124 Views
ਨਹਿਰੂ-ਪਟੇਲ ਵਾਅਦੇ ਕਰਕੇ ਮੁੱਕਰ ਗਏ
ਮੁਸਲਿਮ ਆਗੂ ਜਿਨਾਹ ਦੀ ਗੱਲ ਵੀ ਸੱਚ ਨਿਕਲੀ
ਧੋਖਿਆਂ, ਜ਼ੁਲਮਾਂ, ਘੱਲੂਘਾਰਿਆਂ ਤੇ ਨਸਲਕੁਸ਼ੀ ਦੀ ਦਾਸਤਾਨ
ਓਦੋਂ ਅਸੀਂ ਵੀ ਅਜ਼ਾਦੀ ਦੇ ਜਸ਼ਨ ਮਨਾਵਾਂਗੇ।
15 ਅਗਸਤ 1947 ਨੂੰ ਭਾਰਤ ਦੇਸ਼ ਤਾਂ ਆਜ਼ਾਦ ਹੋ ਗਿਆ ਪਰ ਸਿੱਖ ਕੌਮ ਦੇ ਗਲ਼ੋਂ ਗ਼ੁਲਾਮੀ ਦੀ ਫਾਹੀ ਨਾ ਨਿਕਲ ਸਕੀ ਕਿਉਂਕਿ ਸਾਡੇ ਸਿੱਖ ਆਗੂ ਬਿਪਰਵਾਦ ਵੱਲੋਂ ਵਿਛਾਏ ਜਾਲ ‘ਚ ਬੁਰੀ ਤਰ੍ਹਾਂ ਫਸ ਚੁੱਕੇ ਸਨ। ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਨਹਿਰੂ, ਗਾਂਧੀ ਤੇ ਪਟੇਲ ਜਿਹੇ ਗੰਗੂ ਬ੍ਰਾਹਮਣ ਦੇ ਵਾਰਸਾਂ ਨੇ ਸਿੱਖਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਪਰ ਬਾਅਦ ‘ਚ ਰਾਜ ਸੱਤਾ ਹੱਥ ‘ਚ ਆਉਂਦੇ ਸਾਰ ਹੀ ਹਿੰਦੂਵਾਦੀਆਂ ਨੇ ਆਪਣਾ ਅਸਲ ਕਰੂਪ ਚਿਹਰਾ ਵਿਖਾ ਦਿੱਤਾ।
ਮੁਸਲਿਮ ਆਗੂ ਜਿਨਾਹ ਦੀ ਭਵਿੱਖਬਾਣੀ ਵੀ ਸੱਚੀ ਹੋ ਨਿਬੜੀ, ਉਸ ਨੇ ਸਿੱਖ ਆਗੂਆਂ ਨੂੰ ਹਲੂਣਾ ਦਿੰਦੇ ਹੋਏ ਕਿਹਾ ਸੀ ਕਿ ਤੁਸੀਂ ਹਿੰਦੂ ਨੂੰ ਗੁਲਾਮ ਰੂਪ ‘ਚ ਵੇਖਿਆ ਹੈ, ਜਦੋਂ ਇਸ ਨੂੰ ਆਜ਼ਾਦ ਹੋਇਆ ਵੇਖੋਗੇ ਤਾਂ ਇਹ ਗਿਰਗਿਟ ਵਾਂਗ ਰੰਗ ਬਦਲ ਜਾਵੇਗਾ ਤੇ ਗ਼ੈਰ ਹਿੰਦੂ-ਕੌਮਾਂ ਨੂੰ ਨੇਸਤੋ-ਨਾਬੂਦ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੇਗਾ।
