ੍ਰਥਾ ਨੂੰ ਖ਼ਤਮ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ-ਗੱਦੀ ਬਖ਼ਸ਼ਿਸ਼ ਕੀਤੀ। ਕਲਗੀਧਰ ਜੀ ਨੇ ਸੱਚਖੰਡ ਜਾਣ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਦਮਦਮਾ ਸਾਹਿਬ, ਬਾਬਾ ਗੁਰਬਖ਼ਸ਼ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਬਾਬਾ ਸੰਤੋਖ ਸਿੰਘ ਜੀ ਨੂੰ ਸ੍ਰੀ ਹਜ਼ੂਰ ਸਾਹਿਬ ਦੀ ਸੇਵਾ ਸੌਂਪ ਦਿੱਤੀ। ਗੁਰੂ ਸਾਹਿਬ ਜੀ ਜਦ ਜੋਤੀ ਜੋਤਿ ਸਮਾਂ ਗਏ ਤਾਂ ਬਾਬਾ ਦੀਪ ਸਿੰਘ ਜੀ ਨੇ ਦਸਮੇਸ਼ ਪਿਤਾ ਜੀ ਦਾ ਹੁਕਮ ਮੰਨਦਿਆਂ ਦਮਦਮਾ ਸਾਹਿਬ ਆ ਕੇ ਟਕਸਾਲ ਚਲਾਈ ਜਿਸ ਨੂੰ ਦਮਦਮੀ ਟਕਸਾਲ ਕਿਹਾ ਜਾਂਦਾ ਹੈ ਅਤੇ ਭਾਈ ਮਨੀ ਸਿੰਘ ਜੀ ਵੀ ਗੁਰੂ ਸਾਹਿਬ ਦੇ ਬਚਨਾਂ ’ਤੇ ਪਹਿਰਾ ਦਿੰਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਤੇ ਏਥੇ ਆ ਕੇ ਉਹਨਾਂ ਨੇ ਅਰਥਾਂ ਦੀ ਟਕਸਾਲ ਚਲਾਈ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ-ਸੰਭਾਲ ਕੀਤੀ।  ਟਕਸਾਲ ਦੇ ਪਹਿਲੇ ਦੋਵਾਂ ਮੁਖੀਆਂ ਬਾਬਾ ਦੀਪ ਸਿੰਘ ਅਤੇ ਭਾਈ ਮਨੀ ਸਿੰਘ ਨੇ ਜਿੱਥੇ ਸਿੱਖ ਧਰਮ ਦਾ ਪ੍ਰਚਾਰ ਕੀਤਾ, ਗੁਰਬਾਣੀ ਦੀਆਂ ਅਨੇਕਾਂ ਪੋਥੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਆਪਣੇ ਹੱਥੀਂ ਲਿਖ ਕੇ ਤਖ਼ਤਾਂ ਅਤੇ ਦੂਰ-ਦੁਰਾਡੇ ਸੰਗਤਾਂ ਤਕ ਪਹੁੰਚਾਇਆ ਤੇ ਸਿੰਘਾਂ ਨੂੰ ਗੁਰਬਾਣੀ, ਕੀਰਤਨ, ਤਬਲਾ, ਕਥਾ, ਗਤਕਾ ਆਦਿ ਦੀ ਸਿਖਲਾਈ ਦਿੱਤੀ ਤੇ ਓਥੇ ਨਾਲ਼-ਨਾਲ਼ ਹੀ ਜਦ ਵੀ ਧਰਮ ਤੇ ਭੀੜ ਪਈ ਤਾਂ ਜ਼ਾਲਮ ਹਕੂਮਤਾਂ ਵਿਰੁੱਧ ਜੂਝਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸ਼ਹੀਦ ਬਾਬਾ ਦੀਪ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਨੂੰ ਅਜ਼ਾਦ ਕਰਵਾਉਂਦਿਆਂ ਸੀਸ ਤਲ਼ੀ ’ਤੇ ਰੱਖ ਕੇ ਲੜੇ ਤੇ ਅਨੋਖੀ ਸ਼ਹਾਦਤ ਪ੍ਰਾਪਤ ਕੀਤੀ ਅਤੇ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਅਗਵਾਈ ਕਰਦਿਆਂ ਬੰਦ-ਬੰਦ ਕਟਵਾ ਕੇ ਸ਼ਾਂਤਮਈ ਸ਼ਹਾਦਤ ਦਿੰਦਿਆਂ ਵਿਲੱਖਣ ਅਤੇ ਸ਼ਾਨਾਮੱਤਾ ਇਤਿਹਾਸ ਸਿਰਜਿਆ। ਗੁਰੂ ਕਾਲ ਤੋਂ ਇਹ ਦੋਵੇਂ ਟਕਸਾਲਾਂ ਸੀਨਾ-ਬਸੀਨਾ ਅੱਜ ਵੀ ਚੱਲ ਰਹੀਆਂ ਹਨ।
ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਤੋਂ ਬਾਅਦ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ, ਗਿਆਨੀ ਸੂਰਤ ਸਿੰਘ ਜੀ, ਗਿਆਨੀ ਗੁਰਦਾਸ ਸਿੰਘ ਜੀ, ਗਿਆਨੀ ਸੰਤ ਸਿੰਘ ਜੀ, ਗਿਆਨੀ ਦਇਆ ਸਿੰਘ ਜੀ, ਗਿਆਨੀ ਭਗਵਾਨ ਸਿੰਘ ਜੀ, ਗਿਆਨੀ ਹਰਨਾਮ ਸਿੰਘ ਜੀ ਬੇਦੀ, ਸੰਤ ਗਿਆਨੀ ਬਿਸ਼ਨ ਸਿੰਘ ਜੀ ਮੁਰਾਲੇ ਵਾਲ਼ੇ, ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂਵਾਲ਼ੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ, ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਠਾਕੁਰ ਸਿੰਘ ਜੀ ਖ਼ਾਲਸਾ ਨੇ ਦਮਦਮੀ ਟਕਸਾਲ ਦੇ ਮੁਖੀ ਜਥੇਦਾਰ ਵਜੋਂ ਸੇਵਾਵਾਂ ਨਿਭਾਈਆਂ।ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ 6 ਜੂਨ 1984 ਨੂੰ ਬਾਬਾ ਦੀਪ ਸਿੰਘ ਜੀ ਅਤੇ ਬਾਬਾ ਗੁਰਬਖ਼ਸ਼ ਸਿੰਘ ਜੀ ਵਾਂਗ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਭਾਰਤੀ ਫ਼ੌਜ ਨੂੰ ਲੋਹੇ ਦੇ ਚਣੇ ਚਬਾਉਂਦਿਆਂ ਸ਼ਹਾਦਤ ਦਾ ਜਾਮ ਪੀਤਾ ਤੇ ਚਮਕੌਰ ਦੀ ਗੜ੍ਹੀ ਵਾਲ਼ਾ ਦਮਦਾਰ ਇਤਿਹਾਸ ਸਿਰਜਿਆ।

– ਰਣਜੀਤ ਸਿੰਘ ਦਮਦਮੀ ਟਕਸਾਲ

(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)

ਮੋ : 88722-93883.

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?