ਪਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਆਪਣੀ ਲਿਖਤ “ਮੇਰਾ ਦੋਸਤ ਈਰਾਨ” ਵਿੱਚ ਈਰਾਨ ਦੇ ਸ਼ਹਿਰ ਜ਼ਾਹਿਦਾਨ ਵਿਚ ਸਥਿਤ ਗੁਰਦੁਆਰੇ ਦੇ ਇਤਿਹਾਸ ਦੀ ਇਕ ਦਿਲਚਸਪ ਘਟਨਾ ਦਾ ਵਰਨਣ ਕੀਤਾ ਹੈ ..!
ਤਹਿਰਾਨ ਵਿਚ ਤਿੰਨ ਮੰਜਿਲਾ ਸ਼ਾਨਦਾਰ ਗੁਰਦੁਆਰਾ ਹੈ। ਮੈਂ ਮੁਹੰਮਦ ਨੂਰਾਨੀ ਨੂੰ ਪੁੱਛਿਆ ਕਿ ਈਰਾਨ ਵਿਚ ਕਿੰਨੇ ਕੁ ਗੁਰਦੁਆਰੇ ਹਨ? ਉਸਨੇ ਦੱਸਿਆ ਕਿ ਤਿੰਨ ਸਨ, ਦੂਜਾ ਪਰਸ਼ੀਅਨ ਗਲਫ ਲਾਗੇ ਆਬਦਾਨ ਵਿਚ ਤੇ ਤੀਜਾ ਜ਼ਾਹਿਦਾਨ ਵਿਚ। ਅੰਗਰੇਜਾਂ ਵੇਲੇ ਆਬਦਾਨ ਵਿਚ ਸਿੱਖਾਂ ਦੀ ਗਿਣਤੀ ਕਾਫੀ ਸੀ, ਇਕ ਸ਼ੜਕ ਦਾ ਨਾਮ ਹੀ ਸਿੱਖ ਐਲੀ ਸੀ। ਆਬਦਾਨ ਵਿੱਚੋਂ ਸਿੱਖ ਤਹਿਰਾਨ ਆ ਗਏ ਹਨ ਜਿਸ ਕਰਕੇ ਗੁਰਦੁਆਰੇ ਦੀ ਇਮਾਰਤ ਅਜਾਇਬ ਘਰ ਹੋ ਗਈ। ਜ਼ਾਹਿਦਾਨ (ਜ਼ਾਹੇਦਾਨ) ਦੇ ਗੁਰਦੁਆਰੇ ਦਾ ਇਤਿਹਾਸ ਇਕ ਦਿਲਚਸਪ ਘਟਨਾ ਦਾ ਨਤੀਜਾ ਹੈ।
ਪਹਿਲਵੀ ਖਾਨਦਾਨ ਵਿੱਚ ਕੇਵਲ ਦੋ ਬਾਦਸ਼ਾਹ ਹੋਏ। ਪਹਿਲਾਂ ਰਜਾ ਸ਼ਾਹ ਪਹਿਲਵੀ ਤੇ ਦੂਜਾ ਮਹੁੰਮਦ ਸ਼ਾਹ ਪਹਿਲਵੀ, ਉਸਦਾ ਬੇਟਾ। ਪਹਿਲਾਂ ਬਾਦਸ਼ਾਹ ਭਲਾ ਮਾਣਸ ਸੀ। ਉਸ ਨੇ ਈਰਾਨ ਨੂੰ ਅਧੁਨਿਕ ਤਰਜ ਦੀ ਤਰੱਕੀ ਦੇਣ ਵਾਸਤੇ ਪੂਰੀ ਤਾਕਤ ਲਾ ਦਿੱਤੀ ਸੀ। ਸਾਲ 1940 ਵਿੱਚ ਉਸ ਦਾ ਜਾਹਿਦਾਨ ਵੱਲ ਦੌਰਾ ਸੀ। ਇਹ ਪਿੰਡ ਪਾਕਿਸਤਾਨ ਵਾਲੇ ਪਾਸੇ ਹੈ। ਇਸ ਪਿੰਡ ਦਾ ਪਹਿਲਾ ਨਾਮ ਸੀ ਦੁਜਿਤ-ਆਬ, ਜਿਸ ਦਾ ਅਰਥ ਹੈ ਪਾਣੀ ਚੋਰ। ਜਦੋਂ ਸ਼ਾਹ ਪਿੰਡ ਲਾਗਿਓਂ ਗੁਜ਼ਰ ਰਿਹਾ ਸੀ, ਉਸ ਨੇ 6-7 ਸਿੱਖ ਕਿਸਾਨ ਖੇਤਾ ਵਿੱਚੋਂ ਕੰਮ ਕਰਕੇ ਵਾਪਿਸ ਆਉਂਦੇ ਵੇਖੇ ਜਿਹਨਾ ਦੇ ਸਿਰਾ ਉਪਰ ਦਸਤਾਰਾਂ ਤੇ ਦਾਹੜੇ ਖੁੱਲ੍ਹੇ ਸਨ। ਸ਼ਾਹ ਆਪਣੇ ਘੋੜੇ ਉਤਰਿਆ ਤੇ ਸਤਿਕਾਰ ਨਾਲ ਝੁਕ ਕੇ ਸਲਾਮ ਅਰਜ ਕਰਦਿਆ ਕਿਹਾ – ਇਹੋ ਜਿਹੇ ਰੂਹਾਨੀ ਫਕੀਰ ਮੈਂ ਜਿੰਦਗੀ ਵਿੱਚ ਪਹਿਲੀ ਵਾਰ ਦੇਖੇ। ਕਿਸਾਨ ਚਲੇ ਗਏ ਤਾ ਦਰਬਾਰੀਆਂ ਨੇ ਦੱਸਿਆ ਹਜੂਰ ਇਹ ਫਕੀਰ ਫਕੂਰ ਕੋਈ ਨਹੀ, ਇਹ ਤਾਂ ਜਾਹਲ ਕਿਸਾਨ ਹਨ, ਹਿੰਦੁਸਤਾਨ ਤੋਂ ਆਏ ਹੋਏ ਨੇ ਤੇ ਇਹਨਾ ਦਾ ਵੱਖਰਾ ਮਜਹਬ ਹੈ ਇਹ ਸਿੱਖ ਹਨ। ਬਾਦਸ਼ਾਹ ਲੋਕਾ ਦੀਆ ਤਕਲੀਫਾਂ ਸੁਣਦਾ ਰਿਹਾ ਤੇ ਜਦੋਂ ਜਾਣ ਦਾ ਵਕਤ ਹੋਇਆ ਤਾ ਕਿਹਾ – ਮੈਂ ਉਹਨਾ ਫਕੀਰਾਂ ਦੇ ਦੀਦਾਰ ਇਕ ਵਾਰ ਫੇਰ ਜਾਣ ਤੋਂ ਪਹਿਲਾਂ ਕਰਨ ਦਾ ਖਾਹਸ਼ਮੰਦ ਹਾਂ। ਉਹਨਾਂ ਨੂੰ ਬੁਲਾਇਆ ਗਿਆ ਤੇ ਸ਼ਾਹ ਨੇ ਸਤਿਕਾਰ ਕਰਦਿਆ ਫਿਰ ਦੁਹਰਾਇਆ – ਮੈ ਤੁਹਾਡੇ ਚਿਹਰਿਆਂ ਤੋਂ ਪਛਾਣਦਾ ਹਾਂ ਕਿ ਤੁਸੀਂ ਬੰਦਗੀ ਕਰਨ ਵਾਲੇ ਨੇਕਬਖਤ ਇਨਸਾਨ ਹੋ। ਸਿੱਖਾਂ ਨੇ ਕਿਹਾ ਹਜੂਰ ਸੁੱਚੀ ਕਿਰਤ ਕਰਦੇ ਹਾਂ ਤੇ ਅੱਲ੍ਹਾ ਦਾ ਨਾਮ ਲੈਂਦੇ ਹਾਂ। ਇਹ ਤੁਹਾਡੀ ਕੀ ਸਰਕਾਰ ਹੋਈ ਕਿ ਸਾਨੂੰ ਆਪਣੀ ਇਬਾਦਤਗਾਹ ਤਮੀਰ ਕਰਨ ਦੀ ਇਜਾਜ਼ਤ ਨਹੀ? ਕੀ ਮੁਲਕ ਹੋਇਆ ਜਿਥੇ ਬੰਦਗੀ ਕਰਨ ਲਈ ਇਕੱਠੇ ਨਹੀਂ ਹੋ ਸਕਦੇ ਇਕ ਥਾਂ?
