100 Views
ਸੰਤ ਗਿਆਨੀ ਬਿਸ਼ਨ ਸਿੰਘ ਜੀ ਮੁਰਾਲੇ ਵਾਲ਼ਿਆਂ ਦੇ ਸੱਚਖੰਡ ਗ਼ਮਨ ਤੋਂ ਬਾਅਦ ਸੰਤ ਗਿਆਨੀ ਸੁੰਦਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਦਮਦਮੀ ਟਕਸਾਲ ਦੇ ਮੁਖੀ ਜਥੇਦਾਰ ਬਣੇ। ਸੰਤ ਗਿਆਨੀ ਸੁੰਦਰ ਸਿੰਘ ਜੀ ਦਾ ਜਨਮ 8 ਭਾਦਰੋਂ 1940 ਬਿਕ੍ਰਮੀ ਮੁਤਾਬਕ ਸੰਨ 1883 ਨੂੰ ਮਾਤਾ ਬੀਬੀ ਮਹਿਤਾਬ ਕੌਰ ਜੀ ਦੀ ਪਵਿੱਤਰ ਕੁੱਖੋਂ, ਪਿਤਾ ਜਥੇਦਾਰ ਬਾਬਾ ਖ਼ਜਾਨ ਸਿੰਘ ਜੀ ਦੇ ਗ੍ਰਹਿ ਵਿਖੇ ਪਿੰਡ ਭਿੰਡਰ ਕਲਾਂ, ਅਜੋਕਾ ਜ਼ਿਲ੍ਹਾ ਮੋਗਾ ’ਚ ਹੋਇਆ।
ਇਸ ਬਾਲਕ ਨੂੰ ਇਸ਼ਨਾਨ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਲਿਜਾ ਕੇ ਮੱਥਾ ਟਿਕਵਾਇਆ ਗਿਆ ਤੇ ਜਪੁ ਜੀ ਸਾਹਿਬ ਦਾ ਪਾਠ ਕਰ ਕੇ ਕਿਰਪਾਨ ਦੀ ਨੋਕ ਨਾਲ਼ ਗੁੜ੍ਹਤੀ ਦਿੱਤੀ ਗਈ। ਬੱਚੇ ਦੀ ਖ਼ੁਸ਼ੀ ’ਚ ਪਰਿਵਾਰ ਨੇ ਸਹਿਜ ਪਾਠ ਅਰੰਭਿਆ ਤੇ ਰਾਗ ਬਿਲਾਵਲ ’ਚੋਂ ਪੰਜਵੇਂ ਪਾਤਸ਼ਾਹ ਜੀ ਦੀ ਗੁਰਬਾਣੀ ’ਚੋਂ ਹੁਕਮਨਾਮਾ ਸਾਹਿਬ ਆਇਆ:- “ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ॥ ਕਥਾ ਕੀਰਤਨੁ ਆਨੰਦ ਮੰਗਲ ਧੁਨਿ ਪੂਰਿ ਰਹੀ ਦਿਨਸੁ ਅਰੁ ਰਾਤਿ॥” ‘ਸ’ ਅੱਖਰ ਤੋਂ ਬਾਲਕ ਦਾ ਨਾਂ ‘ਸੁੰਦਰ ਸਿੰਘ’ ਰੱਖਿਆ ਗਿਆ। ਜਦ ਚਾਲੀਵੇਂ ਦਿਨ ਸਹਿਜ ਪਾਠ ਦਾ ਭੋਗ ਪਾਇਆ ਤੇ ਪਰਿਵਾਰ ਨੇ ਸੰਤਾਂ-ਮਹਾਂਪੁਰਸ਼ਾਂ ਤੇ ਸੰਗਤਾਂ ਦੀ ਅਥਾਹ ਸੇਵਾ ਕੀਤੀ ਤੇ ਲੰਗਰ ਛਕਾਇਆ।
ਆਪ ਦੇ ਪਿਤਾ ਜੀ ਬਾਬਾ ਖ਼ਜਾਨ ਸਿੰਘ ਨਾਮ-ਬਾਣੀ ’ਚ ਰੰਗੇ ਗੁਰਮੁਖ ਪਿਆਰੇ ਸਨ, ਉਹ ਆਪ ਜੀ ਦੇ ਜਨਮ ਤੋਂ ਇੱਕ ਸਾਲ ਪਹਿਲਾਂ ਅੰਮ੍ਰਿਤ ਵੇਲ਼ੇ ਇੱਕ ਲੱਤ ’ਤੇ ਖਲੋ ਕੇ ਰੋਜ਼ਾਨਾ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹੇ ਤੇ ਉਹਨਾਂ ਨੇ 36 ਲੱਖ ਮੂਲ ਮੰਤਰ ਦਾ ਜਾਪ ਵੀ ਕੀਤਾ। ਫਿਰ ਬੱਚੇ ਦੇ ਜਨਮ ਤੋਂ ਬਾਅਦ ਸਵਾ ਲੱਖ ਪਾਠ ਜਪੁ ਜੀ ਸਾਹਿਬ ਦਾ ਕੀਤਾ। ਇਸ ਤੋਂ ਇਲਾਵਾ ਉਹ ਅੰਮ੍ਰਿਤ ਵੇਲ਼ੇ ਪੰਜ ਬਾਣੀਆਂ ਦੇ ਨਿਤਨੇਮ ਉਪਰੰਤ ਪੰਜ ਗ੍ਰੰਥੀ ਦਾ ਪਾਠ, 33 ਮਾਲ਼ਾ ਮੂਲ ਮੰਤਰ ਦੀਆਂ ਤੇ 25 ਪਾਠ ਜਪੁ ਜੀ ਸਾਹਿਬ ਦੇ ਰੋਜ਼ਾਨਾ ਕਰਦੇ ਸਨ।
