86 Views
ਖ਼ਾਲਿਸਤਾਨ ਹਊਆ ਨਹੀਂ, ਪਵਿੱਤਰ ਸ਼ਬਦ ਹੈ
ਖ਼ਾਲਸਾ ਰਾਜ ਦਾ ਸੰਕਲਪ ਹੈ
ਖ਼ਾਲਿਸਤਾਨ ਕੋਈ ਹਊਆ ਨਹੀਂ। ਇਹ ਗੁਰੂ ਨਾਨਕ ਪਾਤਸ਼ਾਹ ਤੇ ਕਲਗ਼ੀਧਰ ਪਾਤਸ਼ਾਹ ਵੱਲੋਂ ਬਖ਼ਸ਼ਿਆ ਖ਼ਾਲਸਾ ਰਾਜ ਦਾ ਸੰਕਲਪ ਹੈ। ਇਹ ਸਾਡੇ ਧਾਰਮਿਕ ਸਿਧਾਂਤਾਂ ਨਾਲ਼ ਜੁੜਿਆ ਇੱਕ ਪਵਿੱਤਰ ਸ਼ਬਦ ਹੈ। ਖ਼ਾਲਿਸਤਾਨ ਸਿੱਖੀ ਦਾ ਆਲੀਸ਼ਾਨ ਮਹਿਲ ਹੈ ਜਿਸ ਦੀਆਂ ਨੀਂਹਾਂ ‘ਚ ਸਾਡੇ ਹਜ਼ਾਰਾਂ-ਲੱਖਾਂ ਸਿੰਘਾਂ-ਸਿੰਘਣੀਆਂ ਦੇ ਸੀਸ ਲੱਗੇ ਹਨ।
ਮੈਨੂੰ ਖ਼ਾਲਿਸਤਾਨ ‘ਚੋਂ ਗੁਰਬਾਣੀ ਦੀਆਂ ਧੁਨਾਂ ਸੁਣਾਈ ਦਿੰਦੀਆਂ ਹਨ। ਦਇਆ, ਧਰਮ, ਸਬਰ, ਸੰਤੋਖ, ਪਿਆਰ, ਮੁਹੱਬਤ, ਸੰਜਮ, ਸਹਿਣਸ਼ੀਲਤਾ, ਸ਼ਾਂਤੀ ਅਤੇ ਸਰਬ ਸਾਂਝੀਵਾਲਤਾ ਨਜ਼ਰੀਂ ਆਉਂਦੀ ਹੈ। ਮਹਿਸੂਸ ਹੁੰਦਾ ਹੈ ਕਿ ਖ਼ਾਲਿਸਤਾਨ ਕੇਵਲ ਸਿੱਖਾਂ ਦੀ ਹੀ ਨਹੀਂ, ਬਲਕਿ ਪੂਰੀ ਦੁਨੀਆਂ ਦੀ ਲੋੜ ਹੈ। ਸਮੁੱਚੀ ਮਾਨਵਤਾ ਦੀ ਰਾਖੀ ਲਈ ਖ਼ਾਲਿਸਤਾਨ ਦੀ ਸਥਾਪਨਾ ਬੇਹੱਦ ਜ਼ਰੂਰੀ ਹੈ।
ਧਰਮ ਯੁੱਧ ਮੋਰਚੇ ਦੌਰਾਨ ਸ. ਬਲਬੀਰ ਸਿੰਘ ਭਰਪੂਰ ਨੇ ਪ੍ਰਭਾਵਸ਼ਾਲੀ ਤਕਰੀਰ ਕਰਦਿਆਂ ਕਿਹਾ ਸੀ ਕਿ “ਜੇ ਸਿੱਖਾਂ ਕੋਲ ਰਾਜ ਨਾ ਹੋਵੇ ਤਾਂ ਸਿੱਖਾਂ ਦੀ ਕੀਮਤ ਪਿੰਜਰੇ ਵਿੱਚ ਪਏ ਪੰਛੀ ਨਾਲ਼ੋਂ ਵੱਧ ਨਹੀਂ, ਜੇ ਸਿੱਖਾਂ ਵਿੱਚ ਰਾਜ ਦੀ ਗੱਲ ਨਾ ਚੱਲੀ ਤਾਂ ਹਿੰਦੁਸਤਾਨ ਦੇ ਪਿੰਜਰੇ ਵਿੱਚ ਇਹਨਾਂ ਬੱਚਿਆਂ ਨੇ ਆਉਣ ਵਾਲ਼ੇ ਸਮੇਂ ’ਚ ਪੰਛੀਆਂ ਵਾਂਗ ਤੜਪ-ਤੜਪ ਕੇ ਮਰਨੈ, ਜੇ ਨੌਂ ਸੌ ਸਾਲ ਗ਼ੁਲਾਮ ਰਹਿਣ ਵਾਲ਼ੀ ਹਿੰਦੂ ਕੌਮ, ਸੈਂਕੜੇ ਸਦੀਆਂ ਤੋਂ ਬਾਅਦ ਰਾਜ ਦੀ ਗੱਲ ਕਰ ਸਕਦੀ ਹੈ, ਤਾਂ ਸਤਾਨਵੇਂ ਵਰ੍ਹੇ ਸਿੱਖ ਹਿੰਦੁਸਤਾਨ ਵਿੱਚ ਗ਼ੁਲਾਮ ਰਹੇ, ਇਹ ਅਜ਼ਾਦੀ ਦੀ ਗੱਲ ਕਿਉਂ ਨਹੀਂ ਕਰ ਸਕਦੇ ?
