Home » ਸੰਪਾਦਕੀ » ਸਿੱਖਾਂ ਵਿਚ ਚੁਪਹਿਰੇ ਦੇ ਨਾਂ ’ਤੇ ਫੈਲਾਇਆ ਜਾ ਰਿਹਾ ਅੰਧ ਵਿਸ਼ਵਾਸ ਕੌਣ ਰੋਕੇਗਾ?

ਸਿੱਖਾਂ ਵਿਚ ਚੁਪਹਿਰੇ ਦੇ ਨਾਂ ’ਤੇ ਫੈਲਾਇਆ ਜਾ ਰਿਹਾ ਅੰਧ ਵਿਸ਼ਵਾਸ ਕੌਣ ਰੋਕੇਗਾ?

47 Views

ਸਿੱਖਾਂ ਵਿਚ ਚੁਪਹਿਰੇ ਦੇ ਨਾਂ ’ਤੇ ਫੈਲਾਇਆ ਜਾ ਰਿਹਾ ਅੰਧ ਵਿਸ਼ਵਾਸ ਕੌਣ ਰੋਕੇਗਾ?

–ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, Email : panthaknagara@gmail.com, Contact : 9592093472

ਸਤਿਗੁਰੂ ਦੀ ਬਾਣੀ ਦਾ ਪਾਵਨ ਉਪਦੇਸ਼ ਹੈ–

‘‘ਗੁਰ ਸਾਖੀ ਕਾ ਉਜੀਆਰਾ॥

ਤਾ ਮਿਟਿਆ ਸਗਲ ਅੰਧੵਾਰਾ॥’’ (੫੯੯)

‘‘ਗੁਰਬਾਣੀ ਇਸੁ ਜਗ ਮਹਿ ਚਾਨਣੁ

ਕਰਮਿ ਵਸੈ ਮਨਿ ਆਏ॥’’ (੬੭)

ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਗਿਆਨਤਾ ਦੀ ਕਾਲੀ ਬੋਲੀ ਰਾਤ ਦਾ ਖ਼ਾਤਮਾ ‘‘ਗੁਰਬਾਣੀ ਗਿਆਨ ਸੂਰਜ’’ ਨਾਲ ਕੀਤਾ ਹੈ। ਇਹ ਉਹ ਗਿਆਨ ਦਾ ਸੂਰਜ ਜਿਸ ਨੇ ਸਦਾ ਚੜ੍ਹੇ ਰਹਿਣਾ ਹੈ ਭਾਵ ਪ੍ਰਕਾਸ਼ਮਾਨ ਰਹਿਣਾ ਹੈ। ਕਿਸੇ ਵੀ ਅੰਧ ਵਿਸ਼ਵਾਸ, ਕਰਮ-ਕਾਂਡ, ਭਰਮ-ਭੇਖ, ਗੁਰੂ-ਦੰਭ ਆਦਿ ਨੇ ਇਸ ਗਿਆਨ ਸੂਰਜ ਨੂੰ ਲੁਕਾ ਛੁਪਾ ਨਹੀਂ ਸਕਣਾ। ਗੁਰੂ ਸਿੱਖਿਆ ਮਨੁੱਖ ਨੂੰ ਕੇਵਲ ਤੇ ਕੇਵਲ ਇੱਕੋ ਇਕ ਰੱਬ ਜੀ ਨਾਲ ਜੋੜਦੀ ਏ। ਐਸੇ ਸਰਬ ਕਲਾ ਸਮਰੱਥ ਰੱਬ ਜੀ ’ਤੇ ਪੂਰਨ ਵਿਸ਼ਵਾਸ ਰੱਖਣ, ਪਿਆਰ ਕਰਨ, ਸਮਰਪਣ ਦਾ ਲਾਸਾਨੀ ਉਪਦੇਸ਼ ਨਿਰੰਤਰ ਦ੍ਰਿੜ੍ਹ ਕਰਵਾਉਂਦੀ ਹੈ। ਮਨੁੱਖੀ ਮਨਾਂ ਵਿਚ, ਅਡੰਬਰ ਵਾਦੀਆਂ, ਭੇਖਧਾਰੀਆਂ ਵੱਲੋਂ ਸਦੀਆਂ ਤੋਂ ਪ੍ਰਚਾਰੇ, ਫੈਲਾਏ ਹੋਏ ਹਰ ਪ੍ਰਕਾਰ ਦੇ ਅੰਧ ਵਿਸ਼ਵਾਸਾਂ, ਕਰਮ ਕਾਂਡਾਂ ਨੂੰ ਹਮੇਸ਼ਾ ਹਮੇਸ਼ਾ ਲਈ ਗੁਰਬਾਣੀ ਗੁਰ ਉਪਦੇਸ਼ ਨਾਲ ਦੂਰ ਕਰਨ ਦਾ ਪਰਉਪਕਾਰ ਕਰਦੀ ਰਹੀ ਹੈ, ਕਰ ਰਹੀ ਹੈ ਤੇ ਕਰਦੀ ਰਹੇਗੀ।

