15 ਅਗਸਤ ਨੂੰ ਭਾਰਤ ਵਿੱਚ ਅਜ਼ਾਦੀ ਦਿਹਾੜੇ ਦੇ ਜਸ਼ਨ ਮਨਾਏ ਜਾਂਦੇ ਹਨ। ਇੱਕ ਦਿਨ ਪਹਿਲਾਂ ਪਾਕਿਸਤਾਨ ਵਿੱਚ ਵੀ ਜਸ਼ਨ ਹੁੰਦੇ ਨੇ। ਦੋਵੇਂ ਮੁਲਕਾਂ ਦੇ ਲੋਕ ਸਾਡੀ ਕੌਮ ਦਾ ਦਰਦ ਨਹੀਂ ਸਮਝਦੇ। 1947 ਮੌਕੇ ਦੋਹਾਂ ਮੁਲਕਾਂ ਵਿਚਾਲੇ ਸਾਡੀ ਪੰਜਾਬ ਦੀ ਧਰਤੀ ਵਿਚਾਲਿਓਂ ਵੰਡੀ ਗਈ। ਸਾਡੇ ਲੋਕਾਂ ਨੇ ਸਭ ਤੋਂ ਵੱਧ ਕਸ਼ਟ ਝੱਲਿਆ। ਸਾਡੇ ਬਜੁਰਗ ਕਹਿੰਦੇ ਹੁੰਦੇ ਸੀ ਕਿ “ਜਦ ਉਜਾੜੇ ਪਏ”, ਬਿਲਕੁਲ ਓਦੋਂ ਸਾਡੇ ਘਰਾਂ ਵਿੱਚ ਉਜਾੜੇ ਹੀ ਪਏ ਸਨ। ਮੁਆਵਜਿਆਂ ਦੀ ਗੱਲ ਕਰਦੇ ਨੇ। ਕਹਿੰਦੇ ਨੇ ਵੱਟੇ ਵਿੱਚ ਜੋ ਦੇ ਸਕਦੇ ਸੀ ਮਿਲ ਗਿਆ ਹੈ। ਨਨਕਾਣਾ ਸਾਹਿਬ ਤੇ ਹੋਰ ਜਾਨੋਂ ਪਿਆਰੇ ਗੁਰਧਾਮਾਂ ਨੂੰ ਛੱਡ ਕੇ ਆਉਣ ਦਾ ਦਰਦ ਕਿਵੇਂ ਕੋਈ ਮਿਣ ਸਕਦਾ ? ਸਾਡੀ ਕੌਮ ਦੇ ਆਗੂਆਂ ਨੇ ਜਿਹੜੇ ਵਾਅਦਿਆਂ ਉੱਤੇ ਯਕੀਨ ਕੀਤਾ ਸੀ, ਅਗਲੇ ਸਾਫ਼ ਮੁੱਕਰ ਗਏ। ਕਹਿੰਦੇ “ਅਬ ਵਕਤ ਬਦਲ ਗਿਆ ਹੈ।”
ਅਗਲੇ ਮਾਲਕ ਬਣ ਬੈਠੇ ਤੇ ਅਸੀਂ ਗੁਲਾਮ। ਫੇਰ ਕਹਿੰਦੇ ਅਸੀਂ ਦੱਸਾਂਗੇ ਕਿ ਗ਼ੁਲਾਮਾਂ ਨੂੰ ਕੀ ਦੇਣਾ, ਕੀ ਖਾਣ-ਪਹਿਨਣਗੇ, ਇਹਨਾਂ ਦਾ ਦੋਸਤ ਕੌਣ ਹੈ ਤੇ ਦੁਸ਼ਮਣ ਕੌਣ ਹੈ, ਸਭ ਕੁਝ ਕਹਿੰਦੇ ਅਸੀਂ ਫ਼ੈਸਲੇ ਕਰਾਂਗੇ ਕਿਉਂਕਿ ਅਸੀਂ ਮਾਲਕ ਹਾਂ। ਤਖ਼ਤਾਂ ਤਾਜਾਂ ਦੇ ਮਾਲਕ, ਭਿਖਾਰੀਆਂ ਵਰਗੇ ਬਣਾ ਧਰੇ। ਵਕਤ ਦੀ ਕਾਲ਼ੀ ਬੋਲ਼ੀ ਹਨੇਰੀ ਨੇ ਸਾਨੂੰ ਕੱਖੋਂ ਹੌਲ਼ੇ ਕਰ ਦਿੱਤਾ। ਹਨੇਰੀਆਂ ਵਿੱਚ ਉੱਡਦੇ ਕੱਖ-ਕਾਨਿਆਂ ਵਾਂਗ ਅਸੀਂ ਰੁਲਦੇ ਫਿਰੇ। ਸਭ ਤੋਂ ਵੱਡੀ ਸੱਟ ਸੀ ਸਾਡੇ ਭਰੋਸਿਆਂ ਦਾ, ਸਾਡੇ ਵਿਸ਼ਵਾਸ਼ ਦਾ ਕਤਲ। ਕੀਹਦੇ ਕੋਲ ਜਾ ਕੇ ਰੋਈਏ ਕਿ ਸਾਡੇ ਨਾਲ਼ ਇਹਨਾਂ ਲਾਲ਼ਿਆਂ ਨੇ ਜੱਗੋਂ ਤੇਰਵੀਂ ਕੀਤੀ ਹੈ।