ਰਾਜ ਕੌਮਾਂ ਦੀ ਜ਼ਿੰਦ-ਜਾਨ ਹੋਇਆ ਕਰਦਾ, ਰਾਜ ਦੀ ਗੱਲ ਕਿਉਂ ਨਾ ਕਰੀਏ ? ਅਸੀਂ ਮਾਲ਼ਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ, ਹਿੰਦੁਸਤਾਨ ਵਿੱਚ ਹਿੰਦੂ ਨੇ ਰਾਜ ਕਰਨਾ, ਸਿੱਖ ਪੰਜਾਬ ਵਿੱਚ ਰਾਜ ਕਰਨਗੇ। ਹਿੰਦੁਸਤਾਨ ਦਾ ਹੁਕਮਰਾਨ ਚਾਹੁੰਦਾ ਕਿ ਤੁਹਾਡੇ ਚਿਹਰੇ ਨਾਲ਼ੋਂ ਤੁਹਾਡਾ ਦਾਹੜਾ ਅਲਹਿਦਾ ਕਰ ਦਿੱਤਾ ਜਾਵੇ, ਹਿੰਦੁਸਤਾਨ ਦਾ ਹਿੰਦੂ ਹੁਕਮਰਾਨ ਚਾਹੁੰਦਾ ਕਿ ਸਿੱਖ ਦਾ ਅੰਮ੍ਰਿਤ ਵਿੱਚ ਵਿਸ਼ਵਾਸ ਨਾ ਰਹੇ। ਜੇ ਹੁਕਮਰਾਨ ਨਾ ਬਣੇ, ਧਰਮ ਦੇ ਰਾਜ ਦੀ ਸਥਾਪਨਾ ਨਾ ਕੀਤੀ ਤਾਂ ਇਸ ਸੋਨੇ ਦੇ ਮੰਦਰ (ਸ੍ਰੀ ਦਰਬਾਰ ਸਾਹਿਬ) ਦਾ ਸੋਨਾ ਹਿੰਦੁਸਤਾਨ ਦਾ ਹਿੰਦੂ ਉਤਾਰੇਗਾ।”
ਜਦ ਜੂਨ 1984 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲ਼ਾ ਹੋਇਆ ਤਾਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਵੱਲੋਂ ਕੀਤੇ ਬਚਨਾਂ ਅਨੁਸਾਰ ਖ਼ਾਲਿਸਤਾਨ ਦੀ ਨੀਂਹ ਰੱਖੀ ਗਈ ਤੇ ਜੁਝਾਰੂ ਸਿੱਖ ਜਵਾਨੀ ਨੇ ਹਥਿਆਰ ਚੁੱਕ ਕੇ ਹਿੰਦ ਸਰਕਾਰ ਵਿਰੁੱਧ ਜੰਗ ਸ਼ੁਰੂ ਕਰ ਦਿੱਤੀ ਤੇ ਇੱਕ ਦਹਾਕੇ ‘ਚ ਇੱਕ ਲੱਖ ਤੋਂ ਵੱਧ ਸ਼ਹੀਦੀਆਂ ਹੋਈਆਂ। ਅਸੂਲ ਹੈ ਕਿ ਜਦ ਕਿਸੇ ਇਮਾਰਤ ਨੂੰ ਜਿੰਨਾ ਉੱਚਾ ਤੇ ਮਜ਼ਬੂਤ ਬਣਾਉਣਾ ਹੋਵੇ ਓਨੀ ਹੀ ਉਸ ਦੀ ਨੀਂਹ ਡੂੰਘੀ ਤੇ ਪੱਕੀ ਕਰਨੀ ਪੈਂਦੀ ਹੈ। ਖ਼ਾਲਿਸਤਾਨ ਦੀ ਜੜ੍ਹਾਂ ਹੁਣ ਪਾਤਾਲ ਤਕ ਲਗ ਚੁੱਕੀਆਂ ਹਨ ਇਸ ਨੂੰ ਕੋਈ ਨਹੀਂ ਉਖਾੜ ਸਕਦਾ।