ਅਸੀਂ ਦੇਖਦੇ ਹਾਂ ਅੰਧ-ਵਿਸ਼ਵਾਸ ਕਰਮ- ਕਾਂਡਾਂ ਦੇ ਧਾਰਨੀ ਅਡੰਬਰ ਵਾਦੀਆਂ ਨੇ ਸਮੇਂ ਸਮੇਂ ਗੁਰੂ ਪਿਆਰ ਕਰਨ ਵਾਲੀ ਸਿੱਖ ਸੰਗਤ ਦੇ ਮਨਾਂ ਵਿਚ ਭਰਮ ਭੁਲੇਖੇ ਭਰਨ ਲਈ ਕਈ ਪ੍ਰਕਾਰ ਦੇ ਯਤਨ ਕੀਤੇ ਹਨ ਤੇ ਲਗਾਤਾਰ ਕਰ ਵੀ ਰਹੇ ਹਨ।

ਗੁਰਮਤਿ ਵਿਚ ਥਿਤ ਵਾਰ, ਭੇਖ, ਭਰਮ ਤੇ ਸਮੇਂ ਆਦਿ ਦਾ ਕੋਈ ਵੀ ਭਰਮ ਭੁਲੇਖਾ ਨਹੀਂ ਹੈ। ਗੁਰੂ ਬਚਨ ਹਨ–

‘‘ਜੇ ਵੇਲਾ ਵਖਤੁ ਵੀਚਾਰੀਐ,

ਤਾ ਕਿਤੁ ਵੇਲਾ ਭਗਤਿ ਹੋਇ॥’’ (੩੫)

‘‘ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ॥’’

(੫੬੨)

‘‘ਜਿਥੈ ਜਾਇ ਬਹੈ ਮੇਰਾ ਸਤਿਗੁਰੂ,

ਸੋ ਥਾਨੁ ਸੁਹਾਵਾ ਰਾਮ ਰਾਜੇ॥’’ (੪੫੦)

ਸਤਿਗੁਰੂ ਜੀ ਦਾ ਜੀਵਨ ਇਤਿਹਾਸ ਪੜ੍ਹੀਏ, ਵਿਚਾਰੀਏ ਤਾਂ ਗੁਰੂ ਵੱਲੋਂ ਅੰਧ ਵਿਸ਼ਵਾਸ ਦੇ ਖ਼ਾਤਮੇ ਦਾ ਵਾਰ ਵਾਰ ਜ਼ਿਕਰ ਮਿਲਦਾ ਹੈ।

ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਨੇ ਪੂਰੇ ਸੰਸਾਰ ਦੇ ਮਨੁੱਖਾਂ ਨੂੰ ਰੱਬੀ ਵਿਸ਼ਵਾਸ, ਪ੍ਰਭੂ ਪਿਆਰ, ਮਨੁੱਖੀ ਬਰਾਬਰਤਾ ਦਾ ਉਪਦੇਸ਼ ਦ੍ਰਿੜ੍ਹ ਕਰਵਾ ਕੇ ‘‘ਕੁਦਰਤਿ ਕੇ ਸਭ ਬੰਦੇ’’ ਵਾਲੀ ਅਗੰਮੀ ਸਮਝ ਭਰੀ। ਸਚਿਆਰ ਹੋਣ ਤੇ ਕੂੜ ਦੀ ਕੰਧ ਤੋੜਨ ਦੀ ਜੁਗਤ ਨੂੰ ਸਮਝਾਇਆ।

