45 Views
ਭਾਰਤੀ ਹਕੂਮਤ ਨੇ ਜੋ ਸਿੱਖਾਂ ਖ਼ਿਲਾਫ਼ ਜੰਗ ਵਿੱਢੀ ਹੋਈ ਹੈ, ਉਸ ਦਾ ਮੁਕਾਬਲਾ ਸ. ਜਸਪਾਲ ਸਿੰਘ ਹੇਰਾਂ ਬਹੁਤ ਧੜੱਲੇ ਨਾਲ਼ ਕਰ ਰਹੇ ਸਨ ਤੇ ਦੁਸ਼ਮਣ ਦੇ ਹਰ ਹੱਲੇ ਦਾ ਜਵਾਬ ਉਹ ਆਪਣੀ ਕਿਰਪਾਨ ਰੂਪੀ ਕਲਮ ਨਾਲ਼ ਦੇ ਰਹੇ ਸਨ। 1849 ਵਿੱਚ ਜਦੋਂ ਦਾ ਸਿੱਖ ਰਾਜ ਦਾ ਸੂਰਜ ਡੁੱਬਿਆ ਓਦੋਂ ਤੋਂ ਹੀ ਸਿੱਖ ਆਪਣੀ ਕੌਮ ਦੀ ਅਜ਼ਾਦੀ ਲਈ ਲਹੂ-ਡੋਲ੍ਹਵਾਂ ਸੰਘਰਸ਼ ਕਰਦੇ ਰਹੇ ਪਰ ਸੰਨ 1947 ’ਚ ਬਿਪਰਵਾਦ ਨੇ ਸਿੱਖ ਕੌਮ ਨੂੰ ਇੱਕ ਗ਼ੁਲਾਮੀ ਤੋਂ ਦੂਜੀ ਗ਼ੁਲਾਮੀ ’ਚ ਫ਼ਸਾ ਲਿਆ। ਹਿੰਦੂ ਹਾਕਮ ਦਿੱਲੀ ਤਖ਼ਤ ਦੇ ਮਾਲਕ ਬਣ ਗਏ ਤੇ ਸਾਡੇ ਹਿੱਸੇ ਆਏ ਤਖ਼ਤੇ ਤੇ ਫ਼ਾਂਸੀਆਂ। ਭਾਰਤੀ ਹਕੂਮਤ ਨੇ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਨੂੰ ਖ਼ਤਮ ਅਤੇ ਜਜ਼ਬ ਕਰਨ ਲਈ ਜੰਗ ਛੇੜ ਦਿੱਤੀ ਜਿਸ ਦੇ ਫ਼ਲਸਰੂਪ ਕੁਰਬਾਨੀਆਂ, ਸੰਘਰਸ਼ ਅਤੇ ਸ਼ਹੀਦੀਆਂ ਦਾ ਸਫ਼ਰ ਮੁੜ ਤੋਂ ਸ਼ੂਰੂ ਹੋ ਗਿਆ।
ਬ੍ਰਾਹਮਣਵਾਦ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਸੀ ਤੇ ਉਸ ਦੇ ਜਾਲ਼ ਵਿੱਚ ਫਸੇ ਸਿੱਖ ਆਪਣੀ ਕੌਮੀਅਤ ਨੂੰ ਭੁੱਲਦੇ ਜਾ ਰਹੇ ਸਨ। ਫਿਰ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਜਥੇਦਾਰ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ‘ਸਿੰਘ ਗ਼ਰਜ਼’ ਮਾਰੀ ਤੇ ਪੰਥ ਅਤੇ ਪੰਜਾਬ ਦੀ ਰਾਖੀ ਲਈ ਝੰਡਾ ਚੁੱਕਿਆ। ਉਹਨਾਂ ਨੇ ਹਿੰਦੂ ਸਾਮਰਾਜ ਨੂੰ ਸਿਧਾਂਤਕ ਅਤੇ ਹਥਿਆਰਬੰਦ ਟੱਕਰ ਦੇ ਕੇ ਮੂਧੇ-ਮੂੰਹ ਸੁੱਟ ਦਿੱਤਾ ਤੇ ਸ੍ਰੀ ਦਰਬਾਰ ਸਾਹਿਬ ਉੱਤੇ ਜੂਨ 1984 ’ਚ ਹੋਏ ਹਮਲੇ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਨੇ ਕੌਮ ਨੂੰ ਇਹ ਅਹਿਸਾਸ ਕਰਾ ਦਿੱਤਾ ਕਿ ਇਹ ਜੰਗ ਹੁਣ ਸਾਨੂੰ ਲੜਨੀ ਪੈਣੀ ਹੈ। ਹਥਿਆਰਬੰਦ ਹੋ ਕੇ ਸਿੱਖਾਂ ਨੇ ਇੱਕ ਦਹਾਕਾ ਇਹ ਜੰਗ ਲੜੀ ਵੀ ਤੇ ਘਰ-ਘਰ ਚਮਕੌਰ ਦੀ ਗੜ੍ਹੀ ਬਣ ਗਿਆ।
ਹਥਿਆਰਬੰਦ ਲਹਿਰ ਵਿੱਚ ਆਈ ਖੜੋਤ ਤੋਂ ਬਾਅਦ ਸਿੱਖਾਂ ਨੇ ਇਹ ਜੰਗ ਵੱਖ-ਵੱਖ ਢੰਗ-ਤਰੀਕਿਆਂ ਨਾਲ਼ ਜਾਰੀ ਰੱਖੀ ਤੇ ਹਕੂਮਤ ਨੂੰ ਸੁਨੇਹਾ ਦਿੱਤਾ ਕਿ ਅਸੀਂ ਜਿਉਂਦੇ ਤੇ ਜਾਗਦੇ ਹਾਂ, ਅਸੀਂ ਓਦੋਂ ਤਕ ਲੜਦੇ ਰਹਾਂਗੇ ਜਦੋਂ ਤਕ ਅਸੀਂ ਜਿੱਤਦੇ ਨਹੀਂ ਤੇ ਜਿੱਤ ਖ਼ਾਲਸੇ ਦੀ ਯਕੀਨੀ ਹੈ। ਇਸ ਜੰਗ ’ਚ ਕੋਈ ਕਿਰਪਾਨ ਨਾਲ਼, ਕੋਈ ਹਥਿਆਰ ਨਾਲ਼, ਕੋਈ ਕਲਮ ਨਾਲ਼, ਕੋਈ ਬੋਲਾਂ-ਵਿਚਾਰਾਂ ਨਾਲ਼, ਕੋਈ ਧਾਰਮਿਕ, ਕੋਈ ਰਾਜਨੀਤਕ ਤੇ ਕੋਈ ਪੰਥਕ ਪਿੜ ’ਚ ਸਰਗਰਮ ਹੋ ਕੇ ਹਿੱਸਾ ਪਾ ਰਿਹਾ ਹੈ। ਦੁਸ਼ਮਣ ਨੇ ਪੰਥ ਅਤੇ ਪੰਜਾਬ ਨੂੰ ਚਾਰੇ ਪਾਸਿਓਂ ਘੇਰਿਆ ਹੋਇਆ ਹੈ ਤੇ ਸਿੱਖ ਇੱਕੋਂ ਸਮੇਂ ’ਚ ਹੀ ਕਈ ਜੰਗਾਂ, ਮੋਰਚੇ ਤੇ ਸੰਘਰਸ਼ ਲੜ ਰਹੇ ਹਨ।
