ਗੁਰੂ ਗਰੰਥ ਸਾਹਿਬ ਵਿਚ ਨਾ ਹਿੰਸਾ ਨਾ ਹੀ ਅਹਿੰਸਾ ਦਾ ਵਿਚਾਰ ਹੈ ,ਇਹ ਮਨੁੱਖੀ ਅਜ਼ਾਦੀ ਤੇ ਵੈਲਫੇਅਰ ਸਟੇਟ ਦਾ ਬਿਰਤਾਂਤ ਹੈ
ਪ੍ਰੋਫੈਸਰ ਬਲਵਿੰਦਰ ਪਾਲ ਸਿੰਘ
9815700916
ਬੀਤੇ ਦਿਨੀਂ ਵੀਰ ਹਰਚਰਨ ਸਿੰਘ ਸੰਪਾਦਕ ਸਿਖ ਵਿਰਸਾ ਨੇ ਬਿਆਨ ਕੀਤਾ ਕਿ ਇਕ ਵੀ ਬਦ ਗੁਰੂ ਗਰੰਥ ਸਾਹਿਬ ਵਿਚ ਅਜਿਹਾ ਨਹੀਂ ਜੋ ਹਮਲਾ ਕਰਨ ਤੇ ਬਦਲਾ ਲੈਣ ਲਈ ਪ੍ਰੇਰਦਾ ਹੈ।ਇਸਦੇ ਉਲਟ ਗੁਰਬਾਣੀ ਵਿਚ ਅਨੇਕਾਂ ਸ਼ਬਦ ਸਬਰ ,ਸੰਤੋਖ ਖਿਮਾਂ ਬਾਰੇ ਮਿਲਣਗੇ।ਪਰ ਸਿਖ ਵਿਦਵਾਨਾਂ ਪ੍ਰਚਾਰਕਾਂ ਦਾ ਜੋਰ ਬਦਲਾ,ਹਮਲੇ ਕਰਨ ਉਪਰ ਲਗਾ ਹੈ ।
ਮੈਨੂੰ ਨਹੀਂ ਜਾਪਦਾ ਕਿ ਵੀਰ ਹਰਚਰਨ ਸਿੰਘ ਪਰਿਹਾਰ ਕੈਨੇਡਾ ਨੇ ਗੁਰੂ ਗਰੰਥ ਸਾਹਿਬ ਤੇ ਸਿੱਖ ਇਤਿਹਾਸ ਦਾ ਪੂਰਾ ਅਧਿਐਨ ਕੀਤਾ ਹੋਵੇ।ਪਰ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਜੈਨ ਮਤਿ ਵਰਗੀ ਵੀ ਨਹੀਂ ਕਿ ਮਨੁੱਖ ,ਸਬਰ ,ਸੰਤੋਖ,ਸ਼ਾਂਤੀ, ਖਿਮਾਂ ਤਕ ਸੀਮਤ ਹੋ ਜਾਵੇ।ਗੁਰੂ ਗਰੰਥ ਸਾਹਿਬ ਵਿਚ ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ ,ਸ਼ਹਾਦਤ ਲਈ ਮਹਾਨ ਵਿਚਾਰ ਹਨ।ਗੁਰੂ ਗਰੰਥ ਸਾਹਿਬ ਵਿਚ ਸ਼ਾਂਤੀ ਦਾ ਸੰਕਲਪ ਅਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਖੜਨ ਦਾ ਇਨਕਲਾਬ ਹੈ।ਬਦਲਾ ਨਹੀਂ,ਨਿਆਂ ਲਈ ਸੰਘਰਸ਼ ਹੈ।ਗੁਰੂ ਗਰੰਥ ਸਾਹਿਬ ਨੂੰ ਰਾਜੇ ਸੀਂਹ ਮੁਕੱਦਮ ਕਿਤੇ ਵੀ ਮਨਜੂਰ ਨਹੀਂ।