ਸ੍ਰੀ ਗੁਰੂ ਨਾਨਕ ਸਾਹਿਬ ਵੱਲੋਂ ਉਚਾਰੀ ਗਈ ਪਾਵਨ ਬਾਣੀ ‘ਜਪੁ ਜੀ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੧ ਤੋਂ ‘ਜਪੁ’ ਸਿਰਲੇਖ ਨਾਲ ਅਰੰਭ ਹੁੰਦੀ ਹੈ। ਇਸ ਬਾਣੀ ਦੀਆਂ ਕੁੱਲ ਅਠੱਤੀ ਪਉੜੀਆਂ ਅਤੇ ਦੋ ਸਲੋਕ ਹਨ। ਚੌਂਤੀ ਨੰਬਰ ਪਉੜੀ ਤੋਂ ਸੈਂਤੀ ਨੰਬਰ ਪਉੜੀ ਤੱਕ ਚਾਰ ਪਉੜੀਆਂ ਪੰਜ ਖੰਡਾਂ ਦੀ ਅਧਿਆਤਮਿਕ ਯਾਤਰਾ ਦਾ ਬਿਆਨ ਕਰਦੀਆਂ ਹਨ। ਇਨ੍ਹਾਂ ਪੰਜ ਖੰਡਾਂ ਨੂੰ ਗੁਰੂ ਸਾਹਿਬ ਜੀ ਨੇ ਕ੍ਰਮਵਾਰ *ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸਚਖੰਡ* ਦੇ ਨਾਂਅ ਦਿੱਤੇ ਹਨ। ਇਨ੍ਹਾਂ ਖੰਡਾਂ ਦੇ ਪ੍ਰਸੰਗ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ‘ਮਹਾਨ ਕੋਸ਼ ਵਿੱਚ ‘ਖੰਡ’ ਸ਼ਬਦ ਦੇ ਅਰਥ ‘ਕਾਂਡ, ਭੂਮਿਕਾ, ਦਰਜਾ ਅਤੇ ਮੰਜ਼ਿਲ’ ਲਿਖੇ ਹਨ। (ਸ਼ਬਦ ‘ਖੰਡ’ ਦਾ ਇੰਦਰਾਜ)। ਡਾ. ਰਾਮ ਸਿੰਘ ਜੀ ਆਪਣੀ ਪੁਸਤਕ ‘ਜਪੁ ਜੀ ਦੇ ਪੰਜ ਖੰਡ’ ਵਿੱਚ ‘ਖੰਡ’ ਸ਼ਬਦ ਦਾ ਅਰਥ ‘ਦਰਜਾ’ ਕਰਦੇ ਹੋਏ ਲਿਖਦੇ ਹਨ, “ਇਹ ਖੰਡ ਬਾਹਰਲੇ ਭੌਤਿਕ ਜਗਤ ਵਿੱਚ ਨਹੀਂ, ਸਾਧਕ ਦੇ ਅੰਦਰਲੇ ਮਾਨਸਿਕ ਜਗਤ ਵਿੱਚ ਵਿਆਪਕ ਹਨ। ਤਦੇ ਅਸੀਂ ਇਨ੍ਹਾਂ ਨੂੰ ਉਸ ਦੇ ਮਾਨਸਿਕ ਵਿਕਾਸ ਦੇ ਦਰਜੇ ਕਿਹਾ ਹੈ।”
ਨਿਰਸੰਦੇਹ ਪੰਜ ਖੰਡਾਂ ਦੀ ਯਾਤਰਾ ਸਰੀਰ ਦੀ ਯਾਤਰਾ ਨਹੀਂ ਹੈ। ਇਹ ਕਿਸੇ ਭੌਤਿਕ ਜਗਤ ਦੀ ਯਾਤਰਾ ਵੀ ਨਹੀਂ ਹੈ। ਇਹ ਯਾਤਰਾ ਗੁਰਮਤਿ ਦੇ ਪਾਂਧੀ ਬਣੇ ਜਗਿਆਸੂ ਦੇ ਮਨ ਦੀ ਅਧਿਆਤਮਿਕ ਯਾਤਰਾ ਹੈ। ਇਹ ਯਾਤਰਾ ਅਧਿਆਤਮਿਕ ਜਗਤ ਦੀ ਯਾਤਰਾ ਹੈ। ਇਸ ਯਾਤਰਾ ਦਾ ਪ੍ਰਭਾਵ ਸਿੱਧੇ ਤੌਰ ‘ਤੇ ਮਨੁੱਖ ਦੇ ਸਰੀਰਕ, ਪਰਿਵਾਰਕ, ਸਮਾਜਿਕ ਅਤੇ ਜੀਵਨ ਦੇ ਹੋਰ ਪਹਿਲੂਆਂ ‘ਤੇ ਜ਼ਰੂਰ ਪੈਂਦਾ ਹੈ।*
1. *ਧਰਮ ਖੰਡ* :
ਜਗਿਆਸੂ ਦੀ ਇਸ ਅਧਿਆਤਮਿਕ ਯਾਤਰਾ ਦਾ ਪਹਿਲਾ ਪੜਾਅ, ਜਾਂ ਪਹਿਲੀ ਅਵਸਥਾ ‘ਧਰਮ ਖੰਡ’ ਹੈ। ਇਸ ਅਵਸਥਾ ਦਾ ਬਿਆਨ ਕਰਦਿਆਂ ਸ੍ਰੀ ਗੁਰੂ ਨਾਨਕ ਸਾਹਿਬ ‘ਜਪੁ ਜੀ’ ਬਾਣੀ ਵਿੱਚ ਫ਼ੁਰਮਾਉਂਦੇ ਹਨ :
*ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥ ਤਿਸੁ ਵਿਚਿ ਧਰਤੀ, ਥਾਪਿ ਰਖੀ ਧਰਮ ਸਾਲ॥ ਤਿਸੁ ਵਿਚਿ ਜੀਅ ਜੁਗਤਿ ਕੇ ਰੰਗ॥ ਤਿਨ ਕੇ ਨਾਮ ਅਨੇਕ ਅਨੰਤ॥ ਕਰਮੀ ਕਰਮੀ ਹੋਇ ਵੀਚਾਰੁ॥ ਸਚਾ ਆਪਿ ਸਚਾ ਦਰਬਾਰੁ॥ ਤਿਥੈ ਸੋਹਨਿ ਪੰਚ ਪਰਵਾਣੁ॥ ਨਦਰੀ ਕਰਮਿ ਪਵੈ ਨੀਸਾਣੁ ॥ ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ॥* (੭)
ਅਗਲੀ ਪੈਂਤੀਵੀਂ ਪਉੜੀ ਦੀ ਪਹਿਲੀ ਪੰਕਤੀ *‘ਧਰਮ ਖੰਡ ਕਾ ਏਹੋ ਧਰਮੁ॥* ਉਚਾਰ ਕੇ ਗੁਰੂ ਸਾਹਿਬ ਜੀ ਇਹ ਵੀ ਦੱਸਦੇ ਹਨ ਕਿ ਉੱਪਰ ਜੋ ਚੌਂਤੀਵੀਂ ਪਉੜੀ ਵਿੱਚ ਕਿਹਾ ਗਿਆ ਹੈ, ਉਹ ‘ਧਰਮ ਖੰਡ’ ਦਾ ਹੀ ‘ਧਰਮ’ ਹੈ। ਜਗਿਆਸੂ ਆਪਣੇ ਆਲੇ-ਦੁਆਲੇ ਨਜ਼ਰ ਮਾਰ ਕੇ ਅੰਦਰੋਂ ਅਨੁਭਵ ਕਰਦਾ ਹੈ ਕਿ ਪਰਮਾਤਮਾ ਨੇ ਦਿਨ-ਰਾਤ, ਰੁੱਤਾਂ, ਥਿੱਤਾਂ, ਵਾਰ, ਹਵਾ, ਪਾਣੀ, ਅੱਗ, ਪਤਾਲ (ਅਥਵਾ ਅਕਾਸ਼) ਅਤੇ ਧਰਤੀ ਦੀ ਰਚਨਾ ਕਰਕੇ ਅਨੇਕਾਂ ਨਾਂਵਾਂ ਅਤੇ ਰੰਗ-ਰੂਪਾਂ ਵਾਲੇ ਜੀਵਾਂ ਨੂੰ ਅਤੇ ਉਨ੍ਹਾਂ ਦੇ ਜਿਊਣ ਦੀ ਜੁਗਤੀ ਨੂੰ ਸਾਜ ਦਿੱਤਾ ਹੈ।ਜਗਿਆਸੂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਚੰਦਰਮਾ, ਸੂਰਜ ਅਤੇ ਧਰਤੀ ਨਿਯਮਾਂ ਵਿੱਚ ਬੰਨ੍ਹੇ ਹੋਏ ਆਪੋ ਆਪਣਾ ਧਰਮ ਨਿਭਾ ਰਹੇ ਹਨ। ਉਹ ਦੇਖਦਾ ਹੈ ਕਿ ਕੁਦਰਤ ਦੀ ਮਰਯਾਦਾ ਅਨੁਸਾਰ ਹੀ ਦਿਨ-ਰਾਤ, ਰੁੱਤਾਂ, ਥਿੱਤਾਂ ਅਤੇ ਵਾਰ ਬਦਲਦੇ ਰਹਿੰਦੇ ਹਨ। ਉਸ ਨੂੰ ਇਹ ਅਨੁਭਵ ਹੁੰਦਾ ਹੈ ਕਿ ਏਨੇ ਵਿਸ਼ਾਲ ਸ੍ਰਿਸ਼ਟੀ-ਪ੍ਰਬੰਧ ਚਲਾਉਣ ਵਾਲੇ ਪਰਮਾਤਮਾ ਨੇ ਸਾਰੇ ਬ੍ਰਹਿਮੰਡ ਨੂੰ ਆਪਣੇ ਹੁਕਮ ਵਿੱਚ ਬੰਨ੍ਹਿਆ ਹੋਇਆ ਹੈ। ਉਹ ‘ਧਰਮ ਖੰਡ’ ਵਿੱਚ ਕਾਰਜਸ਼ੀਲ ਕਰਤਾ ਪੁਰਖ ਦੇ ਹੁਕਮ ਨੂੰ ਸਮਝ ਜਾਂਦਾ ਹੈ ਅਤੇ ਉਸ ਨੂੰ ਇਸ ਗੱਲ ਦਾ ਸਿੱਧਾ ਅਨੁਭਵ ਹੋ ਜਾਂਦਾ ਹੈ ਕਿ ਧਰਤੀ ਦੀ ਸਿਰਜਣਾ ਕਰਨ ਦਾ ਮੰਤਵ ਧਰਮ ਹੈ ਅਤੇ ਇਹ ਧਰਮ ਦੇ ਆਸਰੇ ‘ਤੇ ਟਿਕੀ ਹੋਈ ਹੈ। ਇਸ ਕਰਕੇ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਧਰਤੀ ਅਸਲ ਵਿੱਚ ‘ਧਰਮਸਾਲ’ ਹੈ ਅਤੇ ਉਸ ਦਾ ਆਪਣਾ ਜੀਵਨ ਵੀ ਇਸ ਧਰਮਸਾਲ ‘ਤੇ ਰਹਿ ਕੇ ਧਰਮ ਕਮਾਉਣ ਲਈ ਹੀ ਹੋਂਦ ਵਿੱਚ ਆਇਆ ਹੈ। ਜਗਿਆਸੂ ਨੂੰ ਅਨੁਭਵ ਹੋ ਜਾਂਦਾ ਹੈ ਕਿ ਸ੍ਰਿਸ਼ਟੀ ਦਾ ਨਿਯਮ-ਪ੍ਰਬੰਧ ਧਰਮ ਦੇ ਰੂਪ ਵਿੱਚ ਇੱਕ ਰੂਹਾਨੀ ਮਰਯਾਦਾ, ਰੂਹਾਨੀ ਕਾਨੂੰਨ, ਰੂਹਾਨੀ ਅਨੁਸ਼ਾਸਨ ਅਤੇ ਰੂਹਾਨੀ ਆਸਰੇ ਦੇ ਰੂਪ ਵਿੱਚ ਕਾਰਜ ਕਰ ਰਿਹਾ ਹੈ ਅਤੇ ਇਸ ਨੂੰ ਸਿਰਜਣ ਵਾਲਾ ਪਹਿਲਾ ਕਾਰਨ (First Cause) ਕੇਵਲ ਤੇ ਕੇਵਲ ਇੱਕ ਪਰਮਾਤਮਾ ਹੀ ਹੈ। ਇਉਂ ਉਸ ਨੂੰ ਕਾਰਨ- ਕਾਰਜ (Cause and Effect) ਦੇ ਸਿਧਾਂਤ ਦੀ ਸਮਝ ਆ ਜਾਂਦੀ ਹੈ ਅਤੇ ਉਹ ਆਪਣੇ ਜੀਵਨ ਨੂੰ ਵੀ ਮਰਯਾਦਾ, ਅਨੁਸ਼ਾਸਨ ਅਤੇ ਕਨੂੰਨ ਦੇ ਅਨੁਸਾਰ ਹੀ ਜਿਊਣਾ ਸ਼ੁਰੂ ਕਰ ਦਿੰਦਾ ਹੈ।ਉਸ ਦਾ ਇਹ ਜੀਵਨ ਸਮਾਜ ਦੇ ਆਦਰਸ਼ਕ ਜੀਵਨ ਦੇ ਨਿਰਮਾਣ ਵਿੱਚ ਵੀ ਜ਼ਾਹਰਾ ਤੌਰ ‘ਤੇ ਸਹਾਈ ਹੁੰਦਾ ਹੈ।
ਕਿਉਂਕਿ ਧਰਤੀ ਧਰਮਸਾਲ ਦੇ ਰੂਪ ਵਿੱਚ ਰਚੀ ਗਈ ਹੈ, ਇਸ ਲਈ ਜਗਿਆਸੂ ਨੂੰ ਇਹ ਵੀ ਗੁਰ-ਉਪਦੇਸ਼ ਰਾਹੀਂ ਸੋਝੀ ਆ ਜਾਂਦੀ ਹੈ ਕਿ ਧਰਤੀ ਦਾ ਆਸਰਾ ਕੋਈ ਮਨੋ-ਕਲਪਿਤ ਧੌਲ (ਬਲਦ) ਨਹੀਂ ਹੈ ਸਗੋਂ ਧਰਤੀ ਪਰਮਾਤਮਾ ਵੱਲੋਂ ਸਥਾਪਤ ਧਰਮ ਭਾਵ ਮਰਯਾਦਾ ਜਾਂ ਨਿਯਮਾਵਲੀ ਦੇ ਅਧਾਰ ‘ਤੇ ਹੀ ਟਿਕੀ ਹੋਈ ਹੈ।ਉਹ ਬਾਣੀ ‘ਜਪੁ ਜੀ’ ਵਿੱਚੋਂ ਹੀ *’ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥’* (ਪਉੜੀ ੧੬) ਦੇ ਸੱਚ ਨੂੰ ਸਮਝ ਜਾਂਦਾ ਹੈ। ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਪਰਮਾਤਮਾ ਦੇ ਹੀ ਗੁਣ ਦਇਆ ਦਾ ਪੁੱਤਰ ਧਰਮ ਹੀ ਅਸਲ ਵਿੱਚ ਧੌਲ ਹੈ ਅਤੇ ਉਸ ਵਿੱਚੋਂ ਪੈਦਾ ਹੋਏ ਸੰਤੋਖ ਦੇ ਗੁਣ ਨੇ ਇਸ ਸ੍ਰਿਸ਼ਟੀ ਨੂੰ ਨਿਯਮਾਂ ਵਿੱਚ ਬੰਨ੍ਹਿਆ – ਹੋਇਆ ਹੈ। ਇਸ ਅਨੁਭਵ ਨਾਲ ਜਗਿਆਸੂ ਦੇ ਆਪਣੇ ਜੀਵਨ ਵਿੱਚ ਵੀ ਦਇਆ ਅਤੇ ਸੰਤੋਖ ਦੇ ਪਵਿੱਤਰ ਗੁਣ ਆ ਸ਼ਾਮਲ ਹੁੰਦੇ ਹਨ। ਇਉਂ ‘ਧਰਮ ਖੰਡ ਨਾਲ ਸੰਬੰਧਿਤ ਪਉੜੀ ਦੀਆਂ ਪਹਿਲੀਆਂ ਪੰਜ ਪੰਕਤੀਆਂ ਤੋਂ ਜਗਿਆਸੂ ਨੂੰ ਸ੍ਰਿਸ਼ਟੀ ਦੇ ਧਰਮ ਦੀ ਸਮਝ ਆ ਜਾਂਦੀ ਹੈ। ਇਸ ਪਉੜੀ ਦੀਆਂ ਅਗਲੀਆਂ ਛੇ ਪੰਕਤੀਆਂ ਤੋਂ ਉਹ ਆਪਣੇ ਮਨੁੱਖਾ ਜੀਵਨ ਦੇ ਧਰਮ ਨੂੰ ਸਮਝਦਾ ਹੈ।