ਖ਼ਾਲਿਸਤਾਨੀ ਜੁਝਾਰੂ ਕਿਹਾ ਕਰਦੇ ਸਨ ਕਿ “ਸਿੱਖਾਂ ਦਾ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸ ਗੁਰੂ ਸਾਹਿਬਾਨ ਦੇ ਜੀਵਨ ਇਤਿਹਾਸ ਅਤੇ ਖ਼ਾਲਸਾ ਪੰਥ ਦੇ ਤਵਾਰੀਖ਼ ਵਿੱਚ ਓਤ-ਪੋਤ ਹੈ, ਜਿਸ ਨੂੰ ਮੌਜੂਦਾ ਸੰਘਰਸ਼ ਦੌਰਾਨ ‘ਖ਼ਾਲਿਸਤਾਨ’ ਦਾ ਨਾਂ ਦਿੱਤਾ ਗਿਆ ਹੈ ਤਾਂ ਜੋ ਸਭ ਨੂੰ ਇਹ ਸਪਸ਼ਟ ਹੋ ਜਾਵੇ ਕਿ ਖ਼ਾਲਿਸਤਾਨ ਦਾ ਸੰਕਲਪ ਸਿੱਖਾਂ ਨੂੰ ਕੋਈ ਅਚਾਨਕ ਹੋਈ ਅਕਾਸ਼ਵਾਣੀ ਨਹੀਂ ਹੈ।
ਇਹ ਸੰਘਰਸ਼ ਅਮੋੜ ਜਜ਼ਬਿਆਂ ਦੇ ਰੌਂਅ ਵਿੱਚ ਵਹਿ ਚੁੱਕੇ ਕੁਝ ਨੌਜਵਾਨਾਂ ਦਾ ਮਹਿਜ਼ ਇੱਕ ਰੰਗੀਨ ਸੁਪਨਾ ਨਹੀਂ ਅਤੇ ਨਾ ਹੀ ਇਹ ਗੁੰਮਰਾਹ ਹੋ ਚੁੱਕੇ ਮੁੱਠੀ-ਭਰ ਮਾਯੂਸ ਲੋਕਾਂ ਵੱਲੋਂ ਭਾਰਤ ਦੀ ਅਖੌਤੀ ਏਕਤਾ ਅਤੇ ਅਖੰਡਤਾ ਵਿਰੁੱਧ ਇੱਕ ਸਾਜ਼ਿਸ਼ ਹੈ ਜਿਵੇਂ ਕਿ ਹਰ ਰੋਜ਼ ਪ੍ਰਚਾਰ ਕੀਤਾ ਜਾਂਦਾ ਹੈ।
ਖ਼ਾਲਿਸਤਾਨ ਦਾ ਪਵਿੱਤਰ ਸੰਕਲਪ ਅੱਜ ਤੋਂ ਲਗਭਗ ਤਿੰਨ ਸੌ ਸਾਲ ਪਹਿਲਾਂ ਰਾਜ ਕਰੇਗਾ ਖ਼ਾਲਸਾ ਅਤੇ ਖ਼ਾਲਸਾ ਜੀ ਕੇ ਬੋਲਬਾਲੇ ਵਿੱਚ ਅੰਕਿਤ ਹੈ, ਜੋ ਵਿਅਕਤੀਗਤ ਅਤੇ ਸਮੂਹਿਕ ਰੂਪ ਵਿੱਚ ਖ਼ਾਲਸਾ ਜੀ ਦੀ ਅਰਦਾਸ ਦਾ ਅਟੁੱਟ ਅੰਗ ਹੈ।
ਜੰਗ-ਏ-ਖ਼ਾਲਿਸਤਾਨ ਦੁਨੀਆਂ ਭਰ ਵਿੱਚ ਲੜੀਆਂ ਗਈਆਂ ਅਤੇ ਲੜੀਆਂ ਜਾ ਰਹੀਆਂ ਆਧੁਨਿਕ ਲਹਿਰਾਂ ਅਤੇ ਜੰਗਾਂ ਨਾਲ਼ੋਂ ਭਿੰਨ ਹੈ, ਕਿਉਂਕਿ ਜਿੱਥੋਂ ਦੂਸਰੀਆਂ ਜੱਦੋ-ਜਹਿਦਾਂ ਦਾ ਆਧਾਰ ਦੁਨਿਆਵੀ ਕੀਮਤਾਂ ਹਨ, ਓਥੇ ਸਾਡੀ ਜੰਗ ਦਾ ਆਧਾਰ ਸੱਚ ਅਤੇ ਮਨੁੱਖ ਦੀ ਬੰਦ-ਖ਼ਲਾਸੀ ਹੈ।
ਖ਼ਾਲਿਸਤਾਨ ਦਾ ਸੰਘਰਸ਼ ਕੋਈ ਨਿਰਾ ਸਿਆਸੀ ਅਤੇ ਦੁਨਿਆਵੀ ਕਦਰਾਂ-ਕੀਮਤਾਂ ਦਾ ਰਿਣੀ ਨਹੀਂ, ਸਗੋਂ ਇਸ ਦਾ ਸਹੀ ਅਰਥ ਧਰਮ-ਯੁੱਧ ਹੈ। ਅਸੀਂ ਧਰਮ ਵਿੱਚ ਰੰਗ-ਰੱਤ ਕੇ ਹੀ ਮੈਦਾਨੇ ਜੰਗ ਵਿੱਚ ਜਾਣਾ ਹੈ ਅਤੇ ਸਾਨੂੰ ਟੇਕ ਸਿਰਫ਼ ਅਕਾਲ ਪੁਰਖ਼ ਦੀ ਹੈ।”