ਪਹਿਰੇਦਾਰ ਅਖ਼ਬਾਰ ਦੇ ਜੁਝਾਰੂ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਜੋ ਭਾਰਤੀ ਹਕੂਮਤ ਅਤੇ ਹੋਰ ਪੰਥ ਦੋਖੀਆਂ ਵੱਲੋਂ ਪੰਥ ਤੇ ਪੰਜਾਬ ਖ਼ਿਲਾਫ਼ ਸਿਰਜੇ ਜਾ ਰਹੇ ਬਿਰਤਾਂਤ ਨੂੰ ਇਕੱਲਾ ਤੋੜਨ ਦਾ ਯਤਨ ਹੀ ਨਹੀਂ ਸਨ ਕਰਦੇ ਸਗੋਂ ਉਸ ਦੇ ਬਰਾਬਰ ਖ਼ਾਲਸਈ ਸਿਧਾਂਤਾਂ ਦੀ ਰੌਸ਼ਨੀ ’ਚ ਨਿਵੇਕਲਾ ਬਿਰਤਾਂਤ ਵੀ ਸਿਰਜਦੇ ਸਨ ਤੇ ਦੁਸ਼ਮਣ ਦੀ ਚਾਲ ਅਤੇ ਨੀਤੀਆਂ ਬਾਰੇ ਸਿੱਖਾਂ ਤੇ ਪੰਜਾਬੀਆਂ ਨੂੰ ਸੁਚੇਤ ਵੀ ਕਰਦੇ ਸਨ ਤੇ ਇਸ ਦੇ ਵਿਰੁੱਧ ਸੰਘਰਸ਼ ਛੇੜਨ ਲਈ ਵੀ ਪ੍ਰੇਰਦੇ ਸਨ। ਉਹ ਸਰੀਰਕ ਹਮਲਿਆਂ ਦੇ ਨਾਲ਼-ਨਾਲ਼ ਦੁਸ਼ਮਣ ਦੇ ਮਨੋ-ਵਿਗਿਆਨਕ, ਸਿਧਾਂਤਕ ਤੇ ਲੁਕਵੇਂ ਹਮਲਿਆਂ ਬਾਰੇ ਬਹੁਤ ਡੂੰਘੀ ਸਮਝ ਰੱਖਦੇ ਸਨ ਤੇ ਆਪਣੇ ਲੇਖਾਂ ਤੇ ਸੰਪਾਦਕੀਆਂ ਰਾਹੀਂ ਇਸ ਮਾਰੂ-ਹਮਲੇ ਖ਼ਿਲਾਫ਼ ਲੜ ਰਹੇ ਸਨ।
ਜਿਨ੍ਹਾਂ ਨੇ ਪੰਥ ਅਤੇ ਪੰਜਾਬ ਦੇ ਹੱਕ ’ਚ ਖੜ੍ਹਨਾ ਹੁੰਦਾ, ਭਾਰਤੀ ਸਟੇਟ ਵਿਰੁੱਧ ਅੜਨਾ ਤੇ ਲੜਨਾ ਹੁੰਦਾ, ਉਹ ਹਥਿਆਰਾਂ ਅਤੇ ਵਿਚਾਰਾਂ ਦੀ ਜੰਗ ਵਿੱਚ ਜੂਝਣ ਲਈ ਬਥੇਰੇ ਢੰਗ-ਤਰੀਕੇ ਲੱਭ ਲੈਂਦੇ ਹਨ। ਸ. ਜਸਪਾਲ ਸਿੰਘ ਹੇਰਾਂ ਨੇ ਹਕੂਮਤ ਨਾਲ਼ ਟੱਕਰ ਲੈਣ ਲਈ ਇੱਕ ਵੱਖਰਾ ਰਾਹ ਅਪਣਾਇਆ ਤੇ ਪੰਥ ਅਤੇ ਪੰਜਾਬ ਦੇ ਹੱਕ ’ਚ ਭੁਗਤਦੇ ਕਲਮਕਾਰਾਂ ਨੂੰ ਮਜ਼ਬੂਤ ਮੰਚ ਦਿੱਤਾ ਅਤੇ ਖ਼ਬਰਾਂ ਤੇ ਲੇਖਾਂ ਰਾਹੀਂ ਸੂਬਾ ਅਤੇ ਕੇਂਦਰ ਸਰਕਾਰਾਂ ਦੇ ਪਰਖੱਚੇ ਉਡਾ ਦਿੱਤੇ। ਮੇਰੇ ਵੱਡੇ ਵੀਰ ਅਤੇ ਖ਼ਾਲਿਸਤਾਨੀ ਚਿੰਤਕ ਸ. ਸਰਬਜੀਤ ਸਿੰਘ ਘੁਮਾਣ ਇੱਕ ਸ਼ੇਅਰ ਅਕਸਰ ਹੀ ਲਿਖਦੇ-ਬੋਲਦੇ ਹਨ ਕਿ “ਨਾ ਤੀਰ ਨਿਕਾਲ਼ੋ, ਨਾ ਤਲਵਾਰ ਨਿਕਾਲ਼ੋ, ਅਗਰ ਹਕੂਮਤ ਸੇ ਹੈ ਟੱਕਰ, ਤੋ ਅਖ਼ਬਾਰ ਨਿਕਾਲ਼ੋ।” ਸੋ ਜਸਪਾਲ ਸਿੰਘ ਹੇਰਾਂ ਨੇ ਅਖ਼ਬਾਰ ਕੱਢੀ, ਜੋ ਕਿਸੇ ਹਥਿਆਰ ਨਾਲ਼ੋਂ ਘੱਟ ਨਹੀਂ ਸੀ।