ਜਗਿਆਸੂ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਪਰਮਾਤਮਾ ਦੇ ਸੱਚੇ ਦਰਬਾਰ ਵਿੱਚ ਉਸ ਦੇ ਕੀਤੇ ਹੋਏ ਸਾਰੇ ਕਰਮਾਂ ‘ਤੇ ਵਿਚਾਰ ਹੋਣੀ ਹੈ। ਉਸ ਨੂੰ ਇਸ ਤੱਥ ਦਾ ਅਨੁਭਵ ਹੋ ਜਾਂਦਾ ਹੈ ਕਿ ਉਸ ਦੇ ਆਪਣੇ ਸਮੇਤ ਸਾਰੇ ਜੀਵਾਂ ਦੇ ਕਰਮਾਂ ਦਾ ਹਿਸਾਬ-ਕਿਤਾਬ ਅੰਤਰਜਾਮੀ ਪਰਮਾਤਮਾ ਵੱਲੋਂ ਲਿਖਿਆ ਜਾ ਰਿਹਾ ਹੈ। ਉਸ ਨੂੰ ਇਸ ਸਚਾਈ ਦੀ ਵੀ ਸਾਫ਼ ਸਮਝ ਆ ਜਾਂਦੀ ਹੈ ਕਿ ਸੱਚੇ ਪਰਮਾਤਮਾ ਦਾ ਨਿਆਂ ਪੂਰਨ ਰੂਪ ਵਿੱਚ ਸੱਚਾ ਹੈ। ਉਹ ਜਾਣ ਜਾਂਦਾ ਹੈ ਕਿ ਸੱਚੇ ਪਰਮਾਤਮਾ ਦੀ ਸੱਚੀ ਅਦਾਲਤ ਵਿੱਚ ਨਾ ਤਾਂ ਕੋਈ ਧੱਕਾ ਜਾਂ ਅਨਿਆਂ ਹੁੰਦਾ ਹੈ ਅਤੇ ਨਾ ਹੀ ਕੋਈ ਲਿਹਾਜ਼ ਜਾਂ ਰਿਆਇਤ ਹੁੰਦੀ ਹੈ। ਉਸ ਨੂੰ ਕਰਮ-ਫ਼ਲ ਦੇ ਸਿਧਾਂਤ ਦੀ ਪੂਰੀ ਸੋਝੀ ਹੋ ਜਾਂਦੀ ਹੈ। ਉਸ ਨੂੰ *’ਆਪੇ ਬੀਜਿ ਆਪੇ ਹੀ ਖਾਹੁ॥’* (ਪਉੜੀ ੨੦) ਅਤੇ *’ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥’* (ਸਲੋਕ, ਜਪੁ ਜੀ) ਦੇ ਉਪਦੇਸ਼ ਦੀ ਸਮਝ ਆ ਜਾਂਦੀ ਹੈ। ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਜੇਕਰ ਉਹ ਮਾੜੇ ਕਰਮ ਕਰੇਗਾ ਤਾਂ ਉਸ ਨੂੰ ਉਨ੍ਹਾਂ ਕਰਮਾਂ ਦਾ ਮਾੜਾ ਫ਼ਲ ਵੀ ਭੁਗਤਣਾ ਪਵੇਗਾ। ਇਹ ਸਮਝ ਕੇ ਉਹ ਗੁਣੀ ਨਿਧਾਨ ਪਰਮਾਤਮਾ ਦੇ ਗੁਣਾਂ ਅਨੁਸਾਰ ਹੀ ਸੱਚ, ਦਇਆ, ਸੰਤੋਖ, ਜਤ, ਧੀਰਜ, ਇਮਾਨਦਾਰੀ, ਸੱਚੀ-ਸੁੱਚੀ ਕਿਰਤ ਅਤੇ ਸਰਬੱਤ ਦਾ ਭਲਾ ਜਿਹੇ ਰੂਹਾਨੀਅਤ ਅਤੇ ਇਨਸਾਨੀਅਤ ਨਾਲ ਭਰਪੂਰ ਪਵਿੱਤਰ ਗੁਣਾਂ ਵਾਲਾ ਜੀਵਨ ਬਤੀਤ ਕਰਨ ਲੱਗਦਾ ਹੈ। ਉਸ ਦੇ ਮਨ ਵਿੱਚ ਵੀ ‘ਪੰਚ’ ਬਣਨ ਦੀ ਤੀਬਰ ਇੱਛਾ ਜਾਗਦੀ ਹੈ। ਉਸ ਨੂੰ ਅੰਦਰੋਂ ਅਨੁਭਵ ਹੋ ਜਾਂਦਾ ਹੈ ਕਿ ਜਿਹੜੇ ਨੇਕ ਪੁਰਸ਼ ਪਰਮਾਤਮਾ ਦੇ ਧਰਮ-ਨਿਆਂ ਦੀ ਕਸਵੱਟੀ ‘ਤੇ ਪੂਰੇ ਉੱਤਰਦੇ ਹਨ ਉਹ ‘ਪੰਚ’ ਕਹਾਉਂਦੇ ਹਨ ਅਤੇ ਪਰਮਾਤਮਾ ਦੀ ਇੱਕਮਿਕਤਾ ਅਤੇ ਨੇੜਤਾ ਹਾਸਲ ਕਰਕੇ *’ਪੰਚ ਪਰਵਾਣ ਪੰਚ ਪਰਧਾਨੁ’* (ਪਉੜੀ ੧੬) ਬਣਦੇ ਹਨ ਅਤੇ ਪਰਮਾਤਮਾ ਦੇ ਦਰ ‘ਤੇ ਸ਼ੋਭਾ ਪਾਉਂਦੇ ਹਨ।ਜਗਿਆਸੂ ਨੂੰ ਇਹ ਵੀ ਅਹਿਸਾਸ ਹੋ ਜਾਂਦਾ ਹੈ ਕਿ ਉਹ ਆਪਣੇ ਜਾਂ ਹੋਰਾਂ ਦੇ ਕਰਮਾਂ ਬਾਰੇ ਫੈਸਲਾ ਦੇਣ ਦਾ ਕੋਈ ਅਧਿਕਾਰ ਨਹੀਂ ਰੱਖਦਾ।
ਉਹ ਅਤਿ ਨਿਮਰਤਾ ਵਿੱਚ ਆ ਕੇ ਇਹ ਗੱਲ ਪੱਲੇ ਬੰਨ੍ਹ ਲੈਂਦਾ ਹੈ ਕਿ ਕਿਸੇ ਵੀ ਮਨੁੱਖ ਦੀ ਕਚਿਆਈ-ਪਕਿਆਈ ਜਾਂ ਬੁਰਿਆਈ- ਚੰਗਿਆਈ ਦਾ ਫੈਸਲਾ ਕਰਨ ਵਾਲਾ ਕੇਵਲ ਅਤੇ ਕੇਵਲ ਪਰਮਾਤਮਾ ਹੀ ਹੈ। ਪਰਮਾਤਮਾ ਦੀ ਕਸਵੱਟੀ ਨੂੰ ਮੰਨਦੇ ਹੋਏ ਜਗਿਆਸੂ ਖ਼ੁਦ ਚੰਗਿਆਈ ਦੇ ਰਾਹ ‘ਤੇ ਚੱਲ ਕੇ ਉਸ ਕਸਵੱਟੀ ‘ਤੇ ਪੂਰਾ ਉੱਤਰਨ ਦੀ ਕੋਸ਼ਿਸ਼ ਵਿੱਚ ਲੱਗ ਜਾਂਦਾ ਹੈ।
2. *ਗਿਆਨ ਖੰਡ* :
‘ਧਰਮ ਖੰਡ’ ਦੀ ਪਹਿਲੀ ਅਵਸਥਾ ਤੋਂ ਜਗਿਆਸੂ ਦੀ ਅਧਿਆਤਮਿਕ ਯਾਤਰਾ ਦੂਜੇ ਪੜਾਅ ‘ਗਿਆਨ ਖੰਡ’ ਵਿੱਚ ਦਾਖਲ ਹੁੰਦੀ ਹੈ। ਧਰਮ ਦਾ ਧਾਰਨੀ ਹੋ ਕੇ ਉਸ ਨੂੰ ਸੀਮਿਤ ਗਿਆਨ ਤੋਂ ਅੱਗੇ ਵਿਆਪਕ ਗਿਆਨ ਦੀ ਸੋਝੀ ਹੁੰਦੀ ਹੈ। ਉਸ ਨੂੰ ਫਿਰ *’ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥’* (ਪਉੜੀ ੨੨) ਦੀ ਵੀ ਸੋਝੀ ਹੋ ਕੇ ਪਤਾ ਚੱਲਦਾ ਹੈ ਕਿ ਪਰਮਾਤਮਾ ਦੀ ਵਿਸ਼ਾਲ ਰਚਨਾ ਇਸ ਦਿਸਦੀ ਸ੍ਰਿਸ਼ਟੀ ਤੱਕ ਹੀ ਸੀਮਿਤ ਨਹੀਂ ਹੈ। ਬਾਣੀ ‘ਜਪੁ ਜੀ’ ਵਿੱਚ ਦਰਸਾਏ ਗਿਆਨ ਖੰਡ ਦੀ ਇਸ ਅਵਸਥਾ ਨੂੰ ਉਹ ਗੁਰੂ ਸਾਹਿਬ ਜੀ ਦੇ ਸ਼ਬਦਾਂ ਵਿੱਚ ਇਉਂ ਸਮਝਦਾ ਹੈ