ਹਰੇਕ ਸਿੱਖ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਰਾਜ ਸਥਾਪਿਤ ਕਰਨ ਦੇ ਨਾਲ਼ ਹੀ ਕੌਮਾਂ ਪ੍ਰਫੁੱਲਿਤ ਹੁੰਦੀਆਂ ਹਨ। ਜਿਹੜੀ ਕੌਮ, ਰਾਜ ਤੋਂ ਵਿਹੂਣੀ ਹੋਵੇ ਉਹ ਸੰਸਾਰ ਦੇ ਨਕਸ਼ੇ ‘ਤੇ ਬਹੁਤਾ ਚਿਰ ਤਕ ਜਿਊਂਦੀ ਨਹੀਂ ਰਹਿ ਸਕਦੀ। ਰਾਜ ਦੀ ਸਥਾਪਨਾ ਕਰਨ ਦੀ ਪ੍ਰੇਰਨਾ ਸਾਨੂੰ ਗੁਰਬਾਣੀ ਅਤੇ ਇਤਿਹਾਸ ‘ਚੋਂ ਹੀ ਮਿਲ਼ਦੀ ਹੈ। ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਬਾਬਾ ਬਘੇਲ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਸਿੱਖ ਮਿਸਲਾਂ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਿਸ਼ਾਲ ਅਤੇ ਸਰਬੱਤ ਦੇ ਭਲੇ ਵਾਲ਼ਾ ਖ਼ਾਲਸਾ ਰਾਜ ਸਥਾਪਿਤ ਕੀਤਾ ਸੀ।
ਸਿੱਖਾਂ ਦਾ ਵੱਖਰਾ ਰਾਜ, ਗੁਰਬਾਣੀ ਅਤੇ ਸਿੱਖ ਰਵਾਇਤਾਂ ਦੇ ਇਤਿਹਾਸ ਅਨੁਸਾਰ ਹੈ। ਖ਼ਾਲਿਸਤਾਨ ਦਾ ਇਹ ਸੰਘਰਸ਼ ਪੰਜਵੇਂ ਪਾਤਸ਼ਾਹ ਦੇ ਹਲੇਮੀ ਰਾਜ, ਭਗਤਾਂ ਦੇ ਬੇਗਮਪੁਰਾ ਤੇ ਦਸਮੇਸ਼ ਪਿਤਾ ਦੇ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਹੀ ਹੈ।
ਖ਼ਾਲਸਾ ਰਾਜ, ਸੱਚ ਦਾ ਰਾਜ ਹੈ। ਜਿੱਥੇ ਕਿਸੇ ਵੀ ਕੌਮ ਅਤੇ ਕਬੀਲੇ ਦੇ ਹੱਕ ਨਹੀਂ ਦਬਾਏ ਜਾਂਦੇ, ਜਿੱਥੇ ਸਭ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਮਿਲ਼ਦਾ ਹੈ, ਜਿੱਥੇ ਕਿਸੇ ਦੇ ਧਰਮ-ਸਥਾਨਾਂ ‘ਤੇ ਹਮਲੇ ਨਹੀਂ ਹੁੰਦੇ, ਕਿਸੇ ਵੀ ਧਰਮ ਗ੍ਰੰਥ ਦਾ ਅਪਮਾਨ ਨਹੀਂ ਹੁੰਦਾ, ਕਿਸੇ ‘ਤੇ ਜ਼ੁਲਮ-ਅੱਤਿਆਚਾਰ ਨਹੀਂ ਹੁੰਦਾ, ਜਿੱਥੇ ਹਰ ਇੱਕ ਮਨੁੱਖ ਸੁਖੀ ਵਸਦਾ ਹੈ।