ਜਦੋਂ ਜਗਬਾਣੀ ਅਤੇ ਪੰਜਾਬ ਕੇਸਰੀ ਦਾ ਸੰਪਾਦਕ ਫ਼ਿਰਕੂ ਹਿੰਦੁਤਵੀ ਲਾਲ਼ਾ ਜਗਤ ਨਰਾਇਣ ਲਗਾਤਾਰ ਅਖ਼ਬਾਰਾਂ ’ਚ ਸਿੱਖੀ ਅਤੇ ਸਿੱਖੀ ਖ਼ਿਲਾਫ਼ ਜ਼ਹਿਰ ਉਗ਼ਲ ਰਿਹਾ ਸੀ, ਤਾਂ ਉਸ ਸਮੇਂ ਇੱਕ ਵਾਰ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਵੀ ਇੱਕ ਨਵੀਂ ਅਖ਼ਬਾਰ ਕੱਢਣ ਲਈ ਸਿੰਘਾਂ ਨਾਲ਼ ਗੱਲਬਾਤ ਕੀਤੀ ਤੇ ਇਸ ਦੇ ਖਰਚੇ ਬਾਰੇ ਪੁੱਛਿਆ। ਓਦੋਂ ਇੱਕ ਪੰਥਕ ਸੋਚ ਦੇ ਧਾਰਨੀ ਪੱਤਰਕਾਰ ਨੇ ਕਿਹਾ ਕਿ “ਸੰਤ ਜੀ ਜੇਕਰ ਅਸੀਂ ਅਖ਼ਬਾਰ ਵਿੱਚ ਸੱਚ ਲਿਖਿਆ ਤਾਂ ਇਹ ਸਰਕਾਰ ਨੇ ਨਹੀਂ ਚੱਲਣ ਦੇਣੀ ਤੇ ਜੇ ਅਸੀਂ ਝੂਠ ਲਿਖਿਆ ਤਾਂ ਤੁਸੀਂ ਨਹੀਂ ਚੱਲਣ ਦੇਣੀ।” ਸੋ ਓਦੋਂ ਇਹ ਗੱਲ ਵਿੱਚੇ ਰਹਿ ਗਈ।
ਅਕਾਲੀ ਪੱਤ੍ਰਕਾ ਅਖ਼ਬਾਰ ਆਪਣੀ ਸਮਰੱਥਾ ਅਨੁਸਾਰ ਪੰਥ ਅਤੇ ਪੰਜਾਬ ਬਾਬਤ ਕੁਝ ਵਧੀਆ ਲਿਖਦੀ ਰਹੀ ਤੇ ਓਸ ਸਮੇਂ ਸੰਪਾਦਕ ਸ. ਭਰਪੂਰ ਸਿੰਘ ਬਲਬੀਰ ਨੂੰ ਵੀ ਸਰਕਾਰ ਨੇ ਨਿਸ਼ਾਨੇ ਉੱਤੇ ਰੱਖਿਆ ਹੋਇਆ ਸੀ। ਸੰਤ ਜਰਨੈਲ ਸਿੰਘ ਜੀ ਅਕਸਰ ਇਹ ਗਿਲ਼ਾ ਕਰਿਆ ਕਰਦੇ ਸਨ ਕਿ “ਅਖ਼ਬਾਰਾਂ ਵਾਲ਼ੇ ਜਾਂ ਤਾਂ ਮੇਰਾ ਬਿਆਨ ਛਾਪਦੇ ਨਹੀਂ, ਜਾਂ ਕੱਟ-ਵੱਢ ਕਰ ਦਿੰਦੇ ਹਨ, ਜਾਂ ਉਹ ਕੁਝ ਛਾਪ ਦਿੰਦੇ ਹਨ ਜੋ ਮੈਂ ਕਿਹਾ ਹੀ ਨਹੀਂ ਹੁੰਦਾ।” ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਆਪਣੀ ਕਿਤਾਬ ‘ਜੂਨ 1984 ਦੀ ਪੱਤਰਕਾਰੀ’ ਵਿੱਚ ਲਿਖਦੇ ਹਨ ਕਿ “ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲਾ ਕਰਵਾਉਣ ਵਿੱਚ ਹਿੰਦੂ ਮੀਡੀਏ ਨੇ ਵੀ ਪਿੜ ਬੰਨ੍ਹਿਆ ਸੀ ਤੇ ਘਟਨਾਵਾਂ ਨੂੰ ਗ਼ਲਤ ਰੰਗਤ ਦੇ ਕੇ ਸਿੱਖਾਂ ਖ਼ਿਲਾਫ਼ ਮਹੌਲ ਸਿਰਜਿਆ ਗਿਆ ਸੀ।”
ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਜਦ ਖ਼ਾਲਿਸਤਾਨ ਦੀ ਅਜ਼ਾਦੀ ਲਈ ਹਥਿਆਰਬੰਦ ਲਹਿਰ ਉੱਠੀ ਤਾਂ ਜੁਝਾਰੂ ਸਿੰਘਾਂ ਨੂੰ ਅਖ਼ਬਾਰਾਂ ਵਾਲ਼ੇ ਅੱਤਵਾਦੀ, ਵੱਖਵਾਦੀ, ਦਹਿਸ਼ਤਗਰਦ, ਕਾਤਲ, ਲੁਟੇਰੇ, ਦਰਿੰਦੇ, ਪਾਕਿਸਤਾਨ ਦੇ ਪਿੱਠੂ ਆਖ ਕੇ ਭੰਡਦੇ ਰਹੇ ਤੇ ਉਹਨਾਂ ਨੂੰ ਖਲਨਾਇਕ ਸਿੱਧ ਕਰਦੇ ਰਹੇ। ਜੁਝਾਰੂ ਸਿੰਘਾਂ ਵੱਲੋਂ ਆਪਣੀਆਂ ਚਿੱਠੀਆਂ, ਬਿਆਨਾਂ ਤੇ ਲੇਖਾਂ ਨੂੰ ਅਖ਼ਬਾਰਾਂ ਵਿੱਚ ਬਿਨਾਂ ਕੱਟ-ਵੱਢ ਕੀਤੇ ਪੂਰਾ ਅਤੇ ਸਹੀ ਛਪਵਾਉਣ ਲਈ ਸੰਪਾਦਕਾਂ ਨੂੰ ਦਫ਼ਤਰਾਂ ਵਿੱਚ ਜਾ ਕੇ ਧਮਕੀ ਦੇਣੀ ਪੈਂਦੀ ਸੀ, ਕਿਉਂਕਿ ਜੁਝਾਰੂ ਸਿੰਘ ਵੀ ਲੋਕਾਂ ਅਤੇ ਸਰਕਾਰਾਂ ਤਕ ਆਪਣਾ ਪੱਖ, ਸੰਦੇਸ਼ ਤੇ ਗੱਲ ਪਹੁੰਚਾਉਣਾ ਚਾਹੁੰਦੇ ਸਨ। ਅਖ਼ਬਾਰਾਂ ਹਕੂਮਤ ਦੀ ਬੋਲੀ ਬੋਲਦੀਆਂ ਸਨ, ਪੁਲਿਸ ਮੁਖੀ ਬੁੱਚੜ ਕੇ.ਪੀ.ਐੱਸ. ਗਿੱਲ ਵੱਲੋਂ ਤਾਂ ਕਈ ਪੱਤਰਕਾਰਾਂ ਨੂੰ ਸ਼ਰਾਬ ਨਾਲ਼ ਰਜਾਇਆ ਜਾਂਦਾ ਸੀ ਤੇ ਮਹਿਫ਼ਲਾਂ ਵਿੱਚ ਬਿਠਾ ਕੇ ਜੁਝਾਰੂ ਸਿੰਘਾਂ ਵਿਰੁੱਧ ਭੁਗਤਾਇਆ ਜਾਂਦਾ ਸੀ। ਇਹਨਾਂ ਅਖ਼ਬਾਰਾਂ ਨੂੰ ਪੜ੍ਹ ਕੇ ਕਈ ਆਪਣੇ ਲੋਕ ਹੀ ਪੰਥ ਅਤੇ ਪੰਜਾਬ ਲਈ ਸਿਰਾਂ ’ਤੇ ਕੱਫ਼ਨ ਬੰਨ੍ਹ ਕੇ ਨਿਕਲੇ ਜੁਝਾਰੂ ਸਿੰਘਾਂ ਨੂੰ ਅੱਤਵਾਦੀ ਕਹਿਣ ਲੱਗ ਪਏ, ਪਰ ਉਹਨਾਂ ਨੂੰ ਕੌਣ ਸਮਝਾਵੇ ਕਿ ਇਹ ਸਿੱਖ ਕੌਮ ਵਿਰੁੱਧ ਬਿਰਤਾਂਤ ਘੜਿਆ ਗਿਆ ਸੀ।
ਜੁਝਾਰੂ ਸਿੰਘਾਂ ਦੇ ਯਤਨਾਂ ਸਦਕਾ ‘ਅੱਜ ਦੀ ਆਵਾਜ਼’ ਅਖ਼ਬਾਰ ਪੰਥ ਦੇ ਵਿਹੜੇ ਵਿੱਚ ਆਈ ਸੀ ਜਿਸ ਨੇ ਕੁਝ ਸਮਾਂ ਵਧੀਆ ਭੂਮਿਕਾ ਨਿਭਾਈ ਪਰ ਪਿਛਲੇ ਕਈ ਸਾਲਾਂ ਤੋਂ ਹੁਣ ਉਹ ਵੀ ਹਕੂਮਤ ਅੱਗੇ ਬੇਵੱਸ ਅਤੇ ਲਾਚਾਰ ਹੋ ਗਈ ਹੈ, ਹਾਲਾਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਉਸ ਨੂੰ ਚਲਾ ਰਹੇ ਹਨ। ‘ਸਪੋਕਸਮੈਨ’ ਅਖ਼ਬਾਰ ਆਈ ਉਸ ਨੇ ਪੰਥਕ ਅਖ਼ਬਾਰ ਹੋਣ ਦਾ ਦਾਅਵਾ ਵੀ ਕੀਤਾ ਪਰ ਖ਼ਾਲਸਾ ਪੰਥ ਨੂੰ ਹੋਰ ਹੀ ਵਿਵਾਦਾਂ ਅਤੇ ਬਿਖੇੜਿਆਂ ਵਿੱਚ ਉਲਝਾ ਦਿੱਤਾ। ਹਾਲਾਂਕਿ ਪੰਥ ਨੇ ਇਸ ਅਖ਼ਬਾਰ ’ਤੇ ਬੇਹੱਦ ਸਰਮਾਇਆ ਲਾਇਆ ਸੀ ਪਰ ਇਹ ਅਖ਼ਬਾਰ ਜਿੰਨੀ ਛੇਤੀ ਪੰਥਕ ਬਣੀ ਓਨੀ ਛੇਤੀ ਪੰਥ ਨੇ ਇਸ ਤੋਂ ਪਾਸਾ ਵੱਟ ਲਿਆ।
‘ਅਜੀਤ’ ਅਖ਼ਬਾਰ ਨੇ ਵੀ ਪੰਥ ਅਤੇ ਪੰਜਾਬ ਨਾਲ਼ ਵਫ਼ਾ ਨਹੀਂ ਕੀਤੀ। ਹੁਣ ਜਦ ਮੁੱਖ ਮੰਤਰੀ ਭਗਵੰਤ ਮਾਨ ਨੇ ਅਜੀਤ ਅਖ਼ਬਾਰ ਦੇ ਸਰਕਾਰੀ ਇਸ਼ਤਿਹਾਰ ਬੰਦ ਕਰ ਦਿੱਤੇ ਤਾਂ ਚੀਕਾਂ ਪੈ ਗਈਆਂ, ਹਾਲਾਂਕਿ ਇਸ ਅਖ਼ਬਾਰ ਨੂੰ ਹੋਰ ਕਈ ਪਾਸਿਓਂ ਇਸ਼ਤਿਹਾਰ ਲਗਾਤਾਰ ਮਿਲ਼ ਰਹੇ ਹਨ, ਪਰ ਪਹਿਰੇਦਾਰ ਅਖ਼ਬਾਰ ਨੂੰ ਸਰਕਾਰੀ ਇਸ਼ਤਿਹਾਰ ਨਾ ਮਿਲ਼ਣ ਦੇ ਬਾਵਜੂਦ ਸ. ਜਸਪਾਲ ਸਿੰਘ ਹੇਰਾਂ ਕਦੇ ਦਿਲ ਨਹੀਂ ਛੱਡਿਆ, ਉਹਨਾਂ ਆਪਣੀ ਓਟ ਕੇਵਲ ਗੁਰੂ ਅਤੇ ਪੰਥ ਵੱਲ ਹੀ ਤੱਕੀ। ਕਿਸੇ ਸਮੇਂ ਟ੍ਰਿਬਿਊਨ ਅਤੇ ਹਿੰਦੁਸਤਾਨ ਟਾਈਮਜ਼ ਅਖ਼ਬਾਰਾਂ ਵੀ ਸਿੱਖਾਂ ਨੇ ਹੀ ਸ਼ੁਰੂ ਕੀਤੀਆਂ ਸਨ ਪਰ ਹੁਣ ਇਹ ਹਕੂਮਤ ਦੀ ਬੋਲੀ ਬੋਲਦੀਆਂ ਹਨ। ਸੋ ਸਾਡੇ ਕੋਲ਼ ਇੱਕ ਹੀ ਅਖ਼ਬਾਰ ‘ਪਹਿਰੇਦਾਰ’ ਬਚਿਆ ਹੈ।
ਯਹੂਦੀਆਂ ਦੇ ਇੱਕ ਪੱਤਰਕਾਰ ਹਰਜਲ ਨੇ ਆਪਣੀਆਂ ਲਿਖਤਾਂ ਰਾਹੀਂ ਯਹੂਦੀ ਕੌਮ ’ਚ ਇੱਕ ਨਵੀਂ ਰੂਹ ਫੂਕ ਦਿੱਤੀ ਸੀ, ਵੱਡੀ ਚੇਤਨਾ ਅਤੇ ਜਾਗ੍ਰਿਤੀ ਲਿਆਂਦੀ ਤੇ ਉਸ ਦੀਆਂ ਲਿਖਤਾਂ ਪੜ੍ਹ ਕੇ ਹੀ ਜਿਸ ਦਿਨ ਵੱਡਾ ਇਕੱਠ ਹੋਇਆ ਤਾਂ ਉਸ ਨੇ ਕਿਹਾ ਕਿ “ਹੁਣ ਯਹੂਦੀ ਕੌਮ ਦੀ ਅਜ਼ਾਦੀ ਦੀ ਨੀਂਹ ਰੱਖੀ ਜਾ ਚੁੱਕੀ ਹੈ, ਤੇ ਮੇਰੀ ਕੌਮ ਇੱਕ ਦਿਨ ਅਵੱਸ਼ ਆਜ਼ਾਦ ਹੋਵੇਗੀ।” ਤੇ ਉਹਨਾਂ ਨੇ ਅਜ਼ਾਦੀ ਪ੍ਰਾਪਤ ਕੀਤੀ, ਅੱਜ ਉਹਨਾਂ ਦਾ ਇਜ਼ਰਾਈਲ ਦੇਸ਼ ਹੈ। ਇਸੇ ਤਰ੍ਹਾਂ ਸ. ਜਸਪਾਲ ਸਿੰਘ ਹੇਰਾਂ ਨੇ ਵੀ ਪਹਿਰੇਦਾਰ ਅਖ਼ਬਾਰ ਰਾਹੀਂ, ਆਪਣੀਆਂ ਸੰਪਾਦਕੀਆਂ/ਲਿਖਤਾਂ ਰਾਹੀਂ ਸਿੱਖਾਂ ਨੂੰ ਹਰ ਰੋਜ਼ ਜਗਾਇਆ, ਅਜ਼ਾਦੀ ਦਾ ਰਾਹ ਵਿਖਾਇਆ, ਗ਼ੁਲਾਮੀ ਦਾ ਅਹਿਸਾਸ ਕਰਵਾਇਆ। ਉਹਨਾਂ ਨੇ ਖ਼ਾਲਸਈ ਵਿਚਾਰਧਾਰਾ ਅਤੇ ਖ਼ਾਲਿਸਤਾਨੀ ਸੋਚ ਤੇ ਸੰਘਰਸ਼ ਨੂੰ ਜਿਉਂਦਾ ਰੱਖਿਆ। ਉਹ ਬੰਦਾ ਹਕੂਮਤ ਨੂੰ ਚੁੱਭ ਰਿਹਾ ਸੀ, ਤਾਂ ਹੀ ਤਾਂ ਪੈਗਾਸਿਸ ਰਾਹੀਂ ਸ. ਜਸਪਾਲ ਸਿੰਘ ਹੇਰਾਂ ਦੀ ਜਾਸੂਸੀ ਕੀਤੀ ਜਾ ਰਹੀ ਸੀ। ਹਕੂਮਤ ਨੂੰ ਪਤਾ ਸੀ ਕਿ ਉਹ ਬੰਦਾ ਕੀ ਸ਼ੈਅ ਹੈ, ਸਾਡੇ ਲੋਕ ਭਾਵੇਂ ਅਵੇਸਲੇ ਹੀ ਹੋਣ ਤੇ ਉਸ ਉੱਤੇ ਕਈ ਤਰ੍ਹਾਂ ਦੀਆਂ ਤੋਹਮਤਬਾਜ਼ੀਆਂ-ਇਲਜ਼ਾਮਬਾਜ਼ੀਆਂ ਕਰਦੇ ਰਹੇ ਹੋਣ।
ਮੈਨੂੰ ਯਾਦ ਹੈ ਕਿ ਜਦੋਂ ਮੈਨੂੰ ਅਤੇ ਦੀਪ ਸਿੱਧੂ ਨੂੰ ਕਿਸਾਨ ਸੰਘਰਸ਼ ਸਮੇਂ ਐੱਨ.ਆਈ.ਏ. ਦਾ ਸੰਮਨ ਆਇਆ ਸੀ ਤਾਂ ਸ. ਜਸਪਾਲ ਸਿੰਘ ਹੇਰਾਂ ਨੇ ਮੈਨੂੰ ਫ਼ੋਨ ਕਰਕੇ ਕਿਹਾ “ਇਹਨਾਂ ਤੋਂ ਡਰਨਾ ਨਹੀਂ, ਨਾ ਹੀ ਝੁਕਣਾ ਹੈ, ਸਗੋਂ ਇਹਨਾਂ ਖ਼ਿਲਾਫ਼ ਆਪਣੀ ਕਲਮ ਹੋਰ ਤਿੱਖੀ ਕਰੋ, ਮੋਦੀ ਸਰਕਾਰ ਦੇ ਹਰ ਪੈਂਤੜੇ ਦੀ ਘੇਰਾਬੰਦੀ ਕਰੋ ਤੇ ਸਰਕਾਰਾਂ ਦਾ ਬਿਰਤਾਂਤ ਤੋੜ ਸੁੱਟੋ, ਇਹਨਾਂ ਨੂੰ ਆਪਣੇ ਬੋਲਾਂ ਅਤੇ ਲਿਖਤਾਂ ਦੀ ਤਾਕਤ ਵਿਖਾਓ ਤੇ ਐੱਨ.ਆਈ.ਏ. ਨੂੰ ਦੱਸੋ ਕਿ ਅਸੀਂ ਸਹੀ ਤੇ ਤੁਸੀਂ ਗ਼ਲਤ ਹੋ, ਤੁਹਾਡੇ ਸੰਮਨ ਸਾਨੂੰ ਸੰਘਰਸ਼ ਤੋਂ ਹਟਾ ਨਹੀਂ ਸਕਦੇ, ਅਸੀਂ ਤਾਂ ਆਪਣੇ ਲੇਖਾਂ ਰਾਹੀਂ ਸਰਕਾਰ ਨੂੰ ਹਰ ਰੋਜ਼ ਸੰਮਨ ਭੇਜਦੇ ਹਾਂ, ਸਰਕਾਰ ਦੇਵੇ ਜਵਾਬ।”
ਪਹਿਰੇਦਾਰ ਅਖ਼ਬਾਰ ਨੇ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਮਾਮਲੇ ’ਤੇ, ਭਾਈ ਗੁਰਬਖ਼ਸ਼ ਸਿੰਘ ਅਤੇ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ’ਤੇ, ਬੰਦੀ ਸਿੰਘਾਂ ਦੀ ਰਿਹਾਈ ਸੰਘਰਸ਼ ਸਮੇਂ, ਬਲਾਤਕਾਰੀ ਸਿਰਸੇ ਵਾਲ਼ੇ ਨੂੰ ਅਖੌਤੀ ਜਥੇਦਾਰਾਂ ਵੱਲੋਂ ਮਾਫ਼ ਕਰਨ ਵਿਰੁੱਧ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਸਿੰਘਾਂ ਦੀਆਂ ਸ਼ਹੀਦੀਆਂ, ਬਰਗਾੜੀ-ਬਹਿਬਲ ਤੇ ਕੋਟਕਪੂਰਾ ਕਾਂਡ, ਸਰਬੱਤ ਖ਼ਾਲਸਾ ਅਤੇ ਬਰਗਾੜੀ ਮੋਰਚੇ ਵੇਲ਼ੇ ਬਹੁਤ ਅਹਿਮ, ਸ਼ਾਨਦਾਰ ਤੇ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ਼ ਸੱਚੀ ਅਤੇ ਨਿਵੇਕਲੀ ਰਿਪੋਰਟਿੰਗ ਕੀਤੀ ਜਿਸ ਨੇ ਬਾਦਲ ਅਤੇ ਕੈਪਟਨ ਦੀਆਂ ਸਰਕਾਰਾਂ ਦਾ ਕਰੂਪ ਚਿਹਰਾ ਨੰਗਾ ਕੀਤਾ।
