Home » ਧਾਰਮਿਕ » ਇਤਿਹਾਸ » ਜੇ ਸੰਤ ਭਿੰਡਰਾਂਵਾਲ਼ਿਆਂ ਦੀ ਗੱਲ ਮੰਨ ਕੇ ਹਰ ਸਿੱਖ ਹਥਿਆਰਬੰਦ ਹੁੰਦਾ ਤਾਂ…

ਜੇ ਸੰਤ ਭਿੰਡਰਾਂਵਾਲ਼ਿਆਂ ਦੀ ਗੱਲ ਮੰਨ ਕੇ ਹਰ ਸਿੱਖ ਹਥਿਆਰਬੰਦ ਹੁੰਦਾ ਤਾਂ…

78
ਖ਼ਾਲਸਾ ਜੀ! ਸੋਚ ਕੇ ਵੇਖੋ, ਜੇ ਕਿਤੇ ਜੂਨ 1984 ’ਚ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਅਤੇ ਉਹਨਾਂ ਦੇ ਜੁਝਾਰੂ ਸਿੰਘਾਂ ਕੋਲ਼ ਹਥਿਆਰ ਨਾ ਹੁੰਦੇ ਤਾਂ ਕਿੰਨੀ ਦੁਰਗਤੀ ਅਤੇ ਜਲਾਲਤ ਹੋਣੀ ਸੀ। ਸਿੰਘਾਂ-ਸੂਰਮਿਆਂ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਚੜ੍ਹ ਕੇ ਆਈ ਭਾਰਤੀ ਫ਼ੌਜ ਦੇ ਇਹਨਾਂ ਹਥਿਆਰਾਂ ਨਾਲ਼ ਹੀ ਸੱਥਰ ਵਿਛਾਉਂਦਿਆਂ ਸ਼ਾਨਾਮੱਤਾ ਇਤਿਹਾਸ ਸਿਰਜਿਆ ਸੀ। ਛੇਵੇਂ ਪਾਤਸ਼ਾਹ, ਦਸਵੇਂ ਪਾਤਸ਼ਾਹ, ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ ਦੇ ਸਰਦਾਰਾਂ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ, ਬਾਬਾ ਦੀਪ ਸਿੰਘ, ਜਰਨੈਲ ਹਰੀ ਸਿੰਘ ਨਲੂਆ ਆਦਿਕ ਸਿੱਖਾਂ ਨੇ ਇਹਨਾਂ ਹਥਿਆਰਾਂ ਨਾਲ਼ ਹੀ ਖ਼ਾਲਸਾ ਰਾਜ ਸਥਾਪਿਤ ਕੀਤਾ, ਸਮੇਂ ਦੀਆਂ ਹਕੂਮਤਾਂ ਨਾਲ਼ ਡਟ ਕੇ ਟੱਕਰ ਲਈ, ਸਿੱਖੀ ਸਵੈਮਾਣ ਨੂੰ ਬਰਕਰਾਰ ਰੱਖਿਆ ਤੇ ਧਰਮ ਦੀ ਰਾਖੀ ਕੀਤੀ।
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਵੀ ਗੁਰੂ ਸਾਹਿਬਾਨਾਂ ਦੇ ਬਚਨਾਂ ’ਤੇ ਪਹਿਰਾ ਦਿੰਦਿਆਂ ਅਤੇ ਆਪਣੇ ਸ਼ਹੀਦਾਂ ਤੋਂ ਪ੍ਰੇਰਨਾ ਲੈਂਦਿਆਂ ਵਾਰ-ਵਾਰ ਸਿੱਖਾਂ ਨੂੰ ਹਥਿਆਰ ਰੱਖਣ ਲਈ ਤਾਕੀਦ ਕਰਦੇ ਰਹੇ। ਸੰਤ ਜੀ ਜਾਣਦੇ ਸਨ ਕਿ ਸਿੱਖਾਂ ’ਤੇ ਬਹੁਤ ਭਿਆਨਕ ਸਮਾਂ ਆਉਣ ਵਾਲ਼ਾ ਹੈ, ਹਿੰਦ ਹਕੂਮਤ ਸਿੱਖਾਂ ਦਾ ਖੁਰਾ-ਖੋਜ ਮਿਟਾਉਣਾ ਚਾਹੁੰਦੀ ਹੈ, ਸਿੱਖੀ ਸਰੂਪ ਵਾਲ਼ਿਆਂ ’ਤੇ ਕਹਿਰ ਢਾਹੁਣਾ ਚਾਹੁੰਦੀ ਹੈ, ਸਿੱਖਾਂ ਨੂੰ ਘੱਲੂਘਾਰਿਆਂ-ਸਾਕਿਆਂ ਤੇ ਭਾਰੀ ਖਤਰਿਆਂ ’ਚੋਂ ਲੰਘਣਾ ਪੈਣਾ ਹੈ, ਸਿੱਖਾਂ ਨੂੰ ਆਪਣੀ ਜਾਨ-ਮਾਲ ਦੀ ਰਾਖੀ ਲਈ ਸ਼ਸਤਰਧਾਰੀ ਹੋ ਕੇ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ।
ਜਿਨ੍ਹਾਂ ਨੇ ਸੰਤਾਂ ਦੀ ਓਸ ਵੇਲ਼ੇ ਗੱਲ ਮੰਨ ਲਈ ਉਹਨਾਂ ਨੇ ਜ਼ੁਲਮ ਅਤੇ ਜ਼ਾਲਮ ਦਾ ਬੜੀ ਬਹਾਦਰੀ ਨਾਲ਼ ਮੁਕਾਬਲਾ ਕੀਤਾ ਤੇ ਆਪਣੀ ਆਨ-ਸ਼ਾਨ ਨੂੰ ਕਾਇਮ ਰੱਖਿਆ ਅਤੇ ਜਿਨ੍ਹਾਂ ਸਿੱਖਾਂ ਨੇ ਸੰਤਾਂ ਦੀ ਗੱਲ ਨਹੀਂ ਮੰਨੀ ਉਹ ਹਿੰਦੂ ਸਾਮਰਾਜ ਦੇ ਕਹਿਰ ਦਾ ਬੁਰੀ ਤਰ੍ਹਾਂ ਸ਼ਿਕਾਰ ਬਣੇ। ਜੇਕਰ ਨਵੰਬਰ 1984 ’ਚ ਵੀ ਦਿੱਲੀ-ਕਾਨਪੁਰ ਅਤੇ ਹੋਰਾਂ ਸੂਬਿਆਂ ਦੇ ਸਿੱਖਾਂ ਤੋਂ ਹਥਿਆਰ ਹੁੰਦੇ ਤਾਂ ਇਤਿਹਾਸ ਹੀ ਕੁਝ ਹੋਰ ਹੋਣਾ ਸੀ। ਜਿਸ-ਜਿਸ ਇਲਾਕੇ ਵਿੱਚ ਸਿੱਖਾਂ ਪਾਸ ਹਥਿਆਰ ਸਨ ਉਹਨਾਂ ਨੇ ਹਿੰਦੂ ਭੀੜਾਂ ਨੂੰ ਪਹਿਲੇ ਝਟਕੇ ਵਿੱਚ ਹੀ ਭਜਾ ਦਿੱਤਾ ਤੇ ਆਪਣੀਆਂ ਧੀਆਂ-ਭੈਣਾਂ ਦੀ ਰਾਖੀ ਕੀਤੀ।
ਸਿੱਖ ਧਰਮ ਵਿੱਚ ਸ਼ਸਤਰਾਂ ਅਤੇ ਸ਼ਾਸ਼ਤਰਾਂ ਨੂੰ ਪੂਜਿਆ ਜਾਂਦਾ ਹੈ, ਇਹ ਸਾਡੇ ਗੁਰੂ-ਪੀਰ ਹਨ। ਗੁਰੂ ਨਾਨਕ ਪਾਤਸ਼ਾਹ ਜੀ ਵੀ ਆਪਣੇ ਹੱਥ ’ਚ ਡੰਡਾ-ਬਰਛਾ ਰੱਖਦੇ ਸਨ। ਗੁਰੂ ਸਾਹਿਬ ਨੇ ਸਿੱਖ ਧਰਮ ’ਚ ਸੰਗਤ-ਪੰਗਤ, ਬਾਣੀ-ਬਾਣਾ, ਦੇਗ-ਤੇਗ, ਸੰਤ-ਸਿਪਾਹੀ, ਸ਼ਸਤਰ ਅਤੇ ਸ਼ਾਸਤਰ ਦਾ ਵਿਧਾਨ ਬਖ਼ਸ਼ਿਆ ਹੈ। ਗੁਰੂ ਸਾਹਿਬ ਦੇ ਬਚਨ ਹਨ ਕਿ ਜਦੋਂ ਸਾਡੇ ਦਰਸ਼ਨ ਕਰਨ ਵੀ ਆਉਣੇ ਹਨ ਤਾਂ ਸ਼ਸਤਰਧਾਰੀ ਹੋ ਕੇ ਆਉਣਾ ਹੈ। ਸ਼ਸਤਰਾਂ ਤੋਂ ਬਿਨਾਂ ਤਾਂ ਮਨੁੱਖ ਭੇਡ ਦੀ ਨਿਆਈਂ ਹੈ, ਅਧੂਰਾ ਹੈ, ਡਰਪੋਕ ਅਤੇ ਬੁਜ਼ਦਿਲ ਬਣ ਜਾਂਦਾ ਹੈ। ਸ਼ਸਤਰ ਮਨੁੱਖ ਨੂੰ ਅਣਖ਼-ਗ਼ੈਰਤ, ਰੜ੍ਹਕ-ਚੜ੍ਹਤ ਤੇ ਦਲੇਰ-ਸੂਰਮੇ ਬਣਾਉਂਦੇ ਹਨ। 1947 ਦੀ ਅਖੌਤੀ ਅਜ਼ਾਦੀ ਤੋਂ ਬਾਅਦ ਜਦ ਸਿੱਖਾਂ ਨੂੰ ਅਖੌਤੀ ਅਕਾਲੀਆਂ ਨੇ ਗਾਂਧੀ ਦੇ ਪੁੱਤ ਬਣਾ ਧਰਿਆ ਤਾਂ 1978 ਦੇ ਸਾਕੇ ਮਗਰੋਂ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਸਿੱਖਾਂ ਨੂੰ ‘ਮਾਤਾ ਦੇ ਮਾਲ’ ਬਣਨ ਦੀ ਥਾਂ ‘ਕਲਗੀਧਰ ਪਾਤਸ਼ਾਹ ਦੇ ਲਾਲ’ ਬਣਨ ਦਾ ਹੋਕਾ ਦਿੱਤਾ। ਉਹਨਾਂ ਨੇ ਸਿੱਖਾਂ ਨੂੰ ਬ੍ਰਾਹਮਣੀ ਮੁੱਖਧਾਰਾ ਤੋਂ ਤੋੜ ਕੇ ਖ਼ਾਲਸਾਈ ਮੁੱਖਧਾਰਾ ਵੱਲ ਲਿਆਂਦਾ। ਉਹਨਾਂ ਨੇ ‘ਜੀਣਾ ਅਣਖ਼ ਨਾਲ਼ ਮਰਨਾ ਧਰਮ ਲਈ’ ਅਤੇ ‘ਸਿਰ ਦਿੱਤਿਆਂ ਬਾਝ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ’ ਦਾ ਪਾਠ ਪੜ੍ਹਾਇਆ ਤੇ ਸਿੱਖਾਂ ’ਚ ਅਜ਼ਾਦੀ ਦੀ ਚਿਣਗ ਜਗਾਈ।
