ਦਸੂਹਾ 3 ਅਗਸਤ 2024 – ਤਾਜੀਮਨੂਰ ਕੌਰ – ਬਲਾਕ ਦਸੂਹਾ ਦੇ ਪਿੰਡ ਮੀਰਪੁਰ ਵਿਚ ਦੋ ਪਰਿਵਾਰਾਂ ਵਿਚ ਹੋਈ ਲੜਾਈ ਨੇ ਖੂਨੀ ਰੂਪ ਲੈ ਲਿਆ। ਇਸ ਲੜਾਈ ਵਿਚ ਛੁੱਟੀ ’ਤੇ ਆਏ ਫੌਜ ਦੇ ਸਿਪਾਹੀ ਦੀ ਬਾਂਹ ਪੂਰੀ ਤਰ੍ਹਾਂ ਕੱਟ ਗਈ। ਲੜਾਈ ਦੀ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ ਹੈ। ਜਾਣਕਾਰੀ ਦਿੰਦਿਆਂ ਜ਼ਖ਼ਮੀ ਸਿਪਾਹੀ ਹਰਭਜਨ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਫ਼ੌਜ ਵਿੱਚ ਨੌਕਰੀ ਕਰਦਾ ਹੈ ਅਤੇ ਸ੍ਰੀਨਗਰ ਵਿਚ ਤਾਇਨਾਤ ਸੀ। ਇਕ ਹਫ਼ਤਾ ਪਹਿਲਾਂ ਹੀ ਉਹ ਛੁੱਟੀ ’ਤੇ ਘਰ ਆਇਆ ਸੀ। ਅੱਜ ਦੁਪਹਿਰ ਸਮੇਂ ਪਿੰਡ ਦੇ ਕੁਝ ਲੜਕੇ ਮੇਰੀ ਭਰਜਾਈ ਜੋ ਕਿ ਮਾਨਸਿਕ ਤੌਰ ’ਤੇ ਕਮਜ਼ੋਰ ਹੈ, ਨਾਲ ਲੜ ਰਹੇ ਸਨ ਅਤੇ ਉਸ ਦੀ ਕੁੱਟਮਾਰ ਕਰ ਰਹੇ ਸਨ, ਜਦੋਂ ਮੇਰੇ ਪਤੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਹਮਲਾਵਰਾਂ ਨੇ ਮੇਰੇ ਪਤੀ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਮੇਰੇ ਘਰ ਦੇ ਬਾਹਰ ਲੱਗੇ ਕੈਮਰਿਆਂ ਵਿਚ ਕੈਦ ਹੋ ਗਈ ਹੈ। ਹਮਲਾਵਰਾਂ ਨੇ ਮੇਰੇ ਪਤੀ ਦੀ ਬਾਂਹ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਮੇਰੇ ਪਤੀ ਦੀ ਬਾਂਹ ਬੁਰੀ ਤਰ੍ਹਾਂ ਕੱਟ ਗਈ। ਉਸ ਨੂੰ ਜ਼ਖ਼ਮੀ ਹਾਲਤ ਵਿਚ ਦਸੂਹਾ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਹੁਸ਼ਿਆਰਪੁਰ ਰੈਫ਼ਰ ਕਰ ਦਿੱਤਾ। ਸਿਪਾਹੀ ਹਰਭਜਨ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਉਸ ਦੇ ਪਤੀ ’ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
Author: Gurbhej Singh Anandpuri
ਮੁੱਖ ਸੰਪਾਦਕ