73 Views
ਮਰਦ-ਏ-ਮੁਜ਼ਾਹਿਦ, ਬਾਬਾ-ਏ-ਕੌਮ, ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਨਿਰਣਾਇਕ, ਇਤਿਹਾਸਕ ਅਤੇ ਜਗਤ ਪ੍ਰਸਿੱਧ ਬੋਲ ਹਨ ਕਿ “ਜੇ ਹਿੰਦੁਸਤਾਨ ਦੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਏਗੀ।”
ਸੰਤ ਭਿੰਡਰਾਂਵਾਲ਼ਿਆਂ ਦੇ ਇਹ ਬਚਨ ਯੂ-ਟਿਊਬ ਤੋਂ ਵੇਖੇ-ਸੁਣੇ ਜਾ ਸਕਦੇ ਹਨ ਜਿਸ ਵਿੱਚ ਉਹ ਕਹਿ ਰਹੇ ਹਨ ਕਿ “ਮੈਂ ਦ੍ਰਿੜ੍ਹ ਨਿਸ਼ਚੇ ਨਾਲ਼ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਜਿੱਦੇਂ ਏਸ ਅਸਥਾਨ (ਸ੍ਰੀ ਦਰਬਾਰ ਸਾਹਿਬ) ‘ਤੇ ਪੁਲੀਸ ਵੱਲੋਂ ਹੁਣ ਹਮਲਾ ਹੋਇਆ, ਤੇ ਇਹ ਦੁਨੀਆਂ ‘ਚ ਮਿਸਾਲ ਬਣੇਗੀ ਕਿ ਖ਼ਾਲਿਸਤਾਨ ਬਣਿਆ, ਓਸ ਦਿਨ ਜ਼ਰੂਰ ਖ਼ਾਲਿਸਤਾਨ ਬਣੇਗਾ ਜਿੱਦੇਂ ਪੁਲੀਸ ਹੁਣ ਏਥੇ ਅੰਦਰ ਆ ਕੇ ਕੋਈ ਭੈੜੀ ਹਰਕਤ ਕਰਨੀ ਚਾਹੇਗੀ।”
ਪਰ ਕੁਝ ਭਾਰਤ-ਪੱਖੀ ਅਖੌਤੀ ਸਿੱਖ ਅਤੇ ਬਾਦਲ ਦਲ ਨਾਲ਼ ਸੰਬੰਧਤ ਕਈ ਆਗੂ ਜੋ ਆਪਣੀ ਸਿਆਸਤ ਚਮਕਾਉਣ ਲਈ ਅਕਸਰ ਹੀ ਕਹਿੰਦੇ ਰਹਿੰਦੇ ਹਨ ਕਿ ਸੰਤ ਭਿੰਡਰਾਂਵਾਲ਼ਿਆਂ ਨੇ ਤਾਂ ਕਦੇ ਖ਼ਾਲਿਸਤਾਨ ਦੀ ਗੱਲ ਨਹੀਂ ਸੀ ਕੀਤੀ, ਉਹ ਖ਼ਾਲਿਸਤਾਨ ਦੇ ਹਾਮੀ ਨਹੀਂ ਸਨ। ਇਹ ਗੱਲ ਵੀ ਫੈਲਾਈ ਜਾਂਦੀ ਹੈ ਕਿ ਵੱਖਰੇ ਦੇਸ਼ ਖ਼ਾਲਿਸਤਾਨ ਦੀ ਮੰਗ ਕਰਨ ਵਾਲ਼ੇ ਜਾਂ ਖ਼ਾਲਿਸਤਾਨ ਦੀ ਅਜ਼ਾਦੀ ਲਈ ਸੰਘਰਸ਼ ਕਰਨ ਵਾਲ਼ੇ ਜਾਂ ਹਥਿਆਰਬੰਦ ਹੋ ਕੇ ਜੂਝਣ ਵਾਲ਼ੇ ਜਾਣਬੁੱਝ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਨੂੰ ਖ਼ਾਲਿਸਤਾਨ ਨਾਲ਼ ਜੋੜਦੇ ਹਨ।
ਅਸਲ ਵਿੱਚ ਖ਼ਾਲਿਸਤਾਨ ਕਹਿਣ ਜਾਂ ਇਸ ਦੀ ਅਜ਼ਾਦੀ ਲਈ ਸੰਘਰਸ਼ਸ਼ੀਲ ਹੋਣ ਲਈ ਜਿਨ੍ਹਾਂ ਦੀਆਂ ਆਪਣੀਆਂ ਲੱਤਾਂ ਭਾਰ ਨਹੀਂ ਝੱਲਦੀਆਂ, ਜਿਨ੍ਹਾਂ ਨੂੰ ਸਟੇਟ ਦੇ ਜ਼ੁਲਮ ਤੋਂ ਡਰ ਲੱਗਦਾ ਹੈ ਜਾਂ ਖ਼ਾਲਿਸਤਾਨ ਦੀ ਗੱਲ ਕਰਨ ਕਰ ਕੇ ਜਿਨ੍ਹਾਂ ਨੂੰ ਆਪਣਾ ਸਿਆਸੀ ਏਜੰਡਾ ਖਤਰੇ ‘ਚ ਜਾਪਦਾ ਹੈ, ਜਿਹੜੇ ਸਰਕਾਰ ਦੇ ਪਿੱਠੂ ਹਨ, ਭਾਰਤੀ ਏਜੰਸੀਆਂ ਲਈ ਕੰਮ ਕਰਦੇ ਹਨ ਤੇ ਪੰਥਕ ਸਫ਼ਾਂ ‘ਚ ਘੁਸਪੈਠ ਕਰਕੇ ਸਰਗਰਮ ਹਨ ਓਹੀ ਲੋਕ ਅਜਿਹੀਆਂ ਗੱਲਾਂ ਪ੍ਰਚਾਰਦੇ ਹਨ ਤੇ ਕਈ ਲੋਕ ਜਾਣੇ-ਅਨਜਾਣੇ ਵੀ ਸੰਤ ਭਿੰਡਰਾਂਵਾਲ਼ਿਆਂ ਅਤੇ ਖ਼ਾਲਿਸਤਾਨ ਨੂੰ ਵੱਖ ਕਰਕੇ ਵੇਖਦੇ ਹਨ। ਇਹ ਸਭ ਕੁਝ ਇਸ ਕਰ ਕੇ ਪ੍ਰਚਾਰਿਆ ਜਾਂਦਾ ਹੈ ਕਿ ਸਿੱਖ ਨੌਜਵਾਨਾਂ ਨੂੰ ਖ਼ਾਲਿਸਤਾਨ ਦੇ ਨਿਸ਼ਾਨੇ ਤੋਂ ਹਟਾ ਕੇ ਭਾਰਤੀ ਮੁੱਖਧਾਰਾ ਨਾਲ਼ ਜੋੜਿਆ ਜਾਵੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇੱਕ ਪਾਸੇ ਇਹ ਲੋਕ ‘ਰਾਜ ਕਰੇਗਾ ਖ਼ਾਲਸਾ’ ਦਾ ਦੋਹਰਾ ਵੀ ਪੜ੍ਹਦੇ ਹਨ ਤੇ ਦੂਜੇ ਪਾਸੇ ਖ਼ਾਲਿਸਤਾਨ ਦਾ ਵਿਰੋਧ ਵੀ ਕਰਦੇ ਹਨ।
ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ ਤਕਰੀਰਾਂ ਪੜ੍ਹ-ਸੁਣ ਕੇ ਇਸ ਨਿਰਣੇ ਉੱਤੇ ਪਹੁੰਚਿਆ ਜਾ ਸਕਦਾ ਹੈ ਕਿ ਸੰਤ ਜੀ ਖ਼ਾਲਿਸਤਾਨੀ ਸਨ ਜਾਂ ਨਹੀਂ। ਧਰਮ ਯੁੱਧ ਮੋਰਚੇ ਦੌਰਾਨ ਸੰਤ ਜੀ ਕਿਹਾ ਕਰਦੇ ਸਨ ਕਿ “ਅਸੀਂ ਨਾ ਤਾਂ ਖ਼ਾਲਿਸਤਾਨ ਦੀ ਵਿਰੋਧਤਾ ਕਰਦੇ ਆਂ ਤੇ ਨਾ ਅਜੇ ਹਮਾਇਤ ਕਰਦੇ ਆਂ, ਚੁੱਪ ਆਂ। ਇੱਕ ਗੱਲ ਨਿਸ਼ਚੈ ਵਾਚਕ ਆ, ਜੇ ਐਤਕੀਂ ਹਿੰਦੁਸਤਾਨ ਦੀ ਰਾਣੀ ਨੇ ਖ਼ਾਲਿਸਤਾਨ ਦੇ ਦਿੱਤਾ ਤੇ ਲੈ ਜ਼ਰੂਰ ਲਵਾਂਗੇ, 1947 ਵਾਲ਼ੀ ਗ਼ਲਤੀ ਕਰਕੇ ਛੱਡਦੇ ਨਹੀਂ।” ਇੱਕ ਹੋਰ ਵੱਖਰੀ ਤਕਰੀਰ ‘ਚ ਕਹਿੰਦੇ ਹਨ ਕਿ “ਮੰਗਦੇ ਹਾਂ ਨਹੀਂ ਤੇ ਵਿਰੋਧਤਾ ਕਰਦੇ ਨਹੀਂ, ਪਰ ਐਤਕੀਂ ਸੈਂਟਰ ਨੇ ਖ਼ਾਲਿਸਤਾਨ ਦੇ ਦਿੱਤਾ ਤਾਂ ਲੈ ਲੈਣਾ, 1947 ਵਾਲ਼ੀ ਗ਼ਲਤੀ ਨਹੀਂ ਕਰਨੀ।”
ਇਸੇ ਤਰ੍ਹਾਂ ਇੱਕ ਹੋਰ ਰਿਕਾਰਡਿੰਗ ‘ਚ ਉਹਨਾਂ ਦੇ ਬੋਲ ਹਨ ਕਿ “ਜੇ ਖ਼ਾਲਿਸਤਾਨ ਸਾਨੂੰ ਇਹ ਮੱਲੋ-ਮੱਲੀ ਦੇਣਗੇ, ਹਰ ਹਾਲਤ ਲੈ ਲੈਣਾ 1947 ਵਾਲ਼ੀ ਜਿਹੜੀ ਗ਼ਲਤੀ ਬਲਦੇਵ ਸਿਹੁੰ ਹੁਰਾਂ ਨੇ ਕਰਕੇ ਭੱਠਾ ਬਿਠਾਇਆ ਉਹ ਨਹੀਂ ਬੈਠਣ ਦੇਣਾ। ਜੇ ਤਾਂ ਬਰਾਬਰ ਦੇ ਸ਼ਹਿਰੀ ਮੰਨ ਕੇ ਹੱਕ ਦੇ ਦਿੱਤਾ ਤੇ ਫਿਰ ਵੀ ਵਾਹ ਭਲੀ, ਤੇ ਜੇ ਇਹ ਨਾ ਦਿੱਤਾ ਤੇ ਕਹਿ ਦਿੱਤਾ ਖ਼ਾਲਿਸਤਾਨ ਲੈ ਲਵੋ ਤੇ ਫਿਰ ਜ਼ਰੂਰ ਲੈ ਲਵਾਂਗੇ, ਛੱਡਣਾ ਨਹੀਂ। ਕਈ ਕਹਿੰਦੇ ਭਾਈ ਛੋਟਾ ਦੇਣਗੇ, ਵੱਡਾ ਦੇਣਗੇ। ਸਿੱਖ ਦਾ ਕੰਮ ਤਾਂ ਪਹਿਲਾਂ ਕਹਿੰਦੇ ਖਲੋਣ ਨੂੰ ਥਾਂ ਦੇਹ, ਬਹਿਣ ਨੂੰ ਮੈਂ ਆਪੇ ਬਣਾ ਲਊਂ। ਇਹ ਚੱਪਾ ਦੇਣ ਤਾਂ ਸਹੀਂ ਕਿਤੇ, ਅੱਗੇ ਜਿਹੋ ਜਿਹਾ ਕਰੂਗਾ, ਓਹੋ ਜਿਹਾ ਹੋ ਜਾਊ।”
ਸੰਤਾਂ ਦੇ ਇਹਨਾਂ ਬਚਨਾਂ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਉਹ ਖ਼ਾਲਿਸਤਾਨ ਲੈਣ ਲਈ ਕਿੰਨੇ ਕਾਹਲ਼ੇ, ਉਤਾਵਲ਼ੇ ਅਤੇ ਗੰਭੀਰ ਸਨ, ਤੇ ਕਿਸੇ ਪ੍ਰਕਾਰ ਵੀ ਅਜਿਹੀ ਗ਼ਲਤੀ ਨਹੀਂ ਸੀ ਕਰਨਾ ਚਾਹੁੰਦੇ ਜੋ ਅਕਾਲੀ ਆਗੂਆਂ ਨੇ 1947 ‘ਚ ਭਾਰਤ ਨਾਲ਼ ਸਿੱਖ ਕੌਮ ਦੀ ਕਿਸਮਤ ਜੋੜ ਕੇ ਕਰ ਦਿੱਤੀ ਸੀ ਤੇ ਸਿੱਖਾਂ ਨੂੰ ਗੋਰਿਆਂ ਦੀ ਗ਼ੁਲਾਮੀ ‘ਚੋਂ ਕੱਢ ਕੇ ਕਾਲ਼ਿਆਂ ਦੀ ਗ਼ੁਲਾਮੀ ‘ਚ ਧਕੇਲ ਦਿੱਤਾ। 1947 ਤੋਂ 1984 ਤਕ ਸਿੱਖਾਂ ‘ਤੇ ਹੋ ਰਹੇ ਜ਼ੁਲਮਾਂ ਨੂੰ ਸੰਤ ਜਰਨੈਲ ਸਿੰਘ ਨੇ ਕੇਵਲ ਵੇਖਿਆ ਜਾਂ ਸੁਣਿਆ ਹੀ ਨਹੀਂ ਸਗੋਂ ਉਸ ਪੀੜ ਨੂੰ ਖ਼ੁਦ ਮਹਿਸੂਸ ਵੀ ਕੀਤਾ।
ਸੰਤ ਜੀ ਚਾਹੁੰਦੇ ਸਨ ਕਿ ਸਿੱਖ ਆਪਣੀ ਕਿਸਮਤ ਦੇ ਖ਼ੁਦ ਮਾਲਕ ਬਣਨ। ਉਹਨਾਂ ਨੂੰ ਪਤਾ ਸੀ ਕਿ ਸਿੱਖ ਧਰਮ ਖ਼ਾਲਿਸਤਾਨ ਵਿੱਚ ਹੀ ਸੁਰੱਖਿਅਤ ਰਹਿ ਸਕਦਾ ਹੈ ਤੇ ਉਹਨਾਂ ਦਾ ਮੰਨਣਾ ਸੀ ਕਿ ਖ਼ਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਰੱਤੀ ਭਰ ਵੀ ਗੁਜ਼ਾਰਾ ਨਹੀਂ ਹੈ। ਸੰਤ ਜੀ ਇਸ ਗੱਲ ਤੋਂ ਵੀ ਪੂਰੀ ਤਰ੍ਹਾਂ ਜਾਣੂ ਸਨ ਕਿ ਜੇ ਉਹਨਾਂ ਨੇ ਪੂਰੀ ਖੁੱਲ੍ਹ ਕੇ ਖ਼ਾਲਿਸਤਾਨ ਦੀ ਗੱਲ ਕੀਤੀ ਤਾਂ ਅਕਾਲੀ ਦਲ ਦੇ ਆਗੂ ਮੋਰਚਾ ਛੱਡ ਕੇ ਭੱਜ ਜਾਣਗੇ, ਤੇ ਕੁਝ ਸਿੱਖਾਂ ਨੂੰ ਵੀ ਇੱਕਦਮ ਇਹ ਗੱਲ ਪਚਾਉਣੀ ਔਖੀ ਹੋ ਜਾਵੇਗੀ। ਇਸ ਲਈ ਪਹਿਲਾਂ ਉਹਨਾਂ ਦੇ ਹਾਜ਼ਮੇ ਨੂੰ ਠੀਕ ਕਰਨ ਅਤੇ ਅਖੌਤੀ ਰਾਸ਼ਟਰਵਾਦ ਦਾ ਬੁਰਕਾ ਲਾਹੁਣ ਦੀ ਲੋੜ ਹੈ ਤਾਂ ਜੋ ਹੌਲ਼ੀ-ਹੌਲ਼ੀ ਸਿੱਖਾਂ ਨੂੰ ਖ਼ਾਲਸਾਈ ਮੁੱਖ-ਧਾਰਾ ਵਿੱਚ ਲਿਆਂਦਾ ਜਾ ਸਕੇ।
ਇਸੇ ਲਈ ਸੰਤ ਜੀ ਆਪਣੀ ਹਰੇਕ ਤਕਰੀਰ ‘ਚ ਸਿੱਖ ਕੌਮ ਦੇ ਗਲੋਂ ਗ਼ੁਲਾਮੀ ਲਾਹੁਣ ਤੇ ਅਜ਼ਾਦੀ ਪ੍ਰਾਪਤ ਕਰਨ ਦੀ ਗੱਲ ਕਰਦੇ ਸਨ। ਸੰਤ ਜੀ ਕਿਹਾ ਕਰਦੇ ਸਨ ਕਿ “ਹਰ ਇੱਕ ਬੱਚੇ ਨੂੰ, ਮਾਈ ਅਤੇ ਸਿੰਘ ਨੂੰ ਇਹ ਅਹਿਸਾਸ ਕਰਵਾ ਦਿਓ ਕਿ ਅਸੀਂ ਗ਼ੁਲਾਮ ਆਂ ਤੇ ਗ਼ੁਲਾਮੀ ਗਲੋਂ ਲਾਹ ਕੇ ਜਿਊਣਾ।” ਇੱਕ ਹੋਰ ਤਕਰੀਰ ‘ਚ ਸੰਤਾਂ ਨੇ ਕਿਹਾ ਕਿ “ਹਰ ਇੱਕ ਮਾਈ-ਭਾਈ, ਬੱਚੇ, ਨੌਜੁਆਨ ਤੇ ਬਜ਼ੁਰਗ ਨੂੰ ਇਹ ਅਹਿਸਾਸ ਕਰਾਉਣਾ ਚਾਹੀਦਾ ਏ ਕਿ ਆਪਾਂ ਹਿੰਦੁਸਤਾਨ ਵਿੱਚ ਗ਼ੁਲਾਮ ਆਂ।” ਸੰਤਾਂ ਦੇ ਇਹ ਬਚਨ ਵੀ ਸੁਣਨ ਨੂੰ ਮਿਲ਼ਦੇ ਹਨ ਕਿ ਇੱਕੋ ਗੱਲ ਚੇਤੇ ਰੱਖੋ ਕਿ 1947 ‘ਚ ਅਸੀਂ ਟੋਪੀ ਤੇ ਜਨੇਊ ਨੂੰ ਅਜ਼ਾਦ ਕਰਵਾਇਆ ਸੀ, ਹੁਣ ਅਸੀਂ ਆਪਣੀ ਪੱਗ ਅਜ਼ਾਦ ਕਰਵਾਉਣੀ ਆਂ।”
ਇਹਨਾਂ ਬਚਨਾਂ ਤੋਂ ਹੋਰ ਵੀ ਸਪਸ਼ਟ ਹੋ ਜਾਂਦਾ ਹੈ ਕਿ 1947 ‘ਚ ਜਿਵੇਂ ਭਾਰਤ-ਪਾਕਿਸਤਾਨ ਅਜ਼ਾਦ ਹੋਇਆ ਸੀ, ਇਸੇ ਤਰ੍ਹਾਂ ਸੰਤ ਜੀ ਸਿੱਖਾਂ ਦੇ ਵੱਖਰੇ ਮੁਲਕ ਖ਼ਾਲਿਸਤਾਨ ਨੂੰ ਵੀ ਅਜ਼ਾਦ ਵੇਖਣਾ ਚਾਹੁੰਦੇ ਸਨ। ਗ਼ੁਲਾਮੀ ਗਲੋਂ ਲਾਹੁਣ ਦਾ ਤਾਂ ਸਾਫ਼-ਸਾਫ਼ ਏਹੀ ਮਤਲਬ ਹੈ ਕਿ ਉਹ ਹਿੰਦੂ ਸਾਮਰਾਜ ਤੋਂ ਅਜ਼ਾਦੀ ਚਾਹੁੰਦੇ ਸਨ, ਭਾਰਤ ‘ਚ ਸਿੱਖਾਂ ਦਾ ਦਮ ਘੁੱਟ ਰਿਹਾ ਸੀ, ਸਿੱਖਾਂ ਦੇ ਹੱਕ-ਹਕੂਕ ਕੇਵਲ ਖੋਹੇ ਹੀ ਨਹੀਂ ਸੀ ਜਾ ਰਹੇ ਬਲਕਿ ਸਿੱਖਾਂ ਦੀ ਵੱਖਰੀ ਹੋਂਦ-ਹਸਤੀ ਤੇ ਨਿਆਰੀ ਪਛਾਣ ਵੀ ਖਤਰੇ ‘ਚ ਸੀ ਤੇ ਸਿੱਖਾਂ ਦੀ ਨਸਲਕੁਸ਼ੀ ਦਾ ਮੁੱਢ ਬੰਨ੍ਹਿਆ ਜਾ ਰਿਹਾ ਸੀ।