ਅਜਿਹਾ ਹੀ ਰਾਜ-ਭਾਗ ਸਿਰਜਣ ਲਈ ਗੁਰਾਂ ਦਾ ਖ਼ਾਲਸਾ ਵੀਹਵੀਂ ਸਦੀ ਦੇ ਦੋ ਅਖ਼ੀਰਲੇ ਦਹਾਕਿਆਂ ‘ਚ ਹਥਿਆਰਬੰਦ ਹੋ ਕੇ ਸੰਘਰਸ਼ਸ਼ੀਲ ਹੋਇਆ ਸੀ। ਸਿੱਖ ਅਜਿਹਾ ਰਾਜ ਸਿਰਜਣਾ ਚਾਹੁੰਦੇ ਹਨ ਜਿੱਥੇ ਸਾਡਾ ਇਸ਼ਟ, ਧਰਮ, ਬੋਲੀ, ਸੱਭਿਆਚਾਰ, ਪਹਿਰਾਵਾ, ਹੋਂਦ, ਸਿਧਾਂਤ ਅਤੇ ਕੁਦਰਤੀ ਸ੍ਰੋਤ ਪਾਣੀ ਆਦਿਕ ਸੁਰੱਖਿਅਤ ਰਹਿਣ ਤੇ ਅਸੀਂ ਸਰਬੱਤ ਦੇ ਭਲੇ ਦੇ ਉਦੇਸ਼ ਨੂੰ ਪੂਰੀ ਦੁਨੀਆਂ ’ਚ ਫੈਲਾ ਸਕੀਏ ਅਤੇ ਨਿਮਾਣਿਆ, ਨਿਤਾਣਿਆਂ ਤੇ ਲਤਾੜੇ ਲੋਕਾਂ ਦਾ ਸਹਾਰਾ ਬਣ ਸਕੀਏ।
ਖ਼ਾਲਿਸਤਾਨੀ ਜੁਝਾਰੂ-ਜਰਨੈਲਾਂ ਨੂੰ ਸਮਝਣ ਲਈ ਸਰਕਾਰੀ ਐਨਕ ਉਤਾਰ ਕੇ ਜੇ ਸਿੱਖ ਨਜ਼ਰ ਨਾਲ਼ ਵੇਖਣ ਦਾ ਯਤਨ ਕਰੋਗੇ ਤਾਂ ਤੁਹਾਨੂੰ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ‘ਚੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੋਣਗੇ। ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲ਼ਾ, ਜਰਨਲ ਲਾਭ ਸਿੰਘ ਪੰਜਵੜ, ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਜੁਗਰਾਜ ਸਿੰਘ ਤੁਫ਼ਾਨ, ਭਾਈ ਅਵਤਾਰ ਸਿੰਘ ਬ੍ਰਹਮਾ, ਭਾਈ ਮਨਬੀਰ ਸਿੰਘ ਚਹੇੜੂ ਆਦਿਕ ਤੁਹਾਨੂੰ ਇੰਝ ਲੱਗਣਗੇ ਜਿਵੇਂ ਜਥੇਦਾਰ ਜੱਸਾ ਸਿੰਘ ਆਹਲੂਵਾਲ਼ੀਆਂ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਨਵਾਬ ਕਪੂਰ ਸਿੰਘ, ਬਾਬਾ ਬਘੇਲ ਸਿੰਘ, ਜਰਨੈਲ ਹਰੀ ਸਿੰਘ ਨਲੂਆ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਹੀ ਦੁਬਾਰਾ ਆਏ ਹੋਣ।
ਜੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਜੁਝਾਰੂ ਲਹਿਰ ਦੌਰਾਨ ਇੱਕ ਦੌਰ ਅਜਿਹਾ ਵੀ ਆਇਆ ਜਦੋਂ ਜੁਝਾਰੂ ਸਾਰੇ ਪਾਸੇ ਛਾ ਗਏ ਸਨ। ਜੁਝਾਰੂ ਸਿੰਘਾਂ ਨੂੰ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ, ਕਾਤਲ, ਲੁਟੇਰੇ, ਖੂੰਖਾਰ ਲਿਖਣ ਵਾਲ਼ੀਆਂ ਅਖ਼ਬਾਰਾਂ ਨੇ ਵੀ ਉਹਨਾਂ ਨੂੰ ਖਾੜਕੂ, ਜੁਝਾਰੂ, ਮਿਲੀਟੈਂਟ, ਅਜ਼ਾਦੀ ਪਸੰਦ ਅਤੇ ਸਿੱਖ ਨੌਜਵਾਨ ਲਿਖਣਾ ਸ਼ੁਰੂ ਕਰ ਦਿੱਤਾ ਸੀ ਤੇ ਰੇਡੀਓ ਅਤੇ ਦੂਰਦਰਸ਼ਨ ਟੀ.ਵੀ. ਨੇ ਵੀ ਜੁਝਾਰੂਆਂ ਵੱਲੋਂ ਜਾਰੀ ਕੀਤੇ ਫੁਰਮਾਨ ਮੰਨੇ ਸਨ।
