ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਨੇ ਵਿਰੋਧੀ ਪਾਰਟੀਆਂ ਦੇ ਸਾਹ ਸੁਕਾਏ
ਅੰਮ੍ਰਿਤਸਰ, 22 ਮਈ ( ਤਾਜੀਮਨੂਰ ਕੌਰ ) ਹਲਕਾ ਸ੍ਰੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦਿਨੋਂ ਦਿਨ ਭਖਦੀ ਜਾ ਰਹੀ ਹੈ, ਸੰਗਤਾਂ ਵੱਲੋਂ ਐਨਾ ਭਾਰੀ ਸਮਰਥਨ ਮਿਲ ਰਿਹਾ ਹੈ ਕਿ ਵਿਰੋਧੀ ਪਾਰਟੀਆਂ ਦੇ ਸਾਹ ਸੁੱਕ ਗਏ ਹਨ। ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸ. ਤਰਸੇਮ ਸਿੰਘ, ਮਾਤਾ ਬੀਬੀ ਬਲਵਿੰਦਰ ਕੌਰ, ਭਰਾ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਈ ਹਰਪਾਲ ਸਿੰਘ ਬਲੇਰ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਹੋਰ ਆਗੂਆ ਤੇ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਸਦਕਾ ਹਲਕਾ ਖਡੂਰ ਸਾਹਿਬ ਵਿੱਚ ਇੱਕ ਵੱਡੀ ਲਹਿਰ ਬਣ ਚੁੱਕੀ ਹੈ। ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦੇ ਹਰੇਕ ਪੜਾਅ ਉੱਤੇ ਸਿੱਖ ਨੌਜਵਾਨਾਂ ਦਾ ਵੱਡਾ ਸੈਲਾਬ ਉਮੜ ਰਿਹਾ ਹੈ, ਹਰ ਵਰਗ ਵੱਲੋਂ ਭਾਰੀ ਸਹਿਯੋਗ ਮਿਲ ਰਿਹਾ ਹੈ। ਲੋਕ ਆਪ ਮੁਹਾਰੇ ਇਕੱਠ ਕਰ ਰਹੇ ਹਨ ਅਤੇ ਪਿੰਡਾਂ ਦੇ ਸਰਪੰਚ ਵੀ ਮਤੇ ਪਾ ਚੁੱਕੇ ਹਨ ਕਿ ਸਾਡੀ ਵੋਟ ਸਿਰਫ ਅੰਮ੍ਰਿਤਪਾਲ ਸਿੰਘ ਨੂੰ ਪਵੇਗੀ।
ਬੀਤੇ ਕੱਲ੍ਹ ਹਲਕਾ ਖਡੂਰ ਸਾਹਿਬ ਦੇ ਅਧੀਨ ਭਿਖੀਵਿੰਡ ਦੇ ਨੇੜੇ ਪੈਂਦੇ ਪਿੰਡ ਬਲੇਰ ਵਿਖੇ ਭਾਈ ਹਰਪਾਲ ਸਿੰਘ ਬਲੇਰ ਦੀ ਅਗਵਾਈ ਵਿੱਚ ਵੱਡਾ ਇਕੱਠ ਹੋਇਆ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸ. ਤਰਸੇਮ ਸਿੰਘ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰ ਚੜ੍ਹਤ ਸਿੰਘ, ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਅੰਗਦ ਸਿੰਘ ਕਸ਼ਮੀਰ ਅਤੇ ਹੋਰ ਪਤਵੰਤੇ ਆਗੂਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਇਹ ਇਕੱਠ ਵੀ ਵਿਸ਼ਾਲ ਰੈਲੀ ਦਾ ਰੂਪ ਧਾਰ ਗਿਆ। ਸੰਗਤਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਬਾਹਾਂ ਖੜੀਆਂ ਕਰਕੇ ਜੈਕਾਰੇ ਗਜਾਏ। ਸਮੂਹ ਬੁਲਾਰਿਆਂ ਨੇ ਸੰਗਤਾਂ ਦੀ ਜਮੀਰ ਨੂੰ ਹਲੂਣਿਆ।
ਸਮਾਪਤੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ, ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਅੰਗਦ ਸਿੰਘ ਖਾਲਸਾ ਅਤੇ ਸਮੂਹ ਆਗੂਆਂ ਤੇ ਸੰਗਤਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸ. ਤਰਸੇਮ ਸਿੰਘ ਨੂੰ ਵੱਡੀ ਕਿਰਪਾਨ, ਸਿਰੋਪੇ, ਦੁਸ਼ਾਲੇ ਭੇਟ ਕਰਕੇ ਸ਼ਾਨਦਾਰ ਸਨਮਾਨ ਕੀਤਾ ਗਿਆ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸ. ਤਰਸੇਮ ਸਿੰਘ ਨੇ ਫਿਰ ਉਹਨਾਂ ਆਗੂਆਂ ਦਾ ਸਨਮਾਨ ਕੀਤਾ ਜੋ ਚੋਣ ਮੁਹਿੰਮ ਵਿੱਚ ਲਗਾਤਾਰ ਸਾਥ ਦੇ ਰਹੇ ਹਨ, ਭਾਈ ਹਰਪਾਲ ਸਿੰਘ ਬਲੇਰ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਅੰਗਦ ਸਿੰਘ ਖਾਲਸਾ ਅਤੇ ਹੋਰ ਆਗੂਆਂ ਨੂੰ ਵੀ ਸਨਮਾਨਿਆ ਗਿਆ। ਸਮੂਹ ਬੁਲਾਰਿਆਂ ਨੇ ਭਾਈ ਹਰਪਾਲ ਸਿੰਘ ਬਲੇਰ ਦੀ ਭਰਪੂਰ ਸ਼ਲਾਘਾ ਕੀਤੀ ਜਿਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਆਪਣੀ ਲੋਕ ਸਭਾ ਦੀ ਸੀਟ ਛੱਡ ਦਿੱਤੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਲਗਾਤਾਰ ਡਟੇ ਹੋਏ ਹਨ।
Author: Gurbhej Singh Anandpuri
ਮੁੱਖ ਸੰਪਾਦਕ