ਅੰਮ੍ਰਿਤਸਰ, 4 ਸਤੰਬਰ ( ਤਾਜੀਮਨੂਰ ਕੌਰ ) ਸ੍ਰੀ ਦਰਬਾਰ ਸਾਹਿਬ ਸਮੂਹ ‘ਚ ਜੂਨ 1984 ਦੇ ਸ਼ਹੀਦਾਂ ਦੀ ਗੈਲਰੀ ਵੇਖ ਕੇ ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਨੂੰ ਓਦੋਂ ਬੜਾ ਮਾਣ ਮਹਿਸੂਸ ਹੋਇਆ ਜਦੋਂ ਉਹਨਾਂ ਨੇ ਇਸ ਗੈਲਰੀ ਵਿੱਚ ਆਪਣੇ ਜੁਝਾਰੂ ਸਾਥੀ ਸ਼ਹੀਦ ਭਾਈ ਗੁਰਮੀਤ ਸਿੰਘ ਖੁੱਡਾ ਦੀ ਤਸਵੀਰ ਲੱਗੀ ਵੇਖੀ। ਸ਼ਹੀਦ ਭਾਈ ਗੁਰਮੀਤ ਸਿੰਘ ਖੁੱਡਾ ਦੇ ਭਰਾਤਾ ਸ. ਸੁਰਜੀਤ ਸਿੰਘ ਗ੍ਰੰਥੀ ਇਹ ਤਸਵੀਰ ਵੇਖ ਕੇ ਕਾਫੀ ਭਾਵੁਕ ਹੋ ਗਏ। ਅਕਾਲ ਫੈਡਰੇਸ਼ਨ ਦੇ ਜੁਝਾਰੂ ਰਹੇ ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਨੇ ਦੱਸਿਆ ਕਿ ਸ਼ਹੀਦ ਭਾਈ ਗੁਰਮੀਤ ਸਿੰਘ ਖੁੱਡਾ ਮੇਰਾ ਵਿਦਿਆਰਥੀ ਸੀ। ਉਹ 13 ਅਪ੍ਰੈਲ 1978 ਦੇ ਨਿਰੰਕਾਰੀ ਕਾਂਡ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਸੀ, ਇਸ ਤੋਂ ਪਹਿਲਾਂ ਅਸੀਂ ਸਾਰਿਆਂ ਨੇ ਸ਼ਹੀਦ ਬਾਬਾ ਅਵਤਾਰ ਸਿੰਘ ਖੁੱਡਾ-ਕੁਰਾਲਾ ਵਾਲਿਆਂ ਦੀ ਸੰਗਤ ਮਾਣੀ ਸੀ। ਫਿਰ ਸ਼ਹੀਦ ਭਾਈ ਗੁਰਮੀਤ ਸਿੰਘ ਖੁੱਡਾ ਅਤੇ ਸਾਡੇ ਸਾਰੇ ਗਰੁੱਪ ਨੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਮਹਿਤਾ ਚੌਂਕ ਤੋਂ ਗ੍ਰਿਫਤਾਰੀ ਦੇ ਸਮੇਂ ਤੋਂ ਲਗਾਤਾਰ ਸੰਤਾਂ ਦੇ ਜਥੇ ਨਾਲ ਮਿਲ ਕੇ ਡੱਟ ਕੇ ਸੇਵਾ ਨਿਭਾਈ। ਸ਼ਹੀਦ ਭਾਈ ਗੁਰਮੀਤ ਸਿੰਘ ਖੁੱਡਾ ਧਰਮ ਯੁੱਧ ਮੋਰਚੇ ਵੇਲੇ ਵੀ ਸਰਗਰਮ ਰਿਹਾ, ਉਸ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੇ ਜਥੇ ਨਾਲ ਵੀ ਗ੍ਰਿਫਤਾਰੀ ਦਿੱਤੀ ਸੀ। ਉਸ ਸਮੇਂ ਸਾਡੀ ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ ਦੇ ਨਾਲ ਕਾਫੀ ਨੇੜਤਾ ਹੁੰਦੀ ਸੀ। ਸੰਤ ਭਿੰਡਰਾਂਵਾਲਿਆਂ ਦੇ ਹੁਕਮ ‘ਤੇ ਹੀ ਅਕਾਲ ਫੈਡਰੇਸ਼ਨ ਦੇ ਤਤਕਾਲੀ ਪ੍ਰਧਾਨ ਜਥੇਦਾਰ ਭਾਈ ਕੰਵਰ ਸਿੰਘ ਧਾਮੀ ਨਾਲ ਮਿਲ ਕੇ ਅਸੀਂ 26 ਜਨਵਰੀ 1984 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ‘ਤੇ ਅਕਾਲ ਟਾਈਮਜ ਰਸਾਲਾ ਜਾਰੀ ਕੀਤਾ ਜਿਸ ਵਿੱਚ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਅਤੇ ਖ਼ਾਲਿਸਤਾਨ ਦਾ ਸੰਵਿਧਾਨ ਵੀ ਛਪਿਆ ਸੀ। ਇਹ ਦਸਤਾਵੇਜ਼ ਜਾਰੀ ਕਰਨ ਸਮੇਂ ਜਥੇਦਾਰ ਭਾਈ ਕੰਵਰ ਸਿੰਘ ਧਾਮੀ, ਦਾਸ ਜਗਜੀਤ ਸਿੰਘ ਨਿਹੰਗ, ਸ਼ਹੀਦ ਭਾਈ ਗੁਰਮੀਤ ਸਿੰਘ ਖੁੱਡਾ, ਸ਼ਹੀਦ ਭਾਈ ਸਵਰਨ ਸਿੰਘ ਨਿਹੰਗ ਖੁੱਡਾ, ਭਾਈ ਮਨਜੀਤ ਸਿੰਘ ਬੋਲੇਵਾਲ ਅਤੇ ਭਾਈ ਪ੍ਰੀਤਮ ਸਿੰਘ ਜਹੂਰਾ ਹਾਜ਼ਰ ਸਨ। ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਨੇ ਦੱਸਿਆ ਕਿ ਸ਼ਹੀਦ ਭਾਈ ਗੁਰਮੀਤ ਸਿੰਘ ਖੁੱਡਾ ਬਾਣੀ-ਬਾਣੇ ਦਾ ਧਾਰਨੀ ਤੇ ਚੜ੍ਹਦੀ ਕਲਾ ਵਾਲਾ ਗੁਰਸਿੱਖ ਜੁਝਾਰੂ ਸੀ। ਉਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਬਾਬਾ ਠਾਹਰਾ ਸਿੰਘ ਅਤੇ ਭਾਈ ਸੁਰਿੰਦਰ ਸਿੰਘ ਸੋਢੀ ਦੀ ਸੰਗਤ ਮਾਣੀ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਹੋਣ ਵਾਲਾ ਹੈ ਤਾਂ ਉਹ ਪਰਿਵਾਰ ਨੂੰ ਫਤਿਹ ਬੁਲਾ ਕੇ ਸ੍ਰੀ ਦਰਬਾਰ ਸਾਹਿਬ ਚਲਾ ਗਿਆ ਅਤੇ ਜੂਨ 1984 ਦੇ ਘੱਲੂਘਾਰੇ ਵਿੱਚ ਭਾਰਤੀ ਫੌਜਾਂ ਨੂੰ ਲੋਹੇ ਦੇ ਚਣੇ ਚਬਾਉਂਦਾ ਹੋਇਆ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜਮਤ ਦੀ ਰਾਖੀ ਕਰਦਿਆਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਲਾਈ ਸੇਵਾ ਦੌਰਾਨ ਹੀ ਮੋਰਚੇ ਵਿੱਚ ਸ਼ਹਾਦਤ ਦਾ ਜਾਮ ਪੀ ਗਿਆ। ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਅਤੇ ਭਾਈ ਸੁਰਜੀਤ ਸਿੰਘ ਗ੍ਰੰਥੀ ਨੇ ਕਿਹਾ ਕਿ ਸਾਨੂੰ ਸ਼ਹੀਦ ਭਾਈ ਗੁਰਮੀਤ ਸਿੰਘ ਖੁੱਡਾ ਦੀ ਸ਼ਹਾਦਤ ‘ਤੇ ਬਹੁਤ ਮਾਣ ਹੈ, ਉਹ 16 ਕੁ ਸਾਲ ਦੀ ਉਮਰ ‘ਚ ਹੀ ਖ਼ਾਲਸਾ ਪੰਥ ਦੇ ਲੇਖੇ ਲੱਗ ਗਿਆ। ਉਸ ਦੀ ਤਸਵੀਰ ਸ੍ਰੀ ਦਰਬਾਰ ਸਾਹਿਬ ਵਿੱਚ ਸਥਾਪਿਤ ਹੋਣੀ ਬਹੁਤ ਵੱਡੀ ਗੱਲ ਹੈ।
Author: Gurbhej Singh Anandpuri
ਮੁੱਖ ਸੰਪਾਦਕ