ਅਕਾਲ ਤਖ਼ਤ ਸਾਹਿਬ ਤੋਂ 15 ਜੁਲਾਈ 2024 ਨੂੰ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਬਾਰੇ ਆਏ ਫੈਸਲੇ ਤੋਂ ਬਾਅਦ ਕੁਝ ਵੀਰਾਂ ਵੱਲੋਂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ’ਤੇ ਹੀ ਸਵਾਲ ਚੁੱਕੇ ਜਾਣ ਲੱਗੇ, ਕਿ ਇਹ ਤਾਂ ਖਰੜਾ ਹੈ, ਇਹ ਕਦੇ ਪ੍ਰਵਾਨ ਹੀ ਨਹੀਂ ਹੋਇਆ, ਜੋ ਕਿ ਗਲਤ ਹਨ। ਰਹਿਤ ਮਰਯਾਦਾ ਨੂੰ ਅਪ੍ਰਵਾਨ ਸਿੱਧ ਕਰਨ ਲਈ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜਾਹ ਸਾਲਾ ਇਤਿਹਾਸ ਸੰਨ 1926 ਤੋਂ 1976’ – ਪੁਸਤਕ ਜੋ ਕਿ ਸ. ਸ਼ਮਸ਼ੇਰ ਸਿੰਘ ਅਸ਼ੋਕ ਵੱਲੋਂ ਲਿਖੀ ਗਈ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਸਿੱਖ ਇਤਿਹਾਸ ਰੀਸਰਚ ਬੋਰਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ, ਨੂੰ ਅਧਾਰ ਬਣਾਇਆ ਗਿਆ। ਇਸ ਪੁਸਤਕ ਵਿੱਚ ਸ਼੍ਰੋਮਣੀ ਕਮੇਟੀ ਦੇ ਮਿਤੀ 30 ਤੇ 31 ਦਸੰਬਰ 1933 ਨੂੰ ਸਿੱਖ ਰਹੁ-ਰੀਤਾਂ ਕਮੇਟੀ ਅਤੇ ਰਹਿਤ ਮਰਯਾਦਾ ਦੇ ਖਰੜੇ ਸਬੰਧੀ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਉਚੇਚੇ ਜਨਰਲ ਸਮਾਗਮ ਬਾਰੇ ਜ਼ਿਕਰ ਹੈ, ਪਰੰਤੂ ਇਸ ਸਮਾਗਮ ਦੀ ਸਮੁੱਚੀ ਕਾਰਵਾਈ ਦਰਜ ਨਹੀਂ ਕੀਤੀ ਗਈ, ਬਲਕਿ ਇਸ ਸਮਾਗਮ ਨਾਲ ਸਬੰਧਤ ਕਾਰਵਾਈ ਦੇ ਸਿੱਟੇ ਨੂੰ ਸਿਰਫ਼ ਪੰਜ ਲਾਈਨਾਂ ਵਿੱਚ ਹੀ ਸਮਾਪਤ ਕਰਕੇ ਇਹ ਛਪਿਆ ਹੈ ਕਿ, “…ਪ੍ਰੋ. ਤੇਜਾ ਸਿੰਘ ਕਨਵੀਨਰ ਰਹੁ-ਰੀਤਾਂ ਸਬ ਕਮੇਟੀ ਨੇ ਸਿੱਖ ਰਹਿਤ ਮਰਯਾਦਾ ਦਾ ਖਰੜਾ ਪੇਸ਼ ਕੀਤਾ, ਜੋ ਦੋ ਦਿਨਾਂ ਦੀ ਗਰਮਾ-ਗਰਮ ਬਹਿਸ ਤੋਂ ਬਾਅਦ ਕੁਝ ਕੁ ਮੱਤ-ਭੇਦ ਪੈਦਾ ਹੋਣ ਕਰਕੇ ਪਾਸ ਨਾ ਹੋ ਸਕਿਆ ਤੇ ਇਹ ਵਿਚਾਰ ਅਨਿਸ਼ਚਿਤ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।” ਪੁਸਕਤ ਵਿੱਚ ਸਮਾਗਮ ਨਾਲ ਸਬੰਧਤ ਜਿਹੜੀ ਬਾਕੀ ਕਾਰਵਾਈ ਛਾਪੀ ਗਈ ਹੈ ਭਾਵ ਸ਼ਾਮਲ ਹੋਏ ਮੈਂਬਰਾਂ ਦੇ ਨਾਮ ਆਦਿ ਉਹ ਸਿਰਫ਼ ਸਾਢੇ ਤਿੰਨ ਪੰਨਿਆਂ ਵਿੱਚ ਹੀ ਦਰਜ ਹੈ, ਜਦਕਿ ਸਮੁੱਚੀ ਕਾਰਵਾਈ ਲੰਮੀ ਹੈ।
ਉਕਤ ਪੁਸਤਕ ਨੂੰ ਜੇਕਰ ਪਾਸੇ ਰੱਖ ਦਈਏ ਅਤੇ ਸ਼੍ਰੋਮਣੀ ਕਮੇਟੀ ਦੇ ਇਤਿਹਾਸਕ ਦਸਤਾਵੇਜ਼ ਗੁਰਦੁਆਰਾ ਗਜ਼ਟ ਨੂੰ ਵਾਚੀਏ ਤਾਂ ਸਾਹਮਣੇ ਆਉਂਦਾ ਹੈ ਕਿ 30 ਤੇ 31 ਦਸੰਬਰ, 1933 ਨੂੰ ਹੋਏ ਇਸ ਸਮਾਗਮ ਦੀ ਸਮੁੱਚੀ ਕਾਰਵਾਈ ਜਨਵਰੀ 1934 ਦੇ ਗੁਰਦੁਆਰਾ ਗਜ਼ਟ ਦੇ ਪੰਨਾ ਨੰ: 4 ਤੋਂ 17 ਤੱਕ 14 ਪੰਨਿਆਂ ਵਿੱਚ ਛਾਪੀ ਗਈ ਹੈ ਜੋ ਕਿ ਮੁਕੰਮਲ ਹੈ। ਗੁਰਦੁਆਰਾ ਗਜ਼ਟ ਵਿੱਚ ਛਪੀ ਕਾਰਵਾਈ ਅੰਦਰ ਕਿਤੇ ਵੀ ਇਹ ਜ਼ਿਕਰ ਨਹੀਂ ਆਉਂਦਾ ਕਿ “ਖਰੜਾ…ਮੱਤ-ਭੇਦ ਪੈਦਾ ਹੋਣ ਕਰਕੇ ਪਾਸ ਨਾ ਹੋ ਸਕਿਆ।” ਕਾਰਵਾਈ ਦਾ ਸਮਾਪਤੀ ਨੋਟ (concluding note) ਇਹ ਹੈ ਕਿ, “ਸ. ਸਰਮੁਖ ਸਿੰਘ ਜੀ ਚਮਕ ਦੀ ਤਜਵੀਜ਼ ਅਤੇ ਸ. ਰਛਪਾਲ ਸਿੰਘ ਜੀ ਦਰਦੀ ਦੀ ਤਾਈਦ ਤੇ ਬਹੁ-ਸੰਮਤੀ ਨੂੰ ਮੁਖ ਰਖਕੇ ਤਕਰੀਬਨ ਪੌਣੇ ਚਾਰ ਬਜੇ ਪ੍ਰਧਾਨ ਜੀ ਨੇ ਸਮਾਗਮ ਅਨਿਸ਼ਚਿਤ ਸਮੇਂ ਲਈ ਮੁਲਤਵੀ ਕਰ ਦਿਤਾ।”
ਸ਼੍ਰੋਮਣੀ ਕਮੇਟੀ ਦੇ ਸਾਬਕਾ ਤੇ ਸੂਝਵਾਨ ਅਧਿਕਾਰੀਆਂ ਅਨੁਸਾਰ ਕਾਰਵਾਈ ਅਨਿਸ਼ਚਿਤ ਸਮੇਂ (indefinite period) ਲਈ ਮੁਲਤਵੀ ਤੋਂ ਇਹ ਭਾਵ ਨਹੀਂ ਹੁੰਦਾ ਕਿ ਇਸ ਉੱਪਰ ਅਗਾਂਹ ਵਿਚਾਰ ਨਹੀਂ ਹੋ ਸਕਦੀ ਜਾਂ ਨਹੀਂ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਸੰਸਥਾ ਜਦੋਂ ਚਾਹੇ ਕਿਸੇ ਅਨਿਸ਼ਚਿਤ ਸਮੇਂ ਲਈ ਮੁਲਤਵੀ ਕੀਤੇ ਵਿਸ਼ੇ ਉੱਤੇ ਦੁਬਾਰਾ ਚਰਚਾ ਅਰੰਭ ਸਕਦੇ ਹਨ। ਰਹਿਤ ਮਰਯਾਦਾ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ ਕਿ ਸਾਲ 1933-34 ਤੋਂ ਬਾਅਦ ਵੀ ਚਰਚਾ ਜਾਰੀ ਰਹੀ ਅਤੇ 1936 ਵਿੱਚ ਪ੍ਰਵਾਨਗੀ ਹੋਈ। ਹਾਲਾਂਕਿ ਬਾਅਦ ਦੇ ਸਾਲਾਂ ਵਿੱਚ ਵੀ ਕੁਝ ਬਦਲਾਅ ਕੀਤੇ ਗਏ। ਉਦਾਹਰਨ ਲਈ ਕਿਸਾਨ ਜਥੇਬੰਦੀਆਂ ਅਕਸਰ ਹੀ ਅਨਿਸ਼ਚਿਤ ਸਮੇਂ ਲਈ ਧਰਨਾ ਦੇ ਦਿੰਦੀਆਂ ਹਨ, ਪਰ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨ ਲਵੇ ਤਾਂ ਉਹ ਮਿਲੇ ਭਰੋਸੇ ਅਨੁਸਾਰ ਧਰਨਾ ਸਮਾਪਤ ਕਰ ਦਿੰਦੀਆਂ ਹਨ। ਪਰ ਜੇਕਰ ਸਰਕਾਰ ਭਰੋਸੇ ਦੇ ਬਾਵਜੂਦ ਵੀ ਸਮੁੱਚੀ ਮੰਗਾਂ ਨਾ ਮੰਨੇ ਤਾਂ ਕਿਸਾਨ ਜਥੇਬੰਦੀਆਂ ਦੁਬਾਰਾ ਧਰਨਾ ਸ਼ੁਰੂ ਕਰ ਦਿੰਦੀਆਂ ਹਨ। ਅਨਿਸ਼ਚਿਤ ਤੋਂ ਭਾਵ ਸਦਾ ਨਹੀਂ।
ਪੰਜਾਹ ਸਾਲਾ ਇਤਿਹਾਸ ਪੁਸਤਕ ਵਿੱਚ ਜਾਣੇ-ਅਣਜਾਣੇ ਵਿੱਚ ਦਸੰਬਰ 1933 ਵਿੱਚ ਹੋਈ ਚਰਚਾ ਦੀ ਸਮੁੱਚੀ ਕਾਰਵਾਈ ਪ੍ਰਕਾਸ਼ਿਤ ਨਾ ਹੋਣ ਕਰਕੇ ਕੁਝ ਅੰਸ਼ “ਭੁਲੇਖਾ ਪਾਊ ਰੂਪ” ਵਿੱਚ ਪ੍ਰਕਾਸ਼ਿਤ ਹੋਏ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਿੱਖ ਰਹਿਤ ਮਰਯਾਦਾ ਦੀ ਪ੍ਰਵਾਨਗੀ ਸਬੰਧੀ ਕੋਈ ਸਬੂਤ ਜਾਂ ਹੋਰ ਤੱਥ ਮੌਜੂਦ ਨਹੀਂ ਹਨ। ਗੁਰਦੁਆਰਾ ਗਜ਼ਟ ਅੰਦਰ ਸਿੱਖ ਰਹਿਤ ਮਰਯਾਦਾ ਨੂੰ ਪ੍ਰਵਾਨਗੀ ਸਬੰਧੀ ਸਮੁੱਚੀ ਕਾਰਵਾਈ ਅਗਾਂਹ ਚੱਲ ਕੇ ਅਕਤੂਬਰ 1936 ਵਿੱਚ ਪ੍ਰਕਾਸ਼ਿਤ ਹੋਈ ਹੈ, ਇਸ ਤੋਂ ਵੀ ਸਿੱਧ ਹੁੰਦਾ ਹੈ ਕਿ ਰਹਿਤ ਮਰਯਾਦਾ ਦੇ ਮਾਮਲੇ ਉੱਤੇ ਚਰਚਾ ਸਾਲ 1934 ਵਿੱਚ ਸਮਾਪਤ ਨਹੀਂ ਹੋਈ ਬਲਕਿ ਅੱਗੇ ਵੀ ਜਾਰੀ ਰਹੀ।
ਸਿੱਖ ਰਹੁ-ਰੀਤ ਕਮੇਟੀ ਦੀ ਦਸੰਬਰ 1933 ਵਿੱਚ ਹੋਈ ਸਾਂਝੀ ਇਕੱਤਰਤਾ ਦੀ ਕਾਰਵਾਈ ਨੂੰ ਸਹੀ ਪਰਿਪੇਖ ਵਿੱਚ ਵਾਚੀਏ, ਨਾ ਕਿ ਸਿਰਫ਼ ਨਿਸ਼ਾਨ ਸਾਹਿਬ ਦੀ ਪੁਸ਼ਾਕ ਦੇ ਰੰਗ ਦਾ ਬਹਾਨਾ ਬਣਾ ਕੇ ਸਮੁੱਚੀ ਸਿੱਖ ਰਹਿਤ ਮਰਯਾਦਾ ਨੂੰ ਹੀ ਚੁਣੌਤੀ ਦੇਣ ਤੁਰ ਪਈਏ, ਇਹ ਪੰਥਕ ਏਕਤਾ ਵਾਲੀ ਗੱਲ ਨਹੀਂ। ਕੋਸ਼ਿਸ਼ ਹੋਵੇ ਕਿ 50 ਸਾਲਾ ਇਤਿਹਾਸ ਪੁਸਤਕ ਦੇ ਵਿੱਚ ਸਿੱਖ ਰਹਿਤ ਮਰਯਾਦਾ ਸਬੰਧੀ ਅਤਿ-ਜ਼ਰੂਰੀ ਕਾਰਵਾਈਆਂ ਨੂੰ ਦਰਜ ਕਰਨ ਵਿੱਚ ਜੋ ਕਮੀ ਪੇਸ਼ੀ ਰਹਿ ਗਈ ਹੈ, ਉਹ ਜਲਦ ਹੀ ਦੂਰ ਹੋਵੇ ਅਤੇ ਖ਼ਾਲਸਾ ਪੰਥ ਵਿੱਚ ਹਮੇਸ਼ਾ ਏਕਤਾ ਤੇ ਇਤਫ਼ਾਕ ਕਾਇਮ ਰਹੇ।
ਅਕਤੂਬਰ 1936 ਦੇ ਗੁਰਦੁਆਰਾ ਗਜ਼ਟ ਵਿੱਚ ਸ਼੍ਰੋਮਣੀ ਕਮੇਟੀ ਦੀ ਮਿਤੀ 12 ਅਕਤੂਬਰ 1936 ਦੀ ਅੰਤ੍ਰਿੰਗ ਕਮੇਟੀ ਦੀ ਸਮੁੱਚੀ ਕਾਰਵਾਈ ਛਪੀ ਹੈ, ਜਿਸ ਵਿੱਚ ਪੰਨਾ ਨੰ: 24 ਉੱਤੇ ਮਤਾ ਨੰ: 149 ਪਾਸ ਹੋਣ ਦਾ ਜ਼ਿਕਰ ਹੈ, ਜਿਸ ਰਾਹੀਂ ਸਿੱਖ ਰਹਿਤ ਮਰਯਾਦਾ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਮਤੇ ਰਾਹੀਂ ਪਾਸ ਹੋਇਆ ਕਿ, “ਸਰਬ ਹਿੰਦ ਸਿਖ ਮਿਸ਼ਨ ਬੋਰਡ ਦਾ ਮਤਾ ਨੰ: 1 ਮਿਤੀ 1 ਅਗਸਤ 1936 ਪੇਸ਼ ਹੋਕੇ ਪ੍ਰਵਾਨ ਹੋਇਆ ਕਿ ਜਦ ਤਕ ਜਨਰਲ ਕਮੇਟੀ ਕੋਈ ਹੋਰ ਫ਼ੈਸਲਾ ਨਾ ਕਰੇ ਤਦ ਤਕ ਸਮੂਹ ਗੁਰਦੁਆਰਿਆਂ ਵਿਚ ਰਹੁਰੀਤੀ ਅਤੇ ਰਹਿਤ ਮਰਯਾਦਾ ਹੇਠ ਲਿਖੇ ਅਨੁਸਾਰ ਕੀਤੀ ਜਾਇਆ ਕਰੇ।” ਅਕਤੂਬਰ 1936 ਦੇ ਗੁਰਦੁਆਰਾ ਗਜ਼ਟ ਵਿੱਚ ਅਗਾਂਹ ਪੰਨਾ 25 ਤੋਂ 42 ਤੱਕ ਉਸ ਸਮੇਂ ਪ੍ਰਵਾਨ ਹੋਈ ਸਮੁੱਚੀ ਸਿੱਖ ਰਹਿਤ ਮਰਯਾਦਾ ਪ੍ਰਕਾਸ਼ਿਤ ਕੀਤੀ ਗਈ ਤਾਂ ਕਿ ਸੰਗਤ ਵਿੱਚ ਮਰਯਾਦਾ ਨੂੰ ਲੈ ਕੇ ਕਿਸੇ ਕਿਸਮ ਦੀ ਦੁਬਿਧਾ ਨਾ ਰਹੇ। ਸਾਲ 1936 ਵਿੱਚ ਗੁਰਦੁਆਰਾ ਗਜ਼ਟ ਵਿੱਚ ਪ੍ਰਕਾਸ਼ਿਤ ਹੋਈ ਇਸੇ ਮਰਯਾਦਾ ਵਿੱਚ “ਗੁਰਦੁਆਰੇ” ਅਧਿਆਇ ਤਹਿਤ (ਢ) ਮਦ ਵਿੱਚ ਪੰਨਾ ਨੰ: 29 ਉੱਤੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਦਾਂ ਸੁਰਮਈ ਹੋਵੇ ਇਹ ਵੀ ਦਰਜ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਅਪ੍ਰੈਲ 1931 ਵਿੱਚ ਵੀ ਰਹਿਤ ਮਰਯਾਦਾ ਦਾ ਖਰੜਾ ਪ੍ਰਕਾਸ਼ਿਤ ਕਰਕੇ ਵਿਦਵਾਨ ਸੱਜਣਾਂ ਦੀ ਰਾਏ ਮੰਗੀ ਸੀ।
ਕੋਈ ਹੋਰ ਸ਼ੰਕੇ ਹੋਣ ਤਾਂ ਸੰਪਰਕ ਕਰ ਸਕਦੇ ਹੋ, ਪੂਰੀ ਕੋਸ਼ਿਸ਼ ਕਰਾਂਗੇ ਕਿ ਉਹ ਦੂਰ ਹੋਣ।
ਲੇਖਕ-ਜਸਕਰਨ ਸਿੰਘ, ਆਈ.ਟੀ. ਵਿਭਾਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
Author: Gurbhej Singh Anandpuri
ਮੁੱਖ ਸੰਪਾਦਕ