82 Views
ਸ਼ਹੀਦ ਭਾਈ ਹਰਚੰਦ ਸਿੰਘ ਬੱਗਾ ਸਲੇਮਪੁਰ ਦੀ ਯਾਦ ‘ਚ ਸ਼ਹੀਦੀ ਸਮਾਗਮ ਕਰਵਾਇਆ
ਅੰਮ੍ਰਿਤਸਰ, 2 ਸਤੰਬਰ ( ਤਾਜੀਮਨੂਰ ਕੌਰ ) ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ‘ਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਖ਼ਾਲਿਸਤਾਨੀ ਜੁਝਾਰੂ ਅਮਰ ਸ਼ਹੀਦ ਭਾਈ ਹਰਚੰਦ ਸਿੰਘ ਬੱਗਾ ਉਰਫ਼ ਭਾਈ ਹਰਚਰਨ ਸਿੰਘ ਦੀ ਯਾਦ ‘ਚ ਮਹਾਨ ਸ਼ਹੀਦੀ ਸਮਾਗਮ ਪਿੰਡ ਸਲੇਮਪੁਰ, ਨੇੜੇ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਹੋਇਆ। ਫਿਰ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਦਲ ਖ਼ਾਲਸਾ ਦੇ ਆਗੂ ਭਾਈ ਜਸਵਿੰਦਰ ਸਿੰਘ ਕਾਹਨੂੰਵਾਨ ਅਤੇ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੇ ਵਿਚਾਰ ਸਾਂਝੇ ਕੀਤੇ ਤੇ ਸ਼ਹੀਦ ਭਾਈ ਹਰਚੰਦ ਸਿੰਘ ਬੱਗਾ ਦੇ ਪਿਤਾ ਅਤੇ ਭਰਾ ਨੂੰ ਖ਼ਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ ‘ਚ ਸਨਮਾਨਿਤ ਕੀਤਾ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਲੰਬਾ ਸਮਾਂ ਹਥਿਆਰਬੰਦ ਜੰਗ ਲੜਨ ਲਈ ਪਹਾੜੀ ਇਲਾਕਾ ਜਾਂ ਜੰਗਲੀ ਇਲਾਕਾ ਹੋਣਾ ਜ਼ਰੂਰੀ ਹੈ ਪਰ ਸਾਡੇ ਸਿੰਘਾਂ ਸੂਰਮਿਆਂ ਨੇ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਪੰਜਾਬ ਦਾ ਮੈਦਾਨੀ ਇਲਾਕਾ ਹੋਣ ਦੇ ਬਾਵਜੂਦ ਹਥਿਆਰਬੰਦ ਹੋ ਕੇ ਦਸ ਸਾਲ ਹਿੰਦ ਹਕੂਮਤ ਨੂੰ ਵਕਤ ਪਾਈ ਰੱਖਿਆ ਤੇ ਸਰਕਾਰ ਦੇ ਚੋਟੀ ਦੇ ਬੰਦਿਆਂ ਨੂੰ ਚੁਣ-ਚੁਣ ਕੇ ਸੋਧਿਆ। ਪਿੰਡਾਂ ਸ਼ਹਿਰਾਂ ਵਿੱਚੋਂ ਉੱਠੇ ਆਮ ਜਿਹੇ ਨੌਜਵਾਨਾਂ ਨੇ ਹੀ ਸੰਸਾਰ ਦੀ ਚੌਥੀ ਤਾਕਤ ਨਾਲ ਮੱਥਾ ਲਾ ਲਿਆ ਤੇ ਸ਼ਾਨਾਮੱਤਾ ਇਤਿਹਾਸ ਸਿਰਜਿਆ। ਜੁਝਾਰੂ ਸਿੰਘਾਂ ਨੂੰ ਇਹ ਤਾਕਤ ਗੁਰਬਾਣੀ, ਇਤਿਹਾਸ, ਖੰਡੇ ਬਾਟੇ ਦੇ ਅੰਮ੍ਰਿਤ ਤੋਂ ਪ੍ਰਾਪਤ ਹੋਈ ਸੀ। ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੈ ਕਿ ਅਸੀਂ ਅੰਮ੍ਰਿਤਧਾਰੀ, ਕੇਸਾਧਾਰੀ ਅਤੇ ਸ਼ਸਤਰਧਾਰੀ ਹੋਈਏ ਤੇ ਉਹਨਾਂ ਦੇ ਨਿਸ਼ਾਨੇ ਦੀ ਪੂਰਤੀ ਲਈ ਸੰਘਰਸ਼ਸ਼ੀਲ ਬਣੀਏ। ਖ਼ਾਲਿਸਤਾਨ ਦਾ ਸੰਘਰਸ਼ ਕੋਈ ਖੱਟਣ ਖਟਾਉਣ ਦਾ ਵਪਾਰ ਜਾਂ ਸੌਦਾ ਨਹੀਂ ਸੀ, ਇਹ ਤਾਂ ਗੁਰੂ ਨਾਲ ਪਿਆਰ ਅਤੇ ਸਿੱਖ ਕੌਮ ਦੀ ਅਣਖ਼, ਇੱਜਤ ਤੇ ਸਵੈਮਾਣ ਨੂੰ ਕਾਇਮ ਰੱਖਣ ਦਾ ਸੰਘਰਸ਼ ਸੀ। ਸਾਡੇ ਜੁਝਾਰੂ ਉਹ ਅੱਤਵਾਦੀ ਜਾਂ ਦਹਿਸ਼ਤਗਰਦ ਨਹੀਂ ਬਲਕਿ ਕੌਮੀ ਨਾਇਕ ਤੇ ਰੋਲ ਮਾਡਲ ਹਨ। ਜਬਰ ਜੁਲਮ ਦੇ ਖਿਲਾਫ ਖਾਲਸੇ ਦਾ ਸੰਘਰਸ਼ ਸਦੀਵੀ ਹੈ ਤੇ ਖਾਲਿਸਤਾਨ ਹਰੇਕ ਸਿੱਖ ਦੇ ਦਿਲ ‘ਚ ਧੜਕਦਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂ ਮਵਾਲਿਆਂ ਅਤੇ ਸ਼ਹੀਦ ਭਾਈ ਹਰਚੰਦ ਸਿੰਘ ਬੱਗਾ ਸਮੇਤ ਸਮੂਹ ਜੁਝਾਰੂ ਸਿੰਘ ਸਤਾਰਵੀਂ-ਅਠਾਰਵੀਂ ਸਦੀ ਦੀਆਂ ਹੀ ਮਹਾਨ ਰੂਹਾਂ ਸਨ ਜਿਨ੍ਹਾਂ ਨੇ ਗੁਰੂ ਸਾਹਿਬਾਨਾਂ ਵੇਲੇ ਵੀ ਜੰਗਾਂ ਲੜੀਆਂ ਸਨ, ਤੇ ਉਹਨਾਂ ਸ਼ਹੀਦਾਂ ਨੇ ਹੀ ਦੁਬਾਰਾ ਜਨਮ ਧਾਰ ਕੇ 20ਵੀਂ ਸਦੀ ਦੇ ਦੋ ਅਖੀਰਲੇ ਦਹਾਕਿਆਂ ‘ਚ ਪੰਥ ਅਤੇ ਪੰਜਾਬ ਦੀ ਆਜ਼ਾਦੀ ਲਈ ਸੇਵਾ ਕੀਤੀ। ਸ਼ਹੀਦ ਭਾਈ ਹਰਚੰਦ ਸਿੰਘ ਬੱਗਾ ਦੇ ਇਸ ਅਸਥਾਨ ‘ਤੇ ਆ ਕੇ ਸੰਗਤਾਂ ਅਰਦਾਸਾਂ ਕਰਵਾਉਂਦੀਆਂ ਹਨ ਤੇ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਸਮਾਗਮ ਦੀ ਸਮਾਪਤੀ ‘ਤੇ ਗੁਰੂ ਕੇ ਲੰਗਰ ਅਤੁੱਟ ਵਰਤੇ।
Author: Gurbhej Singh Anandpuri
ਮੁੱਖ ਸੰਪਾਦਕ