ਸਤਿਗੁਰੂ ਹਦਾਇਤ ਦਿੰਦੇ ਹਨ ਕਿ ਤੁਹਾਡੇ ਵਿਚ ਆਤਮਿਕ ਤੇ ਸਰੀਰਕ ਬਲ ਜਰੂਰੀ ਹੈ ਤਾਂ ਹੀ ਤੁਹਾਡੇ ਬੰਧਨ ਟੁਟਣਗੇ।ਗੁਰਮਤਿ ਨੇ ਸਰੀਰਾਂ ਨੂੰ ਕੈਦ ਕਰ ਲੈਣ ਨੂੰ ਗੁਲਾਮੀ ਨਹੀਂ ਕਿਹਾ, ਗੁਰਮਤਿ ਨੇ ਗੁਲਾਮੀ ਉਸ ਨੂੰ ਕਿਹਾ ਜੋ ਆਪਣੀ ਸੋਚ ਨੂੰ ਦੂਜੇ ਦੇ ਅਧੀਨ ਕਰ ਲਵੇ, ਆਪਣੀ ਜ਼ਮੀਰ ਨੂੰ ਗੈਰ ਦੇ ਪੈਰਾਂ ਵਿੱਚ ਸੁੱਟ ਦੇਵੇ, ਭਾਵ ਮਾਨਸਿਕ ਤੌਰ ‘ਤੇ ਖਤਮ ਹੋ ਜਾਵੇ..।ਜੇ ਮਨ ਗੁਲਾਮ ਹੈ ਯਕੀਨੀ ਹੈ ਤਾਂ ਸਰੀਰ ਵੀ ਗੁਲਾਮ ਹੋ ਜਾਵੇਗਾ। ਗੁਰੂ ਸਾਹਿਬਾਨ ਸਮੇਂ ਭਾਵੇਂ ਰਾਜ ਮੁਗਲਾਂ ਦਾ ਸੀ, ਸ਼ਾਹੀ ਫੁਰਮਾਨ ਮੁਗਲ ਸਰਕਾਰਾਂ ਦੇ ਸਨ, ਦੇਸ਼ ਵਿੱਚ ਸਿੱਕੇ ਮੁਗਲ ਸਰਕਾਰ ਦੇ ਚੱਲਦੇ ਸਨ ਜਹਾਂਗੀਰ, ਔਰੰਗਜ਼ੇਬ ਵਰਗੇ ਬਾਦਸ਼ਾਹ ਹੋਏ, ਪਰ ਗੁਰੂ ਸਾਹਿਬਾਂਨਾਂ ਨੇ ਗੁਲਾਮੀ ਨੂੰ ਪ੍ਰਵਾਨ ਨਹੀਂ ਕੀਤਾ।
ਸਤਿਗੁਰੂ ਨਾਨਕ ਜੀ ਦਾ ਫੁਰਮਾਨ ਹੈ ਕਿ ਗੁਲਾਮੀ ਖਤਰਨਾਕ ਹੈ।ਗੁਲਾਮੀ ਵਿਚ ਖਾਣਾ ਪੀਣਾ ਸਭ ਹਰਾਮ ਹੈ।ਅਰਥਾਤ ਜ਼ਿੰਦਗੀ ਦਾ ਅਨੰਦ ਨਹੀਂ
ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥
ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥
ਗੁਰੂ ਗਰੰਥ ਸਾਹਿਬ ਦੀ ਅਧੂਰੀ ਦਾਰਸ਼ਨਿਕਤਾ ਪੇਸ਼ ਕਰਨੀ ਸਤਿਗੁਰੂ ਦਾ ਅਪਮਾਨ ਹੈ।
