ਅੰਮ੍ਰਿਤਸਰ, 5 ਅਗਸਤ ( ਤਾਜੀਮਨੂਰ ਕੌਰ )- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀਤੇ ਦਿਨੀਂ ਸੀਨੀਅਰ ਬਾਗ਼ੀ ਅਕਾਲੀ ਆਗੂਆਂ ਵਲੋਂ ਲਾਏ ਦੋਸ਼ਾਂ ਸੰਬੰਧੀ ਪੰਜ ਸਿੰਘ ਸਾਹਿਬਾਨ ਵਲੋਂ ਜਾਰੀ ਆਦੇਸ਼ ਅਨੁਸਾਰ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਦਿੱਤੇ ਸਪੱਸ਼ਟੀਕਰਨ ਪੱਤਰ ਵਿਚ ਉਨ੍ਹਾਂ ਵਲੋਂ ਕਿਹਾ ਗਿਆ ਕਿ ਜੋ ਵੀ ਸਾਡੇ ਖ਼ਿਲਾਫ਼ ਲਿਖ ਕੇ ਦਿੱਤਾ ਗਿਆ ਹੈ, ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖ਼ਤ ’ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਅਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਖਿਮਾ ਯਾਚਨਾ ਕਰਦਾ ਹੈ। ਅੱਜ ਅਕਾਲ ਤਖ਼ਤ ਸਕੱਤਰੇਤ ਤੋਂ ਜਨਤਕ ਕੀਤੇ ਗਏ ਇਸ ਸਪੱਸ਼ਟੀਕਰਨ ਪੱਤਰ ਵਿਚ ਸੁਖਬੀਰ ਸਿੰਘ ਨੇ ਕਿਹਾ ਹੈ ਕਿ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਾਸ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿਚ ਪਾਉਂਦਾ ਹੈ, ਚਾਹੇ ਇਹ ਭੁੱਲਾਂ ਪਾਰਟੀ ਕੋਲੋਂ ਹੋਈਆਂ ਹਨ ਜਾਂ ਸਰਕਾਰ ਕੋਲੋਂ, ਦਾਸ ਚੇਤ ਅਚੇਤ ਵਿਚ ਹੋਈਆਂ ਇਨ੍ਹਾਂ ਸਾਰੀਆਂ ਭੁੱਲਾਂ ਚੁੱਕਾਂ ਲਈ ਖਿਮਾ ਦਾ ਯਾਚਕ ਹੈ। ਉਨ੍ਹਾਂ ਲਿਖਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗੁਰਮਤਿ ਪਰੰਪਰਾਵਾਂ ਅਨੁਸਾਰ ਜਾਰੀ ਕੀਤੇ ਹਰ ਹੁਕਮ ਨੂੰ ਦਾਸ ਅਤੇ ਮੇਰੇ ਸਾਥੀ ਖਿੜੇ ਮੱਥੇ ਪ੍ਰਵਾਨ ਕਰਨਗੇ।
Author: Gurbhej Singh Anandpuri
ਮੁੱਖ ਸੰਪਾਦਕ