ਰੋਮ 13 ਜੂਨ ( ਹਰਮੇਲ ਸਿੰਘ ਹੁੰਦਲ ) ਇਟਲੀ ਦੇ ਵਿੱਦਿਆਕ,ਕਾਰੋਬਾਰੀ ਤੇ ਸਮਾਜ ਸੇਵੀ ਖੇਤਰਾਂ ਵਿੱਚ ਧੂਮ ਮਚਾਉਣ ਤੋਂ ਬਆਦ ਹੁਣ ਭਾਰਤੀ ਮੂਲ ਦੇ ਨੌਜਵਾਨ ਇਟਲੀ ਦੀ ਸਿਆਸਤ ਦੇ ਪਿੜ ਵਿੱਚ ਹੋਲੀ-ਹੋਲੀ ਪੈਰ ਜਮਾਉਂਦੇ ਜਾ ਰਹੇ ਹਨ ।ਇਟਲੀ ਦੀਆਂ ਸਿਆਸੀ ਪਾਰਟੀਆਂ ਦੇ ਆਗੂ ਜਿਹੜੇ ਕਿ ਇਟਲੀ ਦੀ ਸਰਕਾਰ ਦੇ ਬੇਤਾਜ ਬਾਦਸ਼ਾਹ ਬਣਨਾ ਚਾਹੁੰਦੇ ਹਨ ਉਹਨਾਂ ਇਟਲੀ ਦੇ ਕਈ ਸੂਬਿਆਂ ਵਿੱਚ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਆਪਣੀ ਪਾਰਟੀ ਵੱਲੋਂ ਉਮੀਦਵਾਰ ਬਣਾਕੇ ਨਗਰ ਕੌਂਸਲ ਚੋਣਾਂ ਰਾਹੀਂ ਸਿਆਸੀ ਤਹਿਲਕਾ ਮਚਾਉਣ ਵਿੱਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ।ਭਾਰਤੀ ਨੌਜਵਾਨ ਜਿਹੜੇ ਕਿ ਨਗਰ ਕੌਂਸਲ ਚੋਣਾਂ ਵਿੱਚ ਜਿੱਤ ਦੇ ਝੰਡੇ ਗੱਡ ਸਮੁੱਚੀ ਭਾਰਤੀ ਭਾਈਚਾਰੇ ਲਈ ਮਾਣ ਦਾ ਸਵੱਬ ਬਣ ਰਹੇ ਹਨ ਉਹ ਆਪਣੀ ਕਾਮਯਾਬੀ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਪ੍ਰਵਾਸੀਆਂ ਲਈ ਕੁਝ ਕਰ ਗੁਜਰਨ ਦਾ ਜ਼ਜ਼ਬਾ ਰੱਖਦੇ ਹਨ । ਨਗਰ ਕੌਂਸਲ ਚੋਣਾਂ ਵਿੱਚ ਖੜ੍ਹੇ ਭਾਰਤੀ ਮੂਲ ਦੇ ਨੌਜਵਾਨਾਂ ਵਿੱਚ ਜਿੱਤ ਦੇ ਢੋਲ ਵਜਾਉਣ ਵਾਲਿਆਂ ਵਿੱਚ ਮਚਰੇਤਾ ਜ਼ਿਲ੍ਹਾ ਮਚਰੇਤਾ(ਸੂਬਾ ਮਾਰਕੇ)ਨਗਰ ਕੌਂਸਲ ਤੋਂ ਲਵਪ੍ਰੀਤ ਕੌਰ ਜਿਹੜੀ ਕਿ ਦੂਜੀ ਵਾਰ ਨਗਰ ਕੌਂਸਲ ਚੋਣਾਂ ਵਿੱਚ ਜਿੱਤੀ ਹੈ ਪਹਿਲਾਂ 2019 ਵਿੱਚ ਵੀ ਲਵਪ੍ਰੀਤ ਕੌਰ ਨੇ ਜਿੱਤ ਹਾਸਿਲ ਕੀਤੀ ਸੀ,ਮਲਕੀਤ ਸਿੰਘ ਨੀਟਾ ਨੇ ਸ਼ਹਿਰ ਕੋਰਤੇ ਦੇ ਕੋਰਤੇਜੀ ਤੇ ਚਿਨਓਨੇ ਜਿ਼ਲ੍ਹਾ ਕਰੇਮੋਨਾ(ਸੂਬਾ ਲੰਬਾਰਦੀਆ)ਤੋਂ ਜਿੱਤ ਹਾਸਲ ਕੀਤੀ ਹੈ ਇਸ ਸ਼ਹਿਰ ਤੋਂ ਪਹਿਲੀ ਵਾਰ ਕੋਈ ਭਾਰਤੀ ਮੂਲ ਦੇ ਉਮੀਦਵਾਰ ਨੇ ਨਗਰ ਕੌਂਸਲ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ,ਮਨਜਿੰਦਰ ਸਿੰਘ ਨੇ ਨਗਰ ਕੌਂਸਲ ਪਸੀਆਨੋ ਦੀ ਪੋਰਦੀਨੋਨੇ ਜਿ਼ਲ੍ਹਾ ਪੋਰਦੀਨੋਨੇ(ਸੂਬਾ ਫਰੀਓਲੀ ਵਨੇਸ਼ੀਆ ਜੂਲੀਆ)ਤੋਂ ਜਿੱਤ ਹਾਸਲ ਕੀਤੀ ਤੇ ਅੰਮ੍ਰਿਤਪਾਲ ਸਿੰਘ ਨੇ ਨਗਰ ਕੌਂਸਲ ਬੋਰਗੋ ਸਨ ਜਾਕੋਮੋ ਜ਼ਿਲ੍ਹਾ ਬੇਸ਼ੀਆ(ਸੂਬਾ ਲੰਬਾਦਰੀਆ)ਤੋਂ ਜਿੱਤ ਹਾਸਿਲ ਕਰਕੇ ਭਾਰਤੀਆਂ ਦੀ ਬੱਲੇ-ਬੱਲੇ ਕਰਾਈ ਹੈ।ਜਿੱਤੇ ਹੋਏੇ ਉਮੀਦਵਾਰਾਂ ਤੋਂ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਡੂੰਘੀਆਂ ਆਸਾਂ ਹਨ ਕਿ ਇਹ ਨੌਜਵਾਨ ਪ੍ਰਵਾਸੀਆਂ ਦੇ ਹੱਕਾਂ ਦੀ ਗੱਲ ਕਰਨਗੇ ਜਿ਼ਕਰਯੋਗ ਹੈ ਇਸ ਤੋਂ ਪਹਿਲਾਂ ਵੀ ਇਟਲੀ ਦੇ ਕਈ ਨਗਰ ਕੌਂਸਲਾਂ ਵਿੱਚ ਭਾਰਤੀ ਮੂਲ ਦੇ ਨੌਜਵਾਨ ਚੋਣਾਂ ਵਿੱਚ ਇਤਿਹਾਸ ਜਿੱਤ ਹਾਸਲ ਕਰਕੇ ਭਾਰਤੀ ਭਾਈਚਾਰੇ ਦੀ ਸੇਵਾ ਕਰ ਰਹੇ ਹਨ।ਇਸ ਵਾਰ ਵੀ ਨਗਰ ਕੌਂਸਲ ਚੋਣਾਂ ਵਿੱਚ ਭਾਰਤੀ ਮੂਲ ਦੇ ਕਈ ਉਮੀਦਵਾਰ ਨੇ ਆਪਣੇ ਅਸਰ ਰਸੂਖ ਨਾਲ ਕਾਮਯਾਬੀ ਦੀਆਂ ਮੰਜਿ਼ਲਾਂ ਸਰ ਕੀਤੀ ਹਨ ਜਿਸ ਲਈ ਇਟਲੀ ਭਰ ਤੋਂ ਜਿੱਤਣ ਵਾਲੇ ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਵਧਾਈਆਂ ਮਿਲ ਰਹੀਆਂ ਹਨ ਜਿਹੜੇ ਉਮੀਦਵਾਰਾਂ ਦਾ ਚੋਣ ਨਤੀਜਾ ਆ ਚੁੱਕਾ ਹੈ ਅਸੀਂ ਉਹਨਾਂ ਦਾ ਹੀ ਜਿ਼ਕਰ ਕੀਤਾ ਹੈ ਹਾਲੇ ਕਈ ਹੋਰ ਭਾਰਤੀ ਮੂਲ ਦੇ ਉਮੀਦਵਾਰ ਵੀ ਹਨ ਜਿਹਨਾਂ ਦਾ ਚੋਣ ਨਤੀਜਾ ਹਾਲੇ ਪੂਰੀ ਤਰ੍ਹਾਂ ਨਹੀ ਆਇਆ।
Author: Gurbhej Singh Anandpuri
ਮੁੱਖ ਸੰਪਾਦਕ