ਗੁਰਮਤਿ ਮਾਨਵਤਾ ਦੇ ਕਲਿਆਣ ਦਾ ਮਾਰਗ ਹੈ। ਇਹ ਸੰਸਾਰ ਦੀ ਅਸਲੀਅਤ ਬਿਆਨ ਕਰਦੀ ਉਸ ਨੂੰ ਭਵਜਲ ਆਖਦੀ ਹੈ ਅਤੇ ਮਨੁੱਖ ਦੀਆਂ ਸੰਸਾਰਕ ਪ੍ਰਾਪਤੀਆਂ ਨੂੰ ਤੁੱਛ ਦੱਸਦੀ ਹੈ। ਇਹ ਸੰਸਾਰਕ ਸੁੱਖ ਨੂੰ ਦੁੱਖ ਦਾ ਹੀ ਦੂਜਾ ਰੂਪ ਆਖਦੀ ਹੈ ਅਤੇ ਮਨੁੱਖ ਨੂੰ ਸੰਸਾਰਕ ਪ੍ਰਾਪਤੀਆਂ ਲਈ ਦੌੜ ਭੱਜ ਕਰਨ ਦੀ ਥਾਂ ਆਪਣੇ ਮਨ ਨੂੰ ਵਸ ਕਰ ਧਰਮ ਦਾ ਰਾਹ ਅਪਨਾ ਕੇ ਆਤਮਕ ਅਨੰਦ ਮਾਣਨ ਅਤੇ ਪ੍ਰਭੂ ਦੀ ਵਿਸ਼ਾਲ ਸ਼ਕਤੀ ਦਾ ਭਾਗੀਦਾਰ ਬਣਨ ਲਈ ਪ੍ਰੇਰਿਤ ਕਰਦੀ ਹੈ ਤੇ ਅਜ਼ਾਦੀ ਦਾ ਅਸਲ ਮਾਰਗ ਦਰਸਾਉਂਦੀ ਹੈ। ਜੁਲਮ ਤੇ ਅਨਿਆਂ ਵਿਰੁਧ ਜੂਝਣ ਲਈ ਮਨੁੱਖ ਨੂੰ ਮਾਨਸਿਕ ਤੌਰ ਉਪਰ ਬਲਵਾਨ ਕਰਦੀ ਹੈ।ਅੱਜ ਵੀ ਗੁਰੂ ਗਰੰਥ ਸਾਹਿਬ ਦਾ ਰੂਹਾਨੀ ,ਸਮਾਜਿਕ ,ਸਭਿਆਚਾਰਕ ,ਰਾਜਨੀਤਕ ਮਾਡਲ ਹੀ ਇਸ ਸੰਸਾਰ ਨੂੰ ਬਚਾ ਸਕਦਾ ਹੈ। ਅੱਜ ਸੰਸਾਰ ਵਿੱਚ ਜੋ ਸੰਕਟ ਪੈਦਾ ਹੋਇਆ ਹੈ ਉਹ ਮਨੁੱਖਤਾ ਦੇ ਇੱਕ ਹਿੱਸੇ ਵੱਲ਼ੋਂ ਦੂਜੇ ਦੀ ਪਹਿਚਾਣ ਨੂੰ ਸਹਿਣ ਨਾ ਕਰਨ ਕਰਕੇ ਪੈਦਾ ਹੋਇਆ ਹੋਇਆ ਹੈ।ਸਿਖ ਵੀ ਇਸ ਸੰਕਟ ਨੂੰ ਹੰਡਾ ਰਹੇ ਹਨ।ਗੁਰੂ ਤੇਗ ਬਹਾਦਰ ਜੀ ਦਾ ਹੁਕਮ ਹੈ
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤੁ ਉਪਾਇ ॥
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ॥54॥