ਪਰ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਨੇ ਮੁਸਲਿਮ ਆਗੂ ਜਿਨਾਹ ਦੀ ਇੱਕ ਨਾ ਮੰਨੀ। 16 ਮਾਰਚ 1931 ਨੂੰ ਅਖੌਤੀ ਮਹਾਤਮਾ ਗਾਂਧੀ ਨੇ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਭਰਵੇਂ ਇਕੱਠ ‘ਚ ਕਿਹਾ ਸੀ ਕਿ “ਸਿੱਖ ਬਹਾਦਰ ਲੋਕ ਹਨ ਤੇ ਜੇ ਕਦੇ ਬਿਪਤਾ ਦਾ ਸਮਾਂ ਬਣ ਵੀ ਜਾਏ, ਕਾਂਗਰਸ ਉਹਨਾਂ ਨੂੰ ਹੱਕ ਨਾ ਦੇਵੇ ਤਾਂ ਸਿੱਖ ਆਪਣੇ ਹੱਕਾਂ ਦੀ ਰਾਖੀ ਸ਼ਸਤਰ ਦੁਆਰਾ ਵੀ ਕਰ ਸਕਦੇ ਹਨ।”
ਦਸੰਬਰ 1929 ‘ਚ ਕਾਂਗਰਸ ਪਾਰਟੀ ਨੇ ਲਾਹੌਰ ਸੈਸ਼ਨ ਵਿੱਚ ਫੈਸਲਾ ਲਿਆ ਕਿ ਕਾਂਗਰਸ ਪਾਰਟੀ ਕੋਈ ਵੀ ਇਹੋ ਜਿਹਾ ਕਾਨੂੰਨ ਨਹੀ ਬਣਾਏਗੀ ਜੋ ਸਿੱਖਾਂ ਨੂੰ ਮਨਜ਼ੂਰ ਨਾ ਹੋਵੇ ਤੇ ਸਿੱਖ, ਮੁਸਲਿਮ ਤੇ ਹੋਰ ਘੱਟ-ਗਿਣਤੀਆਂ ਉਸ ਦਾ ਵਿਰੋਧ ਕਰਨ।
6 ਜੁਲਾਈ 1945 ਨੂੰ ਨਹਿਰੂ ਨੇ ਕਲਕੱਤੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ “ਉੱਤਰੀ ਭਾਰਤ ਵਿੱਚ ਸਿੱਖਾਂ ਲਈ ਇੱਕ ਅਜਿਹਾ ਖਿੱਤਾ ਐਲਾਨ ਕੀਤਾ ਜਾਵੇਗਾ ਜਿਸ ਵਿੱਚ ਉਹ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ।”
10 ਅਗਸਤ 1946 ਨੂੰ ਕਾਂਗਰਸ ਨੇ ਬਕਾਇਦਾ ਇਹ ਮਤਾ ਪਾ ਕੇ ਸਿੱਖਾਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਸਹਾਇਤਾ ਕਰੇਗੀ।
ਅੰਗਰੇਜ਼ ਤਾਂ ਸਿੱਖਾਂ ਨੂੰ ਵੱਖਰਾ ਮੁਲਕ ਦੇਣਾ ਚਾਹੁੰਦੇ ਸਨ ਪਰ ਚਾਣਕੀਆ ਦੇ ਵਾਰਸ ਚਲਾਕ ਬ੍ਰਾਹਮਣਾਂ ਨੇ ਸਿੱਖਾਂ ਨੂੰ ਸਾਂਝੇ ਤੌਰ ‘ਤੇ ਭਾਰਤ ‘ਚ ਰਹਿਣ ਲਈ ਤਿਆਰ ਕਰ ਲਿਆ, ਦੂਜੇ ਪਾਸੇ ਮੁਸਲਮਾਨਾਂ ਨੇ ਵੱਖਰੇ ਪਾਕਿਸਤਾਨ ਦੀ ਮੰਗ ਜਾਰੀ ਰੱਖੀ ਤੇ ਸਫ਼ਲਤਾ ਪ੍ਰਾਪਤ ਕੀਤੀ। ਲੇਕਿਨ ਸਿੱਖ ਆਗੂਆਂ ਨੇ ਆਪਣੇ ਨਿੱਜੀ ਸਵਾਰਥਾਂ ਲਈ ਤੇ ਬਿਪਰਵਾਦ ਤੇ ਭਰੋਸਾ ਕਰਕੇ ਗੰਗੂਆਂ ਨਾਲ ਆਪਣੀ ਕਿਸਮਤ ਜੋੜ ਕੇ ਬਹੁਤ ਵੱਡੀ ਗਲਤੀ ਕੀਤੀ, ਜਿਸ ਦਾ ਖਮਿਆਜਾ ਅੱਜ-ਤੱਕ ਪੂਰੀ ਕੌਮ ਨੂੰ ਭੁਗਤਣਾ ਪੈ ਰਿਹਾ ਹੈ।
ਅਜ਼ਾਦੀ ਤੋਂ ਬਾਅਦ ਹਿੰਦੂਆਂ ਨੇ ਸਿੱਖਾਂ ਨਾਲ ਨਫ਼ਰਤ ਭਰਿਆ ਵਤੀਰਾ ਕਰਨਾ ਸ਼ੁਰੂ ਕਰ ਦਿੱਤਾ, ਹਿੰਦੂ ਸਾਮਰਾਜ ਨੇ ਸਿੱਖਾਂ ਨਾਲ ਬਹੁਤ ਧੱਕੇ, ਜ਼ੁਲਮ ਤੇ ਵਿਤਕਰੇ ਕੀਤੇ, ਸਾਨੂੰ ਜ਼ਰਾਇਮ ਪੇਸ਼ਾ ਕੌਮ ਐਲਾਨਿਆ, ਸਿੱਖਾਂ ਨੂੰ ਦੱਬਣ, ਕੁਚਲਣ ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਸਿੱਖ ਹੋਂਦ-ਹਸਤੀ ਨੂੰ ਹਿੰਦੂ ਸਾਮਰਾਜ ਦੇ ਖਾਰੇ ਤੇ ਵਿਸ਼ਾਲ ਸਮੁੰਦਰ ‘ਚ ਡੋਬਣ ਦੀਆਂ ਕਈ ਘਟੀਆ ਚਾਲਾਂ ਖੇਡੀਆਂ ਗਈਆਂ।
ਸਿੱਖਾਂ ਨੂੰ ਧਰਮ ਨਾਲੋੰ ਤੋੜਨ ਲਈ ਦੇਹਧਾਰੀ ਗੁਰੂ-ਡੰਮ੍ਹ ਦਾ ਜਾਲ ਵਿਛਾਇਆ ਗਿਆ ਤੇ ਸਿੱਖ ਗੁਰੂ ਸਾਹਿਬਾਨਾਂ ਨੂੰ ਹਿੰਦੂ ਦਰਸਾਇਆ ਗਿਆ। ਜਦੋਂ ਗੁਰੂ ਕੇ ਲਾਲਾਂ ਨੇ ਆਪਣੇ ਵਿਰੁੱਧ ਹੋ ਰਹੇ ਇਸ ਅਨਿਆਂ ਵਿਰੁੱਧ ਆਵਾਜ਼ ਉਠਾਈ ਤੇ ਆਪਣੇ ਬਣਦੇ ਹੱਕ ਪ੍ਰਾਪਤ ਕਰਨ ਦੀ ਲਹਿਰ ਨੂੰ ਪ੍ਰਚੰਡ ਕੀਤਾ ਤਾਂ ਪਹਿਲਾਂ ਤੋਂ ਹੀ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਤਿਆਰ ਹਿੰਦੂਤਵ ਨੇ ਸਿੱਖਾਂ ਉੱਤੇ ਧਾਵਾ ਬੋਲ ਦਿੱਤਾ।