ਧਰਮ ਯੁੱਧ ਮੋਰਚੇ ਦੌਰਾਨ ਸੰਤ ਜਰਨੈਲ ਸਿੰਘ ਜੀ ਆਪਣੀਆਂ ਤਕਰੀਰਾਂ ’ਚ ਵਾਰ-ਵਾਰ ਸਿੱਖਾਂ ਨੂੰ ਹਥਿਆਰ ਰੱਖਣ ਲਈ ਪ੍ਰੇਰਿਤ ਕਰਦੇ ਸਨ। ਉਹ ਕਿਹਾ ਕਰਦੇ ਸਨ ਕਿ “ਜਦੋਂ ਸਾਰੇ ਪਾਸਿਆਂ ਤੋਂ ਹੀਲੇ-ਵਸੀਲੇ ਖਤਮ ਹੋ ਜਾਣ ਤਾਂ ਉਸ ਵੇਲ਼ੇ ਸ੍ਰੀ ਸਾਹਿਬ ਦੀ ਵਰਤੋਂ ਕਰਨ ਦਾ ਹੱਕ ਸਿੱਖ ਨੂੰ ਮੀਰੀ-ਪੀਰੀ ਦੇ ਮਾਲਕ ਸਤਿਗੁਰੂ ਨੇ ਦਿੱਤਾ ਹੈ।” ਸੰਤ ਜੀ ਕਹਿੰਦੇ ਸਨ ਕਿ “ਜਹਾਂਗੀਰ ਦੀ ਇਹ ਹੀ ਪਾਬੰਦੀ ਸੀ ਨਾ ਕਿ ਸਿੱਖ ਸ਼ਸਤਰ ਨਹੀਂ ਰੱਖ ਸਕਦਾ, ਘੋੜੇ ’ਤੇ ਨਹੀਂ ਚੜ੍ਹ ਸਕਦਾ, ਸਿਰ ’ਤੇ ਦਸਤਾਰ ਨਹੀਂ ਸਜਾ ਸਕਦਾ, ਧਾਂਤ ਦੇ ਭਾਂਡੇ ਵਿੱਚ ਲੰਗਰ ਨਹੀਂ ਖਾ-ਪਕਾ ਸਕਦਾ, ਨਗਾਰਾ ਨਹੀਂ ਵਜਾ ਸਕਦਾ, ਪਰ ਮੀਰੀ-ਪੀਰੀ ਦੇ ਮਾਲਕ ਨੇ ਦੋ ਕ੍ਰਿਪਾਨਾਂ ਪਹਿਨੀਆਂ ਤੇ ਇਹ ਸਭ ਪਾਬੰਦੀਆਂ ਤੋੜੀਆਂ।”
ਸੰਤ ਜੀ ਸਿੱਖਾਂ ਨੂੰ ਸਮਝਾਉਂਦੇ ਸਨ ਕਿ “ਹਥਿਆਰ ਰੱਖ ਕੇ ਕਿਸੇ ਮਸੂਮ ਨੂੰ ਮਾਰਨਾ, ਕਿਸੇ ਦਾ ਘਰ ਲੁੱਟਣਾ, ਕਿਸੇ ਦੀ ਇੱਜ਼ਤ ਲੁੱਟਣੀ, ਕਿਸੇ ’ਤੇ ਅੱਤਿਆਚਾਰ ਕਰਨਾ ਸਿੱਖ ਵਾਸਤੇ ਪਾਪ ਆ, ਪਰ ਹਥਿਆਰ ਰੱਖ ਕੇ ਆਪਣੇ ਧਰਮ ਦੀ ਰਾਖੀ ਨਾ ਕਰਨੀ, ਸਿੱਖ ਲਈ ਇੱਦੋਂ ਵੀ ਵੱਡਾ ਪਾਪ ਆ।” ਸਮੇਂ ਦੀਆਂ ਨੀਤੀਆਂ ਨੂੰ ਭਾਂਪਦਿਆਂ ਸੰਤ ਭਿੰਡਰਾਂਵਾਲ਼ੇ ਸਿੱਖਾਂ ਨੂੰ ਕਹਿੰਦੇ ਸਨ ਕਿ “ਹਥਿਆਰ ਲਉ, ਹਥਿਆਰਾਂ ਬਿਨਾਂ ਨਹੀਂ ਸਰਨਾ।”, “ਪੂਰੀ ਤਿਆਰੀ ਰੱਖੋ, ਤਿਆਰ-ਬਰ-ਤਿਆਰ ਰਹੋ, ਕਿਸੇ ਪ੍ਰਕਾਰ ਦੀ ਢਿੱਲ ਨਾ ਕਰਿਓ।”, “ਪੱਕਿਆਂ ’ਚ ਰਹਿੰਨੇ ਤਾਂ ਕੱਚਿਆਂ ’ਚ ਰਹੋ, ਕੱਚਿਆਂ ’ਚ ਰਹਿੰਨੇ ਤਾਂ ਕੁੱਲੀਆਂ ’ਚ ਰਹੋ, ਕੁੱਲੀਆਂ ’ਚ ਰਹਿੰਨੇ ਓ ਤਾਂ ਰੜੇ ਮੈਦਾਨ ਰਹਿਣਾ ਪਸੰਦ ਕਰ ਲਵੋ, ਅੱਠੀਂ ਪਹਿਰੀ ਰੋਟੀ ਖਾਣੀ ਸ਼ੁਰੂ ਕਰ ਦਿਓ, ਪਰ ਹਥਿਆਰ ਵਧੀਆ ਤੋਂ ਵਧੀਆ ਹਰ ਇੱਕ ਸਿੰਘ ਦੇ ਗਾਤਰੇ ਹੋਣਾ ਚਾਹੀਦਾ ਹੈ।”, “ਟੈਂਕ, ਤੋਪ, ਬੰਬ, ਸਟੇਨ ਜੋ ਰੱਖ ਸਕਦੇ ਓ ਰੱਖੋ।”