ਰੱਬੀ ਸੱਚ ਅਪਨਾਏ ਬਿਨਾਂ ਤੇ ਸਤਿਗੁਰੂ ਦੇ ਰਾਹ ਉਪਰ ਚਲੇ ਬਿਨਾਂ ਮਨੁੱਖ ਆਪਣੇ ਗੁਲਾਮੀ ਦੇ ਬੰਧਨ ਨਹੀਂ ਤੋੜ ਸਕਦਾ।ਸਤਿਗੁਰੂ ਦੀ ਰਜਾ ਵਿਚ ਮਨੁੱਖ ਦਾ ਮਨੋਬਲ ਕਾਇਮ ਰਹਿ ਸਕਦਾ ਹੈ। ਟਾਕਰਾ ਕਰਨ ਲਈ ਉਸ ਦੇ ਅੰਦਰ ਆਤਮਕ ਬਲ ਪੈਦਾ ਹੋ ਜਾਂਦਾ ਹੈ।ਸੋ, ਹੇ ਨਾਨਕ! (ਆਖ– ਹੇ ਪ੍ਰਭੂ!) ਸਭ ਕੁਝ ਤੇਰੇ ਹੱਥ ਵਿਚ ਹੈ ਤੂੰ ਹੀ ਮੈਨੂੰ ਬੰਧਨ ਮੁਕਤ ਹੋਣ ਦੀ ਸ਼ਕਤੀ ਦੇ।
ਸਾਹਿਬਜ਼ਾਦਿਆਂ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਥੀ ਸਿੱਖਾਂ ਦੀ ਸ਼ਹਾਦਤ ਇਹ ਯਾਦ ਦਿਵਾਉਂਦੀ ਹੈ ਕਿ ਜਬਰ ਵਿਰੁੱਧ ਕੀਤਾ ਜਾਣ ਵਾਲਾ ਸੰਘਰਸ਼ ਕਿੰਨਾ ਔਖਾ ਤੇ ਮੁਸੀਬਤਾਂ ਭਰਿਆ ਹੋ ਸਕਦਾ ਹੈ ਪਰ ਅਜ਼ਾਦੀ ਲਈ ਜੂਝਨਾ ਪੈਂਦਾ ਹੈ। ਸੰਘਰਸ਼ ਤੇ ਸ਼ਹਾਦਤਾਂ ਦੇ ਇਸ ਸਫ਼ਰ ਨੇ ਪੰਜਾਬ ਵਿਚ ਸਮਾਜਿਕ ਬਰਾਬਰੀ ਲਈ ਅਤੇ ਜਬਰ ਵਿਰੁੱਧ ਲੜਨ ਦੀ ਰੂਹ ਫੂਕੀ; ਇਸ ਸਫ਼ਰ ਵਿਚੋਂ ਨਿਆਂ ਦੇ ਰਾਜ ਖਾਲਸਾ ਰਾਜ ਨੇ ਜਨਮ ਲਿਆ ਜਿਸਨੇ ਲੋਕਾਂ ਦੀ ਗੁਲਾਮੀ ਮਿਟਾ ਦਿਤੀ। ਸਭ ਨਾਲ ਨਿਆਂ ਕੀਤਾ।ਧਰਤੀ ਉਪਰ ਸਵਰਗ ਸਿਰਜ ਦਿਤਾ।
ਜ਼ਫ਼ਰਨਾਮੇ ਵਿਚ ਗੁਰੂ ਗੋਬਿੰਦ ਸਿੰਘ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ, ‘‘ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ।। ਕਿ ਬਾਕੀ ਬਮਾਂਦਸਤ ਪੇਚੀਦਾ ਮਾਰ।।’’
ਭਾਵ ਭਾਵੇਂ ਮੇਰੇ ਚਾਰ ਬੱਚੇ ਸ਼ਹੀਦ ਹੋਏ ਪਰ ਕੁੰਡਲੀਆ ਨਾਗ (ਭਾਵ ਭੁਝੰਗੀ ਖ਼ਾਲਸਾ) ਬਾਕੀ ਹੈ। ਗੁਰੂ ਸਾਹਿਬ ਦੁਆਰਾ ਖ਼ਾਲਸੇ ਅਤੇ ਲੋਕਾਂ ਵਿਚ ਪ੍ਰਗਟਾਏ ਗਏ ਇਸ ਵਿਸ਼ਵਾਸ ਨੇ ਭਵਿੱਖ ਦੀ ਲੜਾਈ ਦੀ ਜ਼ਮੀਨ ਦੀ ਸਿਰਜਣਾ ਕੀਤੀ। ਜ਼ਫ਼ਰਨਾਮੇ ਵਿਚ ਹੀ ਗੁਰੂ ਸਾਹਿਬ ਨੇ ਔਰੰਗਜ਼ੇਬ ਦੀ ਸ਼ਖ਼ਸੀਅਤ ਦੇ ਪਰਦਾਫਾਸ਼ ਕੀਤਾ, ‘‘ਸ਼ਹਿਨਸ਼ਾਹ ਔਰੰਗਜ਼ੇਬ ਆਲਮੀ।। ਕਿ ਦਾਰਾਇ ਦੌਰ ਅਸਤ ਦੂਰ ਅਸਤ ਦੀਂ।।’’
ਭਾਵ, ਹੇ ਔਰੰਗਜ਼ੇਬ ਭਾਵੇਂ ਤੂੰ ਦੁਨੀਆ ਦਾ ਸ਼ਹਿਨਸ਼ਾਹ ਹੈਂ, ਸਮੇਂ ਦਾ ਸ਼ਹਿਨਸ਼ਾਹ (ਦਾਰਾ-ਇ-ਦੌਰ) ਹੈਂ ਪਰ ਧਰਮ ਤੋਂ ਦੂਰ (ਦੂਰ ਅਸਤ ਦੀਂ) ਹੀ ਹੈਂ। ਇਉਂ ਲੱਗਦਾ ਹੈ ਜਿਵੇਂ ਗੁਰੂ ਸਾਹਿਬ ਨੇ ਸਾਰੇ ਅਜਿਹੇ ਹਾਕਮਾਂ ਦਾ ਚਿੱਤਰ ਪੇਸ਼ ਕਰ ਦਿੱਤਾ ਹੈ ਜਿਹੜੇ ਧਰਮ ਨੂੰ ਆਪਣੀ ਤਾਕਤ, ਸੱਤਾ ਤੇ ਸਿਆਸਤ ਨੂੰ ਮਜ਼ਬੂਤ ਕਰਨ ਲਈ ਵਰਤਦੇ ਹਨ।ਪਰ ਜ਼ਾਲਮ ਤੇ ਨਸਲਵਾਦੀ ਹਨ।
ਜਬਰ ਵਿਰੁੱਧ ਲੜਦਿਆਂ ਸ਼ਹੀਦ ਹੋਣਾ ਸਿੱਖ ਧਰਮ ਦਾ ਅਜਿਹਾ ਪੱਖ ਬਣਿਆ ਜਿਸ ਨੇ 18ਵੀਂ ਸਦੀ ਦੇ ਮਹਾਨ ਸੰਘਰਸ਼ਾਂ ਵਿਚ ਹਜ਼ਾਰਾਂ ਸਿੱਖਾਂ ਨੂੰ ਜ਼ੁਲਮ ਤੇ ਅਨਿਆਂ ਵਿਰੁੱਧ ਲੜਨ ਤੇ ਕੁਰਬਾਨੀ ਦੇਣ ਲਈ ਪ੍ਰੇਰਿਤ ਕੀਤਾ। ਇਹ ਸਫ਼ਰ 19ਵੀਂ ਤੇ 20ਵੀਂ ਸਦੀ ਵਿਚ ਜਾਰੀ ਰਿਹਾ। ਦਇਆ,ਖਿਮਾਂ ਤਦ ਹੀ ਸੰਭਵ ਹੈ ਜੇ ਤੁਹਾਡਾ ਮਨੋਬਲ ਉਚਾ ਹੈ।ਗੁਰਮਤਿ ਦਾਰਸ਼ਨਿਕਤਾ ਵਿਚ ਬਦਲਾ ਨਹੀਂ ,ਨਿਆਂ ਲਈ ਸੰਘਰਸ਼ ਹੈ।ਗੁਰਬਾਣੀ ਹਿੰਸਾ ਦੀ ਨਹੀਂ ਨਿਆਂ ਤੇ ਨਿਆਂ ਰਾਜ ਦੀ ਪੈਰਵਾਈ ਕਰਦੀ ਹੈ-
ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥
Author: Gurbhej Singh Anandpuri
ਮੁੱਖ ਸੰਪਾਦਕ