ਜੂਨ 1984 ‘ਚ ਸਿੱਖਾਂ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸਿੱਖ ਸੁਤੰਤਰਤਾ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਹੋਰ ਅਨੇਕਾਂ ਗੁਰਧਾਮਾਂ ‘ਤੇ ਭਾਰਤ ਸਰਕਾਰ ਨੇ ਟੈਂਕਾਂ-ਤੋਪਾਂ ਨਾਲ਼ ਕਹਿਰੀ ਫ਼ੌਜੀ ਹਮਲਾ ਕਰ ਦਿੱਤਾ। ਜਿਸ ਨੂੰ ਸਿੱਖ ਕੌਮ ਤੀਜੇ ਘੱਲੂਘਾਰੇ ਵਜੋਂ ਇਤਿਹਾਸ ‘ਚ ਯਾਦ ਕਰਦੀ ਹੈ। ਗੁਰੂ-ਘਰ ‘ਤੇ ਚੜ੍ਹ ਕੇ ਆਏ ਵੈਰੀਆਂ ਦਾ ਮੁਕਾਬਲਾ ਵੀਹਵੀਂ ਸਦੀ ਦੇ ਮਹਾਨ ਸਿੱਖ ਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ ਤੇ ਜਨਰਲ ਸ਼ਬੇਗ ਸਿੰਘ ਦੀ ਅਗਵਾਈ ‘ਚ ਮੁੱਠੀ ਭਰ ਜੁਝਾਰੂ ਸਿੰਘਾਂ ਨੇ ਪੂਰੀ ਨਿਡਰਤਾ ਤੇ ਬਹਾਦਰੀ ਨਾਲ ਕੀਤਾ ਤੇ ਗੰਗੂਕਿਆਂ ਦੇ ਵਾਰਸਾਂ ਨੂੰ ਲੋਹੇ ਦੇ ਚਣੇ ਚਬਾਏ।
ਗੁਰੂ ਕੇ ਲਾਲ ਆਖ਼ਰੀ ਸੁਆਸ ਤੱਕ ਫ਼ੌਜ ਦਾ ਮੁਕਾਬਲਾ ਕਰਦੇ ਰਹੇ ਤੇ ਸ਼ਹਾਦਤਾਂ ਦਾ ਜਾਮ ਪੀ ਗਏ। ਸਰਕਾਰ ਨੇ ਪੰਜਾਬ ਨੂੰ ਫ਼ੌਜ ਦੇ ਹਵਾਲੇ ਕੀਤਾ ਹੋਇਆ ਸੀ, ਚੱਪੇ-ਚੱਪੇ ‘ਤੇ ਪੁਲੀਸ ਅਤੇ ਫ਼ੌਜ ਦੀਆਂ ਅਨੇਕਾਂ ਕੰਪਨੀਆਂ ਸਿੱਖਾਂ ‘ਤੇ ਮੰਡਰਾ ਰਹੀਆਂ ਸਨ ਤੇ ਅੰਮ੍ਰਿਤਸਰ ‘ਚ ਹਜ਼ਾਰਾਂ ਬੇਗ਼ੁਨਾਹਾਂ ਸੰਗਤਾਂ ਨੂੰ ਫ਼ੌਜ ਨੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ‘ਚ ਬੈਠ ਕੇ ਹਜ਼ਾਰਾਂ ਸੰਗਤਾਂ ਇਲਾਹੀ ਗੁਰਬਾਣੀ ਦੇ ਕੀਰਤਨ ਦੀਆਂ ਧੁਨਾਂ ਸੁਣ ਕੇ ਆਤਮਿਕ ਅਨੰਦ ਪ੍ਰਾਪਤ ਕਰਦੀਆਂ ਸਨ ਓਸੇ ਪ੍ਰਕਰਮਾਂ ‘ਚ ਬੈਠ ਕੇ ਹਿੰਦੂ ਫ਼ੌਜੀਆਂ ਨੇ ਬੀੜੀਆਂ-ਸਿਗਰਟਾਂ ਤੇ ਸ਼ਰਾਬਾਂ ਪੀਤੀਆਂ ਤੇ ਸਿੱਖਾਂ ਦੀਆਂ ਪੱਗਾਂ ਨਾਲ ਉਹਨਾਂ ਦੇ ਹੱਥ ਬੰਨ੍ਹ ਕੇ ਧੁੱਪ ‘ਚ ਲਿਟਾਇਆ ਤੇ ਅਕਹਿ ਤੇ ਅਸਹਿ ਤਸੀਹੇ ਦੇ ਕੇ ਨੇੜਿਓਂ ਸਿਰ ‘ਚ ਗੋਲ਼ੀਆਂ ਮਾਰੀਆਂ। ਇਥੋਂ ਤਕ ਕਿ ਫ਼ੌਜ ਨੇ ਦੁੱਧ ਪੀਂਦੇ ਬੱਚੇ ਤੱਕ ਵੀ ਨਾ ਬਖਸ਼ੇ ਤੇ ਉਹਨਾਂ ਨੂੰ ਪਾਣੀ ਦੀ ਬੂੰਦ ਤਕ ਨਾ ਦਿੱਤੀ ਤੇ ਮਾਵਾਂ ਨੇ ਆਪਣਾ ਪਸੀਨਾ ਪੂੰਝ ਕੇ ਕੱਪੜੇ ਨਾਲ਼ ਨਿਚੋੜ ਕੇ ਬੱਚਿਆਂ ਦੇ ਬੁੱਲ ਗਿੱਲੇ ਕੀਤੇ ਤੇ ਫ਼ੌਜੀਆਂ ਨੇ ਮਾਂਵਾਂ ਦੀਆਂ ਗੋਦੀਆਂ ‘ਚੋਂ ਬੱਚੇ ਚੁੱਕ ਕੇ ਕੰਧਾਂ ਨਾਲ਼ ਪਟਕਾ-ਪਟਕਾ ਮਾਰੇ।
ਜਿਸ ਪਵਿੱਤਰ ਅੰਮ੍ਰਿਤ ਸਰੋਵਰ ‘ਚ ਇਸ਼ਨਾਨ ਕਰਕੇ ਸੰਗਤਾਂ ਆਪਣੇ ਮਨ-ਤਨ ਦੇ ਰੋਗ ਦੂਰ ਕਰਦੀਆਂ ਸਨ, ਉਹ ਸਰੋਵਰ ਖ਼ੂਨ ਨਾਲ਼ ਲਾਲ ਹੋ ਚੁੱਕਾ ਸੀ ਤੇ ਭਾਰਤੀ ਫ਼ੌਜੀਆਂ ਨੇ ਇਮਾਰਤਾਂ ‘ਤੇ ਚੜ੍ਹ ਕੇ ਤਿਰੰਗੇ ਲਹਿਰਾਏ। ਗੁਰੂ ਕੀ ਨਗਰੀ ‘ਚ ਅੰਤਾਂ ਦਾ ਕਹਿਰ ਕਰਕੇ ਵੀ ਅਜੇ ਹਿੰਦੂ ਹਾਕਮਾਂ ਦੀ ਪਿਆਸ ਬੁਝੀ ਨਹੀਂ ਸੀ।
ਥੋੜੇ ਸਮੇਂ ਬਾਅਦ ਹੀ ਨਵੰਬਰ 1984 ‘ਚ ਦਿੱਲੀ, ਕਾਨਪੁਰ ਤੇ ਹੋਰ ਦਸਾਂ ਸ਼ਹਿਰਾਂ ‘ਚ ਸਿੱਖਾਂ ਦਾ ਰੱਜ ਕੇ ਕਤਲੇਆਮ ਕੀਤਾ ਗਿਆ। ਸਿੱਖ ਕੌਮ ‘ਤੇ ਬਹੁਤ ਭਿਆਨਕ ਸਮਾਂ ਚੱਲ ਰਿਹਾ ਸੀ ਤੇ ਹਿੰਦੂਤਵੀਏ ਖੁਸ਼ੀਆਂ ਮਨਾ ਕੇ ਸਿੱਖਾਂ ਦੀ ਬਰਬਾਦੀ ‘ਤੇ ਭੰਗੜੇ ਪਾ ਰਹੇ ਸਨ।
ਫਿਰ ਜਦੋਂ ਗੁਰੂ ਸਾਹਿਬਾਨਾਂ ਵੱਲੋਂ ਬਖਸ਼ੇ ਸਿਧਾਂਤ ਅਨੁਸਾਰ ਸਿੱਖ ਯੋਧੇ ਸ਼ਸਤਰਧਾਰੀ ਹੋ ਕੇ ਦਿੱਲੀ ਦਰਬਾਰ ਵਿਰੁੱਧ ਜੰਗ ਲੜਨ ਲਈ ਮੈਦਾਨ ‘ਚ ਨਿੱਤਰੇ ਤਾਂ ਗਾਂਧੀਵਾਦੀ ਸੋਚ ਵਾਲਿਆਂ ਨੇ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਦੇਸ਼ਧ੍ਰੋਹੀ, ਕਾਤਲ ਆਦਿਕ ਕਹਿ ਕੇ ਅੰਤਰ-ਰਾਸ਼ਟਰੀ ਪੱਧਰ ‘ਤੇ ਭੰਡਣਾ-ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਖ਼ਾਲਸੇ ਨੇ ਚੁਣ-ਚੁਣ ਕੇ ਵੈਰੀਆਂ ਦਾ ਸੋਧੇ ਲਾਏ ਤੇ ਦਿੱਲੀ ਦਰਬਾਰ ਦੇ ਕਿੰਗਰੇ ਹਿਲਾ ਕੇ ਰੱਖ ਦਿੱਤੇ।
ਅਕ੍ਰਿਤਘਣ ਹਿੰਦੂ ਸਰਕਾਰ ਨੇ ਸਿੱਖਾਂ ਦੇ ਸਿਰਾਂ ਦਾ ਪੱਚੀ-ਪੱਚੀ ਲੱਖ ਰੁਪਏ ਮੁੱਲ ਰੱਖਿਆ ਜਿਵੇਂ 18ਵੀਂ ਸਦੀ ‘ਚ ਮੁਗਲ ਹਕੂਮਤ ਸਿੱਖਾਂ ਦਾ ਸਿਰ ਵੱਢ ਕੇ ਲਿ ਆਉਣ ਵਾਲ਼ੇ ਨੂੰ ਮੋਹਰਾਂ ਦੇ ਕੇ ਨਿਵਾਜਦੀ ਹੁੰਦੀ ਸੀ। ਓਹੀ ਇਤਿਹਾਸ ਦੁਹਰਾਇਆ, ਬਾਬਰਕਿਆਂ ਦੇ ਵਾਰਸ ਅੱਜ ਬਾਬਿਆਂ ਦੇ ਵਾਰਸ ਸਿੱਖਾਂ ‘ਤੇ ਜ਼ੁਲਮ ਢਾਹ ਰਹੇ ਸਨ। ਹਿੰਦ ਸਰਕਾਰ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਅਪਰੇਸ਼ਨ ਵੁੱਡਰੋਜ਼ ਤਹਿਤ ਅਤੇ ਆਲਮ ਸੈਨਾ, ਗਿੱਲ ਸੈਨਾ, ਸੁਮੇਧ ਸੈਨਾ, ਘੋਟਣਾ ਸੈਨਾ, ਵਿਰਕ ਸੈਨਾ ਆਦਿ ਬਣਾ ਕੇ ਸਿੱਖਾਂ ਦੀ ਨਸਲਕੁਸ਼ੀ ਜਾਰੀ ਰੱਖੀ ਤੇ ਹਜ਼ਾਰਾਂ ਬੇਗ਼ੁਨਾਹਾਂ ਨਿਰਦੋਸ਼ੇ ਸਿੰਘਾਂ-ਸਿੰਘਣੀਆਂ ਨੂੰ ਘਰਾਂ, ਖੇਤਾਂ ਤੇ ਦੁਕਾਨਾਂ ‘ਚੋਂ ਚੁੱਕ ਕੇ ਲਾਪਤਾ ਕਰ ਦਿੱਤਾ, ਜਿੰਨ੍ਹਾਂ ਚੋਂ ਅੱਜ-ਤਕ ਕਈਆਂ ਦੀ ਉੱਘ-ਸੁੱਘ ਤੱਕ ਨਾ ਮਿਲ਼ੀ ਤੇ ਹਜ਼ਾਰਾਂ ਲਵਾਰਿਸ ਲਾਸ਼ਾਂ ਕਹਿ ਕੇ ਸ਼ਮਸ਼ਾਨ ਘਾਟ ‘ਚ ਸਾੜ ਦਿੱਤੀਆਂ ਗਈਆਂ।