ਜਬ ਲਗ ਖ਼ਾਲਸਾ ਰਹੇ ਨਿਆਰਾ॥

ਤਬ ਲਗ ਤੇਜ ਦੀਉ ਮੈਂ ਸਾਰਾ॥

ਜਬ ਇਹ ਗਹੈ ਬਿਪਰਨ ਕੀ ਰੀਤ॥

ਮੈ ਨ ਕਰੋਂ ਇਨ ਕੀ ਪ੍ਰਤੀਤ॥

ਦਾ ਉਪਦੇਸ਼ ਵੀ ਰੂਪਮਾਨ ਹੈ।

ਸਿੱਖੀ ਕੇਵਲ ਗੁਰਬਾਣੀ ਸਿਧਾਂਤ ਦਾ ਪਾਲਕ ਸੰਭਾਲਕ ਹੈ ਤੇ ਇਸ ਦੇ ਅਮਲ ਦਾ ਧਾਰਨੀ ਹੈ। ਇਸ ਵਿਚ ਨਾ ਸ਼ਖ਼ਸੀ (ਵਿਅਕਤੀ ਦਾ) ਪ੍ਰਭਾਵ ਹੈ ਨਾ ਪੂਜਾ ਹੈ। ਨਾ ਡੇਰਾ, ਨਾ ਡੇਰੇਦਾਰ ਦੀ ਗੁੰਜਾਇਸ਼ ਹੈ। ਨਾ ਸੰਪਰਦਾ ਦੀ ਕੋਈ ਥਾਂ ਹੈ। ਗੁਰੂ ਜੀ ਨੇ ਖ਼ਾਲਸਾ ਪੰਥ ਤਿਆਰ ਕੀਤਾ ਹੈ ਉਸ ਨੂੰ ਹੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਸੰਸਾਰ ਦਾ ਸਭ ਤੋਂ ਨਿਰਮਲ ਨਿਆਰਾ ਪੰਥ ਹੈ ‘‘ਖ਼ਾਲਸਾ ਪੰਥ’’।

ਜਾਤੀ ਲੋਭ ਲਾਲਚ ਕਰਕੇ ਲੰਮੇ ਸਮੇਂ ਤੋਂ ਖ਼ਾਲਸਾ ਜੀਵਨ ਜੁਗਤਿ ਦੀ ਨਿਰਮਲਤਾ ਨੂੰ ਖ਼ਤਮ ਕਰਨ ਦੀਆਂ ਅੰਦਰੋਂ ਬਾਹਰੋਂ ਪਖੰਡਵਾਦੀਆਂ ਕਰਮ ਕਾਂਡੀਆਂ ਵੱਲੋਂ ਕਰਮ ਕਿਰਿਆਵਾਂ ਹੁੰਦੀਆਂ ਹਨ। ਸੁਚੇਤ ਖ਼ਾਲਸਾ ਪੰਥ ਇਨ੍ਹਾਂ ਸਭ ਢਾਹ ਲਾਊ ਕੰਮਾਂ ਯਤਨਾਂ ਨੂੰ ਤਬਾਹ ਕਰਦਾ ਆਇਆ ਹੈ।

ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥ (੬੩੫) ਦੇ ਵਾਰਸ ਸਿੱਖ ਕਹਾਉਣ ਵਾਲਿਆਂ ਨੂੰ ਸਿੱਖੀ ਭੇਖ ਵਾਲੇ ਹੀ ਸਭ ਤੋਂ ਵੱਧ ਢਾਹ ਲਾਉਣ ਦਾ ਅਪਰਾਧ ਕਰਦੇ ਦਿਖਾਈ ਦਿੰਦੇ ਹਨ। ਇਨ੍ਹਾਂ ਕਹਾਉਣ ਵਾਲਿਆਂ ਅਡੰਬਰ ਵਾਦੀਆਂ ਲਈ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੀ ਕੋਈ ਅਹਿਮੀਅਤ ਨਹੀਂ। ਇਹ ਅਨਮਤੀਆਂ ਮਨਮਤੀਆਂ ਦੀ ਪੈਰਵੀ ਕਰਦੇ ਹਨ। ਕੂੜੀ ਪ੍ਰਭੁਤਾ, ਜਾਤੀ ਮਾਣ ਸਨਮਾਨ ਦੀ ਖ਼ਾਤਰ ਅਡੰਬਰ ਵਾਦੀ ਅੱਖਾਂ ਬੰਦ ਕਰਕੇ ਪ੍ਰਚਾਰ ਪ੍ਰਸਾਰ ਕਰਨ ਲਈ ਸਾਰੇ ਸਾਧਨ ਝੋਕ ਦੇਂਦੇ ਹਨ।

ਪਿਛਲੇ ਕੁਝ ਸਮੇਂ ਤੋਂ ਦੁਪਹਿਰਾ ਚੁਪਹਿਰਾ ਸਮਾਗਮ ਦੀ ਨਵੀਂ ਪਿਰਤ ਸਥਾਪਿਤ ਕਰਕੇ ਪ੍ਰਚਾਰੀ ਪਸਾਰੀ ਜਾ ਰਹੀ ਹੈ। ਅੰਮ੍ਰਿਤਸਰ ਦੀ ਧਰਤੀ ’ਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ‘ਤੇ ਇਸ ਨਾਮ ਹੇਠ ਸਮਾਗਮ ਕਰਵਾਉਣ ਦੀ ਸਹਿਮਤੀ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਜੀ ਤੇ ਅਕਾਲ ਤਖ਼ਤ ਸਾਹਿਬ ਦੀ ਖ਼ਿਦਮਤ ਵਿਚ ਬੈਠੇ ਸੱਜਣ ਦੇਈ ਬੈਠੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਰਹਿਤ ਮਰਯਾਦਾ ਤਿਆਰ ਕਰਵਾ ਕੇ ਪੰਥਕ ਪਰਵਾਨਗੀ ਲੈਣ ਵਾਲੀ ਸੰਸਥਾ ਹੈ ਉਸ ਦੇ ਨੱਕ ਹੇਠ ਤਥਾ ਪ੍ਰਬੰਧ ਹੇਠਲੇ ਅਸਥਾਨ ’ਤੇ ਐਸਾ ਹੋ ਰਿਹਾ ਹੈ।

ਗੁਰਮਤਿ ਵਿਚ ਕਿਸੇ ਪ੍ਰਕਾਰ ਦੇ ਵਹਿਮ ਲਈ, ਭਰਮ ਲਈ, ਭੁਲੇਖੇ ਲਈ, ਭੇਖ ਲਈ, ਪਖੰਡ ਲਈ, ਕਰਮਕਾਂਡ ਲਈ, ਸ਼ਖ਼ਸੀ ਪੂਜਾ ਲਈ ਤੇ ਹੋਰ ਵੀ ਕਿਸੇ ਪ੍ਰਕਾਰ ਦੇ ਅੰਧ ਵਿਸ਼ਵਾਸੀ ਕਰਮ ਲਈ ਕੋਈ ਥਾਂ ਨਹੀਂ ਸੀ, ਨਾ ਹੈ ਤੇ ਨਾ ਹੀ ਹੋ ਸਕਦੀ ਹੈ। ਅੱਜ ਦੇਸ਼ ਵਿਦੇਸ਼ਾਂ ਵਿਚ ਵੱਸਦੇ ਸਿੱਖ ਕਹਾਉਣ ਵਾਲਿਆਂ ਨੂੰ ਜੋ ਖ਼ੁਦ ਗੁਰਮਤਿ ਤੋਂ ਵਾਕਫ਼ ਨਹੀਂ ਉਹ ਭਾਵੇਂ ਪ੍ਰਬੰਧਕ ਹਨ ਜਾਂ ਸੰਗਤ ਬਹੁਤ ਵੱਡੇ ਪੱਧਰ ’ਤੇ ਇਨ੍ਹਾਂ ਅਡੰਬਰ ਵਾਦੀਆਂ ਨੇ ਬੜੇ ਮਿੱਠੇ ਸਹਿਜ ਮੱਤੀਏ ਫ਼ਰੇਬੀ ਢੰਗ ਨਾਲ ਆਪਣੇ ਮੱਕੜ ਜਾਲ ਵਿਚ ਫਸਾ ਲਿਆ। ਇਨ੍ਹਾਂ ਨੇ ਹਰ ਕਿਰਿਆ ਨੂੰ ਸ਼ਰਧਾ ਦੀ ਚਾਸ਼ਨੀ ਚੜ੍ਹਾ ਕੇ ਪ੍ਰਚਾਰਿਆ ਹੈ।