ਮਾਤਾ-ਪਿਤਾ ਜੀ ਦੇ ਗੁਰਸਿੱਖੀ ਜੀਵਨ ਦਾ ਆਪ ਉੱਤੇ ਬਹੁਤ ਅਸਰ ਪਿਆ, ਆਪ ਨੂੰ ਹਰ ਰੋਜ਼ ਬਾਣੀ ਅਤੇ ਸਾਖੀ ਸੁਣਾਈ ਜਾਂਦੀ। ਛੇ ਕੁ ਸਾਲ ਦੀ ਉਮਰ ਤੋਂ ਬਾਅਦ ਆਪ ਨੂੰ ਨਿਤਨੇਮ, ਪੰਜ ਗ੍ਰੰਥੀ, ਬਾਈ ਵਾਰਾਂ, ਭਗਤ ਬਾਣੀ ਤੇ ਦਸ ਗ੍ਰੰਥੀ ਦੀ ਸੰਥਿਆ ਕਰਵਾਈ ਗਈ। ਦਸ ਕੁ ਸਾਲ ਦੀ ਉਮਰ ’ਚ ਪਿਤਾ ਜੀ ਦੀਆਂ ਸਿਖਿਆਵਾਂ ਅਤੇ ਉੱਦਮ ਨਾਲ਼ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਵੀ ਕਰ ਲਈ ਤੇ ਅਖੰਡ ਪਾਠੀ ਬਣ ਗਏ।
ਫਿਰ ਆਪ ਜੀ ਪੰਜ ਪਿਆਰਿਆਂ (ਭਾਈ ਸਾਧੂ ਸਿੰਘ ਜੀ, ਭਾਈ ਮੰਗਲ ਸਿੰਘ ਜੀ, ਭਾਈ ਅਮਰ ਸਿੰਘ ਜੀ, ਭਾਈ ਰਾਮ ਸਿੰਘ ਜੀ, ਭਾਈ ਗੁਰਮੁਖ ਸਿੰਘ ਜੀ ਅਤੇ ਗ੍ਰੰਥੀ ਗਿਆਨੀ ਹਰੀ ਸਿੰਘ ਜੀ) ਤੋਂ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਖ਼ਾਲਸਾ ਸਜ ਗਏ। 17 ਸਾਲ ਦੀ ਉਮਰ ਤਕ ਆਪ ਘਰੇ ਰਹਿ ਕੇ ਧਰਮ ਦੀ ਕਿਰਤ ਤੇ ਗੁਰਮਤਿ ਦੀ ਵਿੱਦਿਆ ਪੜ੍ਹਦੇ ਰਹੇ। ਫਿਰ ਪਿਤਾ ਜੀ ਤੋਂ ਆਗਿਆ ਲੈ ਕੇ ਘਰੋਂ ਚਲ ਪਏ।
ਪਹਿਲਾਂ ਆਪ ਨੇ ਧਰਮਕੋਟ ਦੇ ਇੱਕ ਪੰਡਿਤ ਜੀ ਪਾਸੋਂ ਸੰਸਕ੍ਰਿਤ ਦੀ ਵਿਆਕਰਣ ਅਤੇ ਦਾਦਾਂ ਵਾਲ਼ੇ (ਲੁਧਿਆਣਾ) ਦੇ ਸੰਤ ਪੰਡਿਤ ਜਵਾਲਾ ਦਾਸ ਜੀ ਪਾਸੋਂ ਅਨੇਕਾਂ ਧਾਰਮਿਕ ਗ੍ਰੰਥ ਪੜ੍ਹੇ, ਵਿਚਾਰੇ ਤੇ ਕੀਰਤਨ ਦੀ ਦਾਤ ਹਾਸਲ ਕੀਤੀ। ਫਿਰ ਆਪ ਜੀ ਨੇ ਗਿਆਨੀ ਭਗਤ ਰਾਮ ਜੀ ਹਮੀਦੀ ਵਾਲ਼ਿਆਂ ਤੋਂ ਬ੍ਰਹਮ ਵਿੱਦਿਆ ਗ੍ਰਹਿਣ ਕੀਤੀ ਜਿੱਥੇ ਆਪ ਨੂੰ ਅਨੇਕਾਂ ਸੰਤਾਂ, ਮਹਾਤਮਾਂ ਤੇ ਸਾਧੂਆਂ ਦੀ ਸੰਗਤ ਮਿਲ਼ੀ। ਇਸ ਤੋਂ ਬਾਅਦ ਆਪ ਜੀ ਮਾਲਵੇ ਦੇ ਪ੍ਰਸਿੱਧ ਵਿਦਵਾਨ ਭਾਈ ਦੇਵਾ ਸਿੰਘ ਜੀ ਬਿਰੱਕਤ ਪਾਸ ਆ ਪਹੁੰਚੇ। ਬਿਰੱਕਤ ਜੀ ਨੇ ਆਪ ਜੀ ਦੀ ਬ੍ਰਹਮ ਵਿੱਦਿਆ ਤਕ ਪਹੁੰਚਣ ਦੀ ਤਾਂਘ ਮਹਿਸੂਸ ਕਰਕੇ ਆਪ ਨੂੰ ਸੰਤ ਗਿਆਨੀ ਬਿਸ਼ਨ ਸਿੰਘ ਜੀ ਮੁਰਾਲੇ ਵਾਲ਼ਿਆਂ ਪਾਸ 25 ਫੱਗਣ 1959 ਬਿਕਰਮੀ ਨੂੰ ਪਿੰਡ ਮੁਰਾਲਾ, ਤਹਿਸੀਲ ਖਾਰੀਆ, ਜ਼ਿਲ੍ਹਾ ਗੁਜਰਾਤ (ਹੁਣ ਪਾਕਿਸਤਾਨ) ’ਚ ਭੇਜ ਦਿੱਤਾ।