ਸਰਕਾਰ ਸਿੱਖਾਂ ਦੇ ਮਸਲੇ ਹੱਲ ਨਹੀਂ ਸੀ ਕਰਨਾ ਚਾਹੁੰਦੀ, ਲੇਕਿਨ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਢਿੰਡੋਰਾ ਪਿੱਟ ਕੇ ਸਿੱਖ ਨੌਜਵਾਨੀ ਨੂੰ ਝੂਠੇ ਪੁਲੀਸ ਮੁਕਾਬਲਿਆਂ ‘ਚ ਮਾਰ ਸੁੱਟਣਾ ਸਰਕਾਰ ਲਈ ਖੇਡ ਬਣ ਚੁੱਕਾ ਸੀ। ਇਹਨੀਂ ਦਿਨੀਂ ਪੁਲੀਸ ਨੇ ਕਈ ਮਾਂਵਾਂ ਦੇ ਗੱਭਰੂ ਪੁੱਤ ਮਾਰ ਮੁਕਾਏ ਤੇ ਕਈ ਜ਼ਾਲਮ ਹਕੂਮਤ ਨਾਲ ਟੱਕਰ ਲੈਂਦਿਆਂ ਖੁਦ ਸ਼ਹੀਦੀਆਂ ਪਾ ਗਏ।
ਸਿੱਖ ਕੌਮ ਇਸ ਤਿਰੰਗੇ ਝੰਡੇ ਨਾਲ ਨਫ਼ਰਤ ਕਰਦੀ ਹੈ ਕਿਉਂਕਿ ਇਸ ਤਿਰੰਗੇ ਵਿੱਚੋਂ ਬੇਕਸੂਰ ਸਿੱਖਾਂ ਦੀਆਂ ਚੀਕਾਂ ਸੁਣਾਈ ਦਿੰਦੀਆਂ ਹਨ, ਇਸ ਵਿੱਚੋਂ ਢੱਠਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਵਿਖਾਈ ਦਿੰਦਾ ਹੈ, ਹਿੰਦੁਸਤਾਨੀ ਸਰਕਾਰਾਂ ਵੱਲੋਂ ਪੰਜਾਬ ਨਾਲ਼ ਪੈਰ-ਪੈਰ ‘ਤੇ ਕੀਤੇ ਧੋਖੇ ਵਿਖਾਈ ਦਿੰਦੇ ਹਨ, ਸਾਡੇ ਤੋਂ ਵੱਖ ਹੋਏ ਗੁਰਧਾਮ ਅਤੇ ਉਜਾੜੇ ਗਏ ਸਿੱਖ ਪਰਿਵਾਰ ਵਿਖਾਈ ਦਿੰਦੇ ਹਨ। ਇਹ ਝੰਡਾ ਸਿੱਖ ਕੌਮ ਦਾ ਕਾਤਲ ਹੈ। ਇਸ ਲਈ 15 ਅਗਸਤ ਸਿੱਖਾਂ ਲਈ ਅਜ਼ਾਦੀ ਦਿਨ ਨਹੀਂ, ਬਲਕਿ ਬਰਬਾਦੀ ਦਿਨ ਤੇ ਵਿਸ਼ਵਾਸਘਾਤ ਦਿਹਾੜਾ ਹੈ।
ਅਸੀਂ ਅਰਦਾਸ ਕਰਦੇ ਹਾਂ ਕਿ ਜਲਦ ਹੀ ਸੰਯੁਕਤ ਰਾਸ਼ਟਰ ‘ਚ ਖ਼ਾਲਸਾਈ ਨਿਸ਼ਾਨ ਸਾਹਿਬ ਝੁੱਲੇ ਤੇ ਪ੍ਰਭੂਸੱਤਾ ਸੰਪੰਨ ਆਜ਼ਾਦ ਸਿੱਖ ਰਾਜ (ਖ਼ਾਲਿਸਤਾਨ) ਦੀ ਸਥਾਪਨਾ ਹੋਵੇ। ਫਿਰ ਜਦੋਂ ਖ਼ਾਲਸੇ ਦੇ ਬੋਲ-ਬਾਲੇ ਹੋਣਗੇ ਤਾਂ ਓਦੋਂ ਅਸੀਂ ਵੀ ਅਜ਼ਾਦੀ ਦੇ ਜਸ਼ਨ ਮਨਾਵਾਂਗੇ।
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ: 88722-93883.
Author: Gurbhej Singh Anandpuri
ਮੁੱਖ ਸੰਪਾਦਕ