ਕਲਗੀਧਰ ਦੇ ਬੱਬਰ ਸ਼ੇਰ ਕਨੂੰਨ ਦੀ ਮਾਰ ਨਾਲ਼ ਸਰਕਾਰ ਦੇ ਸ਼ੇਰ ਬਣਾ ਧਰੇ। ਸੰਵਿਧਾਨ ਵਿੱਚ ਹਿੰਦੂ ਲਿਖ ਦਿੱਤਾ। ਕਹਿੰਦੇ ਬੇਸ਼ੱਕ ਸਿੱਖ ਹੋਵੋ ਪਰ ਤੁਹਾਡੀ ਸੰਵਿਧਾਨਕ ਪਛਾਣ ਹਿੰਦੂ ਹੋਵੇਗੀ ਤੇ ਵਿਆਹ ਬੇਸ਼ੱਕ ਅਨੰਦ ਕਾਰਜ ਕਰਵਾ ਲਵੋ ਪਰ ਸਰਟੀਫਿਕੇਟ ਹਿੰਦੂ ਵਿਆਹ ਕਨੂੰਨ ਤਹਿਤ ਹੀ ਮਿਲੇਗਾ। ਹਰ ਕਾਨੂੰਨ ਹਿੰਦੂਆਂ ਵਾਲ਼ਾ ਥੋਪ ਦਿੱਤਾ। ਕਹਿੰਦੇ ਰਹੋ ਕਿ “ਅਸੀਂ ਹਿੰਦੂ ਨਹੀਂ, ਅਸੀਂ ਸਿੱਖ ਹਾਂ।”
ਧੋਖਿਆਂ, ਧੱਕਿਆਂ, ਵਧੀਕੀਆਂ, ਬੇਵਫਾਈਆਂ ਦੀ ਦਾਸਤਾਨ ਐਨੀ ਲੰਮੀ ਹੈ ਕਿ ਸੁਣਾਉਂਦੇ ਹੰਭ ਜਾਈਏ ਤੇ ਸੁਣਨ ਵਾਲ਼ਾ ਵੀ ਸੋਚਦਾ ਰਹੇ ਕਿ ਕਦ ਮੁੱਕੇਗੀ ਇਹ ਬਾਤ। ਵੱਖਰੀ ਪਛਾਣ ਮੇਟਣ ਤੁਰੇ ਹਿੰਦੂਆਂ ਤੋਂ ਵੱਖਰੇ ਖਿੱਤੇ ਦੀ ਮੰਗ ਦੀ ਆਸ ਕਰਨਾ ਬੇਵਕੂਫੀ ਹੀ ਸੀ ਪਰ ਜਦ ਕੀਤੇ ਪ੍ਰਣ ਚੇਤੇ ਕਰਵਾਏ ਤਾਂ ਉਹਨਾਂ ਨੂੰ ਐਨਾ ਰੋਹ ਆਇਆ ਕਿ ‘ਪੰਜਾਬੀ ਸੂਬਾ ਜ਼ਿੰਦਾਬਾਦ’ ਕਹਿਣ ਉੱਤੇ ਵੀ ਪਾਬੰਦੀ ਲਾ ਦਿੱਤੀ। ਆਖਰ ਲੂਲਾ-ਲੰਗੜਾ ਸੂਬਾ ਬਣਾਇਆ ਤਾਂ ਪੱਲੇ ਕੁਝ ਨਹੀਂ ਪੈਣ ਦਿੱਤਾ। ਰਾਜਧਾਨੀ ਖੋਹ ਲਈ, ਬਿਜਲੀ ਤੇ ਦਰਿਆਈ ਪਾਣੀ ਖੋਹ ਲਏ, ਹਾਈਕੋਰਟ ਵੀ। ਉੱਪਰੋਂ ਮਿੱਥ ਲਿਆ ਕਿ ਪੰਜਾਬ ਨੂੰ ਬੰਜਰ ਬਣਾਉਣਾ ਹੈ। ਫੇਰ ਮਿੱਥ ਲਿਆ ਕਿ ਧਰਮ ਖੋਹ ਲੈਣਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਕੰਜਰ ਬਣਾਉਣਾ ਹੈ। ਅੱਯਾਸ਼ੀਆਂ ਤੇ ਬਦਮਾਸ਼ੀਆਂ ਦੇ ਰਾਹ ਤੋਰਨ ਲਈ ਬੜੀ ਸਖ਼ਤ ਮਿਹਨਤ ਕੀਤੀ ਗਈ। ਪੰਜਾਬ ਦੇ ਹੱਕ ਦੇਣ ਦੀ ਬਜਾਏ ਗਲਾ ਘੁੱਟਿਆ ਗਿਆ।