ਹੱਦ ਹੋ ਗਈ ਹੈ ਜੇ ਕੋਈ ਪੰਥਕ ਸਿੱਖ ਰਹਿਤ ਮਰਯਾਦਾ ਦੇ ਮੰਨਣ ਪ੍ਰਚਾਰਨ ਵਾਲਾ ਗੁਰਮਤਿ ਸਿਧਾਂਤਾਂ ਦੀ ਗੱਲ ਰੱਖਣ ਦਾ ਹੀਆ ਕਰਦਾ ਹੈ ਭਾਵੇਂ ਉਹ ਪ੍ਰਬੰਧਕ ਹੈ ਜਾਂ ਪ੍ਰਚਾਰਕ ਉਨ੍ਹਾਂ ਦੀ ਲਾਹ ਪਾਹ ਲਈ ਭੋਲੀ ਤੇ ਗੁਮਰਾਹ ਕਰ ਲਈ ਗਈ ਸਿੱਖ ਸੰਗਤ ਨੂੰ ਰੱਜ ਕੇ ਵਰਤਿਆ ਜਾਂਦਾ ਹੈ। ਐਸੇ ਮਹਾਨ ਪੰਥ ਪ੍ਰਸਤ ਸੇਵਕਾਂ ਨੂੰ ਕੌਮੀ ਗ਼ੱਦਾਰ/ਗੁਰੂ ਨਿੰਦਕ ਆਦਿ ਜਾਂ ਪੰਥ ਵਿਰੋਧੀ ਜਥੇਬੰਦੀਆਂ ਆਰ ਐੱਸ ਐੱਸ ਜਾਂ ਕਿਸੇ ਹੋਰ ਨਾਲ ਜੋੜਨ ਦੀਆਂ ਕਾਲੀਆਂ ਕਰਤੂਤਾਂ ਕੀਤੀਆਂ ਜਾਂਦੀਆਂ ਹਨ।

ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਨੂੰ ਹਕੀਕੀ ਰੂਪ ਵਿਚ ਪ੍ਰਚਾਰਨ ਦੀ ਥਾਂ ਵਿਅਕਤੀਗਤ ਪ੍ਰਭਾਵ ਵਾਲੀਆਂ ਕਲਪਿਤ ਕਹਾਣੀਆਂ ਨੂੰ ਗੁਰ ਇਤਿਹਾਸ ਨੂੰ ਦਰ ਕਿਨਾਰੇ ਕਰਕੇ ਪਹਿਲ ਦੇ ਆਧਾਰ ’ਤੇ ਪ੍ਰਚਾਰਿਆ ਜਾਂਦਾ ਹੈ। ਗੁਰਬਾਣੀ ਗਿਆਨ ਚਾਨਣ ਨਾਲ ਸਿੱਖ ਜਗਿਆਸੂ ਦੀ ਸੁਰਤਿ ਨੂੰ ਜੁੜਨ ਹੀ ਨਹੀਂ ਦਿੱਤਾ ਜਾਂਦਾ।

ਗੁਰਸਿੱਖ ਨੇ ਕਿਵੇਂ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਪ੍ਰਤੀ ਸਮਰਪਿਤ ਹੋ ਕੇ ਜਿਊਣਾ ਹੈ ਇਹ ਗੱਲ ਉਸ ਦੇ ਜ਼ਿਹਨ ਵਿਚ ਵਸਾਉਣ ਤੋਂ ਭੱਜਿਆ ਜਾਂਦਾ ਹੈ।

