ਤੱਤੀਆਂ ਇਹ ਲੋਆਂ ਸਾਨੂੰ ਸਾੜਦੀਆਂ ਪਈਆਂ ਨੇ।।
ਵਗਣੀਆਂ ਇੰਝ ਗੱਲਾਂ ਖ਼ਬਰਾਂ ਚ ਕਈਆਂ ਨੇ।।
ਏਥੇ ਵਧ ਜਾਣੀ ਬਹੁਤ ਜ਼ਿਆਦਾ ਗਰਮੀ
ਓਜੋਨ ਦਾ ਵੀ ਸੀਨਾ ਫਟਣਾ।।
ਜਦੋਂ ਤੱਕ ਇੱਥੋਂ ਮੁੱਕਦਾ ਨੀ ਪਾਣੀ
ਤੇ ਝੋਨਾ ਲਾਉਣਾ ਮੈਂ ਨੀ ਹਟਣਾ।।
ਵੱਢ ਕੇ ਸੜਕ ਮੈਂ ਤਾਂ ਪੈਲੀ ਚ ਮਿਲਾ ਲਊਂਗਾ।।
ਜ਼ਿਆਦਾ ਹੋਊ ਫ਼ਸਲ ਫਿਰ ਮੰਡੀ ਚ ਘਲਾ ਲਊਂਗਾ।।
ਜਿੰਨ੍ਹੇ ਰੁੱਖ ਮੇਰੀ ਪੈਲੀ ਲਾਗੇ ਲਾਇਆ
ਰਾਤੋ ਰਾਤ ਉਹ ਮੈਂ ਕੱਟਣਾ ।।
ਜਦੋਂ ਤੱਕ ਇੱਥੋਂ ਮੁੱਕਦਾ ਨੀ ਪਾਣੀ
ਤੇ ਝੋਨਾ ਲਾਉਣਾ ਮੈਂ ਨੀ ਹਟਣਾ।।
ਬਾਹਰੋਂ ਬਣੂ ਧਰਮੀ ਗੱਲਾਂ ਚੰਗੀਆਂ ਵਿਚਾਂਰੂਗਾਂ।।
ਲਾ ਕੇ ਨਾੜ ਨੂੰ ਮੈਂ ਅੱਗ ਜੀਵਾਂ ਜਿੰਦਿਆਂ ਨੂੰ ਸਾੜੂੰਗਾਂ।।
ਰੱਬਾ ਮੀਂਹ ਪਾ ਦੇ ਲਾਉਂਦਾ ਮੈਂ ਛਬੀਲਾਂ
ਤੇ ਸੜਕਾਂ ਉੱਤੇ ਡਟਣਾ।।
ਜਦੋਂ ਤੱਕ ਇੱਥੋਂ ਮੁੱਕਦਾ ਨੀ ਪਾਣੀ
ਤੇ ਝੋਨਾ ਲਾਉਣਾ ਮੈਂ ਨੀ ਹਟਣਾ।।
ਇੰਝ ਹੀ ਮੈਂ ਵੇਖਿਓ ਪੰਜਾਬ ਤਾਈਂ ਸਾੜੂੰਗਾ।।
ਹੋ ਕੇ ਕਰਜ਼ਾਈ ਬੱਚੇ ਜਹਾਜ਼ਾਂ ਵਿੱਚ ਚਾੜੂੰਗਾ।।
ਜੇ ਨਾਂ ਵਿਆਹਾਂ ਵਿੱਚ ਪੈਸੇ ਮੈਂ ਉਡਾਏ
ਤੇ ਲੋਕਾਂ ਕਹਿਣਾ ਹੈਗਾ ਜੱਟ ਨਾ।।
ਜਦੋਂ ਤੱਕ ਇੱਥੋਂ ਮੁੱਕਦਾ ਨੀ ਪਾਣੀ
ਤੇ ਝੋਨਾ ਲਾਉਣਾ ਮੈਂ ਨੀ ਹਟਣਾ।।
ਛੱਡ ਕੇ ਮੋਟਰ ਸਾਰਾ ਵੇਹੜਾ ਰੋਜ਼ ਧੋਊਂਗੀ।।
ਰੁੱਖ ਹੈਨੀ ਘਰ ਨਿੱਤ ਏ ਸੀ ਥੱਲੇ ਸੋਊਂਗੀ।।
ਰੂੱਖਾਂ ਹੇਠਾਂ ਕਿੱਥੋਂ ਕਰ ਲਊਂ ਮੈਂ ਸੈਰਾਂ
ਦਰਦ ਨਾਲ ਸਿਰ ਫੱਟਣਾ।।
ਜਦੋਂ ਤੱਕ ਇੱਥੋਂ ਮੁੱਕਦਾ ਨੀ ਪਾਣੀ
ਤੇ ਵਿਹੜਾ ਧੋਣੋਂ ਮੈਂ ਨੀ ਹਟਣਾ।।
ਪਿੱਪਲ ਦਾ ਰੁੱਖ ਪੈਲੀ ਵਿੱਚੋਂ ਵੱਢ ਦੇਣਾ ਹੈ।।
ਲੰਗਰਾਂ ਲਈ ਦੇ ਕੇ ਮੈਂ ਸਿਰੋਪਾ ਇੱਕ ਲੈਣਾ ਹੈ।।
ਜੜ੍ਹੋਂ ਪੁੱਟ ਦੇਣਾ ਸਾਰਾ ਮੈਂ ਬਗੀਚਾ
ਤੇ ਰੁੱਖ ਬੀਜੋ ਲਾਓ ਰੱਟ ਨਾ।।
ਪਾਰਾ ਜਦੋਂ ਤੱਕ ਸੱਠ ਨੂੰ ਜਾਂਦਾ
ਤੇ ਅੱਗਾਂ ਲਾਉਣਾ ਮੈਂ ਨੀ ਹਟਣਾ।।
*ਬਗੀਚਾ ਸਿੰਘ ਕੱਲ੍ਹਾ +919781921213*
Author: Gurbhej Singh Anandpuri
ਮੁੱਖ ਸੰਪਾਦਕ