ਬਾਦਸ਼ਾਹ ਨੇ ਪੁਛਿਆ ਕਿੰਨੀ ਜਮੀਨ ਚਾਹੀਦੀ ਹੈ? ਕਿਸਾਨਾਂ ਨੇ ਕਿਹਾ ਜੀ ਇਕ ਏਕੜ। ਸ਼ਾਹ ਨੇ ਕਿਹਾ ਮੈਂ ਇਕ ਏਕੜ ਜਮੀਨ ਦਾਨ ਵਜੋਂ ਦਿੰਦਾ ਹਾਂ। ਸਿੱਖਾਂ ਨੇ ਕਿਹਾ ਜੀ ਅਸੀਂ ਸ਼ਾਹਾਂ ਦੇ ਸ਼ਹਿਨਸ਼ਾਹ ਹਜਰਤ ਬਾਬਾ ਨਾਨਕ ਦੇ ਮੁਰੀਦ ਹਾਂ, ਨਾ ਅਸੀ ਗਰੀਬ ਹਾਂ, ਨਾ ਸਾਨੂੰ ਦਾਨ ਲੈਣ ਦੀ ਆਦਤ ਹੈ। ਅਸੀ ਆਪਣੇ ਪੈਸਿਆਂ ਨਾਲ ਜਮੀਨ ਖਰੀਦਾਂਗੇ, ਤੁਸੀਂ ਇਜਾਜ਼ਤ ਤਾਂ ਦਿਉ। ਸ਼ਾਹ ਨੇ ਇਕ ਏਕੜ ਜਮੀਨ ਦੀ ਕੀਮਤ ਪੁੱਛੀ ਤਾਂ ਦੱਸਿਆ ਗਿਆ – ਵੀਹ ਹਜ਼ਾਰ ਤੁਮਾਨ। ਬਾਦਸ਼ਾਹ ਨੇ ਕਿਹਾ- ਠੀਕ ਹੈ, ਤੁਸੀ ਵੀਹ ਹਜ਼ਾਰ ਤੁਮਾਨ ਖਜਾਨੇ ਵਿੱਚ ਜਮਾਂ ਕਰਵਾਉ, ਮੈਂ ਰਜਿਸਟਰੀ ਕਰਨ ਦਾ ਹੁਕਮ ਦਿੰਦਾ ਹਾਂ, ਪਰ ਮੈਨੂੰ ਵੀ ਹੱਕ ਹੈ ਕਿ ਮੈਂ ਇਸ ਇਬਾਦਤਗਾਹ ਵਾਸਤੇ ਵੀਹ ਹਜਾਰ ਰੁਪਿਆ ਤੁਹਾਡੇ ਪੈਗੰਬਰ ਦੀ ਨਜਰ ਕਰਾਂ। ਬਾਦਸ਼ਾਹ ਨੇ ਵੀਹ ਹਜ਼ਾਰ ਦਾ ਚੈਕ ਭੇਟ ਕੀਤਾ ਤੇ ਕਿਹਾ- ਪਿੰਡ ਦਾ ਨਾਮ ਦੁਜਿਤ-ਆਬ (ਪਾਣੀ ਚੋਰ) ਸਹੀ ਨਹੀ, ਅੱਜ ਤੋਂ ਬਾਅਦ ਇਸ ਪਿੰਡ ਦਾ ਨਾਮ ਹੋਏਗਾ ਜ਼ਾਹਿਦਾਨ (ਰੱਬ ਦੇ ਮੁਰੀਦ) ..
Author: Gurbhej Singh Anandpuri
ਮੁੱਖ ਸੰਪਾਦਕ