*ਗਿਆਨ ਖੰਡ ਕਾ ਆਖਹੁ ਕਰਮੁ ॥ ਕੇਤੇ ਪਵਣ ਪਾਣੀ ਵੈਸੰਤਰ, ਕੇਤੇ ਕਾਨ ਮਹੇਸ॥ ਕੇਤੇ ਬਰਮੇ ਘਾੜਤਿ ਘੜੀਅਹਿ, ਰੂਪ ਰੰਗ ਕੇ ਵੇਸ॥ ਕੇਤੀਆ ਕਰਮ ਭੂਮੀ, ਮੇਰ ਕੇਤੇ, ਕੇਤੇ ਧੂ ਉਪਦੇਸ॥ ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ॥ ਕੇਤੇ ਸਿਧ ਬੁਧ ਨਾਥ ਕੇਤੇ, ਕੇਤੇ ਦੇਵੀ ਵੇਸ॥ ਕੇਤੇ ਦੇਵ ਦਾਨਵ ਮੁਨਿ ਕੇਤੇ, ਕੇਤੇ ਰਤਨ ਸਮੁੰਦ॥ ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ॥ ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤੁ ਨ ਅੰਤੁ॥੩੫॥*
(ਜਪੁ ਜੀ, ਪਉੜੀ ੩੫, ਪੰਨਾ ੭)
ਜਗਿਆਸੂ ਦੇ ਗਿਆਨ ਵਿੱਚ ਵਿਸ਼ਾਲਤਾ ਆਉਂਦੀ ਹੈ। ਉਹ ਵਿਸਮਾਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦਾ ਵਿਚਾਰ ਉਸ ਨੇ ਸੁਣਿਆ ਹੋਇਆ ਸੀ ਕਿ ਇਹ ਤਿੰਨ ਦੇਵਤੇ ਸ੍ਰਿਸ਼ਟੀ ਨੂੰ ਸਾਜਣ, ਪਾਲਣ ਅਤੇ ਇਸ ਦਾ ਵਿਨਾਸ਼ ਕਰਨ ਵਾਲੇ ਹਨ ਪਰ ਹੁਣ ਉਸ ਨੂੰ ਅਨੁਭਵ ਹੁੰਦਾ ਹੈ ਕਿ ਪਰਮਾਤਮਾ ਨੇ ਪਤਾ ਨਹੀਂ ਕਿੰਨੇ ਕੁ ਬ੍ਰਹਮਾ, ਵਿਸ਼ਨੂੰ ਰੂਪੀ ਕ੍ਰਿਸ਼ਨ (ਕਾਨ੍ਹ) ਅਤੇ ਸ਼ਿਵ ਸਿਰਜੇ ਹੋਏ ਹਨ ਅਤੇ ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਉਸ ਦੇ ਹੁਕਮ ਵਿੱਚ ਸਾਜੇ ਹੋਏ ਹਨ ਅਤੇ ਚੱਲ ਰਹੇ ਹਨ। ਜਗਿਆਸੂ ਹੁਣ ਸਮਝ ਜਾਂਦਾ ਹੈ ਕਿ ਪਤਾ ਨਹੀਂ ਇਸ ਧਰਤੀ ਤੋਂ ਇਲਾਵਾ ਕਿੰਨੀਆਂ ਕੁ ਧਰਤੀਆਂ ਅਤੇ ਕਿੰਨੇ ਕੁ ਤਰ੍ਹਾਂ ਦੇ ਜੀਆਂ ਜੰਤ ਦੀ ਰਚਨਾ ਪਰਮਾਤਮਾ ਨੇ ਆਪਣੇ ਹੁਕਮ ਵਿੱਚ ਕੀਤੀ ਹੋਈ ਹੈ। ਉਸ ਨੂੰ ਇਸ ਗੱਲ ਦੀ ਵੀ ਸਮਝ ਆ ਜਾਂਦੀ ਹੈ ਕਿ ਪਤਾ ਨਹੀਂ ਕਿੰਨੇ ਕੁ ਚੰਦਰਮਾ, ਸੂਰਜ, ਦੇਸ਼ ਅਤੇ ਖੰਡ-ਬ੍ਰਹਿਮੰਡ ਉਸ ਪ੍ਰਭੂ ਨੇ ਰਚੇ ਹੋਏ ਹਨ। ਉਸ ਪਰਮਾਤਮਾ ਦੀ ਮਹਿਮਾ ਗਾਉਣ ਵਿੱਚ ਲੱਗੇ ਵਿਅਕਤੀਆਂ ਅਤੇ ਦੇਵਤਿਆਂ ਬਾਰੇ ਵੀ ਉਸ ਨੂੰ ਇਹ ਵਿਸ਼ਾਲ ਅਨੁਭਵ ਹੋ ਜਾਂਦਾ ਹੈ ਕਿ ਧ੍ਰ ਭਗਤ, ਇੰਦਰ ਦੇਵਤਾ, ਸਿੱਧ, ਬੁੱਧ, ਨਾਥ, ਦੇਵਤੇ, ਮੁਨੀ ਅਤੇ ਰਿਸ਼ੀ ਅਣਗਿਣਤ ਹਨ। ਉਸ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਦੈਂਤ ਭਾਵ ਦਾਨਵ ਵੀ ਉਸ ਪਰਮਾਤਮਾ ਦੀ ਰਚਨਾ ਵਿੱਚ ਅਣਗਿਣਤ ਹਨ। ਉਹ ਇਹ ਵੀ ਜਾਣ ਲੈਂਦਾ ਹੈ ਕਿ ਪ੍ਰਭੂ ਦੇ ਨਾਮ ਵਿੱਚ ਸੁਰਤ ਲਾਉਣ ਵਾਲੇ ਅਤੇ ਉਸ ਦੀ ਸੇਵਾ ਵਿੱਚ ਲੱਗੇ ਹੋਏ ਸੇਵਕਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਉਸ ਨੇ ਸੁਣਿਆ ਸੀ ਕਿ ਸਮੁੰਦਰ ਵਿੱਚੋਂ ਚੌਦਾਂ ਰਤਨ ਕੱਢੇ ਗਏ ਸਨ ਪਰ ਹੁਣ ਉਸ ਨੂੰ ਪਤਾ ਲੱਗਦਾ ਹੈ ਕਿ ਨਾ ਤਾਂ ਸਮੁੰਦਰਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਰਤਨਾਂ ਦੀ। ਕੁਦਰਤ ਵਿੱਚ ਵਿਆਪਕ ਹਵਾ, ਪਾਣੀ, ਅਗਨੀ, ਖਾਣੀਆਂ ਅਤੇ ਬਾਣੀਆਂ (ਬੋਲੀਆਂ) ਦੀ ਗਿਣਤੀ ਵੀ ਕਿਸੇ ਤੋਂ ਨਹੀਂ ਕੀਤੀ ਜਾ ਸਕਦੀ, ਇਸ ਗੱਲ ਤੋਂ ਵੀ ਜਗਿਆਸੂ ਜਾਣੂ ਹੋ ਜਾਂਦਾ ਹੈ। ਉਹ ਇਹ ਵੀ ਜਾਣ ਜਾਂਦਾ ਹੈ ਕਿ ਬਾਦਸ਼ਾਹਾਂ ਅਤੇ ਰਾਜਿਆਂ ਦੀ ਵੀ ਗਿਣਤੀ ਨਹੀਂ ਹੋ ਸਕਦੀ। ਜਗਿਆਸੂ ‘ਕੇਤੇ, ਕੇਤੇ’ ਕਹਿ ਕੇ ਵਿਸਮਾਦ ਵਿੱਚ ਆ ਜਾਂਦਾ ਹੈ ਅਤੇ ਫਿਰ ਉਹ ਜਾਣ ਜਾਂਦਾ ਹੈ ਕਿ ਪਰਮਾਤਮਾ ਬੇਅੰਤ ਹੈ ਅਤੇ ਉਸ ਬੇਅੰਤ ਪਰਮਾਤਮਾ ਦੀ ਬੇਅੰਤ ਰਚਨਾ ਦਾ ਉਹ ਅੰਤ ਨਹੀਂ ਪਾ ਸਕਦਾ। ‘ਗਿਆਨ ਖੰਡ’ ਦਾ ਇਹ ਗਿਆਨ ਹਾਸਲ ਕਰਕੇ ਜਗਿਆਸੂ ਬ੍ਰਹਮ-ਗਿਆਨੀ ਦੀ ਸਥਿਤੀ ‘ਤੇ ਪਹੁੰਚ ਜਾਂਦਾ ਹੈ। ਉਸ ਦੀ ਦ੍ਰਿਸ਼ਟੀ ਅਤੇ ਸੋਚਣੀ ਬਹੁਤ ਹੀ ਵਿਸ਼ਾਲ ਅਤੇ ਵਿਆਪਕ ਹੋ ਜਾਂਦੀ ਹੈ।
*”ਗਿਆਨ ਖੰਡ ਮਹਿ ਗਿਆਨੁ ਪਰਚੰਡੁ॥ ਤਿਥੈ ਨਾਦ ਬਿਨੋਦ ਕੋਡ ਅਨੰਦੁ॥”* (ਪਉੜੀ ੩੬) ਦੀਆਂ ਪੰਕਤੀਆਂ ਅਨੁਸਾਰ ਜਗਿਆਸੂ ਦਾ ਗਿਆਨ ਜਾਗ੍ਰਿਤ ਹੋ ਜਾਂਦਾ ਹੈ ਅਤੇ ਉਹ ਪਰਮਾਤਮਾ ਦੇ ਕੌਤਕ ਅਤੇ ਹੋਰ ਨਜ਼ਾਰੇ ਦੇਖ ਕੇ ਖੁਸ਼ੀ ਅਤੇ ਅਨੰਦ ਵਿੱਚ ਆ ਜਾਂਦਾ ਹੈ।
3. *ਸਰਮ ਖੰਡ* :
‘ਧਰਮ ਖੰਡ’ ਦੀ ਅਵਸਥਾ ਵਾਲੇ ਧਰਮ ਦੀ ਪਾਲਣਾ ਕਰਦੇ ਹੋਏ ਜਗਿਆਸੂ ‘ਗਿਆਨ ਖੰਡ’ ਵਾਲਾ ਵਿਸ਼ਾਲ ਗਿਆਨ ਹਾਸਲ ਕਰ ਕੇ ਹੁਣ ਤੀਜੀ ਅਵਸਥਾ ‘ਸਰਮ ਖੰਡ’ ਵਿੱਚ ਪਹੁੰਚਦਾ ਹੈ।ਕਿਉਂਕਿ ਇਹ ਅਧਿਆਤਮਿਕ ਯਾਤਰਾ ਮੂਲ ਰੂਪ ਵਿੱਚ ਮਨ ਦੀ ਯਾਤਰਾ ਹੈ ਇਸ ਲਈ ‘ਸਰਮ ਖੰਡ’ ਦੀ ਅਵਸਥਾ ਵਿੱਚ ਉਸ ਦੇ ਮਨ ਦੀ ਘਾੜਤ ਘੜੀ ਜਾਂਦੀ ਹੈ। ਇਹ ਉਸ ਦੀ ਮਾਨਸਿਕ ਘਾਲਣਾ ਅਤੇ ਮਾਨਸਿਕ ਘਾੜਤ ਦਾ ਖੰਡ ਹੈ। ‘ਜਪੁ ਜੀ’ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਨੇ ਜਗਿਆਸੂ ਦੇ ਮਨ ਦੀ ਘਾੜਤ ਦਾ ਵਰਨਣ ਇਉਂ ਕੀਤਾ ਹੋਇਆ ਹੈ:
*ਸਰਮ ਖੰਡ ਕੀ ਬਾਣੀ ਰੂਪੁ॥ ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ॥ ਤਾ ਕੀਆ ਗਲਾ ਕਥੀਆ ਨਾ ਜਾਹਿ॥ ਜੇ ਕੋ ਕਹੈ ਪਿਛੈ ਪਛੁਤਾਇ॥ ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥੩੬॥*
(ਜਪੁ ਜੀ, ਪਉੜੀ ੩੬, ਅੰਕ ੮)
ਜਗਿਆਸੂ ਦਾ ਮਨ ਬੜੀ ਸੁੰਦਰਤਾ ਵਾਲੀ ਘਾੜਤ ਵਿੱਚ ਘੜਿਆ ਜਾਂਦਾ ਹੈ। ਉਸ ਦਾ ਮਨ ਵਿਕਾਰਾਂ ਦੀ ਮੈਲ ਤੋਂ ਰਹਿਤ ਹੋ ਕੇ ਨਿਰਮਲ ਹੋ ਜਾਂਦਾ ਹੈ। ਇਸ ਘਾੜਤ ਦੀ ਉਪਮਾ ਕਰਨੀ ਵੀ
ਸੌਖੀ ਨਹੀਂ ਹੈ, ਕਿਉਂਕਿ ‘ਸਰਮ ਖੰਡ’ ਦਾ ਇਹ ਵਰਤਾਰਾ ਇੱਕ ਰਹੱਸਮਈ ਅਧਿਆਤਮਿਕ ਵਰਤਾਰਾ ਹੈ। ਜਗਿਆਸੂ ਇਸ ਅਵਸਥਾ ਵਿੱਚ ਆਪਣੇ ਹੀ ਮਨ ਨਾਲ ਜੂਝਦਾ ਹੈ। ਆਪਣੇ ਮਨ ਦੇ ਬਲਵਾਨ ਵਿਕਾਰਾਂ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ‘ਤੇ ਕਾਬੂ ਪਾਉਂਦਾ ਹੈ। ਜਗਿਆਸੂ ਦੇ ਮਨ ਦੀ ਇਸ ਸੁੰਦਰ ਘਾੜਤ ਦਾ ਬਿਆਨ ਕੋਈ ਵੀ ਸ਼ਬਦਾਂ ਵਿੱਚ ਨਹੀਂ ਕਰ ਸਕਦਾ ਕਿਉਂਕਿ ਜੇ ਕੋਈ ਕਰਨ ਦਾ ਜਤਨ ਵੀ ਕਰੇਗਾ ਤਾਂ ਉਹ ਆਪਣੀ ਬਿਆਨ ਨਾ ਕਰ ਸਕਣ ਦੀ ਅਸਫ਼ਲਤਾ ‘ਤੇ ਪਛਤਾਵੇਗਾ। ਜਗਿਆਸੂ ‘ਸਰਮ ਖੰਡ’ ਦੀ ਅਵਸਥਾ ਵਿੱਚ ਕਰੜੇ ਸ਼੍ਮ ਭਾਵ ਕਰੜੇ ਉੱਦਮ ਜਾਂ ਕਰੜੀ ਮਿਹਨਤ ਰਾਹੀਂ ਮਨ ਦੇ ਵਿਕਾਰਾਂ ਨਾਲ ਜੂਝ ਕੇ ਆਪਣੀ ‘ਮਤਿ’ ਨੂੰ ਉੱਚੀ ਕਰਦਾ ਹੈ ਅਤੇ ਮਨ ਨੂੰ ਨੀਵਾਂ ਕਰਦਾ ਹੈ। ਮਨ ਦੀ ਮਤਿ ‘ਤੇ ਚੜ੍ਹੀ ਵਿਕਾਰਾਂ ਦੀ ਮੈਲ ਨੂੰ ਨਾਮ ਨਾਲ ਹੋਂਦਿਆਂ-ਧੋਂਦਿਆਂ ਮਨ ਨਿਮਰ ਹੋ ਕੇ ਨੀਵਾਂ ਹੋ ਜਾਂਦਾ ਹੈ। ਜਗਿਆਸੂ ਆਪਣੀ ‘ਮਤਿ’ ਨੂੰ ਗੁਰੂ ਦੀ ਮਤਿ ਵਿੱਚ ਭਾਵ ਗੁਰਮਤਿ ਵਿੱਚ ਢਾਲ ਕੇ ਗੁਣਾਂ ਨਾਲ ਲੱਦ ਕੇ ਉਸ ਨੂੰ ਉੱਚੀ ਕਰ ਲੈਂਦਾ ਹੈ ਅਤੇ ਮਨ ‘ਤੇ ਹੋ ਚੁੱਕੇ ਪਾਪਾਂ ਅਤੇ ਔਗੁਣਾਂ ਦੇ ਟੋਕਰੇ ਹੇਠਾਂ ਵਗਾਹ ਮਾਰਦਾ ਹੈ। ਪਰਮਾਤਮਾ ਦੀ ਯਾਦ ਨੂੰ ਚੇਤੇ ਵਿੱਚ ਵਸਾ ਕੇ ਆਪਣੀ ਸੁਰਤ ਭਾਵ ਚਿੱਤ ਨੂੰ ਇਕਾਗਰ ਅਤੇ ਨਿਰਮਲ ਕਰ ਲੈਂਦਾ ਹੈ। ਜਗਿਆਸੂ ਦੀ ‘ਬੁਧਿ’ ਆਮ ਜਾਂ ਸਧਾਰਨ ਅਕਲ ਨਹੀਂ ਰਹਿੰਦੀ ਸਗੋਂ ਇਹ ਬਿਬੇਕ-ਬੁਧ ਦਾ ਰੂਪ ਧਾਰ ਲੈਂਦੀ ਹੈ। ਉਸ ਨੂੰ ਚੰਗੇ-ਮਾੜੇ ਕਰਮਾਂ ਦਾ ਪੂਰਨ ਗਿਆਨ ਹੋ ਜਾਂਦਾ ਹੈ। ਹੁਣ ਉਹ ਗਲਤ ਪਾਸੇ ਵੱਲ ਨਹੀਂ ਜਾ ਸਕਦਾ। ਉਸ ਵਿੱਚ ਦੇਵਤਿਆਂ ਵਾਲੇ ਦੈਵੀ ਗੁਣ ਆ ਜਾਂਦੇ ਹਨ ਅਤੇ ਮਨ ਨੂੰ ਸਾਧ ਚੁੱਕੇ ਸਿੱਧ-ਪੁਰਸ਼ਾਂ ਵਾਲੀ ‘ਸੁਧਿ’ ਭਾਵ ਸੋਝੀ ਉਸ ਨੂੰ ਹੋ ਜਾਂਦੀ ਹੈ। ਇਉਂ ਵੀ ਕਿਹਾ ਜਾ ਸਕਦਾ ਹੈ ਕਿ ਹੁਣ ਜਗਿਆਸੂ ਸਧਾਰਨ ਮਨੁੱਖ ਨਹੀਂ ਰਹਿੰਦਾ। ਉਹ ਦੈਵੀ ਅਤੇ ਸਿੱਧ-ਪੁਰਸ਼ ਬਣ ਜਾਂਦਾ ਹੈ। ਪੰਜ ਵਿਕਾਰ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਉਸ ਦੇ ਨੇੜੇ ਵੀ ਨਹੀਂ ਪੋਂਹਦੇ। ਇਹ ਉਸ ਦੇ ਪੂਰਨ ਕਾਬੂ ਵਿੱਚ ਆ ਜਾਂਦੇ ਹਨ। ਉਸ ਦਾ ਮਨ ਸ਼ੁਭ ਵਿਚਾਰਾਂ ਵਾਲਾ ਹੋ ਜਾਂਦਾ ਹੈ। ਉਸ ਦੇ ਬਚਨ ਮਿੱਠੇ ਅਤੇ ਅਰਥ-ਭਰਪੂਰ ਹੋ ਜਾਂਦੇ ਹਨ। ਉਸ ਦੇ ਕਰਮ ਨੇਕ ਅਤੇ ਮਾਨਵਤਾ ਦੀ ਭਲਾਈ ਵਾਲੇ ਹੋ ਜਾਂਦੇ ਹਨ।
4. *ਕਰਮ ਖੰਡ* :
ਧਰਮ ਦਾ ਧਾਰਨੀ ਹੋ ਕੇ, ਗਿਆਨ ਨਾਲ ਭਰਪੂਰ ਹੋ ਕੇ ਅਤੇ ਘਾਲਣਾ ਨਾਲ ਸੁੰਦਰ ਮਨ ਵਾਲਾ ਹੋ ਕੇ ਜਗਿਆਸੂ ਹੁਣ ਪਰਮਾਤਮਾ ਦੀ ਬਖਸ਼ਸ਼ ਦੇ ਘਰ ਵਾਲੀ ਅਵਸਥਾ ਭਾਵ ‘ਕਰਮ ਖੰਡ’ ਦੀ ਅਵਸਥਾ ਵਿੱਚ ਦਾਖਲ ਹੁੰਦਾ ਹੈ। ਬਾਣੀ ਜਪੁ ਜੀ’ ਦੀ ਸੈਂਤੀਵੀਂ ਪਉੜੀ ਵਿੱਚ ਦੋ ਖੰਡਾਂ ‘ਕਰਮ ਖੰਡ’ ਅਤੇ ‘ਸਚਖੰਡਿ’ ਦੀਆਂ ਅਵਸਥਾਵਾਂ ਦਾ ਵਰਨਣ ਹੈ :
*ਕਰਮ ਖੰਡ ਕੀ ਬਾਣੀ ਜੋਰੁ॥ ਤਿਥੈ ਹੋਰੁ ਨ ਕੋਈ ਹੋਰੁ॥ ਤਿਥੈ ਜੋਧ ਮਹਾਬਲ ਸੂਰ॥ ਤਿਨ ਮਹਿ ਰਾਮੁ ਰਹਿਆ ਭਰਪੂਰ॥ ਤਿਥੈ ਸੀਤੋ ਸੀਤਾ ਮਹਿਮਾ ਮਾਹਿ॥ ਤਾ ਕੇ ਰੂਪ ਨ ਕਥਨੇ ਜਾਹਿ॥ ਨਾ ਓਹਿ ਮਰਹਿ ਨ ਠਾਗੇ ਜਾਹਿ॥ ਜਿਨ ਕੈ ਰਾਮੁ ਵਸੈ ਮਨ ਮਾਹਿ॥ ਤਿਥੈ ਭਗਤ ਵਸਹਿ ਕੇ ਲੋਅ॥ ਕਰਹਿ ਅਨੰਦੁ ਸਚਾ ਮਨਿ ਸੋਇ॥ ਸਚ ਖੰਡਿ ਵਸੈ ਨਿਰੰਕਾਰੁ॥ ਕਰਿ ਕਰਿ ਵੇਖੈ ਨਦਰਿ ਨਿਹਾਲ॥ ਤਿਥੈ ਖੰਡ ਮੰਡਲ ਵਰਭੰਡ॥ ਨੂੰ ਜੇ ਕੋ ਕਥੈ ਤ ਅੰਤ ਨ ਅੰਤ॥ ਤਿਥੈ ਲੋਅ ਲੋਅ ਆਕਾਰ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥ ਵੇਖੈ ਵਿਗਸੈ ਕਰਿ ਵੀਚਾਰੁ॥ ਨਾਨਕ ਕਥਨਾ ਕਰੜਾ ਸਾਰੁ॥* (੮)
ਜਗਿਆਸੂ ਅਰਬੀ ਭਾਸ਼ਾ ਦੇ ਸ਼ਬਦ ਕਰਮ’ ਭਾਵ ਬਖਸ਼ਸ਼ ਸਦਕਾ ‘ਕਰਮ ਖੰਡ’ ਵਾਲੀ ਅਜਿਹੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਕੇਵਲ ਅਤੇ ਕੇਵਲ ਪਰਮਾਤਮਾ ਦਾ ਬਲ ਆਪਣੀ ਸ਼ਕਤੀ ਦਿਖਾ ਰਿਹਾ ਹੁੰਦਾ ਹੈ। ਹੋਰ ਕਿਸੇ ਦਾ ਵੀ ਬਲ ਆਪਣਾ ਬਲ ਨਹੀਂ ਹੁੰਦਾ। ਮਨ ਨੂੰ ਜਿੱਤ ਚੁੱਕੇ ਅਤੇ ਪੰਜ ਮਹਾਂਬਲੀ ਵਿਕਾਰਾਂ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ‘ਤੇ ਕਾਬੂ ਪਾ ਚੁੱਕੇ ਵਿਅਕਤੀਆਂ (ਜੋਧ ਮਹਾਬਲ ਸੂਰ) ਦੀ ਅਵਸਥਾ ਵਾਂਗ ਜਗਿਆਸੂ ਦੀ ਅਵਸਥਾ ਹੋ ਜਾਂਦੀ ਹੈ। ਇਸ ਅਵਸਥਾ ਵਿੱਚ ਆਤਮਿਕ ਤੌਰ ‘ਤੇ ਜੇਤੂ ਹੋਏ ਸੂਰਬੀਰ ਅਤੇ ਭਗਤ ਲੋਕ ਪਹੁੰਚੇ ਹੁੰਦੇ ਹਨ, ਉਨ੍ਹਾਂ ਦੇ ਹਿਰਦਿਆਂ ਵਿੱਚ ਪਰਮਾਤਮਾ ਭਰਪੂਰ ਹੋ ਕੇ ਵੱਸਿਆ ਹੁੰਦਾ ਹੈ। ਸੱਚਾ ਪਰਮਾਤਮਾ ਮਨਾਂ ਵਿੱਚ ਵੱਸਿਆ ਹੋਣ ਕਰਕੇ ਉਨ੍ਹਾਂ ਦੀ ਅਵਸਥਾ ਸਦਾ-ਅਨੰਦ ਵਾਲੀ ਹੁੰਦੀ ਹੈ ਅਤੇ ਅਧਿਆਤਮਿਕ ਯਾਤਰਾ ‘ਤੇ ਤੁਰਿਆ ਜਗਿਆਸੂ ‘ਕਰਮ ਖੰਡ’ ਦੀ ਅਵਸਥਾ ਵਿੱਚ ਪਰਮਾਤਮਾ ਦੀ ਬਖਸ਼ਸ਼ ਸਦਕਾ ਆਪਣੇ ਮਨ ਨੂੰ ਜਿੱਤ ਕੇ ਇਸੇ ਅਨੰਦ ਨੂੰ ਪਾ ਲੈਂਦਾ ਹੈ। ਜਗਿਆਸੂ ਅਤੇ ਇਸ ਅਵਸਥਾ ਵਿੱਚ ਪਹੁੰਚੇ ਹੋਰ ਵਿਅਕਤੀਆਂ ਦੇ ਮਨ ਪਰਮਾਤਮਾ ਦੀ ਯਾਦ ਵਿੱਚ ਪੂਰੀ ਤਰ੍ਹਾਂ ਸੀਤੇ ਹੋਏ ਹੁੰਦੇ ਹਨ ਅਤੇ ਇਨ੍ਹਾਂ ਦੇ ਮਨਾਂ ਦੀ ਸੁੰਦਰਤਾ ਦਾ ਬਿਆਨ ਵੀ ਕਥਨ ਤੋਂ ਬਾਹਰ ਹੁੰਦਾ ਹੈ