ਕਿਸਾਨ ਸੰਘਰਸ਼ ਸਮੇਂ ਪਹਿਰੇਦਾਰ ਅਖ਼ਬਾਰ ਵਿੱਚ ਹੀ ‘ਕਿਸਾਨ ਟਰਾਲੀ ਟਾਈਮਜ਼’ ਸ਼ੁਰੂ ਕਰਕੇ ਅਜਿਹੇ ਲੇਖ ਛਾਪੇ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਨੀਂਦ ਹਰਾਮ ਹੋ ਗਈ ਤੇ ਦਿੱਲੀ ਕਿਸਾਨ ਮੋਰਚੇ ਨੂੰ ਵਧੇਰੇ ਬਲ਼ ਮਿਲਿਆ। 26 ਜਨਵਰੀ 2021 ਨੂੰ ਲਾਲ ਕਿਲ੍ਹੇ ’ਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁੱਲਣ ਅਤੇ ਕੌਮੀ ਯੋਧੇ ਸੰਦੀਪ ਸਿੰਘ ਦੀਪ ਸਿੱਧੂ ਦਾ ਵੀ ਪਹਿਰੇਦਾਰ ਨੇ ਪੱਖ ਪੂਰਿਆ ਤੇ ਹੋਰ ਨੌਜਵਾਨਾਂ ਦੇ ਹੱਕ ਵਿੱਚ ਵੀ ਜਬਰਦਸਤ ਆਵਾਜ਼ ਬੁਲੰਦ ਕੀਤੀ। ਕਿਸਾਨ ਮੋਰਚੇ ਵਿੱਚ ਕਿਸਾਨਾਂ ਦੀ ਪਹਿਲੀ ਮਨ-ਪਸੰਦ ਅਖ਼ਬਾਰ ਹੀ ਪਹਿਰੇਦਾਰ ਹੁੰਦੀ ਸੀ। ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਵੇਲ਼ੇ ਵੀ ਪਹਿਰੇਦਾਰ ਅਖ਼ਬਾਰ ਨੇ ਝਾੜੂ ਪਾਰਟੀ ਦੇ ਭਗਵੰਤ ਮਾਨ ਸਰਕਾਰ ਦਾ ਸੱਚ ਸਾਹਮਣੇ ਲਿਆਂਦਾ।
ਪੰਥਕ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ, ਦਲ ਖ਼ਾਲਸਾ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਕੌਮੀ ਇਨਸਾਫ਼ ਮੋਰਚਾ, ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀਆਂ ਖ਼ਬਰਾਂ ਨੂੰ ਪਹਿਰੇਦਾਰ ਨੇ ਹਮੇਸ਼ਾਂ ਪਹਿਲ ਅਤੇ ਖ਼ਾਸ ਥਾਂ ਦਿੱਤੀ।
ਇਕੱਲਾਂ ਉਹਨਾਂ ਦੀ ਅਖ਼ਬਾਰ ਦਾ ਨਾਂ ਹੀ ‘ਪਹਿਰੇਦਾਰ’ ਨਹੀਂ ਸੀ, ਸਗੋਂ ਜਸਪਾਲ ਸਿੰਘ ਹੇਰਾਂ ਖ਼ੁਦ ਵੀ ਪਹਿਰੇਦਾਰ ਹੀ ਸਨ, ਪੰਥ ਅਤੇ ਪੰਜਾਬ ਦੇ ਪਹਿਰੇਦਾਰ, ਸਿੱਖਾਂ ਹੱਕਾਂ ਤੇ ਅਜ਼ਾਦੀ ਦੇ ਪਹਿਰੇਦਾਰ, ਪੰਜਾਬ ਦੀ ਹਵਾ ਤੇ ਪਾਣੀਆਂ ਦੇ ਪਹਿਰੇਦਾਰ, ਕੌਮੀ ਸੰਘਰਸ਼ ਅਤੇ ਆਪਣੇ ਲੋਕਾਂ ਦੇ ਪਹਿਰੇਦਾਰ। ਉਹ ਪੰਥ ਅਤੇ ਪੰਜਾਬ ਦੀ ਆਵਾਜ਼ ਸਨ, ਉਹਨਾਂ ਅੰਦਰ ਪੰਥ ਪ੍ਰਤੀ ਅਥਾਹ ਦਰਦ ਤੇ ਪਿਆਰ ਸੀ, ਉਹ ਆਪਣੀ ਕੌਮ ਨੂੰ ਚਿੰਤਾਵਾਂ ’ਚੋਂ ਕੱਢਣ ਲਈ ਚਿੰਤਤ ਰਹਿੰਦੇ ਸਨ। ਉਹਨਾਂ ਦੀ ਜੁਝਾਰੂ ਕਲਮ ਅਤੇ ਸੋਚ ਤੋਂ ਹਿੰਦ ਹਕੂਮਤ ਥਰ-ਥਰ ਕੰਬਦੀ ਸੀ।