ਸੰਤ ਭਿੰਡਰਾਂਵਾਲ਼ੇ ਹਰ ਸਿੱਖ ਨੂੰ, ਮਾਈ-ਭਾਈ ਨੂੰ, ਬਜੁਰਗ ਅਤੇ ਬੱਚੇ ਨੂੰ ਗੱਜ-ਵੱਜ ਕੇ ਇਹ ਸੰਦੇਸ਼ ਦਿੰਦੇ ਸਨ ਕਿ “ਅੰਮ੍ਰਿਤ ਛਕ ਕੇ ਤਿਆਰ-ਬਰ-ਤਿਆਰ ਹੋਵੋ, ਸ਼ਸਤਰ ਲਵੋ ਤੇ ਗ਼ੁਲਾਮੀ ਗ਼ਲੋਂ ਲਾਹੁਣ ਵਾਸਤੇ ਤਿਆਰ ਰਹੋ।”, “ਆਪਣੀ ਅਣਖ਼, ਗ਼ੈਰਤ, ਇੱਜ਼ਤ ਤੇ ਧਰਮ ਨੂੰ ਬਰਕਰਾਰ ਰੱਖਣ ਵਾਸਤੇ ਜੇ ਹਰ ਸਿੱਖ ਆਪੋ-ਆਪਣੀ ਜ਼ਿੰਮੇਵਾਰੀ ਸੰਭਾਲੇ ਤਾਂ ਕੁਝ ਬਣੇਗਾ।”, “ਹਥਿਆਰਬੰਦ ਹੋਵੋ, ਦ੍ਰਿੜਤਾ ਸਹਿਤ ਚੱਲੋ, ਨਸ਼ਿਆਂ ਦਾ ਤਿਆਗ ਕਰੋ, ਕੇਸ-ਦਾੜ੍ਹਾ ਸਾਬਤ ਰੱਖੋ, ਅੰਮ੍ਰਿਤ ਛਕੋ, ਗੁਰੂ ਵਾਲ਼ੇ ਬਣੋ, ਸ਼ਹੀਦਾਂ ਦੇ ਡੁੱਲ੍ਹੇ ਲਹੂ ਦਾ ਤੇ ਭੈਣਾਂ ਦੀ ਲੁੱਟੀ ਇੱਜ਼ਤ ਦਾ ਹੱਕ ਲੈਣ ਲਈ ਤਤਪਰ ਰਹੋ।”, “ਮੈਂ ਜੋ ਬੰਬ ਬਣਾਉਂਦਾ ਹਾਂ, ਉਹ ਬੰਬ ਤੁਰਦੇ-ਫਿਰਦੇ ਅਤੇ ਬੋਲਦੇ-ਚਾਲਦੇ ਹਨ। ਜਿਹੜੇ ਸਿੰਘ ਨੂੰ ਅੰਮ੍ਰਿਤ ਛਕਾਉਂਦਾ ਹਾਂ, ਉਹ ਕੇਂਦਰ ਸਰਕਾਰ ਲਈ ਬੰਬ ਬਣ ਜਾਂਦਾ ਹੈ। ਹਰ ਅੰਮ੍ਰਿਤਧਾਰੀ ਸਿੰਘ ਮੇਰੇ ਲਈ ਬੰਬ ਤੋਂ ਵੀ ਵੱਧ ਸ਼ਕਤੀਸ਼ਾਲੀ ਹੈ।” ਉਹ ਕਹਿੰਦੇ ਸਨ ਕਿ “ਜੇ ਗੁਰੂ ਦੇ ਪੁੱਤ ਬਣਨਾ ਤਾਂ ਸ਼ਸਤਰ ਰੱਖ ਲਉ ਤੇ ਜੇ ਇੰਦਰਾ ਦੇ ਪੁੱਤ ਬਣਨਾ ਤਾਂ ਚਪਲੀ ਝਾੜ ਲਉ।”
ਜਦੋਂ ਸਿੱਖਾਂ ਨੇ ਸੰਤ ਭਿੰਡਰਾਂਵਾਲ਼ਿਆਂ ਨੂੰ ਕਿਹਾ ਕਿ ਅਸੀਂ ਹਥਿਆਰ ਰੱਖਣੇ ਚਾਹੁੰਦੇ ਹਾਂ ਪਰ ਸਾਡੇ ਲਾਇਸੈਂਸ ਨਹੀਂ ਬਣਦੇ ਤਾਂ ਜਵਾਬ ’ਚ ਸੰਤਾਂ ਨੇ ਇਤਿਹਾਸ ’ਚੋਂ ਉਦਾਹਰਨਾਂ ਦਿੰਦਿਆਂ ਕਿਹਾ ਕਿ “ਛੇਵੇਂ ਪਾਤਸ਼ਾਹ ਨੇ ਜਹਾਂਗੀਰ ਤੋਂ ਤੇ ਦਸਵੇਂ ਪਾਤਸ਼ਾਹ ਨੇ ਔਰੰਗਜ਼ੇਬ ਤੋਂ ਕਿੰਨੇ ਲਾਇਸੈਂਸ ਲਏ ਸੀ ? ਜੇ ਆਪਣੇ ਬਾਪੂ ਨੇ ਕਿਸੇ ਤੋਂ ਲਾਇਸੈਂਸ ਨਹੀਂ ਲਿਆ ਤਾਂ ਤੁਹਾਨੂੰ ਸਿੱਖਾਂ ਨੂੰ ਕੀ ਲੋੜ ਪੈ ਗਈ ?”, “ਸ਼ਸਤਰਧਾਰੀ ਹੋਵੋ, ਲਾਇਸੈਂਸਾਂ ਦੀ ਕੋਈ ਲੋੜ ਨਹੀਂ। ਜੇ ਹਿੰਦੂ ਦੇ ਪੁੱਤ ਨੂੰ ਗਰਨੇਡ ਲੈਣ ਵਾਸਤੇ ਲਾਇਸੈਂਸ ਦੀ ਲੋੜ ਨਹੀਂ, ਜੇ ਭੇਡ ਤੇ ਬੱਕਰੀ ਦੇ ਪੁੱਤ ਨੂੰ ਸ਼ਸਤਰ ਰੱਖਣ ਵਾਸਤੇ ਲਾਇਸੈਂਸ ਦੀ ਕੋਈ ਲੋੜ ਨਹੀਂ, ਫਿਰ ਸ਼ੇਰ ਦਾ ਪੁੱਤ ਇਹਨਾਂ ਅੱਗੇ ਖੜ੍ਹਾ ਹੋ ਕੇ ਕਿਉਂ ਕਹੇ ਮੈਨੂੰ ਹਥਿਆਰ ਦਾ ਲਾਇਸੈਂਸ ਦਿਉ ?”, “ਲਾਇਸੈਂਸਾਂ ਦੀ ਉਡੀਕ ਨਾ ਕਰੋ, ਹਥਿਆਰ ਜਿੱਥੋਂ ਲੈ ਸਕਦੇ ਉਂ ਲਉ।”, “ਜੇ ਪਵਨ ਕੁਮਾਰ 230 ਗ੍ਰਨੇਡ ਰੱਖ ਸਕਦਾ, ਫਿਰ ਤੁਹਾਨੂੰ ਲਾਇਸੈਂਸਾਂ ਦੀ ਕੀ ਲੋੜ ਆ ?”, “ਜੇ ਹਿੰਦੂ ਦਾ ਪੁੱਤ ਪਵਨ ਕੁਮਾਰ ਬਿਨਾਂ ਲਾਇਸੈਂਸੀ 230 ਗ੍ਰਨੇਡ ਆਪਣੇ ਘਰ ਰੱਖ ਸਕਦਾ ਤੇ ਪੁਲਿਸ ਵੱਲੋਂ ਫੜੇ ਜਾਣ ’ਤੇ ਵੀ ਉਹਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ ਫਿਰ ਸਿੱਖ ਨੂੰ ਕਿਉਂ ? ਜੇ ਛੱਲੀ ਰਾਮ ਤੇ ਗੁੱਲੀ ਰਾਮ ਨੂੰ ਬਿਨਾਂ ਲਾਇਸੈਂਸੀ ਹਥਿਆਰ ਰੱਖਣ ਦੀ ਇਜਾਜ਼ਤ ਆ ਫਿਰ ਸਿੱੱਖ ਕਿਉਂ ਨਾ ਰੱਖੇ ?”, “ਜੇ ਗੁੱਲੀ ਰਾਮ 230 ਗਰਨੇਡ ਰੱਖ ਸਕਦਾ, ਫਿਰ ਸਿੱਖੋ ਤੁਸੀਂ ਘੱਟੋ-ਘੱਟ 200 ਗ੍ਰਨੇਡ ਤਾਂ ਰੱਖਿਆ ਕਰੋ।”, “ਜੇ ਛੱਲੀ ਰਾਮ 230 ਗ੍ਰਨੇਡ ਰੱਖ ਸਕਦਾ ਤਾਂ ਸਾਨੂੰ ਕਲਗੀਧਰ ਦੇ ਪੁੱਤਾਂ ਨੂੰ ਪਾਬੰਦੀ ਕਿਉਂ ?”
ਸੰਤ ਜੀ ਆਪਣੇ ਬਚਨਾਂ ਰਾਹੀਂ ਸਿੱਖਾਂ ਦੇ ਉੱਚੇ-ਸੁੱਚੇ ਕਿਰਦਾਰ ਦੀ ਪਰਿਭਾਸ਼ਾ ਦੱਸਦੇ ਸਮਝਾਉਂਦੇ ਸਨ ਕਿ “ਸਾਡਾ ਆਦਰਸ਼, ਧਰਮ ਤੇ ਅਸੂਲ ਹੈ ਕਿ ਸਿੱਖ ਦੇ ਪੁੱਤ ਨੇ ਨਿਹੱਥੇ ’ਤੇ ਵਾਰ ਨਹੀਂ ਕਰਨਾ।”, “ਹਥਿਆਰ ਰੱਖ ਕੇ ਧੀ-ਭੈਣ ਦੀ ਇੱਜ਼ਤ ਲੁੱਟਣੀ, ਕਿਸੇ ਦਾ ਘਰ ਸਾੜਨਾ, ਕਿਸੇ ਨੂੰ ਗੁਮਰਾਹ ਕਰਕੇ ਤੰਗ ਕਰਨਾ, ਕਿਸੇ ਦਾ ਘਿਰਾਉ ਕਰਕੇ ਉਸ ’ਤੇ ਵਾਰ ਕਰਨਾ, ਕਿਸੇ ਦੀ ਬੇਇਜ਼ਤੀ ਕਰਨੀ, ਸਿੱਖ ਵਾਸਤੇ ਬਹੁਤ ਹੀ ਵੱਡਾ ਪਾਪ ਆ, ਪਰ ਹਥਿਆਰ ਰੱਖ ਕੇ ਆਪਣੀ ਇੱਜ਼ਤ ਲੁਟਾਈ ਜਾਣਾ, ਉਹਦੇ ਤੋਂ ਵੀ ਵੱਡਾ ਪਾਪ ਆ।”