5. *ਸੱਚ ਖੰਡ* :
‘ਜਪੁ ਜੀ’ ਦੀ ਸੈਂਤੀਵੀਂ ਪਉੜੀ ਦੀਆਂ ਪਹਿਲੀਆਂ ਦਸ ਪੰਕਤੀਆਂ ‘ਕਰਮ ਖੰਡ’ ਦੀ ਅਵਸਥਾ ਦਾ ਬਿਆਨ ਕਰਦੀਆਂ ਹਨ ਅਤੇ ਇਸ ਉਪਰੰਤ ਗੁਰੂ ਸਾਹਿਬ ਜੀ ਦੁਆਰਾ ਅਗਲੀਆਂ ਅੱਠ ਪੰਕਤੀਆਂ ਵਿੱਚ ਜਗਿਆਸੂ ਦੀ ਆਖ਼ਰੀ ਮੰਜ਼ਲ ਭਾਵ ਸੱਚ ਖੰਡ ਦੀ ਅਵਸਥਾ ਦਾ ਚਿਤਰਨ ਕੀਤਾ ਗਿਆ ਹੈ। ‘ਸੱਚ ਖੰਡਿ’ ਸੱਚ ਰੂਪੀ ਪਰਮਾਤਮਾ ਵਿੱਚ ਪੂਰੀ ਤਰ੍ਹਾਂ ਅਭੇਦ ਹੋ ਜਾਣ ਦੀ ਅਵਸਥਾ ਹੈ। ਜਗਿਆਸੂ ਇਸ ਅਵਸਥਾ ਵਿੱਚ ਪਹੁੰਚ ਕੇ ਅਮਲੀ ਰੂਪ ਵਿੱਚ *ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥* (ਸਲੋਕ) ਨਾਲ ਇੱਕਮਿੱਕ ਹੋ ਜਾਂਦਾ ਹੈ। ਅਰੰਭ ਵਾਲੇ ਇਸ ਸਲੋਕ ਵਿੱਚ ਜਿਸ ‘ਸਚੁ’ ਦੀ ਗੱਲ ਕੀਤੀ ਗਈ ਹੈ ਉਹ ਉਸ ਦੇ ਅਨੁਭਵ ਵਿੱਚ ਟਿਕ ਜਾਂਦੀ ਹੈ। ‘ਧਰਮ ਖੰਡ’ ਦੀ ਅਵਸਥਾ ਵਿੱਚ ਹੀ ਜਗਿਆਸੂ ਨੂੰ *’ਸਚਾ ਆਪਿ ਸਚਾ ਦਰਬਾਰੁ’* ਦਾ ਅਨੁਭਵ ਹੋ ਗਿਆ ਸੀ ਅਤੇ ਹੁਣ ‘ਸਚਖੰਡਿ’ ਦੀ ਅਵਸਥਾ ਵਿੱਚ ਪਹੁੰਚ ਕੇ ਉਸ ਦੀ ਨਿਰੰਕਾਰ ਪ੍ਰਤੀ ਪ੍ਰਤੱਖ ਦੀਦਾਰ ਦੀ ਝਲਕ ਹੋਰ ਪਕੇਰੀ ਹੋ ਜਾਂਦੀ ਹੈ। ਪਰਮਾਤਮਾ ਦੀ ਨਿਹਾਲ ਕਰਨ ਦੀ ਨਜ਼ਰ (ਨਦਰਿ) ਨਾਲ ਉਹ ਪੂਰੀ ਤਰ੍ਹਾਂ ਵਰੋਸਾਇਆ ਜਾਂਦਾ ਹੈ। ‘ਸਚ ਖੰਡਿ’ ਦੀ ਅਵਸਥਾ ਵਿੱਚ ਜਗਿਆਸੂ ਨੂੰ ਬਹੁਤ ਸਾਰੇ ਆਤਮਿਕ ਖੰਡਾਂ, ਮੰਡਲਾਂ ਅਤੇ ਬ੍ਰਹਿਮੰਡਾਂ ਦਾ ਅਨੁਭਵ ਹੁੰਦਾ ਹੈ ਭਾਵ ਪਰਮਾਤਮਾ ਦਾ ਅਸੀਮ ਅਤੇ ਵਿਰਾਟ ਰੂਪ ਉਸ ਦੇ ਅਹਿਸਾਸ ਵਿੱਚ ਆਉਂਦਾ ਹੈ। ਉਹ ਇਨ੍ਹਾਂ ਖੰਡਾਂ-ਬ੍ਰਹਿਮੰਡਾਂ ਦੀ ਗਿਣਤੀ ਵੀ ਨਹੀਂ ਕਰ ਸਕਦਾ ਅਤੇ ਨਾ ਹੀ ਇਨ੍ਹਾਂ ਦੀ ਮਹਿਮਾ ਦਾ ਬਿਆਨ ਕਰ ਸਕਦਾ ਹੈ। ਤਿੰਨ ਲੋਕ ਹੀ ਨਹੀਂ, ਪਤਾ ਨਹੀਂ ਕਿੰਨੇ ਕੁ ਲੋਕ – ਜਗਿਆਸੂ ਦੇ ਅਨੁਭਵ ਵਿੱਚ ਆਉਂਦੇ ਹਨ ਜਿਹੜੇ ਪਰਮਾਤਮਾ ਦੇ ਹੁਕਮ ਵਿੱਚ ਹੀ ਚੱਲੀ ਜਾ ਰਹੇ ਹਨ। ਜਗਿਆਸੂ ਨੂੰ ਇਹ ਵੀ ਅਨੁਭਵ ਹੋ ਜਾਂਦਾ ਹੈ ਕਿ ਪਰਮਾਤਮਾ ਆਪਣੀ ਇਸ ਅਸੀਮ ਰਚਨਾ ਦੀ ਸਿਰਜਣਾ ਕਰਕੇ ਇਸ ਤੋਂ ਕਿਤੇ ਦੂਰ ਨਹੀਂ ਹੋਇਆ। ਉਹ ਗੁਰੂ ਦੇ ਉਪਦੇਸ਼ ਨਾਲ ਇਹ ਵੀ ਜਾਣਦਾ ਅਤੇ ਸਮਝਦਾ
ਹੈ ਕਿ *’ਕਰਿ ਕਰਿ ਵੇਖੈ ਸਿਰਜਣਹਾਰੁ ।।ਨਾਨਕ ਸਚੇ ਕੀ ਸਾਚੀ ਕਾਰ॥’* (ਪਉੜੀ ੩੧) ਅਤੇ *’ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸਦੀ ਵਡਿਆਈ॥’* (ਪਉੜੀ ੨੭)। ਜਗਿਆਸੂ ਜਿੱਥੇ ਪਰਮਾਤਮਾ ਦੀ ਮਹਾਨ ਰਚਨਾ ਨੂੰ ਦੇਖ ਕੇ ਵਿਸਮਾਦੀ ਅਨੰਦ ਵਿੱਚ ਆਇਆ ਹੁੰਦਾ ਹੈ ਉੱਥੇ ਸਿਰਜਣਹਾਰ ਪਰਮਾਤਮਾ ਵੀ ਆਪਣੀ ਬਣਾਈ ਰਚਨਾ ਨੂੰ ਵੇਖਦਾ ਵੀ ਹੈ, ਇਸ ਦੀ ਨਿਗਰਾਨੀ ਵੀ ਕਰਦਾ ਹੈ ਅਤੇ ਇਸ ਨੂੰ ਵੇਖ-ਵੇਖ ਕੇ ਵਿਗਸਦਾ ਵੀ ਹੈ। ਜਗਿਆਸੂ ਆਪਣੇ ਇਸ ਅਨੁਭਵ ਨੂੰ ਮਾਣ ਹੀ ਸਕਦਾ ਹੈ ਪਰ ਇਸ ਦਾ ਬਿਆਨ ਕਰ ਸਕਣਾ ਉਸ ਦੇ ਲਈ ਲੋਹੇ ਵਾਂਗ ਕਰੜਾ, ਔਖਾ ਅਤੇ ਕਠਨ ਹੈ। ‘ਸਚ ਖੰਡਿ’ ਦੀ ਅਵਸਥਾ ਵਿੱਚ ਜਗਿਆਸੂ ਅੰਦਰੋਂ-ਬਾਹਰੋਂ ਨਿਰਮਲ ਹੋ ਕੇ ‘ਸਚਿਆਰ’ ਬਣ ਜਾਂਦਾ ਹੈ ਅਤੇ ਉਸ ਦੇ ਮਨ ਵਿੱਚ ਖੜ੍ਹੀ ਕੂੜ (ਭਾਵ ਝੂਠ) ਦੀ ਪਾਲਿ (ਭਾਵ ਕੰਧ) ਢਹਿ-ਢੇਰੀ ਹੋ ਜਾਂਦੀ ਹੈ। ਸੱਚ, ਨਿਆਂ, ਦਇਆ, ਸੇਵਾ ਅਤੇ ਪਰਉਪਕਾਰ ਦੇ ਗੁਣ ਉਸ ਦੇ ਜੀਵਨ ਦਾ ਅੰਗ ਬਣ ਜਾਂਦੇ ਹਨ। ਪਰਮਾਤਮਾ ਦਾ ਹੁਕਮ ਮੰਨਣ ਅਤੇ ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਉਸ ਨੂੰ ਜਾਚ ਆ ਜਾਂਦੀ ਹੈ। ਝੂਠ, ਬੇਈਮਾਨੀ, ਠੱਗੀ ਅਤੇ ਫ਼ਰੇਬ ਜਿਹੇ ਔਗੁਣਾਂ ਦਾ ਉਸ ਦੇ ਜੀਵਨ ਵਿੱਚ ਨਾਮੋ- ਨਿਸ਼ਾਨ ਵੀ ਨਹੀਂ ਰਹਿੰਦਾ। ‘ਧਰਮ ਖੰਡ’ ਦਾ ਧਰਮ ਮਰਯਾਦਾ, ਫ਼ਰਜ਼ਾਂ ਅਤੇ ਅਨੁਸ਼ਾਸਨ ਦੀ ਪਾਲਣਾ ਦੇ ਰੂਪ ਵਿੱਚ ਉਸ ਦੇ ਜੀਵਨ ਦਾ ਹਿੱਸਾ ਬਣ ਜਾਂਦਾ ਹੈ। ‘ਗਿਆਨ ਖੰਡ’ ਦੇ ਬ੍ਰਹਮ-ਗਿਆਨ ਦਾ ਧਾਰਨੀ ਹੋ ਕੇ ਉਹ ਬੇਅੰਤ ਪਰਮਾਤਮਾ ਦੀ ਬੇਅੰਤ ਰਚਨਾ ਦਾ ਅਨੁਭਵ ਕਰਕੇ ਵਿਸਮਾਦੀ ਹੋ ਜਾਂਦਾ ਹੈ। ਆਪਣੇ ਮਨ ਨੂੰ ਸਾਧ ਕੇ ਅਤੇ ਜਿੱਤ ਕੇ ਉਹ ‘ਸਰਮ ਖੰਡ’ ਦੇ ਸ਼੍ਮ ਭਾਵ ਉੱਦਮ ਵਾਲੀ ਅਵਸਥਾ ਵਿੱਚ ਪਹੁੰਚ ਕੇ ਉੱਦਮੀ ਅਤੇ ਮਿਹਨਤੀ ਬਣ ਜਾਂਦਾ ਹੈ। ਪਰਮਾਤਮਾ ਦੀ ਬਖਸ਼ਸ਼ ਹਾਸਲ ਕਰਕੇ ਉਹ ‘ਕਰਮ ਖੰਡ’ ਦੀ ਅਵਸਥਾ ਤੋਂ ਅੱਗੇ ਪਰਮਾਤਮਾ ਨਾਲ ਇੱਕਮਿੱਕ ਹੋਣ ਵਾਲੀ ‘ਸਚ ਖੰਡਿ’ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਇਹੀ ਇਨ੍ਹਾਂ ਖੰਡਾਂ ਦਾ ਤੱਤ-ਸਾਰ ਹੈ।
ਇਹ ਪੰਜੇ ਅਵਸਥਾਵਾਂ ਇੱਕ-ਦੂਜੀ ਨਾਲ ਜੁੜੀਆਂ ਹੋਈਆਂ, ਪਰੋਤੀਆਂ ਹੋਈਆਂ ਅਤੇ ਪੂਰੀ ਤਰ੍ਹਾਂ ਇੱਕਮਿੱਕਤਾ ਨਾਲ ਓਤ-ਪੋਤ ਹਨ। ਜਗਿਆਸੂ ਇਸ ਗੱਲ ਨੂੰ ਵੀ ਪੂਰੀ ਤਰ੍ਹਾਂ ਮੰਨਦਾ ਹੈ ਕਿ ਉਹ ਪਹਿਲੀ ਅਵਸਥਾ ‘ਧਰਮ ਖੰਡ’ ਵਿੱਚ ਵੀ ਪਰਮਾਤਮਾ ਦੀ ਕਿਰਪਾ ਸਦਕਾ ਹੀ ਦਾਖਲ ਹੋ ਸਕਦਾ ਹੈ। ਇਸ ਤੋਂ ਅੱਗੇ ‘ਗਿਆਨ ਖੰਡ, ‘ਸਰਮ ਖੰਡ, ‘ਕਰਮ ਖੰਡ’ ਅਤੇ ‘ਸਚਖੰਡਿ’ ਦੀਆਂ ਅਵਸਥਾਵਾਂ ਤੱਕ ਅੱਪੜਨਾ ਵੀ ਪਰਮਾਤਮਾ ਦੀ ਕਿਰਪਾ ਸਦਕਾ ਹੀ ਸੰਭਵ ਹੁੰਦਾ ਹੈ। ਇਉਂ ਉਹ ਆਪਣੀ ਇਸ ਅਧਿਆਤਮਿਕ ਪ੍ਰਾਪਤੀ ਦਾ ਸਿਹਰਾ ਆਪਣੇ ਸਿਰ ਨਹੀਂ ਬੰਨ੍ਹਦਾ ਸਗੋਂ ਪੂਰੀ ਨਿਮਰਤਾ ਨਾਲ ਇਸ ਕਿਰਪਾ ਲਈ ਪਰਮਾਤਮਾ ਦਾ ਹਰ ਪਲ ਸ਼ੁਕਰਾਨਾ ਕਰਦਾ ਹੈ। ਪਹਿਲੀ ਅਵਸਥਾ ਧਰਮ ਖੰਡ’ ਵਿੱਚ ਉਹ *’ਸਚਾ ਆਪਿ ਸਚਾ ਦਰਬਾਰੁ’* ਦਾ ਅਨੁਭਵ ਕਰਦਾ ਹੈ ਤਾਂ ‘ਸਚਖੰਡਿ’ ਦੀ ਸੰਪੂਰਨਤਾ ਵਾਲੀ ਅਵਸਥਾ ਵਿੱਚ ਵੀ ਉਸ ਨੂੰ *’ਸਚਖੰਡਿ ਵਸੈ ਨਿਰੰਕਾਰੁ’* ਦਾ ਅਨੁਭਵ ਹੁੰਦਾ ਹੈ। ਪਰਮਾਤਮਾ ਦੀ ਬੇਅੰਤਤਾ ਅਤੇ ਉਸ ਦੀ ਰਚਨਾ ਦੀ ਬੇਅੰਤਤਾ ਦਾ ਅਹਿਸਾਸ ਉਸ ਨੂੰ *’ਤਿਨ ਕੇ ਨਾਮ ਅਨੇਕ ਅਨੰਤ’* (ਧਰਮ ਖੰਡ), *’ਨਾਨਕ ਅੰਤੁ ਨ ਅੰਤੁ’* (ਗਿਆਨ ਖੰਡ) ਅਤੇ *’ਜੋ ਕੋ ਕਥੈ ਤ ਅੰਤ ਨ ਅੰਤ’* (ਸਚ ਖੰਡਿ) ਦੇ ਉਪਦੇਸ਼ ਰਾਹੀਂ ਸਹਿਜਤਾ ਨਾਲ ਹੋ ਜਾਂਦਾ ਹੈ। ਪਰਮਾਤਮਾ ਪੰਜੇ ਖੰਡਾਂ ਦੀਆਂ ਪੰਜੇ ਅਵਸਥਾਵਾਂ ਵਿੱਚ ਹਾਜ਼ਰ-ਨਾਜ਼ਰ ਹੈ। ਜਗਿਆਸੂ ਇਸ ਤੱਥ ਨੂੰ ਸਮਰਪਿਤ ਹੋ ਕੇ ਮੰਨਦਾ ਹੈ ਕਿ ਉਸ ਦੀ ਸਮੁੱਚੀ ਅਧਿਆਤਮਿਕ ਯਾਤਰਾ ਪਰਮਾਤਮਾ ਦੇ ਬਲ, ਪਰਮਾਤਮਾ ਵੱਲੋਂ ਬਖਸ਼ੇ ਗਿਆਨ ਅਤੇ ਪਰਮਾਤਮਾ ਵੱਲੋਂ ਉਸ ਦੇ ਸਿਰ ‘ਤੇ ਕਿਰਪਾ ਦਾ ਹੱਥ ਰੱਖਣ ਨਾਲ ਹੀ ਕੀਤੀ ਜਾਣੀ ਸੰਭਵ ਹੋਈ ਹੈ।
(ਸਿੱਖ ਫੁਲਵਾੜੀ ਜੁਲਾਈ 2024 ਚੋਂ ਧੰਨਵਾਦ ਸਹਿਤ)
Author: Gurbhej Singh Anandpuri
ਮੁੱਖ ਸੰਪਾਦਕ