ਉਹਨਾਂ ਨੂੰ ਝੁਕਾਉਣ, ਲਿਫ਼ਾਉਣ, ਡਰਾਉਣ, ਧਮਕਾਉਣ ਦੇ ਕਈ ਯਤਨ ਹੋਏ ਪਰ ਉਹ ਅਡੋਲ ਰਹੇ, ਉਹ ਵਿਕੇ ਵੀ ਨਹੀਂ, ਅੱਕੇ ਵੀ ਨਹੀਂ ਤੇ ਥੱਕੇ ਵੀ ਨਹੀਂ। ਉਹ ਕੌਮ ਨੂੰ ਨਿਰਾਸ਼ਾ ਦੇ ਸਮੁੰਦਰ ’ਚੋਂ ਕੱਢਣ ਲਈ ਬਹੁਤ ਆਸਵੰਦ ਸਨ, ਉਹ ਸਿੱਖ ਕੌਮ ਦੀ ਬੇੜੀ ਪਾਰ ਲਾਉਣਾ ਚਾਹੁੰਦੇ ਸਨ। ਉਹ ਸਮੁੰਦਰ ਵਿਚਲੇ ਮਗਰਮੱਛਾਂ ਨਾਲ਼ ਵੀ ਖਹਿ ਜਾਂਦੇ ਸਨ। ਉਹ ਜਾਣਦੇ ਸਨ ਕਿ ਕੌਮ ਦਾ ਬੇੜਾ ਗਰਕ ਕਰਨ ਵਿੱਚ ਇਹਨਾਂ ਮਗਰਮੱਛਾਂ ਭਾਵ ਅਖੌਤੀ ਅਕਾਲੀ ਬਾਦਲਕਿਆਂ ਦਾ ਵੀ ਵੱਡਾ ਹੱਥ ਹੈ।
ਸ. ਜਸਪਾਲ ਸਿੰਘ ਹੇਰਾਂ ਜੋ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਸੋਚ, ਸੰਘਰਸ਼ ਅਤੇ ਨਿਸ਼ਾਨੇ ਦੇ ਵੀ ਪਹਿਰੇਦਾਰ ਸਨ। ਖਾੜਕੂ ਲਹਿਰ ਦੇ ਜੁਝਾਰੂ ਸਿੰਘਾਂ, ਕੌਮੀ ਘਰ ਖ਼ਾਲਿਸਤਾਨ, ਜੂਨ 1984 ਤੀਜਾ ਘੱਲੂਘਾਰਾ, ਨਵੰਬਰ 1984 ਸਿੱਖ ਨਸਲਕੁਸ਼ੀ, 29 ਅਪ੍ਰੈਲ 1986 ਦਾ ਖ਼ਾਲਿਸਤਾਨ ਐਲਾਨਨਾਮਾ, ਸ਼ਹੀਦ ਸਿੰਘਾਂ, ਸਿੱਖ ਇਤਿਹਾਸ ਦੀਆਂ ਹੋਰ ਲਹੂ ਭਿੱਜੀਆਂ ਘਟਨਾਵਾਂ, ਸਾਕਿਆਂ ਤੇ ਸੰਘਰਸ਼ਾਂ ਬਾਰੇ ਲਿਖਣਾ ਤੇ ਛਾਪਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਪਰ ਹੇਰਾਂ ਸਾਬ੍ਹ ਨੇ ਪਹਿਰੇਦਾਰ ਅਖ਼ਬਾਰ ਰਾਹੀਂ ਇਹ ਫ਼ਰਜ਼ ਬਾਖ਼ੂਬੀ ਨਿਭਾਇਆ, ਜੋ ਹੋਰ ਕੋਈ ਨਹੀਂ ਸੀ ਕਰ ਸਕਦਾ। ਮੇਰੇ ਵੱਲੋਂ ਸਿੱਖ ਸੰਘਰਸ਼ ਸੰਬੰਧੀ ਲਿਖੇ ਲੇਖਾਂ ਨੂੰ ਉਹ ਬਹੁਤ ਤਰਜੀਹ ਦਿੰਦੇ ਸਨ ਤੇ ਪਹਿਲ ਦੇ ਆਧਾਰ ’ਤੇ ਛਾਪਦੇ ਸਨ।
ਸ. ਜਸਪਾਲ ਸਿੰਘ ਹੇਰਾਂ ਕੌਮੀ ਅਜ਼ਾਦੀ ਪ੍ਰਤੀ ਪੂਰੇ ਦ੍ਰਿੜ ਸਨ ਤੇ ਉਹ ਹਰ ਮਸਲੇ ’ਤੇ ਬੇਖ਼ੌਫ਼ ਹੋ ਕੇ ਰੋਜ਼ਾਨਾ ਸੰਪਾਦਕੀ ਲਿਖਦੇ ਸਨ। ਉਹ ਜਾਣਦੇ ਸਨ ਕਿ ਭਾਰਤ ਵਿੱਚ ਸਿੱਖਾਂ ਦਾ ਭਵਿੱਖ ਕਦੇ ਵੀ ਸੁਰੱਖਿਅਤ ਨਹੀਂ ਰਹਿ ਸਕਦਾ ਤਾਂ ਹੀ ਉਹ ਅਖ਼ਬਾਰ ਦੇ ਪਹਿਲੇ ਪੰਨੇ ’ਤੇ ਸੰਤ ਭਿੰਡਰਾਂਵਾਲ਼ਿਆਂ ਦੀ ਇੰਟਰਵਿਊ ਵਾਰ-ਵਾਰ ਛਾਪਦੇ ਸਨ ਜਿਨ੍ਹਾਂ ਵਿੱਚ ਸੰਤ ਜੀ ਆਖਦੇ ਹਨ ਕਿ “ਹੁਣ ਭਾਰਤ ’ਚ ਰਹਿਣਾ ਔਖਾ।” ਉਹ ਅਕਾਲੀ ਫੂਲਾ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ, ਬਾਬਾ ਦੀਪ ਸਿੰਘ, ਸਰਦਾਰ ਸ਼ਾਮ ਸਿੰਘ ਅਟਾਰੀ, ਸ. ਕਰਤਾਰ ਸਿੰਘ ਝੱਬਰ, ਸਿਰਦਾਰ ਕਪੂਰ ਸਿੰਘ, ਸੰਤ ਜਰਨੈਲ ਸਿੰਘ ਅਤੇ ਪੁਰਾਤਨ ਅਕਾਲੀਆਂ “ਜੋ ਪੰਥ ਵਸੈ ਮੈਂ ਉੱਜੜਾ ਸਿਧਾਂਤ ਦੇ ਧਾਰਨੀ ਸਨ” ਬਾਰੇ ਖ਼ਾਸ ਤੌਰ ’ਤੇ ਐਤਵਾਰ ਦੇ ਵਿਸ਼ੇਸ਼ ਅੰਕ ’ਚ ਛਾਪਦੇ ਸਨ ਤਾਂ ਜੋ ਕੌਮ ਵਿੱਚ ਜਾਗ੍ਰਿਤੀ ਆਵੇ ਤੇ ਨੌਜਵਾਨ ਇਹਨਾਂ ਤੋਂ ਸੇਧ ਲੈ ਸਕਣ। ਸ. ਹੇਰਾਂ ਸਾਬ੍ਹ ਕਾਂਗਰਸੀਆਂ, ਭਾਜਪਾਈਆਂ ਤੇ ਝਾੜੂ ਵਾਲ਼ਿਆਂ ਨਾਲ਼ੋਂ ਵੱਧ ਸੇਕ ਅਖੌਤੀ ਅਕਾਲੀ ਬਾਦਲਕਿਆਂ ਨੂੰ ਦਿੰਦੇ ਰਹੇ ਕਿਉਂਕਿ ਬਾਦਲ ਪਰਿਵਾਰ ਤੇ ਬਾਦਲ ਦਲ ਨੇ ਪੰਥਕ ਬੁਰਕਾ ਪਾ ਕੇ ਤੇ ਪੰਥਕ ਸਰਕਾਰ ਅਖਵਾ ਕੇ ਪੰਥਕ ਸਿਧਾਂਤਾਂ ਦਾ ਰੱਜ ਕੇ ਘਾਣ ਤੇ ਪੰਜਾਬ ਨਾਲ਼ ਖੁੱਲ੍ਹ ਕੇ ਗ਼ੱਦਾਰੀਆਂ ਕੀਤੀਆਂ। ਉਹਨਾਂ ਨੇ ਬਾਦਲਕਿਆਂ ਦਾ ਪੰਥਕ ਮੁਖੌਟਾ ਲਾਹ ਕੇ ਸਿੱਖ ਕੌਮ ਨੂੰ ਦੱਸ ਦਿੱਤਾ ਕਿ ਇਹ ਔਰੰਗਜ਼ੇਬ, ਅਬਦਾਲੀ, ਮੀਰ ਮੰਨੂ, ਮੱਸਾ ਰੰਘੜ, ਫ਼ਰੁੱਖਸੀਅਰ, ਜਨਰਲ ਡਾਇਰ, ਇੰਦਰਾ ਗਾਂਧੀ, ਬੁੱਚੜ ਕੇ.ਪੀ.ਐੱਸ. ਗਿੱਲ ਤੇ ਦਰਿੰਦੇ ਮੁੱਖ ਮੰਤਰੀ ਬੇਅੰਤ ਸਿਹੁੰ ਨਾਲੋਂ ਵੱਧ ਖ਼ਤਰਨਾਕ ਨੇ ਤੇ ਹਿੰਦੂ ਕੁਹਾੜੇ ਦਾ ਦਸਤਾ ਬਣੇ ਹੋਏ ਨੇ।
ਸ. ਹੇਰਾਂ ਨੇ ਅਖ਼ਬਾਰ ਚਲਾਉਣ ਦੇ ਨਾਲ਼-ਨਾਲ਼ ਕਈ ਸੰਘਰਸ਼ਾਂ ਦੀ ਅਗਵਾਈ ਵੀ ਕੀਤੀ ਤੇ ਪੰਥਕ ਸਰਗਰਮੀਆਂ ’ਚ ਆਪਣਾ ਖ਼ਾਸ ਯੋਗਦਾਨ ਪਾਇਆ ਜੋ ਕਾਬਿਲ-ਏ-ਤਾਰੀਫ਼ ਹੈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਨਸਾਫ਼, ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਦਰਿਆਈ ਪਾਣੀਆਂ ਦੀ ਰੋਕ ਅਤੇ ਸੰਭਾਲ, ਵਾਤਾਵਰਨ ਦੀ ਸ਼ੁੱਧਤਾ, ਪੰਜਾਬ ’ਚ ਪੰਥਕ ਸਿਆਸਤ ਦੇ ਬੋਲਬਾਲੇ ਲਈ ਉਹ ਯਤਨਸ਼ੀਲ ਸਨ।
ਉਹਨਾਂ ਨੇ ਸਰਕਾਰੀ ਅਤੇ ਆਰਥਿਕ ਮਾਰ ਵੀ ਝੱਲੀ, ਪਰ ਏਨੀਆਂ ਤੰਗੀਆਂ-ਔਖਿਆਈਆ-ਦੁਸ਼ਵਾਰੀਆਂ ਦੇ ਬਾਵਜੂਦ ਵੀ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦਾ ਝੰਡਾ ਉੱਚਾ ਚੁੱਕੀ ਰੱਖਿਆ। ਆਖ਼ਰ ਕੌਮ ਦੇ ਇਸ ਜਰਨੈਲ ਤੇ ਪਹਿਰੇਦਾਰ ਸ. ਜਸਪਾਲ ਸਿੰਘ ਹੇਰਾਂ ਨੂੰ ਬੀਮਾਰੀਆਂ ਨੇ ਘੇਰਾ ਪਾ ਲਿਆ ਪਰ ਫਿਰ ਵੀ ਉਹ ਆਪਣੇ ਸਰੀਰ ਦੀ ਤੰਦਰੁਸਤੀ ਲਈ ਘੱਟ ਅਤੇ ਪੰਥ-ਪੰਜਾਬ ਦੀ ਚੜ੍ਹਦੀ ਕਲਾ ਤੇ ਖ਼ੁਸ਼ਹਾਲੀ ਬਾਰੇ ਵੱਧ ਸੋਚਦਾ ਰਿਹਾ ਤੇ ਵਾਹਿਗੁਰੂ ਵੱਲੋਂ ਆਏ ਬੁਲਾਵੇ ਅਨੁਸਾਰ 18 ਜੁਲਾਈ 2024 ਨੂੰ ਇਸ ਫ਼ਾਨੀ ਸੰਸਾਰ ਨੂੰ ਫ਼ਤਹਿ ਗਜਾ ਗਿਆ। ਸ. ਜਸਪਾਲ ਸਿੰਘ ਹੇਰਾਂ ਨੂੰ ਇਹ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਇਸ ਜੰਗ ਨੂੰ ਜਾਰੀ ਰੱਖੀਏ ਅਤੇ ਪੰਥ ਤੇ ਪੰਜਾਬ ਦਾ ਭਵਿੱਖ ਰੁਸ਼ਨਾਈਏ। ਕਵੀ ਸੰਤ ਰਾਮ ਉਦਾਸੀ ਦੇ ਬੋਲਾਂ ਅਨੁਸਾਰ “ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।”
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ: 88722-93883.
Author: Gurbhej Singh Anandpuri
ਮੁੱਖ ਸੰਪਾਦਕ