13 ਅਪ੍ਰੈਲ 1978 ਨੂੰ 13 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, 20 ਸਤੰਬਰ 1981 ਨੂੰ ਸੰਤ ਭਿੰਡਰਾਂਵਾਲ਼ਿਆਂ ਦੀ ਗ੍ਰਿਫ਼ਤਾਰੀ ਦੌਰਾਨ 18 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਧਰਮ ਯੁੱਧ ਮੋਰਚੇ ਦੌਰਾਨ ਵੀ 200 ਦੇ ਕਰੀਬ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਚੁੱਕਿਆ ਸੀ। ਜਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ 19 ਜੁਲਾਈ 1982 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਮੋਰਚਾ ਲਾਇਆ ਸੀ ਤਾਂ ਉਸ ਸਮੇਂ ਵੀ ਸੰਤਾਂ ਨੇ ਸਿੱਖਾਂ ਦੇ ਗਲੋਂ ਗ਼ੁਲਾਮੀ ਲਾਹੁਣ ਦੀ ਅਰਦਾਸ ਕੀਤੀ ਸੀ।
ਸੰਤ ਜੀ ਕਹਿੰਦੇ ਸਨ ਕਿ “ਜਦੋਂ ਤਕ ਸਿੱਖ ਕੌਮ ਦੇ ਗਲੋਂ ਗ਼ੁਲਾਮੀ ਨਹੀਂ ਲਹਿੰਦੀ, ਓਦੋਂ ਤਕ ਇਹ ਸੰਘਰਸ਼ ਜਾਰੀ ਰਹੇਗਾ।” ਸੰਤ ਜੀ ਅਕਾਲੀ ਆਗੂਆਂ ਨੂੰ ਨਸੀਹਤ ਦਿੰਦਿਆਂ ਕਹਿੰਦੇ ਸਨ ਕਿ “ਜਦੋਂ ਤਕ ਮਰਨਾ ਨਹੀਂ ਮੰਡਦੇ, ਤਦੋਂ ਤਕ ਗ਼ੁਲਾਮੀ ਗਲੋਂ ਲਹਿਣੀ ਨਹੀਂ। ਜਦੋਂ ਤਕ ਗ਼ੁਲਾਮੀ ਗਲੋਂ ਲਹਿੰਦੀ ਨਹੀਂ, ਤਦੋਂ ਤਕ ਕਿੰਨਾ ਕਹੀ ਚੱਲੋ ਕਿ ਅਸੀਂ ਵਾਰਨਿੰਗ ਦਿੰਦੇ ਆਂ, ਅਸੀਂ ਨਿਖੇਧੀ ਕਰਦੇ ਆਂ, ਇਹਦੇ ਗੰਭੀਰ ਸਿੱਟੇ ਨਿਕਲ਼ਣਗੇ, ਸਰਕਾਰ ਨੂੰ ਸੋਚ ਲੈਣਾ ਚਾਹੀਦਾ ਪਰ ਇਹਦਾ ਜ਼ਰਾ ਅਸਰ ਨਹੀਂ ਹੋਣਾ। ਸਗੋਂ ਸੋਚਣਾ ‘ਤੇ ਸਾਨੂੰ ਚਾਹੀਦਾ ਕਿ ਅਸੀਂ ਜ਼ਲੀਲਗੀ ਤੋਂ ਬਚਣਾ ਕਿਵੇਂ ? ਸਰਕਾਰ ਤਾਂ ਸੋਚੀ ਜਾਂਦੀ ਆ ਕਿ ਇਹਨਾਂ ਦੀ ਇੱਜ਼ਤ ਲੁੱਟੋ ਤੇ ਜ਼ਲੀਲ ਕਰੋ।”
ਸੰਤ ਜੀ ਸਿੱਖਾਂ ਨੂੰ ਹਲੂਣਾ ਦਿੰਦਿਆਂ ਕਹਿੰਦੇ ਸਨ ਕਿ “ਗ਼ੁਲਾਮੀ ਹਮੇਸ਼ਾਂ ਓਦੋਂ ਗਲੋਂ ਲਹਿੰਦੀ ਆ, ਜਦੋਂ ਮਨੁੱਖ ਇਹ ਅਹਿਸਾਸ ਕਰ ਲਵੇ ਕਿ ਮੈਂ ਗ਼ੁਲਾਮੀ ਦੀ ਜ਼ਿੰਦਗੀ ਨਾਲ਼ੋਂ ਮੌਤ ਨੂੰ ਪਸੰਦ ਕਰਦਾਂ।” ਉਹ ਕਹਿੰਦੇ ਸਨ ਕਿ “ਇਹਤੋਂ ਵੱਧ ਗ਼ੁਲਾਮੀ ਆਪਣੇ ਲਈ ਹੋਰ ਕੀ ਹੋਵੇਗੀ ਕਿ ਪੰਡਿਤਾਂ ਦੇ ਘਰ ਜੰਮਿਆਂ ਜੋ ਮਰਜ਼ੀ ਕਰੇ, ਪਰ ਸਿੱਖਾਂ ਦੇ ਘਰ ਜੰਮਿਆ ਮੁੰਡਾ ਬੋਲ ਵੀ ਨਹੀਂ ਸਕਦਾ।” ਸੰਤਾਂ ਨੂੰ ਪਤਾ ਸੀ ਕਿ ਹਿੰਦ ਸਰਕਾਰ ਨੇ ਸਿੱਖਾਂ ਨੂੰ ਦਬਾਉਣ, ਗ਼ੁਲਾਮ ਬਣਾਉਣ ਤੇ ਉਹਨਾਂ ਨੂੰ ਖ਼ਤਮ ਕਰਨ ਦਾ ਏਜੰਡਾ ਨਹੀਂ ਛੱਡਣਾ। ਇਸੇ ਲਈ ਸੰਤ ਜੀ ਪਹਿਲਾਂ ਹੀ ਭਵਿੱਖਬਾਣੀ ਕਰਦਿਆਂ ਕਹਿੰਦੇ ਰਹੇ ਕਿ “ਖ਼ਾਲਿਸਤਾਨ ਭਾਵੇਂ ਸਾਡੀ ਮੰਗ ਨਹੀਂ ਹੈ ਪਰ ਜੇਕਰ ਸਿੱਖਾਂ ਵਿਰੁੱਧ ਸਥਿਤੀ ਇਸੇ ਤਰ੍ਹਾਂ ਦੀ ਬਣੀ ਰਹੀ, ਤਾਂ ਉਹਨਾਂ ਦੀ ਸੋਚਣੀ ਵਿੱਚ ਖ਼ਾਲਿਸਤਾਨ ਦੀ ਤਸਵੀਰ ਉਭਰਨ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।”