ਇੱਥੇ ਮਹਾਂਪੁਰਸ਼ਾਂ ਕੋਲ਼ ਰਹਿ ਕੇ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਰੂਪ ਕਥਾ, ਟਕਸਾਲੀ ਅਰਥ ਅਤੇ ਪੂਰਨ ਬ੍ਰਹਮ-ਗਿਆਨ ਦੀ ਦਾਤ ਪ੍ਰਾਪਤ ਕੀਤੀ। ਫਿਰ ਆਪ ਜੀ ਇੱਕ-ਦੋ ਗ੍ਰੰਥ ਵਿਚਾਰਨ ਲਈ ਸ੍ਰੀ ਅੰਮ੍ਰਿਤਸਰ ਗਏ ਹੋਏ ਸਨ ਤਾਂ ਬਾਬਾ ਬਿਸ਼ਨ ਸਿੰਘ ਜੀ ਨੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਆਪ ਨੂੰ ਫਿਰ ਮੁਰਾਲੇ ਬੁਲਾ ਲਿਆ।
ਫਿਰ ਸੰਤ ਗਿਆਨੀ ਬਿਸ਼ਨ ਸਿੰਘ ਜੀ ਨੇ 13 ਮਾਘ ਸੰਮਤ 1962 ਬਿਕ੍ਰਮੀ ਨੂੰ ਆਪਣੇ ਹੱਥੀਂ ਪਿੰਡ ਮੁਰਾਲੇ ਦੇ ਗੁਰਦੁਆਰਾ ਸਾਹਿਬ ’ਚ ਸਮੂਹ ਸੰਗਤ ਦੀ ਹਾਜ਼ਰੀ ’ਚ ਸੰਪ੍ਰਦਾਇ ਦਮਦਮੀ ਟਕਸਾਲ ਦੀ ਦਸਤਾਰ ਸੰਤ ਗਿਆਨੀ ਸੁੰਦਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਸੀਸ ’ਤੇ ਸਜਾਈ ਤੇ ਬਚਨ ਕੀਤਾ ਕਿ “ਅੱਜ ਤੋਂ ਤੁਸੀਂ ਇਸ ਜਥੇਬੰਦੀ ਦੇ ਮੁੱਖ ਸੇਵਾਦਾਰ ਹੋ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਿਹਰ ਤੁਹਾਡੇ ’ਤੇ ਬਣੀ ਰਹੇਗੀ, ਸੰਗਤਾਂ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਛਕਾਓ, ਸ਼ਬਦ-ਗੁਰੂ ਦੇ ਲੜ ਲਾਓ ਤੇ ਗੁਰਮਤਿ ਦੀ ਸੋਝੀ ਕਰਵਾਓ ਤੇ ਸਾਰੀ ਜ਼ਿੰਦਗੀ ਗੁਰੂ-ਘਰ ਦੀ ਮਹਿਮਾ ਦਾ ਪ੍ਰਚਾਰ ਕਰੋ।”
ਫਿਰ ਸੰਤ ਗਿਆਨੀ ਸੁੰਦਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਜੋ 25 ਤਿਆਰ-ਬਰ-ਤਿਆਰ ਅਤੇ ਰਹਿਤਵਾਨ ਤੇ ਗਿਆਨਵਾਨ ਸਿੰਘਾਂ ਨੂੰ ਨਾਲ਼ ਲੈ ਕੇ ਥਾਂ-ਥਾਂ ’ਤੇ ਗੁਰਮਤਿ ਦਾ ਭਾਰੀ ਪ੍ਰਚਾਰ ਕਰਦੇ ਰਹੇ। ਆਪ ਅੰਮ੍ਰਿਤ ਵੇਲ਼ੇ ਕਥਾ ਕਰਿਆ ਕਰਦੇ ਤੇ ਵਿਦਿਆਰਥੀ ਪੋਥੀਆਂ ਪ੍ਰਕਾਸ਼ ਕਰਕੇ ਸੁਣਦੇ ਤੇ ਨਾਲ਼ ਲਿਖਦੇ। ਆਪ ਜੀ ਸ਼ਾਮ ਨੂੰ ਖੜ੍ਹੇ ਹੋ ਕੇ ਉੱਚੀ, ਸੁਰੀਲੀ ਤੇ ਮਨੋਹਰ ਆਵਾਜ਼ ’ਚ ਕੀਰਤਨ ਕਰਦੇ ਤੇ ਸੰਗਤਾਂ ਨੂੰ ਗੁਰਮਤਿ ਦਾ ਉਪਦੇਸ਼ ਦ੍ਰਿੜ ਕਰਵਾਉਂਦੇ ਤੇ ਮਨਮਤਿ ਨੂੰ ਤਿਆਗਣ ਲਈ ਸਮਝਾਉਂਦੇ। ਆਪ ਜੀ ਨੇ ਦੂਰ-ਦੁਰਾਡੇ ਜਾ ਕੇ ਗੁਰਮਤਿ ਦਾ ਅਥਾਹ ਪ੍ਰਚਾਰ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਥੇ ਸਮੇਤ 21 ਕਥਾ ਸੰਗਤਾਂ ਵਿੱਚ ਵਿਚਰ ਕੇ ਸੰਪੂਰਨ ਕੀਤੀਆਂ। ਆਪ ਜੀ ਦੀ ਕਥਾ ਵਿੱਚ ਬੜਾ ਰਸ ਸੀ। ਇੱਕ ਵਾਰ ਕਥਾ ਦੌਰਾਨ ਵੱਡੀ ਚਾਨਣੀ ਵਿੱਚੋਂ ਅੰਮ੍ਰਿਤ ਦਾ ਰਸ ਪ੍ਰਤੱਖ ਚੋਣ ਲੱਗਾ, ਕੁਝ ਪ੍ਰਾਣੀਆਂ ਨੇ ਚੱਖਿਆ ਜੋ ਮਿੱਠਾ ਸੀ, ਇਹ ਕੌਤਕ ਵੇਖ ਕੇ ਸਭ ਅਸਚਰਜ ਹੋਏ ਤੇ ਵਾਹਿਗੁਰੂ-ਵਾਹਿਗੁਰੂ ਜਪਣ ਲੱਗੇ।
ਸੰਤ ਗਿਆਨੀ ਸੁੰਦਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਪ੍ਰਮੁੱਖ ਵਿਦਿਆਰਥੀਆਂ ’ਚੋਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ, ਸੰਤ ਗਿਆਨੀ ਇੰਦਰ ਸਿੰਘ ਜੀ (ਸੰਤ ਸੁੰਦਰ ਸਿੰਘ ਜੀ ਦੇ ਛੋਟੇ ਭਰਾ), ਜਥੇਦਾਰ ਗੁਰਦਿਆਲ ਸਿੰਘ ਜੀ ਬੋਪਾਰਾਏ (ਲੁਧਿਆਣਾ), ਗਿਆਨੀ ਗੁਰਦਿਆਲ ਸਿੰਘ ਠੱਕਰਵਾਲ (ਲੁਧਿਆਣਾ), ਸੰਤ ਮੇਲਾ ਸਿੰਘ ਜੀ ਬੰਗਾ (ਜਲੰਧਰ), ਸੰਤ ਅਜਾਇਬ ਸਿੰਘ ਜੀ ਲੰਮੇ-ਜੱਟਪੁਰੇ (ਲੁਧਿਆਣਾ), ਸੰਤ ਨਰਾਇਣ ਸਿੰਘ ਜੀ ਲਧਾਈਕੇ (ਫਰੀਦਕੋਟ), ਸੰਤ ਬਿਸ਼ਨ ਸਿੰਘ ਜੀ ਲਧਾਈਕੇ (ਫਰੀਦਕੋਟ), ਬਾਬਾ ਹਰੀ ਸਿੰਘ ਜੀ ਰੋਡੇ (ਫਰੀਦਕੋਟ), ਬਾਬਾ ਦਇਆ ਸਿੰਘ ਜੀ ਬੋਪਾਰਾਏ (ਲੁਧਿਆਣਾ) ਆਦਿ ਹੋਏ ਹਨ।
ਆਪ ਜੀ ਨੇ ਗੁਰਦੁਆਰਾ ਅਖੰਡ ਪ੍ਰਕਾਸ਼, ਭਿੰਡਰ ਕਲਾਂ (ਜੋ ਉਸ ਸਮੇਂ ਦਮਦਮੀ ਟਕਸਾਲ ਦਾ ਮੁੱਖ ਕੇਂਦਰ ਸੀ) ਦੀ ਸੇਵਾ ਕਰਵਾਈ ਅਤੇ ਇਸ ਤੋਂ ਇਲਾਵਾ ਪਿੰਡ ਲਧਾਈਕੇ, ਪਿੰਡ ਗਿੱਲ ਮੱਲ੍ਹੇ ਘੁਡਾਣੀ, ਪਿੰਡ ਬੋਪਰਾਏ ਕਲਾਂ (ਲੁਧਿਆਣਾ), ਪਿੰਡ ਤਖ਼ਤੂਪੁਰਾ ਤੇ ਹੋਰ ਗੁਰਦੁਆਰਿਆਂ ਦੀ ਸੇਵਾ ਕਰਵਾਈ। ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਮਿਡਲ ਸਕੂਲ ਰੋਡੇ ਦਾ ਨੀਂਹ ਪੱਥਰ ਆਪਣੇ ਹੱਥੀਂ ਰੱਖਿਆ ਅਤੇ ਕਈ ਪਿੰਡਾਂ ’ਚ ਸੰਗਤਾਂ ਨੂੰ ਸਕੂਲ ਖੋਲ੍ਹਣ ਲਈ ਪ੍ਰੇਰਦੇ ਰਹੇ।
