ਅਟਾਰੀ, 3 ਅਗਸਤ ( ਸ਼ੋਧ ਸਿੰਘ ਬਾਜ਼ ) – ਗੁਆਂਢੀ ਦੇਸ਼ ਪਾਕਿਸਤਾਨ ਤੋਂ ਭਾਰਤ ਆਈ ਇਕ ਔਰਤ ਕੋਲੋਂ ਕਸਟਮ ਵਿਭਾਗ ਵਲੋਂ ਕਰੋੜਾਂ ਰੁਪਏ ਦਾ ਸੋਨਾ ਬਰਾਮਦ ਕਰਨ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਨੋਇਡਾ ਦੀ ਰਹਿਣ ਵਾਲੀ ਔਰਤ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਰਹਿੰਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਇਕ ਮਹੀਨਾ ਪਹਿਲਾਂ ਮਿਲਣ ਗਈ ਸੀ। ਅੱਜ ਉਹ ਜਦੋਂ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਇੰਟੀਗਰੇਟਡ ਚੈੱਕ ਪੋਸਟ ਅਟਾਰੀ ਪਹੁੰਚੀ ਤਾਂ ਇਮੀਗਰੇਸ਼ਨ ਹੋਣ ਤੋਂ ਬਾਅਦ ਕਸਟਮ ਕਰਵਾਉਣ ਲੱਗੀ। ਕਸਟਮ ਵਿਭਾਗ ਵਲੋਂ ਉਸ ਦੇ ਸਮਾਨ ਦੀ ਚੈਕਿੰਗ ਕੀਤੀ ਗਈ। ਉਸ ਕੋਲ ਕਾਫੀ ਭਾਰੇ ਬਰਤਨ ਸਨ। ਘਰ ਵਿਚ ਵਰਤਣ ਵਾਲੇ ਭਾਂਡਿਆਂ ਨੂੰ ਲੱਗੇ ਕੁੰਡਿਆਂ ‘ਤੇ ਕਸਟਮ ਵਿਭਾਗ ਨੂੰ ਸ਼ੱਕ ਪਿਆ। ਕਸਟਮ ਅਧਿਕਾਰੀਆਂ ਨੇ ਬਰਤਨਾਂ ਨਾਲੋਂ ਕੁੰਡੇ ਵੱਖ ਕੀਤੇ ਤਾਂ ਉੱਪਰ ਸਟੀਲ ਦੀ ਪਰਤ ਚਾੜ੍ਹ ਕੇ ਵਿਚ ਸੋਨਾ ਰੱਖਿਆ ਹੋਇਆ ਸੀ। ਕਸਟਮ ਵਿਭਾਗ ਅਟਾਰੀ ਸਰਹੱਦ ਵਲੋਂ ਸੋਨਾ ਜ਼ਬਤ ਕਰ ਲਿਆ ਗਿਆ ਅਤੇ ਮਹਿਲਾ ਕੋਲੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। 24 ਕੈਰਟ ਸੋਨੇ ਦਾ ਵਜ਼ਨ 2 ਕਿਲੋ 10 ਗ੍ਰਾਮ ਦੱਸਿਆ ਜਾ ਰਿਹਾ। ਇਸ ਦੀ ਮਾਰਕੀਟ ਵਿਚ ਕੀਮਤ 1 ਕਰੋੜ 60 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
Author: Gurbhej Singh Anandpuri
ਮੁੱਖ ਸੰਪਾਦਕ