ਚਾਰੇ ਪਾਸੇ ਜਦ ਗੱਲ ਨਾ ਬਣੀ ਤਾਂ ਪੰਥ ਅਤੇ ਪੰਜਾਬ ਨੇ ਧਰਮ ਯੁੱਧ ਮੋਰਚਾ ਲਾਇਆ ਕਿ ਸਾਡੇ ਹੱਕ ਦਿਓ। ਦਿੱਲੀ ਦਰਬਾਰ ਨੇ ਮਿੱਥ ਲਿਆ ਕਿ ਐਨੀ ਖ਼ਤਰਨਾਕ ਮਾਰ ਮਾਰੋ ਕਿ ਸਦੀਆਂ ਤੱਕ ਹਿੱਲਣ ਜੋਗੇ ਨਾ ਰਹਿਣ। ਨਸਲਕੁਸ਼ੀ ਦੀ ਸਿਖਰ ਹੋ ਗਈ। ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ, ਜੂਨ ਤੇ ਨਵੰਬਰ 1984 ਤੇ ਨਾਲ ਹੀ ਝੂਠੇ ਮੁਕੱਦਮਿਆਂ, ਝੂਠੇ ਮੁਕਾਬਲਿਆਂ ਤੇ ਫੇਰ ਅਣਪਛਾਤੀਆਂ ਲਾਸ਼ਾਂ ਦੇ ਅੰਬਾਰ ਲੱਗਣ ਲੱਗ ਪਏ। ਉੱਪਰੋਂ ਕਹਿੰਦੇ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਲਿਆਉਣ ਲਈ ਸਾਡਾ ਤਾਂ ਐਨੇ ਕਰੋੜ ਖਰਚਾ ਆ ਗਿਆ ਤੇ ਇਹ ਪੰਜਾਬ ਸਿਰ ਕਰਜ਼ਾ ਹੈ। ਜਿਵੇਂ ਕਿਸੇ ਨੂੰ ਕੁਟਾਪਾ ਚਾੜ੍ਹ ਕੇ ਕੋਈ ਕਹੇ ਕਿ ਜੋ ਤੇਰੇ ਕੋਲ ਆਉਣ ਜਾਣ ਉੱਤੇ ਕਾਰ ਦਾ ਖਰਚਾ ਹੋਇਆ ਉਹ ਵੀ ਦੇਹ। ਕਿਸੇ ਕਾਤਲ ਨੇ ਗੋਲ਼ੀ ਮਾਰਨ ਵਾਲ਼ੇ ਤੋਂ ਕਾਰਤੂਸ ਦਾ ਇਉਂ ਖਰਚਾ ਲਿਆ ? ਪਰ ਸਾਡੀ ਕੌਮ ਨੂੰ ਮਾਰਨ-ਕੁੱਟਣ ਦਾ ਖਰਚਾ ਵੀ ਸਾਡੇ ਸਿਰ ਪਿਆ ਹੈ। ਪੁਰਾਣੇ ਵੇਲਿਆਂ ਵਿੱਚ ਜ਼ਾਲਮ ਰਾਜੇ ਕਿਸੇ ਰਾਜ ਨੂੰ ਹਰਾਉਣ, ਝੁਕਾਉਣ ਮਗਰੋਂ ਜੁਰਮਾਨਾ ਲਾ ਦਿੰਦੇ ਸੀ। ਓਹੀ ਕੁਝ ਪੰਜਾਬ ਨਾਲ਼ ਦਿੱਲੀ ਨੇ ਕੀਤਾ।
1947 ਦੀ ਪੰਦਰਾਂ ਅਗਸਤ ਤੋਂ ਹੁਣ ਤੱਕ ਨਾ ਸੁੱਖ ਦਾ ਸਾਹ ਆਇਆ ਤੇ ਨਾ ਅਗਾਹਾਂ ਕੋਈ ਆਸ ਹੈ। ਫੇਰ ਪੰਜਾਬ ਦੇ ਲੋਕ ਕਾਹਦੇ ਜਸ਼ਨ ਮਨਾਉਣ ? ਜਿਹੜੇ ਤਖ਼ਤਾਂ-ਤਾਜਾਂ ਦੇ ਮਾਲਕ ਬਣੇ ਨੇ, ਜਿਨ੍ਹਾਂ ਦੇ ਘਰ ਖੁਸ਼ੀਆਂ-ਖੇੜੇ ਨੇ ਉਹ ਮਨਾਈ ਜਾਣ। ਸਾਡੇ ਤਾਂ ਹਰ ਘਰ ਸੱਥਰ ਵਿਛਿਆ ਹੋਇਆ ਹੈ। ਸਾਡੇ ਤਾਂ ਧਰਮ, ਬੋਲੀ ਤੇ ਸੱਭਿਆਚਾਰ ਦੀ ਬਰਬਾਦੀ ਪ੍ਰਤੱਖ ਦਿਸ ਰਹੀ ਹੈ।
