ਅੰਮ੍ਰਿਤਸਰ, 28 ਜੂਨ ( ਤਾਜੀਮਨੂਰ ਕੌਰ ) ਡਾ. ਸੁਰਜੀਤ ਸਿੰਘ ਜਰਮਨੀ ਦੀ ਲਿਖੀ ਪੰਜਾਬਨਾਮਾ ਵੀਹਵੀਂ ਸਦੀ (ਜੰਗ ਹਿੰਦ ਤੇ ਪੰਜਾਬ) ਕਿਤਾਬ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸ਼ਹੀਦ ਮੇਜਰ ਜਨਰਲ ਸ਼ਾਬੇਗ ਸਿੰਘ ਦੇ ਭਰਾ ਸ. ਬੇਅੰਤ ਸਿੰਘ, ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੇ ਮਾਤਾ ਬੀਬੀ ਸੁਰਜੀਤ ਕੌਰ, ਸ਼ਹੀਦ ਭਾਈ ਸੁਰਜੀਤ ਸਿੰਘ ਪੈਂਟਾ ਦੇ ਭਰਾ ਗਿਆਨੀ ਹਰਚਰਨ ਸਿੰਘ ਛੱਜਲਵੱਡੀ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਭਤੀਜਾ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ) ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਈ ਭੁਪਿੰਦਰ ਸਿੰਘ ਛੇ ਜੂਨ ਵੱਲੋਂ ਜਾਰੀ ਕੀਤੀ ਗਈ।
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਲੇਖਕ ਡਾ. ਸੁਰਜੀਤ ਸਿੰਘ ਜਰਮਨੀ ਵੱਲੋਂ ਲਿਖੀ ਪੰਜਾਬਨਾਮਾ ਕਿਤਾਬ ਵੀਹਵੀਂ ਸਦੀ ਦੇ ਸੌ ਸਾਲਾਂ ਦਾ ਇਤਿਹਾਸ ਬਿਆਨਦੀ ਹੈ। ਉਹਨਾਂ ਦੱਸਿਆ ਕਿ ਇਸ ਕਿਤਾਬ ਵਿੱਚ ਬ੍ਰਿਟਿਸ਼ ਸਾਮਰਾਜ ਵਿਰੁੱਧ ਜੂਝਣ ਵਾਲੇ ਸੰਘਰਸ਼ਸ਼ੀਲ ਗੁਰਸਿੱਖਾਂ, ਗਦਰੀ ਬਾਬਿਆਂ, ਬੱਬਰ ਅਕਾਲੀਆਂ, ਸ. ਕਰਤਾਰ ਸਿੰਘ ਸਰਾਭਾ, ਸ. ਭਗਤ ਸਿੰਘ ਸ. ਊਧਮ ਸਿੰਘ ਅਤੇ ਜੈਤੋਂ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਸਾਕਾ ਨਨਕਾਣਾ ਸਾਹਿਬ, ਗੁਰਦੁਆਰਾ ਸੁਧਾਰ ਲਹਿਰ, ਗੁਰੂ ਕੇ ਬਾਗ਼ ਦਾ ਮੋਰਚਾ, ਪੰਜਾਬ ਦਾ ਬਟਵਾਰਾ, ਪੰਜਾਬੀ ਸੂਬਾ ਮੋਰਚਾ, ਪਾਣੀਆਂ ਦਾ ਮੁੱਦਾ, ਐਮਰਜੈਂਸੀ, 1978 ਦਾ ਸਾਕਾ, ਧਰਮ ਯੁੱਧ ਮੋਰਚਾ, ਜੂਨ 1984 ਤੀਜਾ ਘੱਲੂਘਾਰਾ, ਅਪਰੇਸ਼ਨ ਵੁੱਡਰੋਜ਼, ਸਿੱਖ ਨਸ਼ਲਕੁਸ਼ੀ ਨਵੰਬਰ 1984, ਅਪਰੇਸ਼ਨ ਬਲੈਕ ਥੰਡਰ ਆਦਿ ਲਹੂ ਭਿੱਜੀਆਂ ਘਟਨਾਵਾਂ, ਸਾਕਿਆਂ ਤੇ ਘੱਲੂਘਾਰਿਆਂ ਨੂੰ ਬਿਆਨਿਆ ਗਿਆ ਹੈ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਜਨਰਲ ਸ਼ਾਬੇਗ ਸਿੰਘ ਦੀਆਂ ਜੀਵਨੀਆਂ ਅਤੇ ਨਿਰੰਕਾਰੀ ਮੁਖੀ ਦਾ ਕਤਲ, ਇੰਦਰਾ ਗਾਂਧੀ ਦਾ ਕਤਲ, ਜਨਰਲ ਵੈਦਿਆ ਦਾ ਕਤਲ, ਬੇਅੰਤ ਸਿੰਘ ਦਾ ਕਤਲ ਅਤੇ ਪੰਜਾਬ ਆਰਥਿਕ ਸੰਕਟ, ਖ਼ਾਲਿਸਤਾਨ ਬਾਰੇ ਲੇਖ ਤੇ ਹਰੇਕ ਘਟਨਾ ਬਾਰੇ ਤਸਵੀਰਾਂ ਵੀ ਛਾਪੀਆਂ ਗਈਆਂ ਹਨ। ਇਹ ਕਿਤਾਬ ਡਾ. ਸੁਰਜੀਤ ਸਿੰਘ ਜਰਮਨੀ ਨੇ ਆਪਣੀ ਵਿਆਹ ਦੀ ਵਰ੍ਹੇਗੰਢ ਮੌਕੇ ਸੁਪਤਨੀ ਜਸਪ੍ਰੀਤ ਕੌਰ ਨੂੰ ਤੋਹਫੇ ਵਜੋਂ ਭੇਟ ਕੀਤੀ ਹੈ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖਾਂ ਨੇ ਪਹਿਲਾਂ ਮੁਗਲ ਹਕੂਮਤ ਵਿਰੁੱਧ ਲੰਮਾ ਸੰਘਰਸ਼ ਕਰਕੇ ਖ਼ਾਲਸਾ ਰਾਜ ਸਥਾਪਿਤ ਕੀਤਾ, ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਬ੍ਰਿਟਿਸ਼ ਸਾਮਰਾਜ ਨੇ ਪੰਜਾਬ ਤੇ ਕਬਜਾ ਕਰ ਲਿਆ ਤੇ ਖਾਲਸੇ ਨੇ ਅੰਗਰੇਜ਼ ਹਕੂਮਤ ਵਿਰੁੱਧ ਵੀ ਲਹੂ ਡੋਲਵੀਂ ਲੜਾਈ ਲੜੀ ਪਰ 1947 ਦੀ ਅਖੌਤੀ ਆਜ਼ਾਦੀ ਮਗਰੋਂ ਹਿੰਦ ਹਕੂਮਤ ਨੇ ਵੀ ਸਿੱਖਾਂ ਉੱਤੇ ਕਹਿਰ ਕਰਨਾ ਸ਼ੁਰੂ ਕਰ ਦਿੱਤਾ ਤੇ ਅਸੀਂ ਇੱਕ ਗੁਲਾਮੀ ਵਿੱਚੋਂ ਨਿਕਲ ਕੇ ਦੂਜੀ ਗੁਲਾਮੀ ਵਿੱਚ ਜਕੜੇ ਗਏ, ਸਾਨੂੰ ਜਰਾਇਮ ਪੇਸ਼ਾ ਕੌਮ ਐਲਾਨਿਆ ਗਿਆ, ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ, ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਤੇ ਸਿੱਖ ਹੋਣਾ ਹੀ ਇਸ ਦੇਸ਼ ਵਿੱਚ ਜੁਰਮ ਬਣ ਗਿਆ। ਆਪਣੇ ਹੱਕ ਮੰਗਣ ਵਾਲੇ ਸਿੱਖਾਂ ਨੂੰ ਅੱਤਵਾਦੀ, ਦਹਿਸ਼ਤਗਰਦ ਕਿਹਾ ਗਿਆ ਤੇ ਇਸ ਬੇਇਨਸਾਫੀ ਵਿਰੁੱਧ ਅਤੇ ਆਪਣੇ ਹੱਕਾਂ ਤੇ ਕੌਮ ਦੀ ਅਜ਼ਾਦੀ ਲਈ ਗੁਰੂ ਕਾ ਖਾਲਸਾ ਅੱਜ ਵੀ ਸੰਘਰਸ਼ਸ਼ੀਲ ਹੈ। ਉਹਨਾਂ ਡਾ. ਸੁਰਜੀਤ ਸਿੰਘ ਜਰਮਨੀ ਦੀ ਸ਼ਲਾਘਾ ਵੀ ਕੀਤੀ ਤੇ ਕਿਹਾ ਕਿ ਇਹ ਕਿਤਾਬ ਪ੍ਰਕਾਸ਼ਕ ਖ਼ਾਲਸਾ ਫ਼ਤਹਿਨਾਮਾ ਵੱਲੋਂ ਛਾਪੀ ਗਈ ਹੈ ਜੋ ਹਰੇਕ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ। ਇਸ ਮੌਕੇ ਫੈਡਰੇਸ਼ਨ ਦੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਅਤੇ ਜਥੇਬੰਧਕ ਸਕੱਤਰ ਭਾਈ ਮਨਪ੍ਰੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