ਵੈਸੇ ਇੱਕ ਕਹਾਵਤ ਮਸ਼ਹੂਰ ਹੈ ਕਿ ਇੱਕ ਧਿਰ ਦੇ ਦਹਿਸ਼ਤਗਰਦ, ਦੂਜੀ ਧਿਰ ਦੇ ਅਜ਼ਾਦੀ ਘੁਲਾਟੀਏ ਮੰਨੇ ਜਾਂਦੇ ਹਨ। ਤਾਲਿਬਾਨਾਂ ਵੱਲੋਂ ਅਫ਼ਗਾਨਿਸਤਾਨ ‘ਤੇ ਕੀਤੇ ਕਬਜ਼ੇ ਦੀ ਉਦਾਹਰਨ ਸਾਡੇ ਸਭ ਦੇ ਸਾਹਮਣੇ ਹੈ ਕਿ ਜਿਹੜੀਆਂ ਅਖ਼ਬਾਰਾਂ, ਚੈੱਨਲ ਅਤੇ ਦੇਸ਼ ਉਹਨਾਂ ਨੂੰ ਅੱਤਵਾਦੀ ਕਹਿੰਦੇ ਸਨ ਉਹ ਹੁਣ ਆਪਣਾ ਸਟੈਂਡ ਬਦਲ ਕੇ ਉਹਨਾਂ ਨੂੰ ਤਾਲਿਬਾਨੀ ਲੜਾਕੂ ਕਹਿ ਰਹੇ ਹਨ। ਇਹ ਰਾਜ, ਤਾਕਤ ਅਤੇ ਸ਼ਕਤੀ ਦੇ ਹੀ ਕ੍ਰਿਸ਼ਮੇ ਹਨ।
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਸਿੱਖ ਕੌਮ ਦੇ ਗਲੋਂ ਗ਼ੁਲਾਮੀ ਲਾਹੁਣ ਦਾ ਸੰਘਰਸ਼ ਅਰੰਭਿਆ ਸੀ ਜੋ ਅੱਜ ਵੀ ਜਾਰੀ ਹੈ। ਸੰਤਾਂ ਦੇ ਬਚਨ ਹਨ ਕਿ “ਜੇ ਹਿੰਦੁਸਤਾਨ ਦੀ ਸਰਕਾਰ ਨੇ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਏਗੀ।” ਸੰਤ ਜੀ ਕਹਿੰਦੇ ਸਨ ਕਿ “ਮੈਂ ਦ੍ਰਿੜ੍ਹ ਨਿਸ਼ਚੇ ਨਾਲ਼ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਜਿੱਦੇਂ ਏਸ ਅਸਥਾਨ (ਸ੍ਰੀ ਦਰਬਾਰ ਸਾਹਿਬ) ‘ਤੇ ਪੁਲੀਸ ਵੱਲੋਂ ਹੁਣ ਹਮਲਾ ਹੋਇਆ, ਤੇ ਇਹ ਦੁਨੀਆਂ ‘ਚ ਮਿਸਾਲ ਬਣੇਗੀ ਕਿ ਖ਼ਾਲਿਸਤਾਨ ਬਣਿਆ, ਓਸ ਦਿਨ ਜ਼ਰੂਰ ਖ਼ਾਲਿਸਤਾਨ ਬਣੇਗਾ ਜਿੱਦੇਂ ਪੁਲੀਸ ਹੁਣ ਏਥੇ ਅੰਦਰ ਆ ਕੇ ਕੋਈ ਭੈੜੀ ਹਰਕਤ ਕਰਨੀ ਚਾਹੇਗੀ।”