ਇਸੇ ਕਰਕੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ, ਹਰ ਸਾਲ ਪੰਦਰਾਂ ਅਗਸਤ ਦਾ ਬਾਈਕਾਟ ਕਰਦੇ ਹਨ। ਕਿਉਂ ਦੇਈਏ ਓਸ ਸੰਵਿਧਾਨ ਨੂੰ ਸਤਿਕਾਰ ਜੋ ਸਾਨੂੰ ਹਿੰਦੂ ਕਹਿੰਦਾ ਹੈ ? ਕਿਉਂ ਕਰੀਏ ਓਸ ਤਿਰੰਗੇ ਦਾ ਸਤਿਕਾਰ ਜਿਸ ਵਿੱਚ ਸਿੱਖਾਂ ਦਾ ਰੰਗ ਵੀ ਨਹੀਂ ਪਾਇਆ? ਚਲੋ ਐਨਾ ਸ਼ੁਕਰ ਕਰੋ ਕਿ ਅਸੀਂ ਇਸ ਸੰਵਿਧਾਨ ਤੇ ਇਸ ਤਿਰੰਗੇ ਦਾ ਤ੍ਰਿਸਕਾਰ ਨਹੀਂ ਕਰਦੇ। ਪਰ ਸਾਥੋਂ ਦਿਲ ਉੱਤੇ ਪੱਥਰ ਰੱਖ ਕੇ ਇਹਨਾਂ ਨੂੰ ਸਲਾਮੀਆਂ ਨਹੀਂ ਦੇ ਹੁੰਦੀਆਂ।
ਹਰ ਸਾਲ ਵਾਂਗ ਇਸ ਵਾਰ ਵੀ ਸਾਡਾ ਪੰਦਰਾਂ ਅਗਸਤ ਨੂੰ ਕਾਲ਼ਾ ਦਿਨ ਹੋਵੇਗਾ। ਮੁਕੰਮਲ ਬਾਈਕਾਟ। ਅਸੀਂ ਨਿਆਣਿਆਂ ਨੂੰ ਦੱਸਾਂਗੇ ਕਿ ਇਹ ਉਹ ਲੋਕ ਨੇ ਜੋ ਅਕ੍ਰਿਤਘਣ ਨੇ, ਅਹਿਸਾਨਫਰਾਮੋਸ਼ ਨੇ, ਦੁਨੀਆਂ ਨੂੰ ਦੱਸਾਂਗੇ ਸਾਡੇ ਨਾਲ ਕੀ ਕੁਝ ਹੋਇਆ। ਇਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਭੁੱਲ ਗਏ ਨੇ ਤਾਂ ਅਠ੍ਹਾਰਵੀਂ ਸਦੀ ਦੇ ਸਿੱਖਾਂ ਦੇ ਅਹਿਸਾਨ ਕਿੱਥੇ ਚੇਤੇ ਰੱਖਦੇ ? ਇਹ ਸਿੱਖੀ ਤੇ ਸਿੱਖਾਂ ਦੇ ਕਾਤਲ ਨੇ। ਇਹਨਾਂ ਉੱਤੇ ਯਕੀਨ ਨਾ ਕਰਿਓ। 1947 ਮੌਕੇ ਇਹਨਾਂ ਉੱਤੇ ਭਰੋਸਾ ਕੀਤਾ ਸੀ ਪਰ ਇਹਨਾਂ ਨੇ ਮੁੱਕਰਨ ਲੱਗਿਆਂ ਸਕਿੰਟ ਨਹੀਂ ਸੋਚਿਆ।
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
Author: Gurbhej Singh Anandpuri
ਮੁੱਖ ਸੰਪਾਦਕ