ਸੰਤਾਂ ਨੇ ਭਾਰਤੀ ਸਟੇਟ ਨੂੰ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਸਿੱਖ ਬੇਚੈਨ ਹਨ, ਬਾਗ਼ੀ ਹਨ ਅਤੇ ਉਹ ਆਪਣੇ ਹੱਕਾਂ ਲਈ ਲੜਨਗੇ, ਵਾਰ-ਵਾਰ ਲੜਨਗੇ ਅਤੇ ਆਖ਼ਰੀ ਦਮ ਤਕ ਲੜਨਗੇ। ਸੰਤ ਜੀ ਆਪਣੀਆਂ ਤਕਰੀਰਾਂ ‘ਚ ਸਿੱਖਾਂ ਨੂੰ ਵਾਰ-ਵਾਰ ਗ਼ੁਲਾਮੀ ਦੀਆਂ ਨਿਸ਼ਾਨੀਆਂ ਵੀ ਗਿਣਾਉਂਦੇ ਰਹੇ ਤੇ ਉਹਨਾਂ ਨੂੰ ਅਜ਼ਾਦੀ ਦੀ ਲੜਾਈ ਲੜਨ ਲਈ ਤਿਆਰ ਕਰਦੇ ਰਹੇ। ਤੇ ਜਿਹੜੀ ਅਜ਼ਾਦੀ ਸਿੱਖਾਂ ਨੇ ਪ੍ਰਾਪਤ ਕਰਨੀ ਸੀ ਉਹ ਵੱਖਰਾ ਮੁਲਕ ਖ਼ਾਲਿਸਤਾਨ ਹੀ ਸੀ ਕਿਉਂਕਿ ਖ਼ਾਲਿਸਤਾਨ ਤੋਂ ਬਿਨਾਂ ਤਾਂ ਸਿੱਖਾਂ ਦੀ ਸੰਤੁਸ਼ਟੀ ਹੀ ਨਹੀਂ ਸੀ ਹੋਣੀ, ਅਨੰਦਪੁਰ ਦੇ ਮਤੇ ਜਾਂ ਵੱਧ ਹੱਕ ਮਿਲ਼ਣ ਨਾਲ਼ ਵੀ ਗੱਲ ਨਹੀਂ ਸੀ ਬਣਨੀ।
ਇਸੇ ਲਈ ਜਦ ‘ਸੰਤ ਸਿਪਾਹੀ’ ਰਸਾਲੇ ਦੇ ਇੱਕ ਪੱਤਰਕਾਰ ਨੇ ਸਵਾਲ ਕੀਤਾ ਕਿ “ਕੀ ਮੌਜੂਦਾ ਅਕਾਲੀ ਦਲ ਦੀਆਂ ਮੰਗਾਂ ਮੰਨਣ ਨਾਲ਼ ਸਿੱਖਾਂ ਦੀ ਤਸੱਲੀ ਹੋ ਜਾਵੇਗੀ ਤੇ ਕੋਈ ਹੋਰ ਮੰਗ ਫੌਰਨ ਨਹੀਂ ਉੱਠੇਗੀ ?” ਤਾਂ ਸੰਤ ਭਿੰਡਰਾਂਵਾਲ਼ਿਆਂ ਨੇ ਜਵਾਬ ‘ਚ ਕਿਹਾ ਕਿ “ਇਹ ਤਾਂ ਵਕਤ ਹੀ ਦੱਸੇਗਾ ਪਰ ਇੱਕ ਵਾਰ ਸ਼ਾਂਤੀ ਜ਼ਰੂਰ ਹੋ ਜਾਵੇਗੀ।”
ਫਿਰ ਜਦ ਖ਼ਾਲਿਸਤਾਨ ਬਾਰੇ ਤੁਹਾਡੀ ਕੀ ਰਾਏ ਹੈ ਦਾ ਸਵਾਲ ਪੁੱਛਿਆ ਗਿਆ ਤਾਂ ਸੰਤਾਂ ਨੇ ਕਿਹਾ ਕਿ “ਜਿਸ ਤਰ੍ਹਾਂ ਕਿ ਸਰਕਾਰ ਥਾਲ ਵਿੱਚ ਪਰੋਸੀ ਸਾਨੂੰ ਖ਼ਾਲਿਸਤਾਨ ਦੇਣ ਨੂੰ ਫਿਰਦੀ ਹੈ ਤੇ ਅਸੀਂ ਲੈਂਦੇ ਨਹੀਂ। ਖ਼ਾਲਿਸਤਾਨ ਦੇਂਦਾ ਕੌਣ ਹੈ ? ਜੇ ਸਰਕਾਰ ਦੇਵੇ ਤਾਂ ਮੇਰੀ ਸਲਾਹ ਹੈ ਕਿ ਲੈ ਲੈਣਾ ਚਾਹੀਦਾ ਹੈ। ਅਸੀਂ ਰੋਜ਼ ਕਹੀ ਜਾਂਦੇ ਹਾਂ ਕਿ ਸਾਨੂੰ ਖ਼ਾਲਿਸਤਾਨ ਨਹੀਂ ਚਾਹੀਦਾ, ਅਸੀਂ ਹਿੰਦੁਸਤਾਨ ਵਿੱਚ ਹੀ ਰਹਿਣਾ ਹੈ, ਇਹਨਾਂ ਨੂੰ ਨਰਾਜ਼ ਨਹੀਂ ਹੋਣ ਦੇਣਾ। ਇੱਕੋ ਪਹੀਏ ‘ਤੇ ਗੱਡੀ ਕਿੰਨੀ ਦੇਰ ਚੱਲੇਗੀ ?” ਸੰਤਾਂ ਨੇ ਕਿਹਾ ਸੀ ਕਿ “ਇਸ ਅਜ਼ਾਦੀ ਨੂੰ ਨਾ ਮੈਂ ਕਦੇ ਅਜ਼ਾਦੀ ਕਿਹਾ, ਨਾ ਕਹਿਨਾ ਤੇ ਨਾ ਅਜੇ ਕਹਿਣਾ, ਜਦੋਂ ਅਜ਼ਾਦ ਹੋਵਾਂਗੇ ਕਹਿ ਲਵਾਂਗੇ। ਸਿੱਖ ਭਾਰਤ ’ਚ ਗ਼ੁਲਾਮ ਨੇ, ਅਸੀਂ ਗ਼ੁਲਾਮੀ ਦੀਆਂ ਜ਼ੰਜੀਰਾਂ ਕੱਟਣੀਆਂ।”
ਸੰਤਾਂ ਨੇ ਸਾਫ਼ ਕਰ ਦਿੱਤਾ ਕਿ ਭਾਰਤ ਨਾਲ਼ ਰਹਿ ਕੇ ਹੁਣ ਗੱਲ ਨਹੀਂ ਬਣਨੀ। ਜਦੋਂ ਪੱਤਰਕਾਰ ਨੇ ਸੰਤਾਂ ਤੋਂ ਇਹ ਪੁੱਛਿਆ ਕਿ “ਕੀ ਹੁਣ ਸਿੱਖ ਭਾਰਤ ਨਾਲ਼ ਰਹਿ ਸਕਦੇ ਹਨ ? ਤਾਂ ਸੰਤਾਂ ਨੇ ਜਵਾਬ ਦਿੱਤਾ ਕਿ “ਸੱਚੀ ਗੱਲ ਤਾਂ ਇਹ ਹੈ ਕਿ ਹੁਣ ਭਾਰਤ ਨਾਲ਼ ਰਹਿਣਾ ਔਖਾ ਹੈ।”