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 26 ਜਨਵਰੀ 1986 ਦੇ ਸਰਬੱਤ ਖ਼ਾਲਸਾ ’ਚ ਪਾਸ ਹੋਏ ਮਤੇ ਦੇ ਅੰਤਲੇ ਸ਼ਬਦ ਵੱਡੇ ਅਰਥ ਰੱਖਦੇ ਹਨ ਜਿਸ ਵਿੱਚ ਕਿਹਾ ਗਿਆ ਸੀ ਕਿ “ਜੇ ਇੰਦਰਾ ਸੋਧਕ ਕਾਂਡ ਵਾਲ਼ੇ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਫਾਂਸੀ ਦਿੱਤੀ ਗਈ ਤਾਂ ਸਿੱਖ ਕੌਮ ਦੇ ਇਹ ਯੋਧੇ ਖ਼ਾਲਿਸਤਾਨ ਦੇ ਸ਼ਹੀਦ ਕਹੇ ਜਾਣਗੇ।”
29 ਅਪ੍ਰੈਲ 1986 ਨੂੰ ਸਰਬੱਤ ਖ਼ਾਲਸਾ ’ਚ ਚੁਣੀ ਪੰਜ ਮੈਂਬਰੀ ਪੰਥਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ’ਚੋਂ ਖ਼ਾਲਿਸਤਾਨ ਦਾ ਐਲਾਨ ਕਰ ਦਿੱਤਾ। 27 ਦਸੰਬਰ 1987 ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕਾਨਫ਼ਰੰਸ ’ਚ ਜੁਝਾਰੂ ਸਿੰਘਾਂ ਵੱਲੋਂ ਹਜ਼ਾਰਾਂ ਸੰਗਤਾਂ ਦੇ ਭਰਵੇਂ ਇਕੱਠ ’ਚ ਖ਼ਾਲਿਸਤਾਨ ਦਾ ਮਤਾ ਪਾਸ ਕੀਤਾ ਗਿਆ। ਮਾਰਚ 1988 ’ਚ ਪੰਥਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੇ ਕਮਰਾ ਨੰਬਰ 47 ਤੋਂ ਖ਼ਾਲਿਸਤਾਨ ਦਾ ਨਕਸ਼ਾ ਜਾਰੀ ਕਰ ਕੇ ਸਾਰੇ ਭਾਰਤ ਨੂੰ ਹੀ ਖ਼ਾਲਿਸਤਾਨ ਐਲਾਨ ਦਿੱਤਾ ਸੀ।
ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲੇ ਦੇ ਦੋਸ਼ੀ ਜਨਰਲ ਵੈਦਿਆ ਨੂੰ ਸੋਧਣ ਵਾਲ਼ੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੇ ਕਿਹਾ ਸੀ ਕਿ “ਖ਼ਾਲਿਸਤਾਨ ਦੀ ਮੰਗ ਉਹਨਾਂ ਅੱਤਿਆਚਾਰਾਂ ਦੀ ਦੇਣ ਹੈ ਜਿਹੜੇ ਸਿੱਖਾਂ ਉੱਤੇ ਕੀਤੇ ਗਏ ਤੇ ਕੀਤੇ ਜਾ ਰਹੇ ਹਨ। ਜਦ ਤਕ ਖ਼ਾਲਿਸਤਾਨ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਤਦ ਤਕ ਦੁਸ਼ਟਾਂ ਖ਼ਿਲਾਫ਼ ਜੰਗ ਜਾਰੀ ਰਹੇਗੀ। ਅਸੀਂ ਖ਼ਾਲਿਸਤਾਨ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹਾਂ।”
