ਅੰਮ੍ਰਿਤਸਰ, 27 ਜੂਨ ( ਤਾਜੀਮਨੂਰ ਕੌਰ ) ਤਵਾਰੀਖ਼ ਸ਼ਹੀਦ ਏ ਖ਼ਾਲਿਸਤਾਨ ਦੇ ਸਿਰਲੇਖ ਹੇਠ ਤਿੰਨ ਕਿਤਾਬਾਂ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦੀ ਝੋਲੀ ਵਿੱਚ ਪਾਉਣ ਵਾਲੇ ਸਿੱਖ ਪ੍ਰਚਾਰਕ, ਪੰਥਕ ਲੇਖਕ, ਖ਼ਾਲਸਾ ਫ਼ਤਹਿਨਾਮਾ ਦੇ ਸਹਾਇਕ ਸੰਪਾਦਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਪੰਥਕ ਸੇਵਾਵਾਂ ਪ੍ਰਤੀ ਬਾਬਾ ਹਰਭਜਨ ਸਿੰਘ ਜਰਮਨੀ ਵਾਲਿਆਂ ਅਤੇ ਜਰਮਨ ਦੀ ਸਮੂਹ ਸੰਗਤ ਵੱਲੋਂ ਗੋਲਡਨ ਕਿਰਪਾਨ, ਮੈਡਲ, ਸ਼ੀਲਡ, ਸਿਰੋਪਾਉ ਤੇ ਦੁਸ਼ਾਲੇ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਾਬਾ ਹਰਭਜਨ ਸਿੰਘ ਜਰਮਨੀ ਵਾਲਿਆਂ ਵੱਲੋਂ ਭੇਜਿਆ ਇਹ ਸਨਮਾਨ ਮਨੁੱਖੀ ਹੱਕਾਂ ਦੇ ਪਹਿਰੇਦਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ ਨੇ ਗੁਰੂ ਨਗਰੀ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਦੇ ਪਿੰਡ ਭੰਗਵਾਂ ਵਿਖੇ ਸ਼ਹੀਦ ਭਾਈ ਮਹਿਤਾਬ ਸਿੰਘ ਭੰਗੂ ਦੇ ਸ਼ਹੀਦੀ ਸਮਾਗਮ ਵਿੱਚ ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਖਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ ਵਿੱਚ ਭੇਟ ਕੀਤਾ। ਇਸ ਮੌਕੇ ਮੀਡੀਆ ਨੂੰ ਸੰਬੋਧਨ ਹੁੰਦਿਆਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਬਾਬਾ ਹਰਭਜਨ ਸਿੰਘ ਜੀ ਅਤੇ ਜਰਮਨ ਦੀ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਸੰਗਤਾਂ ਦੀਆਂ ਭਾਵਨਾਵਾਂ ਤੇ ਹਮੇਸ਼ਾਂ ਖਰੇ ਉਤਰਾਂਗੇ ਅਤੇ ਹੋਰ ਵੀ ਦ੍ਰਿੜਤਾ ਤੇ ਜਜ਼ਬੇ ਸਹਿਤ ਖ਼ਾਲਸਾ ਪੰਥ ਦੀ ਸੇਵਾ ਕਰਾਂਗੇ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਵੱਲੋਂ ਅਰੰਭੇ ਸੰਘਰਸ਼ ਨੂੰ ਅਸੀਂ ਜਾਰੀ ਰੱਖਾਂਗੇ ਅਤੇ ਸਿੱਖੀ ਪ੍ਰਚਾਰ ਤੇ ਕੌਮੀ ਆਜ਼ਾਦੀ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਵਾਂਗੇ। ਜ਼ਿਕਰਯੋਗ ਹੈ ਕਿ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਕੌਮੀ ਯੋਧੇ ਤੇ ਕਿਸਾਨੀ ਸੰਘਰਸ਼ ਦੇ ਹੀਰੋ ਭਾਈ ਸੰਦੀਪ ਸਿੰਘ ਦੀਪ ਸਿੱਧੂ ਉੱਤੇ ਲਿਖੀ ਹੋਂਦ ਦਾ ਨਗਾਰਚੀ ਕਿਤਾਬ ਵੀ ਬੇਹੱਦ ਚਰਚਾ ਵਿੱਚ ਹੈ। ਬਾਬਾ ਹਰਭਜਨ ਸਿੰਘ ਜਰਮਨੀ ਵਾਲਿਆਂ ਅਤੇ ਡਾ. ਲੇਖਕ ਸੁਰਜੀਤ ਸਿੰਘ ਜਰਮਨੀ ਨੇ ਕਿਹਾ ਕਿ ਨੌਜਵਾਨ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਜੋ ਛੋਟੀ ਉਮਰ ਤੋਂ ਹੀ ਪੰਥਕ ਸਫ਼ਾਂ ਵਿੱਚ ਸਰਗਰਮ ਹੋ ਕੇ ਬੁਲੰਦੀਆਂ ਹਾਸਲ ਕਰ ਰਿਹਾ ਹੈ। ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਸ ਸਿਰੜੀ ਅਤੇ ਮਿਹਨਤੀ ਨੌਜਵਾਨ ਤੋਂ ਵੱਡੀਆਂ ਆਸਾਂ ਹਨ। ਇਸ ਨੌਜਵਾਨ ਨੇ ਸਿੱਖ ਕੌਮ, ਦਮਦਮੀ ਟਕਸਾਲ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦਾ ਨਾਮ ਵੀ ਚਮਕਾਇਆ ਹੈ, ਖ਼ਾਲਸਾ ਫ਼ਤਹਿਨਾਮਾ ਰਸਾਲੇ ਵਿੱਚ ਧੜੱਲੇਦਾਰ ਲਿਖਤਾਂ ਲਿਖ ਕੇ ਨੌਜਵਾਨਾਂ ਵਿੱਚ ਜਾਗ੍ਰਤੀ ਲਿਆਂਦੀ ਅਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦਾ ਇਤਿਹਾਸ ਉਹਨਾਂ ਦੇ ਘਰਾਂ ਪਰਿਵਾਰਾਂ ਵਿੱਚ ਜਾ ਕੇ ਕਲਮਬੰਦ ਕੀਤਾ ਅਤੇ ਹਰੇਕ ਮੋਰਚੇ ਤੇ ਸੰਘਰਸ਼ ਵਿੱਚ ਸਰਗਰਮ ਹੋ ਕੇ ਅਹਿਮ ਭੂਮਿਕਾ ਨਿਭਾਈ ਹੈ ਜਿਸ ਦੀ ਅਸੀਂ ਭਰਪੂਰ ਸ਼ਲਾਘਾ ਕਰਦੇ ਹੋਏ ਇਹ ਸਨਮਾਨ ਭੇਜ ਕੇ ਹੌਸਲਾ ਅਫਜਾਈ ਕਰਦੇ ਹਾਂ।
Author: Gurbhej Singh Anandpuri
ਮੁੱਖ ਸੰਪਾਦਕ