ਘੱਲੂਘਾਰੇ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਨੇ ਅਕਾਲ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰ ਸਿੰਘ ਧਾਮੀ ਪਾਸੋਂ 26 ਜਨਵਰੀ 1984 ਨੂੰ ਖ਼ਾਲਿਸਤਾਨ ਦਾ ਸੰਵਿਧਾਨ ਵੀ ਜਾਰੀ ਕਰਵਾਇਆ ਸੀ ਜਿਨ੍ਹਾਂ ਵਿੱਚ ਮੇਰੇ ਸਹੁਰਾ-ਪਿਤਾ ਜਥੇਦਾਰ ਸ. ਜਗਜੀਤ ਸਿੰਘ ਨਿਹੰਗ ਵੀ ਸ਼ਾਮਲ ਸਨ। ਸੰਤ ਜੀ ਤਾਂ ਇਹ ਵੀ ਕਹਿੰਦੇ ਸਨ ਕਿ ਖ਼ਾਲਿਸਤਾਨ ਦਾ ਝੰਡਾ ਵੀ ਤਿਆਰ ਕਰਵਾਇਆ ਜਾਵੇ। ਸੰਤ ਜੀ ਖ਼ਾਲਿਸਤਾਨ ਦੀ ਗੱਲ ਕਰਨ ਵਾਲ਼ੇ ਆਗੂਆਂ ਦਾ ਬੇਹੱਦ ਸਤਿਕਾਰ ਕਰਦੇ ਸਨ, ਚਾਹੇ ਉਹ ਦਲ ਖ਼ਾਲਸਾ ਦੇ ਆਗੂ ਭਾਈ ਗਜਿੰਦਰ ਸਿੰਘ ਹੋਣ ਜਾਂ ਡਾ. ਜਗਜੀਤ ਸਿੰਘ ਚੌਹਾਨ, ਭਾਈ ਗੁਰਮੀਤ ਸਿੰਘ ਔਲਖ ਤੇ ਭਾਈ ਬਲਬੀਰ ਸਿੰਘ ਸੰਧੂ ਆਦਿਕ।
ਜਦ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਉੱਤੇ ਖ਼ਾਲਿਸਤਾਨ ਦਾ ਕੇਸ ਦਰਜ਼ ਕਰਨ ਦੀ ਅਖ਼ਬਾਰਾਂ ‘ਚ ਚਰਚਾ ਹੋਈ ਤਾਂ ਇਸ ਦੇ ਜਵਾਬ ‘ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਨੇ ਕਿਹਾ ਕਿ “ਆਹ ਮੈਨੂੰ ਭਾਈ ਕਹਿੰਦੇ ਕਿ ਖ਼ਾਲਿਸਤਾਨ ਦੇ ਨਾਂਅ ‘ਤੇ ਅਮਰੀਕ ਸਿੰਘ ਨੂੰ ਨਜ਼ਰਬੰਦ ਕਰਨ ਲੱਗੇ ਆ। ਮੈਂ ਤੇ ਆਹਨਾ, ਚੰਗਾ ਜੇ ਕਰ ਦੇਣ ਤੇ। ਜੇ ਇੱਕ ਸਾਲ ਵਾਸਤੇ ਉਹਨੂੰ ਨਜ਼ਰਬੰਦ ਖ਼ਾਲਿਸਤਾਨ ਦੇ ਨਾਂਅ ‘ਤੇ ਕਰ ਦੇਣ ਤੇ ਬਹੁਤ ਚੰਗਾ ਹੋਵੇ, ਕਿਉਂਕਿ ਹੁਣ ਘੁਟਵੇਂ ਜਿਹੇ ਬੈਠੇ ਆਂ, ਚੁੱਪ ਕੀਤੇ ਤੇ ਜੇ ਕਿਤੇ ਖ਼ਾਲਿਸਤਾਨ ਦੇ ਨਾਂਅ ਉੱਤੇ ਝੂਠਾ ਕੇਸ ਬਣਾ ਕੇ ਤੇ ਉਹਨੂੰ ਕਹਿ ਦੇਣ ਖ਼ਾਲਿਸਤਾਨੀ ਆਂ ਤੇ ਫਿਰ ਜਿੱਥੇ ਸਾਲਾਂ ਨੂੰ ਬਣਨਾ, ਓਥੇ ਮਹੀਨਿਆਂ ‘ਚ ਬਣ ਜਾਊਗਾ, ਹੋਰ ਆਪਾਂ ਕੀ ਭਾਲ਼ਦੇ ਆਂ।”
ਸੰਤ ਜੀ ਕਿਹਾ ਕਰਦੇ ਸਨ ਕਿ “ਅਸੀਂ ਆਜ਼ਾਦ ਹੋ ਕੇ ਜਿਊਣਾ ਚਾਹੁੰਦੇ ਹਾਂ, ਬਰਾਬਰ ਦੇ ਸ਼ਹਿਰੀ ਬਣ ਕੇ, ਗ਼ੁਲਾਮ ਬਣ ਕੇ ਨਹੀਂ ਰਹਿਣਾ। ਛੱਤੀ ਸਾਲ ਬਥੇਰੀ ਗ਼ੁਲਾਮੀ ਝੱਲ ਲਈ ਆ। ਹੁਣ ਸਿਰ ਜਿੰਨੇ ਮਰਜ਼ੀ ਲਾਉਣੇ ਪੈਣ ਪਰ ਅਜ਼ਾਦ ਹੋਣਾ।” ਸੰਤ ਜਰਨੈਲ ਸਿੰਘ ਜੀ ਦਾ ਕਹਿਣਾ ਸੀ ਕਿ “ਜੇ ਚਾਰ-ਪੰਜ ਲੱਖ ਸ਼ਹਾਦਤਾਂ ਦੇ ਕੇ ਖ਼ਾਲਿਸਤਾਨ ਬਣ ਜਾਵੇ ਤਾਂ ਸੌਦਾ ਮਹਿੰਗਾ ਨਹੀਂ ਹੈ।” ਉਹ ਕਹਿੰਦੇ ਸਨ ਕਿ “ਹਲੇਮੀ ਰਾਜ ਨੂੰ ਕਾਇਮ ਕਰਨ ਦਾ ਨਿਸ਼ਚਾ ਤਾਂ ਹੀ ਪ੍ਰਾਪਤ ਹੋਵੇਗਾ, ਜੇ ਹਿਰਸ ਤੇ ਲਾਲਚ ਤੋਂ ਮੁਕਤ ਹੋ ਕੇ ਗੁਰੂ ਕੀ ਬਾਣੀ ‘ਤੇ ਨਿਸ਼ਚਾ ਰੱਖਾਂਗੇ ਤੇ ਨਿਸ਼ਾਨ ਸਾਹਿਬ ਦੇ ਥੱਲੇ ਰਹਾਂਗੇ।”
ਸੰਤ ਜੀ ਤਾਂ ਰੋਮ-ਰੋਮ ਕਰਕੇ ਖ਼ਾਲਿਸਤਾਨ ਦੇ ਇਛੁੱਕ ਅਤੇ ਹਾਮੀ ਸਨ। ਇਸ ਸੰਬੰਧੀ ਉਹਨਾਂ ਦਾ ਸਟੈਂਡ ਕੋਈ ਗੁੰਝਲਦਾਰ, ਲੁਕਵਾਂ, ਦੋਗਲਾ ਜਾਂ ਵਿਰੋਧੀ ਨਹੀਂ ਬਲਕਿ ਉਹ ਤਾਂ ਪੂਰੇ ਸਾਫ਼, ਸਪਸ਼ਟ ਅਤੇ ਦ੍ਰਿੜਤਾ ਸਹਿਤ ਖ਼ਾਲਿਸਤਾਨੀ ਸੰਘਰਸ਼ ਦੇ ਮੋਹਰੀ ਆਗੂ ਸਨ ਤੇ ਖ਼ਾਲਿਸਤਾਨ ਲਈ ਸੰਘਰਸ਼ਸ਼ੀਲ ਵੀ ਸਨ। ਉਹਨਾਂ ਨੇ ਆਪਣੇ ਜੋਸ਼ੀਲੇ, ਪ੍ਰਭਾਵਸ਼ਾਲੀ ਤੇ ਕ੍ਰਾਂਤੀਕਾਰੀ ਬੋਲਾਂ ਰਾਹੀਂ ਲੱਖਾਂ ਸਿੱਖਾਂ ਨੂੰ ਖ਼ਾਲਿਸਤਾਨੀ ਬਣਾਇਆ, ਅਜ਼ਾਦੀ ਦੀ ਐਸੀ ਚਿਣਗ ਜਗਾਈ ਜੋ ਸੂਰਜ ਬਣ ਗਈ ਤੇ ਬੁਲੰਦੀਆਂ ‘ਤੇ ਪਹੁੰਚ ਗਈ।
ਜਦ ਭਾਰਤੀ ਫ਼ੌਜ ਨੇ ਜੂਨ 1984 ‘ਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕਹਿਰੀ ਹਮਲਾ ਕੀਤਾ ਤਾਂ ਇਸ ਨਾਲ਼ ਖ਼ਾਲਿਸਤਾਨ ਦੀ ਨੀਂਹ ਰੱਖੀ ਗਈ, ਹੁਣ ਖ਼ਾਲਿਸਤਾਨ ਨੂੰ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਅਤੇ ਉਹਨਾਂ ਦੇ ਜੁਝਾਰੂ ਸਾਥੀਆਂ ਦੇ ਪਵਿੱਤਰ ਸੀਸ ਖ਼ਾਲਿਸਤਾਨ ਦੀਆਂ ਨੀਂਹਾਂ ‘ਚ ਲਗ ਗਏ ਤੇ ਇਸ ਉੱਤੇ ਮਹਿਲਾਂ ਦੀ ਉਸਾਰੀ ਕਰਨ ਲਈ ਖ਼ਾਲਿਸਤਾਨ ਕਮਾਂਡੋ ਫ਼ੋਰਸ, ਖ਼ਾਲਿਸਤਾਨ ਆਰਮਡ ਫ਼ੋਰਸ, ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ, ਖ਼ਾਲਿਸਤਾਨ ਗੁਰੀਲਾ ਫ਼ੋਰਸ, ਭਿੰਡਰਾਂਵਾਲ਼ਾ ਟਾਈਗਰ ਫ਼ੋਰਸ ਆਫ਼ ਖ਼ਾਲਿਸਤਾਨ, ਦੁਸ਼ਟ ਸੋਧ ਕਮਾਂਡੋ ਫ਼ੋਰਸ ਆਫ਼ ਖ਼ਾਲਿਸਤਾਨ, ਖ਼ਾਲਿਸਤਾਨ ਸਕਿਓਰਿਟੀ ਫ਼ੋਰਸ ਅਤੇ ਖ਼ਾਲਿਸਤਾਨ ਲਿਬਰੇਸ਼ਨ ਆਰਮੀ ਜਿਹੀਆਂ ਅਨੇਕਾਂ ਫ਼ੋਰਸਾਂ ਬਣੀਆਂ ਅਤੇ ਦਮਦਮੀ ਟਕਸਾਲ, ਬੱਬਰ ਖ਼ਾਲਸਾ, ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਅਕਾਲ ਫ਼ੈਡਰੇਸ਼ਨ, ਤੱਤ ਖ਼ਾਲਸਾ ਆਦਿਕ ਜਥੇਬੰਦੀਆਂ ਨੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਹਥਿਆਰਬੰਦ ਹੋ ਕੇ ਲਹੂ ਡੋਲ੍ਹਵੀਂ ਲੜਾਈ ਲੜੀ, ਹਜ਼ਾਰਾਂ ਜੁਝਾਰੂ-ਜਰਨੈਲ ਆਪਾ ਵਾਰ ਗਏ, ਡੇਢ ਲੱਖ ਦੇ ਕਰੀਬਾਂ ਸਿੰਘਾਂ-ਸਿੰਘਣੀਆਂ ਨੇ ਸ਼ਹਾਦਤਾਂ ਦਿੱਤੀਆਂ।
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਖ਼ਾਲਸਾ ਪੰਥ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾ ਕੇ ਖ਼ਾਲਿਸਤਾਨ ਦੇ ਰਾਹ ਤੋਰਿਆ, ਉਹਨਾਂ ਦੀਆਂ ਤਕਰੀਰਾਂ ਵਿੱਚ ਅਨੇਕਾਂ ਵਾਰ ਖ਼ਾਲਿਸਤਾਨ ਦੀ ਗੱਲ ਮਿਲ਼ਦੀ ਹੈ। ਉਹਨਾਂ ਦੇ ਇਤਿਹਾਸਕ ਬੋਲ ਇਤਿਹਾਸ ਦੀ ਹਿੱਕ ਉੱਤੇ ਉੱਕਰੇ ਪਏ ਹਨ ਕਿ “ਜੇ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਏਗੀ।” ਹਮਲੇ ਤੋਂ ਪਹਿਲਾਂ ਉਹ ਜਾਣਦੇ ਸਨ ਕਿ ਖ਼ਾਲਸਾ ਪੰਥ ਨੂੰ ਮਲੀਆਮੇਟ ਕਰਨ ਲਈ ਸ੍ਰੀ ਦਰਬਾਰ ਸਾਹਿਬ ਉੱਤੇ ਹਿੰਦੂ ਸਾਮਰਾਜ ਹਮਲਾ ਜ਼ਰੂਰ ਕਰੇਗਾ ਅਤੇ ਇਸ ਮਗਰੋਂ ਪੰਥ ਦੀ ਲੜਾਈ ਵੱਧ ਅਧਿਕਾਰਾਂ ਜਾਂ ਅਨੰਦਪੁਰ ਦੇ ਮਤੇ ਲਈ ਨਹੀਂ, ਸਗੋਂ ਖ਼ਾਲਿਸਤਾਨ ਲਈ ਹੋਵੇਗੀ।
ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦਾ ਸਾਰਾ ਸੰਘਰਸ਼ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦੀ ਅਜ਼ਾਦੀ ਲਈ ਸੀ। ਜਦ ਤਕ ਦੁਨੀਆਂ ਕਾਇਮ ਰਹੇਗੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਨੂੰ ਖ਼ਾਲਿਸਤਾਨ ਦੇ ਕੇਂਦਰ-ਬਿੰਦੂ ਤੋਂ ਕੋਈ ਲਾਂਭੇ ਨਹੀਂ ਕਰ ਸਕੇਗਾ। ਜਦ ਵੀ ਖ਼ਾਲਿਸਤਾਨ ਦੀ ਗੱਲ ਚੱਲੇਗੀ ਨਾਲ਼ ਹੀ ਸੰਤ ਭਿੰਡਰਾਂਵਾਲ਼ਿਆਂ ਦਾ ਨਾਂ ਆਵੇਗਾ। ਜਦ ਵੀ ਸੰਤ ਭਿੰਡਰਾਂਵਾਲ਼ਿਆਂ ਦੀ ਗੱਲ ਚੱਲੇਗੀ ਤਾਂ ਖ਼ਾਲਿਸਤਾਨ ਦੀ ਚਰਚਾ ਹੋਵੇਗੀ। ਸੰਤ ਭਿੰਡਰਾਂਵਾਲ਼ੇ ਅਤੇ ਖ਼ਾਲਿਸਤਾਨ ਇਹ ਦੋਵੇਂ ਇੱਕ ਹੀ ਸ਼ਬਦ ਹਨ।
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਬਚਨਾਂ ‘ਤੇ ਪਹਿਰਾ ਦਿੰਦਿਆਂ ਪ੍ਰਭੂਸੱਤਾ ਸੰਪੰਨ ਅਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੀ ਸਿਰਜਣਾ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਦਲ ਖ਼ਾਲਸਾ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ, ਵਾਰਿਸ ਪੰਜਾਬ ਦੇ, ਸਿੱਖਸ ਫ਼ਾਰ ਜਸਟਿਸ ਆਦਿ ਅਨੇਕਾਂ ਜਥੇਬੰਦੀਆਂ ਰਾਜਨੀਤਕ, ਜ਼ਮਹੂਰੀਅਤ ਅਤੇ ਸ਼ਾਂਤਮਈ ਢੰਗ ਨਾਲ਼ ਅੱਜ ਵੀ ਸੰਘਰਸ਼ਸ਼ੀਲ ਹਨ। ਸਿੱਖ ਹਰ ਰੋਜ਼ ‘ਰਾਜ ਕਰੇਗਾ ਖ਼ਾਲਸਾ’ ਦਾ ਦੋਹਰਾ ਪੜ੍ਹਦੇ ਹਨ ਜੋ ਦਸਵੇਂ ਪਾਤਸ਼ਾਹ ਨੇ ਸਾਨੂੰ ‘ਹਮ ਰਾਖਤ ਪਾਤਸ਼ਾਹੀ ਦਾਵਾ’ ਦਾ ਸੰਕਲਪ, ਸਿਧਾਂਤ ਤੇ ਨਿਸ਼ਾਨਾ ਬਖ਼ਸ਼ਿਆ ਹੈ ਤੇ ਸਿੱਖਾਂ ਨੂੰ ਰਾਜ ਦੇਣ ਦਾ ਵਾਅਦਾ ਕੀਤਾ ਹੈ ਉਹ ਬਚਨ ਖਾਲੀ ਨਹੀਂ ਜਾ ਸਕਦੇ।
ਸਾਡਾ ਅਟੱਲ ਵਿਸ਼ਵਾਸ ਹੈ ਕਿ ਖ਼ਾਲਿਸਤਾਨ ਬਣ ਕੇ ਰਹੇਗਾ ਜਿਸ ਨੂੰ ਪੰਜਵੇਂ ਪਾਤਸ਼ਾਹ ਨੇ ‘ਹਲੇਮੀ ਰਾਜ’ ਤੇ ਭਗਤਾਂ ਨੇ ‘ਬੇਗਮਪੁਰਾ’ ਕਿਹਾ ਹੈ। ਸਾਡੇ ਸ਼ਹੀਦਾਂ ਦਾ ਡੁੱਲ੍ਹਿਆ ਖ਼ੂਨ ਅਜਾਈਂ ਨਹੀਂ ਜਾਏਗਾ, ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੇ ਬਚਨ ਸਾਕਾਰ ਹੋਣਗੇ, ਪੰਜਾਬ ਖ਼ਾਲਿਸਤਾਨ ਬਣੇਗਾ, ਦਿੱਲੀ ਦੇ ਲਾਲ ਕਿਲ੍ਹੇ ‘ਤੇ ਵੀ ਖ਼ਾਲਸੇ ਦੇ ਪਰਚਮ ਝੁੱਲਣਗੇ ਤੇ ਯੂ.ਐੱਨ.ਓ. ‘ਚ ਵੀ ਸਿੱਖਾਂ ਦੇ ਵੱਖਰੇ ਮੁਲਕ ਦਾ ਝੰਡਾ ਝੁੱਲਦਾ ਪੂਰੀ ਦੁਨੀਆਂ ਵੇਖੇਗੀ। ਖ਼ਾਲਿਸਤਾਨ ਜ਼ਿੰਦਾਬਾਦ!!!
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ: 88722-93883.
Author: Gurbhej Singh Anandpuri
ਮੁੱਖ ਸੰਪਾਦਕ