ਵੱਖ-ਵੱਖ ਸ਼ਹਿਰਾਂ, ਕਸਬਿਆਂ, ਪਿੰਡਾਂ, ਸੂਬਿਆਂ ਤੇ ਦੇਸ਼-ਵਿਦੇਸ਼ਾਂ ਵਿਚ ਨਵੇਂ ਢੰਗ ਦਾ ਕਰਮਕਾਂਡ ਦੁਪਹਿਰੇ ਚੁਪਹਿਰੇ ਦੇ ਰੂਪ ਜੰਗਲ ਦੀ ਅੱਗ ਵਾਂਗ ਅੱਗੇ ਤੋਂ ਅੱਗੇ ਫੈਲਾਇਆ ਜਾ ਰਿਹਾ ਹੈ।

ਇਸਤਰੀ ਸਤਿਸੰਗ ਸਭਾਵਾਂ ਵਾਲੀਆਂ ਸਿੱਖ ਬੀਬੀਆਂ ਵੱਡੀ ਤਾਦਾਦ ਵਿਚ ਇਨ੍ਹਾਂ ਅਡੰਬਰ ਵਾਦੀਆਂ ਦੀਆਂ ਸ਼ਿਕਾਰ ਹੋਈਆਂ ਹਨ। ਇਤਿਹਾਸਕ ਗੁਰਦੁਆਰੇ ਸਾਹਿਬਾਨ ਤੇ ਗੁਰਦੁਆਰਾ ਸਿੰਘ ਸਭਾ ਅਸਥਾਨਾਂ ਦੇ ਪ੍ਰਬੰਧਕ ਤੇ ਸੰਗਤਾਂ ਬਹੁਤੇ ਥਾਂਈਂ ਅੱਖਾਂ ਬੰਦ ਕਰਕੇ ਇਨ੍ਹਾਂ ਅੱਗੇ ਸਿਰ ਸੁੱਟ ਕੇ ਖ਼ਾਮੋਸ਼ ਹੋ ਚੁੱਕੇ ਹਨ। ਕਈ ਥਾਵਾਂ ਤੋਂ ਜਾਗਰੂਕ ਸਿੱਖ ਇਸ ਸਿਧਾਂਤ ਮਾਰੂ ਕਰਮ ਦਾ ਵਿਰੋਧ ਕਰਦੇ ਹਨ ਤਾਂ ਉਨ੍ਹਾਂ ਦੀ ਸੁਣਵਾਈ ਲਈ ਸਭ ਦਰਵਾਜ਼ੇ ਹੀ ਬੰਦ ਮਿਲਣ ਲੱਗੇ ਹਨ।

ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤਾਂ ਦੇ ਜਥੇਦਾਰ, ਇਤਿਹਾਸਕ ਗੁਰਦੁਆਰਾ ਸਾਹਿਬ, ਸਿੰਘ ਸਭਾਵਾਂ ਦੇ ਪ੍ਰਬੰਧਕ, ਸਿੱਖ ਇਸਤਰੀ ਸਭਾਵਾਂ ਦੇ ਆਗੂ, ਰਾਗੀ, ਗ੍ਰੰਥੀ, ਪ੍ਰਚਾਰਕ, ਢਾਡੀ, ਕਵੀ ਕਵੀਸ਼ਰ ਆਦਿ ਨਿੱਜੀ ਰੋਜ਼ੀ ਰੋਟੀ ਦੀ ਖ਼ਾਤਰ ਚੁੱਪ ਰਹਿਣਗੇ ਤਾਂ ਸਾਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੇਣਦਾਰ ਹੋਣਗੇ। ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੀ ਮਾਣ ਮਰਯਾਦਾ ਦਾ ਨਿਰਾਦਰ ਕਰਨ ਦੇ ਦੋਸ਼ੀ ਮੰਨੇ ਜਾਣਗੇ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?