, ਜੇ ਸ਼ੇਰ ਦਾ ਪੁੱਤ ਭੇਡ ਤੋਂ ਲੱਤ ਖਾ ਕੇ ਆ ਜਾਵੇ, ਉਹਨੂੰ ਸ਼ਰਮ ਨਾਲ਼ ਈ ਮਰ ਜਾਣਾ ਚਾਹੀਦਾ।” ਉਹ ਕਹਿੰਦੇ ਸਨ ਕਿ “ਨਾਂਅ ਸਿੰਘ ਹੋਵੇ ਤੇ ਕੋਲ਼ ਹਥਿਆਰ ਵੀ ਵਧੀਆ ਤੇ ਰੌਂਦ ਵੀ ਨਵੇਂ ਹੋਣ ਤੇ ਟੋਪੀ ਵਾਲ਼ੇ ਆਉਂਦੇ ਦੀ ਝੋਲ਼ੀ ’ਚ ਹੱਥ ਪਾ ਦੇਣ, ਜੰਮਿਆ ਕਾਹਦੇ ਵਾਸਤੇ ਸਿੱਖ ਦੇ ਘਰ।” ਉਹ ਦੱਸਦੇ ਸਨ ਕਿ “ਜ਼ਾਲਮ ਹਮੇਸ਼ਾਂ ਡੰਡੇ ਨਾਲ਼ ਸੂਤ ਆਇਆ, ਨਿਮਰਤਾ ਨਾਲ਼ ਨਹੀਂ।” ਇਸ ਲਈ “ਵੱਡੇ ਤੋਂ ਵੱਡਾ ਹਥਿਆਰ ਰੱਖੋ ਪਰ ਹਥਿਆਰ ਰੱਖ ਕੇ ਕਿਸੇ ਦੇ ਘਰ ਨੂੰ ਅੱਗ ਲਾਉਣੀ, ਲੁੱਟਣਾ, ਮਸੂਮ ਨੂੰ ਮਾਰਨਾ ਜਾਂ ਇੱਜ਼ਤ ਲੁੱਟਣੀ, ਇਹਦੇ ਮੈਂ ਸਖ਼ਤ ਵਿਰੁੱਧ ਆਂ।”
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਧਰਮ ਦੀ ਰਾਖੀ ਲਈ ਅਤੇ ਮੌਜੂਦਾ ਹਲਾਤਾਂ ਨੂੰ ਵੇਖਦਿਆਂ ਸਿੱਖ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਕਹਿੰਦੇ ਸਨ ਕਿ “ਹਰ ਪਿੰਡ ਇੱਕ-ਇੱਕ ਮੋਟਰ ਸਾਈਕਲ, ਤਿੰਨ-ਤਿੰਨ ਨਵੇਂ ਰਿਵਾਲਵਰ ਤੇ ਤਿੰਨ-ਤਿੰਨ ਨੌਜੁਆਨ, ਬੰਦੇ ਮਾਰਨ ਵਾਸਤੇ ਨਹੀਂ ਆਪਾਂ ਤਿਆਰ ਕਰਨੇ। ਸਿੱਖ ਲਈ ਹਥਿਆਰ ਰੱਖ ਕੇ ਬੰਦਾ ਮਾਰਨਾ ਬਹੁਤ ਵੱਡਾ ਪਾਪ ਆ, ਪਰ ਹਥਿਆਰ ਰੱਖ ਕੇ ਹੱਕ ਨਾ ਲੈਣਾ ਉੱਦੋਂ ਵੀ ਵੱਡਾ ਪਾਪ ਆ।” ਉਹ ਕਹਿੰਦੇ ਸਨ ਕਿ “ਇੱਕ-ਇੱਕ ਪਿੰਡ ਵਿੱਚ ਇੱਕ-ਇੱਕ ਮੋਟਰ ਸਾਈਕਲ, ਤਿੰਨ-ਤਿੰਨ ਨੌਜੁਆਨ, ਤਿੰਨ-ਤਿੰਨ ਰਿਵਾਲਵਰ ਨਵੇਂ ਲੈਣ ਨੂੰ ਮੈਂ ਕਿੰਨੀ ਵਾਰ ਕਿਹਾ, ਕਿੰਨੇ ਪਿੰਡ ਆ ਜਿਹਨਾਂ ਨੇ ਇਹ ਬੰਦੋਬਸਤ ਕੀਤਾ ?” ਸੰਤ ਜੀ ਬੇਝਿਜਕ ਹੋ ਕੇ ਕਹਿੰਦੇ ਸਨ ਕਿ “ਹਥਿਆਰ ਖੁਸਰਿਆਂ ਕੋਲ਼ ਨਹੀਂ, ਮਰਦਾਂ ਕੋਲ਼ ਹੁੰਦੇ ਆ ਤੇ ਅਸੀਂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਿੱਖ ਹਾਂ, ਹਥਿਆਰ ਰੱਖਣੇ ਜਿਹਨਾਂ ਦਾ ਹੁਕਮ ਆਂ।”
ਸੰਤ ਜੀ ਦਾ ਆਖਣਾ ਸੀ ਕਿ “ਅਸੀਂ ਨਾ ਤਾਂ ਕਿਸੇ ਦਾ ਘਿਰਾਉ ਕਰਦੇ ਆਂ, ਨਾ ਕੋਈ ਬੰਦੇ ਮਾਰਦੇ ਆਂ ਅਤੇ ਨਾ ਕਿਸੇ ਨੂੰ ਬਿਨਾਂ ਕਾਰਨ ਦਬਾਉਂਦੇ ਆਂ। ਸ਼ਸਤਰ ਰੱਖਦੇ ਆਂ ਤਾਂ ਆਪਣੀ ਰੱਖਿਆ ਵਾਸਤੇ ਰੱਖਦੇ ਹਾਂ।”, “ਜੇ ਆਪਣੀ ਰੱਖਿਆ ਕਰਨੀ ਮਾੜੀ ਹੈ ਤਾਂ ਮੈਂ ਇਹ ਪਾਪ ਕਰਦਾ ਹਾਂ। ਜੇ ਗਰੀਬਾਂ, ਮਜ਼ਲੂਮਾਂ ਤੇ ਸਵੈ-ਰੱਖਿਆ ਲਈ ਹਥਿਆਰ ਰੱਖਣੇ ਪੁੰਨ ਹੈ ਤਾਂ ਮੈਂ ਹਥਿਆਰ ਰੱਖ ਕੇ ਪੁੰਨ ਕਰਦਾ ਹਾਂ।” ਸੰਤ ਜੀ ਦੀਆਂ ਇਹਨਾਂ ਗੱਲਾਂ ਦਾ ਹਕੂਮਤ ਕੋਲ਼ ਕੋਈ ਜਵਾਬ ਨਹੀਂ ਸੀ ਉਹ ਕਹਿੰਦੇ ਸਨ ਕਿ ਜੇ ਹਥਿਆਰ ਰੱਖਣ ਨਾਲ਼ ਸ਼ਾਂਤੀ ਭੰਗ ਹੁੰਦੀ ਆਂ ਤਾਂ ਬਾਰਡਰਾਂ ’ਤੇ ਤੋਪਾਂ ਕਿਉਂ ਬੀੜੀਆਂ ਨੇ ?” ਉਹ ਕਹਿੰਦੇ ਸਨ ਕਿ “ਜਦੋਂ ਤੱਕ ਸ਼ਾਂਤਮਈ ਢੰਗ ਨਾਲ਼ ਆਪਣਾ ਇਹ ਕੰਮ ਚੱਲਦਾ ਤੇ ਚੱਲਣਾ ਵੀ ਚਾਹੀਦਾ ਪਰ ਗਰਮੀ ਵਾਸਤੇ ਵੀ ਤਿਆਰ ਰਹਿਣਾ ਚਾਹੀਦਾ। ਇਹ ਨਹੀਂ ਕਿ ਗਰਮੀ ਦਾ ਐਲਾਨ ਹੋ ਜਾਵੇ ਤੇ ਮੁੜ ਕੇ ਟਾਹਲੀਆਂ ’ਤੇ ਚੜ੍ਹ ਕੇ ਟੰਬੇ ਵੱਢਦੇ ਫਿਰੋ, ਮੌਕੇ ’ਤੇ ਗੱਲ ਨਹੀਂ ਬਣਨੀ, ਉਹ ਪਹਿਲਾਂ ਵੱਢ ਕੇ ਛਾਂਗ-ਛੂੰਗ ਕੇ ਰੱਖੋ।” ਉਹ ਇਹ ਵੀ ਕਿਹਾ ਕਰਦੇ ਸਨ ਕਿ “ਐਸੀ ਸ਼ਾਂਤੀ ਦਾ ਮੈਂ ਬਿਲਕੁਲ ਹਾਮੀ ਨਹੀਂ, ਜਿੱਥੇ ਸਿੱਖਾਂ ਦੀਆਂ ਲੜਕੀਆਂ ਦੀ ਬੇਪੱਤੀ ਕਰਕੇ ਕਿਹਾ ਜਾਵੇ ਕਿ ਸ਼ਾਂਤੀ ਰੱਖੋ।”
ਸੰਤ ਜੀ ਸਿੱਖਾਂ ਨੂੰ ਹਲੂਣਾ ਦਿੰਦੇ ਕਿਹਾ ਕਰਦੇ ਸਨ ਕਿ “ਆਪਾਂ 30-30 ਹਜ਼ਾਰ ਛੁਡਾਉਂਦੇ ਰਹੇ ਆਂ ਤੇ ਸਾਡੀਆਂ ਭੈਣਾਂ ਨੂੰ ਅੱਜ ਇਹ ਦੋ-ਦੋ ਫੜ ਕੇ ਨੰਗੀਆਂ ਕਰੀ ਫਿਰਨ। ਕੀ ਕਰਦੇ ਉਂ ਸਿੱਖੋ ਪਿੰਡਾਂ ’ਚ ਬੈਠੇ ? ਜਿੱਥੇ ਇਹੋ ਜਿਹੀ ਹਰਕਤ ਹੁੰਦੀ ਐ ਓਥੇ ਸ਼ਾਂਤੀ-ਸ਼ੂੰਤੀ ਵੱਲ ਕਿਸੇ ਨਹੀਂ ਵੇਖਣਾ। ਉਹਨੂੰ ਚੰਗੀ ਤਰ੍ਹਾਂ ਸੋਧਾ ਲਾ ਦੇਣਾ ਤੇ ਮਰ ਜਾਵਾਂਗੇ ਤੇ ਕੋਈ ਫ਼ਰਕ ਨਹੀਂ ਪੈਣ ਲੱਗਾ।”, ਇਹ ਬੰਦਿਆਂ ਵਾਲ਼ਾ ਕੰਮ ਨਹੀਂ ਕਿ ਅਸੀਂ ਆਪਣੇ ਹੱਥ-ਬੰਨ੍ਹਾ ਕੇ ਹੀ ਬੈਠੇ ਰਹੀਏ ਤੇ ਕੁੱਟ ਈ ਖਾਈ ਜਾਈਏ।”, “ਜਦੋਂ ਤੱਕ ਲੋਹੇ ਦੇ ਚਣੇ ਨਹੀਂ ਚਬਾਉਂਦੇ ਤਦੋਂ ਤੱਕ ਇਹਨਾਂ ਨੇ ਸੂਤ ਨਹੀਂ ਆਉਣਾ।” ਉਹ ਕਹਿੰਦੇ ਸਨ ਕਿ “ਹਥਿਆਰ ਚੰਗੇ ਤੋਂ ਚੰਗਾ ਰੱਖੋ ਤੇ ਜਿਹੜਾ ਇੱਜ਼ਤ ਲੁੱਟਣ ਆਵੇ, ਉਹਨੂੰ ਗੱਡੀ ਚੜ੍ਹਾਉਣਾ ਚਾਹੀਦਾ।” ਸੰਤ ਜੀ ਇਹ ਗੱਲ ਸਪੱਸ਼ਟ ਤੌਰ ’ਤੇ ਕਹਿੰਦੇ ਸਨ ਕਿ “ਜਦੋਂ ਤੱਕ ਸਿੰਘੋ ਹਥਿਆਰ ਲੈ ਕੇ ਆਪੋ-ਆਪਣੀ ਜ਼ਿੰਮੇਵਾਰੀ ਤੋਂ ਕੰਮ ਨਹੀਂ ਲੈਂਦੇ ਤਦੋਂ ਤੱਕ ਆਪਣਾ ਗ਼ੁਲਾਮੀ ਤੋਂ ਛੁਟਕਾਰਾ ਨਹੀਂ ਹੋਣਾ।”