ਇੱਕ ਵਾਰ ਸੰਤ ਸੁੰਦਰ ਸਿੰਘ ਜੀ ਦੀਵਾਨ ਵਿੱਚ ਖੜ੍ਹੇ ਹੋ ਕੇ ਹਰਮੋਨੀਅਮ ਨਾਲ਼ ਕੀਰਤਨ ਕਰ ਰਹੇ ਸਨ, ਸੰਗਤਾਂ ਬੜੀ ਇਕਾਗਰਤਾ ਨਾਲ਼ ਸੁਣ ਰਹੀਆਂ ਸਨ। ਗੁਰਬਾਣੀ ਦੀ ਪੰਗਤੀ ਸੀ:- “ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ॥” ਇੱਕ ਰਹਿਤਵਾਨ-ਨਿਤਨੇਮੀ ਸਿੰਘ ਨੇ ਅਸਚਰਜ ਕੌਤਕ ਵੇਖਿਆ ਜੋ ਉਹ ਜਰ ਨਾ ਸਕਿਆ ਤੇ ਕਹਿਣ ਲੱਗਾ ਕਿ “ਓਹ ਵੇਖੋ! ਦਸਮ ਪਾਤਸ਼ਾਹ ਜੀ ਆਏ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਰਹੇ ਹਨ ਤੇ ਹੁਣ ਸੰਤਾਂ ਦੇ ਸੱਜੇ ਮੋਢੇ ’ਤੇ ਹੱਥ ਰੱਖ ਕੇ ਪ੍ਰਸੰਨ ਹੋ ਕੇ ਕੀਰਤਨ ਸੁਣ ਰਹੇ ਹਨ।” ਜਦ ਇਹ ਆਵਾਜ਼ ਮਹਾਂਪੁਰਸ਼ਾਂ ਦੇ ਕੰਨੀਂ ਪਈ ਤਾਂ ਉਹਨਾਂ ਕਿਹਾ “ਸੰਗਤ ਜੀ! ਇਹ ਸਿੰਘ ਮਸਤਾਨਾ ਹੋ ਗਿਆ ਹੈ, ਇਸ ਨੂੰ ਅੰਦਰ ਲੈ ਜਾਉ।” ਉਸ ਸਿੰਘ ਨੇ ਦੂਜੇ ਸਿੰਘਾਂ ਨੂੰ ਕਿਹਾ ਕਿ “ਮੈਂ ਮਸਤਾਨਾ ਨਹੀਂ, ਮੈਨੂੰ ਦਸਮ ਪਾਤਸ਼ਾਹ ਜੀ ਆਤਮਿਕ ਜੋਤ ਦੇ ਦਰਸ਼ਨ ਦੀਵਾਨ ਵਿੱਚੋਂ ਹੋ ਰਹੇ ਸਨ, ਫਿਰ ਉਹ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਭੇਦ ਹੁੰਦੀ ਪ੍ਰਤੀਤ ਹੋ ਰਹੀ ਸੀ।” ਫਿਰ ਸੰਤ ਸੁੰਦਰ ਸਿੰਘ ਜੀ ਉਸ ਸਿੰਘ ਨੂੰ ਮਿਲ਼ੇ ਤਾਂ ਉਸ ਨੇ ਫ਼ਤਹਿ ਬੁਲਾ ਕੇ ਕਿਹਾ “ਮਹਾਂਪੁਰਸ਼ੋ! ਤੁਸੀਂ ਦੱਸੋ ਕਿ ਦਸਮ ਪਾਤਸ਼ਾਹ ਜੀ ਦਰਸ਼ਨ ਨਹੀਂ ਸਨ ਹੋ ਰਹੇ ?” ਤਾਂ ਸੰਤਾਂ ਨੇ ਕਿਹਾ “ਜੇ ਤੈਨੂੰ ਦਿਸ ਰਹੇ ਸਨ ਤਾਂ ਜਿਸ ਦੇ ਮੋਢੇ ’ਤੇ ਉਹਨਾਂ ਨੇ ਹੱਥ ਰੱਖਿਆ ਸੀ ਉਸ ਨੂੰ ਨਹੀਂ ਸਨ ਦਿਸ ਰਹੇ ? ਗੁਰਮੁਖਾ! ਅਜਰ ਜਰਨਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਹਨ। ਸ਼ਬਦ ਗੁਰੂ ਤੇ ਨਿਸ਼ਚਾ ਰੱਖ ਕੇ ਹਿਰਦੇ ਵਿੱਚ ਵਸਾ ਕੇ ਕਮਾਈ ਕਰਕੇ ਸਤਿਗੁਰੂ ਜੀ ਦੀ ਸਦੀਵੀ ਬਖ਼ਸ਼ਿਸ਼ ਹੋ ਜਾਂਦੀ ਹੈ।”
ਇੱਕ ਵਾਰੀ ਮਹਾਂਪੁਰਸ਼ਾਂ ਦੇ ਪਾਸ ਜਥੇ ਦੇ ਅੱਠ ਸਿੰਘਾਂ ਨੇ ਬੇਨਤੀ ਕੀਤੀ ਕਿ “ਜੋ ਗੁਰੂ ਕੀ ਬਾਣੀ ਵਿੱਚ ਅੰਮ੍ਰਿਤ ਬਚਨ ਹਨ:- ਧਰਤਿ ਪਾਤਾਲੁ ਅਕਾਸ ਹੈ ਮੇਰੀ ਜਿੰਦੁੜੀਏ ਸਭ ਹਰਿ ਹਰਿ ਨਾਮੁ ਧਿਆਵੈ ਰਾਮੁ॥ ਆਪ ਕਿਰਪਾ ਕਰਕੇ ਐਸਾ ਜਾਪ ਸੁਣਾਉ।” ਤਾਂ ਆਪ ਜੀ ਨੇ ਕਿਹਾ “ਸਣੇ ਕੇਸੀ ਇਸ਼ਨਾਨ ਕਰੋ।” ਫਿਰ ਭਿੰਡਰੀਂ ਜਿੱਥੇ ਅਕਾਲ ਕੁਟੀਆ ਹੈ, ਓਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਿਜਾ ਕੇ ਮਹਾਂਪੁਰਖ ਕਹਿਣ ਲੱਗੇ:- ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ॥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ॥ “ਖ਼ਾਲਸਾ ਜੀ! ਸਤਿਗੁਰਾਂ ਨੂੰ ਦਸਾਂ ਪਾਤਸ਼ਾਹੀਆਂ ਦੀ ਪ੍ਰਤੱਖ ਆਤਮਿਕ ਜੋਤ ਜਾਣ ਕੇ ਸਿਦਕ, ਭਰੋਸੇ ਤੇ ਨਿਸਚੇ ਨਾਲ਼ ਮੱਥਾ ਟੇਕੋ।” ਮੱਥਾ ਟੇਕਿਆ ਤਾਂ ਦਸਾਂ ਹੀ ਪਾਤਸ਼ਾਹੀਆਂ ਦੇ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੋਣ ਲੱਗੇ। ਉਪਰੰਤ ਮਹਾਂਪੁਰਖਾਂ ਨੇ ਕਿਹਾ “ਕੰਧ ਨਾਲ਼ ਕੰਨ ਲਾਓ।” ਕੰਨ ਲਾਏ ਤਾਂ ਕੰਧ ਵਿੱਚੋਂ ਮੂਲ ਮੰਤਰ ਦਾ ਪਾਠ ਸੁਣਨ ਲੱਗਾ, ਫਿਰ ਤਖ਼ਤਿਆਂ ਵਿੱਚੋਂ ‘ਵਾਹਿਗੁਰੂ ਮੰਤਰ’ ਸੁਣਨ ਲੱਗਾ ਤਾਂ ਉਹ ਸਿੰਘ ਐਨੇ ਮਸਤ ਹੋਏ ਕਿ ਸਰੀਰ ਦਾ ਚੇਤਾ ਹੀ ਭੱੁਲ ਗਿਆ। ਰੋਮ-ਰੋਮ ਵਿੱਚੋਂ ‘ਵਾਹਿਗੁਰੂ ਮੰਤਰ’ ਦਾ ਜਾਪੁ ਹੋਣ ਲੱਗਾ। ਸਭਨਾਂ ਦੇ ਸਾਰੇ ਸੰਕਲਪ, ਫੁਰਨੇ ਮਿਟ ਗਏ, ਮਨ ਗਾੜ੍ਹੇ ਅਨੰਦ ਵਿੱਚ ਲੀਨ ਹੋ ਗਿਆ।
ਇੱਕ ਵਾਰ ਜਦੋਂ ਸੰਤਾਂ ਨੂੰ ਪਤਾ ਲੱਗਾ ਕਿ ਸ਼ੇਰਪੁਰੇ ਵਿੱਚ ਕਿਸੇ ਪਾਪੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਹੈ ਤਾਂ ਆਪ ਜੀ ਤੁਰੰਤ ਓਥੇ ਪਹੁੰਚੇ ਤੇ ਸੰਗਤਾਂ ਨੂੰ ਕਿਹਾ ਕਿ “ਸ਼ੋਕ ਹੈ ਕਿ ਅੱਜ ਸਾਡੇ ਵਿੱਚ ਭਾਈ ਮਹਿਤਾਬ ਸਿੰਘ ਮੀਰਾਂ ਕੋਟੀਏ ਜਿਹਾ ਬਹਾਦਰ ਨਹੀਂ ਹੈ, ਕੀ ਸਾਡੇ ਵਿੱਚੋਂ ਅਣਖ਼ ਤੇ ਗ਼ੈਰਤ ਮੁੱਕ ਗਈ ਹੈ ? ਅਸੀਂ ਮੰਤਰ ਰਟਨ ਵਾਂਗ ਕੇਵਲ ਪਾਠ ਹੀ ਨਹੀਂ ਕਰਨਾ ਸਗੋਂ ਸ਼ਸਤਰਧਾਰੀ ਹੋਣਾ ਹੈ ਤੇ ਦੁਸ਼ਟਾਂ ਨੂੰ ਸਬਕ ਸਿਖਾਉਣਾ ਹੈ।”
ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਸਮੇਂ ਸਿੰਘ ਸਭਾ ਲਹਿਰ ਜੋਬਨ ’ਤੇ ਸੀ, ਅਕਾਲੀ ਦਲ ਅਤੇ ਹੋਰ ਧਾਰਮਿਕ ਜਥੇਬੰਦੀਆਂ ਵੱਲੋਂ ਸਿੱਖੀ ’ਤੇ ਹੋ ਰਹੇ ਧਾਰਮਿਕ ਅਤੇ ਸਿਆਸੀ ਹਮਲਿਆਂ ਦੇ ਮੁਕਾਬਲਾ ਕਰਨ ਦੇ ਯਤਨ ਹੋ ਰਹੇ ਸਨ। ਇਹਨਾਂ ਹੀ ਦਿਨਾਂ ਵਿੱਚ ਨਨਕਾਣਾ ਸਾਹਿਬ ਦਾ ਸਾਕਾ, ਗੁਰੂ ਕੇ ਬਾਗ ਅਤੇ ਜੈਤੋ ਦਾ ਮੋਰਚਾ ਲੱਗਾ ਜਿਸ ਵਿੱਚ ਦਮਦਮੀ ਟਕਸਾਲ ਦੇ ਜਥੇ ਦੇ ਤਿੰਨ ਗੁਰਸਿੱਖ ਭਾਈ ਹਰਨਾਮ ਸਿੰਘ ਬਿਲਾਸਪੁਰ, ਭਾਈ ਨੰਦ ਸਿੰਘ ਧੂੜਕੋਟ, ਭੁਝੰਗੀ ਰਤਨ ਸਿੰਘ ਲੋਹਾਰਾ ਅਤੇ ਹੋਰ ਸਿੰਘ ਸ਼ਹੀਦੀਆਂ ਪਾ ਗਏ। ਇਸ ਸੰਕਟਮਈ ਸਮੇਂ ਆਪ ਨੇ ਗੁਰਦੁਆਰੇ ਮਹੰਤਾਂ ਦੇ ਕਬਜ਼ੇ ’ਚੋਂ ਛੁਡਵਾਉਣ ਲਈ ਬਹੁਤ ਯੋਗਦਾਨ ਪਾਇਆ। ਸ੍ਰੀ ਮੁਕਤਸਰ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਨੂੰ ਅਜ਼ਾਦ ਕਰਵਾਉਣ ਲਈ ਆਪ ਨੇ 28 ਦਿਨ ਜੋਸ਼ ਭਰਪੂਰ ਤੇ ਹਲੂਣਾਮਈ ਕਥਾ ਕੀਤੀ ਤੇ ਇਸ ਸੰਘਰਸ਼ ’ਚ ਜੋ ਹਿੱਸਾ ਪਾਇਆ ਉਹ ਸਿੱਖ ਜਗਤ ਲਈ ਅਮਿੱਟ ਛਾਪ ਛੱਡ ਗਿਆ। ਜਿਸ ਕਰਕੇ ਦਮਦਮੀ ਟਕਸਾਲ ਦਾ ਨਾਂ ਭਿੰਡਰਾਂਵਾਲ਼ੀ ਟਕਸਾਲ (ਜਥਾ ਭਿੰਡਰਾਂ) ਪ੍ਰਸਿੱਧ ਹੋ ਗਿਆ। ਉਹਨੀਂ ਦਿਨੀਂ ਹੀ ਆਪ ਨੇ ਇੱਕੋ ਦਿਨ ਵਿੱਚ ਦਸ ਹਜ਼ਾਰ ਤੋਂ ਵੱਧ ਸੰਗਤਾਂ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਛਕਾਇਆ। ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪ੍ਰਦਾਈ ਅਰਥ ਕਰਨ ਦੇ ਨਾਲ਼-ਨਾਲ਼ ਸਿੰਘਾਂ ਨੂੰ ਆਪਣੇ ਧਰਮ ਪ੍ਰਤੀ ਜਾਗਰੂਕ ਕੀਤਾ ਤੇ ਹੱਕਾਂ ਲਈ ਪ੍ਰੇਰਿਆ।
ਸੰਮਤ 1886 ਵਿੱਚ ਆਪ ਜੀ ਦਾ ਸਰੀਰ ਕੁਝ ਬਿਮਾਰ ਹੋ ਗਿਆ ਪਰ ਫਿਰ ਵੀ ਆਪ ਬੜੇ ਉਮਾਹ ਵਿੱਚ ਰਹਿੰਦੇ। ਇੱਕ ਵਾਰ ਡਾਕਟਰ ਦੀਵਾਨ ਸਿੰਘ ਜੀ (ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ) ਆਪ ਦੇ ਦਰਸ਼ਨ ਕਰਨ ਲਈ ਹਸਪਤਾਲ ਪਹੁੰਚੇ। ਉਹਨਾਂ ਫ਼ਤਹਿ ਗਜਾ ਕੇ ਪੁੱਛਿਆ “ਮਹਾਂਪੁਰਸ਼ੋ! ਸਰੀਰ ਦਾ ਕੀ ਹਾਲ ਹੈ ?” ਆਪ ਨੇ ਕਿਹਾ “ਗੁਰੂ ਦੀ ਕਿਰਪਾ ਨਾਲ਼ ਚੜ੍ਹਦੀ ਕਲਾ ’ਚ ਹਾਂ।” ਡਾਕਟਰ ਜੀ ਕਹਿਣ ਲੱਗੇ ਕਿ “ਮੈਂ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲ਼ਿਆਂ ਤੇ ਬਾਬਾ ਸ਼ਾਮ ਸਿੰਘ ਜੀ ਅੰਮ੍ਰਿਤਸਰ ਵਾਲ਼ਿਆਂ ਦੇ ਅਖ਼ੀਰ ਸਮੇਂ ਦਰਸ਼ਨ ਕੀਤੇ ਹਨ, ਹੁਣ ਤੁਹਾਡੇ ਬਚਨ ਸੁਣ ਕੇ ਵੀ ਮੈਨੂੰ ਲਾਭ ਹੋਵੇਗਾ।” ਮਹਾਂਪੁਰਖਾਂ ਨੇ ਕਿਹਾ “ਡਾਕਟਰ ਸਾਬ੍ਹ! ਤੁਸੀਂ ਕੋਈ ਸ੍ਰੇਸ਼ਟ ਬਚਨ ਸੁਣਾਓ।” ਤਾਂ ਡਾਕਟਰ ਸਾਬ੍ਹ ਨੇ ਕਿਹਾ “ਜਦੋਂ ਮੇਰੀ ਕਾਰ ਤੇਜ਼ ਰਫ਼ਤਾਰ ਦੌੜਦੀ ਹੈ ਤਾਂ ਉਸ ਸਮੇਂ ਉਸ ਵਿੱਚੋਂ ਮੈਨੂੰ ਧੰਨ ਗੁਰੂ ਨਾਨਕ ਜੀ ਦੀ ਆਵਾਜ਼ ਸੁਣਾਈ ਦਿੰਦੀ ਹੈ।” ਮਹਾਂਪੁਰਖਾਂ ਨੇ ਕਿਹਾ “ਧੰਨ ਹੋ ਡਾਕਟਰ ਸਾਬ੍ਹ ਤੁਸੀਂ, ਇਹ ਗੁਰੂ ਦੀ ਮੇਹਰ ਹੈ। ਤੁਸੀਂ ਸਾਡੇ ਸਰੀਰ ਨੂੰ ਟੂਟੀ ਲਾ ਕੇ ਬਿਮਾਰੀ ਵੇਖੋ।” ਜਦ ਡਾਕਟਰ ਜੀ ਨੇ ਆਪ ਜੀ ਦੇ ਸਰੀਰ ਨੂੰ ਟੂਟੀ (ਸਟੈਥੋਸਕੋਪ) ਲਾਈ ਤਾਂ ਅਸਚਰਜ ਹੋ ਗਿਆ, ਟੂਟੀ ਚੁੱਕਣ ਦੀ ਬਜਾਏ ਡਾਕਟਰ ਸਾਬ੍ਹ ਨੂੰ ਆਪਣੇ ਸਰੀਰ ਦਾ ਚੇਤਾ ਹੀ ਭੁੱਲ ਗਿਆ ਤੇ ਉਹ ਮਗਨ ਹੋ ਗਏ। ਮਹਾਂਪੁਰਖਾਂ ਨੇ ਡਾਕਟਰ ਜੀ ਦਾ ਹੱਥ ਹਿਲ਼ਾ ਕੇ ਕਿਹਾ “ਹੋਰ ਥਾਂ ਲਾ ਕੇ ਵੀ ਵੇਖ ਲਉ।” ਤਾਂ ਡਾਕਟਰ ਸਾਬ੍ਹ ਕਹਿਣ ਲੱਗੇ “ਮਹਾਂਪੁਰਸ਼ੋ! ਤੁਹਾਨੂੰ ਕੋਈ ਬਿਮਾਰੀ ਨਹੀਂ, ਨਾ ਹੀ ਇਸ ਦਾ ਕੋਈ ਇਲਾਜ ਹੈ, ਤੁਸੀਂ ਧੰਨ ਹੈ, ਤੁਹਾਡੀ ਕਮਾਈ ਧੰਨ ਹੈ, ਤੁਹਾਡੇ ਤਾਂ ਸਾਰੇ ਸਰੀਰ ’ਚੋਂ, ਹਰ ਸਾਹ ’ਚੋਂ, ਰੋਮ-ਰੋਮ ’ਚੋਂ ਵਾਹਿਗੁਰੂ ਦਾ ਜਾਪ ਸੁਣਾਈ ਦੇ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਬਚਨ ਸੱਚੇ ਹਨ:- ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥”
ਸੰਤ ਗਿਆਨੀ ਸੁੰਦਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਦਮਦਮੀ ਟਕਸਾਲ ਦੀ ਸੇਵਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੂੰ ਸੌਂਪ ਦਿੱਤੀ। ਫਿਰ 15 ਫਰਵਰੀ 1930 ਨੂੰ ਪਿੰਡ ਬੋਪਾਰਾਏ ਗੁਰਦੁਆਰਾ ਸੱਚਖੰਡ ਵਿੱਚ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਸਮੇਂ ਆਪ ਜੀ ਸੱਚਖੰਡ ਨੂੰ ਚਾਲਾ ਪਾ ਗਏ।
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
Author: Gurbhej Singh Anandpuri
ਮੁੱਖ ਸੰਪਾਦਕ