ਖ਼ਾਲਿਸਤਾਨ, ਸਿੱਖ ਰਾਜ, ਗੁਰੂਆਂ ਦਾ ਰਾਜ, ਧਰਮ ਦਾ ਰਾਜ, ਪੰਥ ਦਾ ਰਾਜ, ਨਿਮਾਣਿਆਂ-ਨਿਤਾਣਿਆਂ-ਲਤਾੜਿਆਂ ਦਾ ਰਾਜ, ਸਾਡਾ ਰਾਜ ਅਤੇ ਤੁਹਾਡਾ ਰਾਜ ਹੀ ਹੋਵੇਗਾ। ਇਸ ਰਾਜ ਦੇ ਸੁਪਨੇ ਲਵੋ, ਜਿਸ ਨੂੰ ਸੰਘਰਸ਼ ਕਰ ਕੇ ਅਸੀਂ ਹਕੀਕਤ ‘ਚ ਬਦਲਾਂਗੇ ਤੇ ਖ਼ਾਲਿਸਤਾਨ ਦੁਨੀਆਂ ਦਾ ਸਰਵ-ਉੱਤਮ ਰਾਜ ਅਤੇ ਖ਼ਾਲਸੇ ਦਾ ਦੇਸ਼ ਹੋਵੇਗਾ।
ਆਓ, ਆਪਣਾ ਕੌਮੀ ਫ਼ਰਜ਼ ਪਛਾਣੀਏ, ਸਿੱਖ ਹੋ ਕੇ ਜੀਣ-ਮਰਨ ਦਾ ਅਹਿਦ ਕਰੀਏ ਤੇ ਆਪਣਾ ਹਰ ਸਾਹ ਖ਼ਾਲਿਸਤਾਨ ਦੀ ਸਿਰਜਣਾ ਲਈ ਵਾਰੀਏ। ਸਿੱਖੀ ਵਿੱਚ ਪ੍ਰਪੱਕਤਾ ਅਤੇ ਖ਼ਾਲਿਸਤਾਨ ਦੀ ਸਿਰਜਣਾ ਹੀ ਸਾਡਾ ਨਿਸ਼ਾਨਾ ਹੈ ਜਿਸ ਨੂੰ ਅਸੀਂ ਹਾਸਲ ਕਰ ਕੇ ਰਹਾਂਗੇ। ਸੰਘਰਸ਼ ਦੇ ਰੂਪ ਤੇ ਰਾਹ ਬਦਲੇ ਜਾ ਸਕਦੇ ਹਨ ਪਰ ਨਿਸ਼ਾਨਾ ਨਹੀਂ, ਨਿਸ਼ਾਨਾ ਖ਼ਾਲਿਸਤਾਨ ਹੀ ਰਹਿਣਾ ਹੈ। ਕੌਮਾਂ ਦੇ ਨਿਸ਼ਾਨੇ ਵਾਰ-ਵਾਰ ਨਹੀਂ ਬਦਲੇ ਜਾਂਦੇ।
ਸਾਡਾ ਅਵੱਸ਼ ਨਿਸ਼ਚਾ ਹੈ ਕਿ ਚਵਰ, ਛਤਰ, ਤਖ਼ਤ ਦੇ ਮਾਲਕ ਸਤਿਗੁਰੂ ਸਾਨੂੰ ਵੀ ਤਖ਼ਤਾਂ-ਤਾਜਾਂ ਵਾਲ਼ੇ ਬਣਾਉਣਗੇ। ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਗੁਰੂ ਪਾਤਸ਼ਾਹ ਸਾਨੂੰ ਵੀ ਰਾਜ ਜ਼ਰੂਰ ਬਖ਼ਸ਼ਣਗੇ, ਇਸ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਅਜੋਕੇ ਅੰਤਰ-ਰਾਸ਼ਟਰੀ ਹਲਾਤਾਂ ਮੁਤਾਬਿਕ ਖ਼ਾਲਿਸਤਾਨ ਤਾਂ ਹੁਣ ਸਾਡੀਆਂ ਬਰੂਹਾਂ ’ਤੇ ਹੈ ਜਿਸ ਲਈ ਸਾਨੂੰ ਤਿਆਰੀ ਖਿੱਚਣ ਦੀ ਲੋੜ ਹੈ, ਸਾਡੀ ਮੰਜ਼ਲ ਦੂਰ ਨਹੀਂ, ਗੁਰੂ ਸਾਹਿਬ ਸਹਾਈ ਹੋਣ।
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ: 88722-93883.
Author: Gurbhej Singh Anandpuri
ਮੁੱਖ ਸੰਪਾਦਕ