ਜੇ ਨਵੰਬਰ 1984 ਤੋਂ ਪਹਿਲਾਂ ਹੀ ਪੰਜਾਬ ਤੋਂ ਬਾਹਰ ਵੱਸਦੇ ਸਿੱਖ ਹਥਿਆਰਬੰਦ ਹੋ ਜਾਂਦੇ ਤਾਂ ਉਹਨਾਂ ਨੇ ਫਿਰਕੂ ਹਿੰਦੂਤਵੀਆਂ ਦੀਆਂ ਲਾਸ਼ਾਂ ਦੇ ਢੇਰ ਲਾ ਦੇਣੇ ਸੀ। ਫਿਰ ਕਿਸੇ ਦੀ ਕੀ ਹਿੰਮਤ ਸੀ ਕਿ ਉਹ ਸਿੱਖਾਂ ਦੇ ਗਲਾਂ ’ਚ ਬਲ਼ਦੇ ਟਾਇਰ ਪਾ ਜਾਂਦੇ, ਗੁਰਦੁਆਰਿਆਂ ਨੂੰ ਅੱਗਾਂ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰ ਜਾਂਦੇ, ਸਾਡੀਆਂ ਧੀਆਂ-ਭੈਣਾਂ ਦੀ ਪੱਤ ਲੁੱਟ ਜਾਂਦੇ, ਸਾਡੀਆਂ ਜਾਇਦਾਦਾਂ ਹੜੱਪ ਲੈਂਦੇ। ਉਸ ਸਮੇਂ ਕਈਆਂ ਸਿੱਖਾਂ ਦੇ ਘਰਾਂ ’ਚ ਕੁੱਤੇ ਨੂੰ ਭਜਾਉਣ ਲਈ ਇੱਕ ਸੋਟੀ ਤਕ ਨਹੀਂ ਸੀ, ਕਿਰਪਾਨਾਂ-ਬੰਦੂਕਾਂ ਤਾਂ ਦੂਰ ਦੀ ਗੱਲ ਹੈ।
ਦਿੱਲੀ, ਕਾਨਪੁਰ, ਜੰਮੂ, ਹਿਮਾਚਲ, ਹਰਿਆਣਾ, ਬਿਹਾਰ, ਰਾਜਸਥਾਨ, ਯੂਪੀ ’ਚ ਨਿਹੱਥੇ ਅਤੇ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਕਰਕੇ ਜਨੂੰਨੀ ਹਿੰਦੂਤਵੀਆਂ ਨੇ ਦਰਿੰਦਗੀ ਦਾ ਨੰਗਾ ਨਾਚ ਨੱਚਿਆ ਪਰ ਫਿਰ ਉਸ ਮਗਰੋਂ ਜਦੋਂ ਪੰਜਾਬ ਦੇ ਸਿੱਖਾਂ ਨੇ ਹਥਿਆਰਬੰਦ ਹੋ ਕੇ ਆਪਣੇ ਭਰਾਵਾਂ ਦੇ ਖ਼ੂਨ ਅਤੇ ਭੈਣਾਂ ਦੀ ਪੱਤ ਲੁੱਟਣ ਵਾਲ਼ਿਆਂ ਨੂੰ ਚੁਣ-ਚੁਣ ਕੇ ਸੋਧਿਆ ਤਾਂ ਦਿੱਲੀ ਦਰਬਾਰ ਕੰਬ ਉੱਠਿਆ। ਲਲਿਤ ਮਾਕਨ, ਅਰਜਨ ਦਾਸ ਅਤੇ ਧਰਮ ਦਾਸ ਸ਼ਾਸਤਰੀ ਵਰਗੇ ਦੁਸ਼ਟਾਂ ਨੂੰ ਜੁਝਾਰੂ ਸਿੱਖਾਂ ਨੇ ਖ਼ਾਲਸਈ ਰਵਾਇਤਾਂ ਅਨੁਸਾਰ ਸਜ਼ਾਵਾਂ ਦੇ ਕੇ ਇਨਸਾਫ਼ ਕੀਤਾ ਤੇ ਭਾਰਤੀ ਹਕੂਮਤ ਵਿਰੁੱਧ ਅਤੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਦਸ ਸਾਲ ਲੜਾਈ ਲੜੀ, ਤਸੀਹੇ ਝੱਲੇ ਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਅੱਜ ਵੀ ਆਪਣੇ ਗੁਰੂ ਸਾਹਿਬਾਨਾਂ ਅਤੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਗੱਲ ਮੰਨ ਕੇ ਹਰ ਸਿੱਖ ਨੂੰ ਅੰਮ੍ਰਿਤਧਾਰੀ ਅਤੇ ਸ਼ਸਤਰਧਾਰੀ ਹੋਣ ਦੀ ਲੋੜ ਹੈ ਤਾਂ ਜੋ ਭਵਿੱਖ ’ਚ ਨਵੰਬਰ 1984 ਜਿਹੇ ਕਤਲੇਆਮ ਤੇ ਨਸਲਕੁਸ਼ੀ ਨੂੰ ਰੋਕਿਆ ਜਾ ਸਕੇ।
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?