Home » ਧਾਰਮਿਕ » ਇਤਿਹਾਸ » ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਅਤੇ ਸਰੂਪ

ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਅਤੇ ਸਰੂਪ

83 Views

ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਅਤੇ ਸਰੂਪ

–ਜਗਜੀਤ ਸਿੰਘ, ਅਹਿਮਦਪੁਰ

ਸੰਸਾਰ ਅੰਦਰ 4000 ਤੋਂ ਵੱਧ ਧਰਮ ਹੁਣ ਤੱਕ ਪੈਦਾ ਹੋ ਚੁੱਕੇ ਹਨ, ਪਰ ਇਨ੍ਹਾਂ ਵਿੱਚੋਂ ਉਂਗਲਾਂ ’ਤੇ ਗਿਣੇ ਜਾਣ ਵਾਲੇ ਧਰਮਾਂ ਦੀ ਹੋਂਦ ਬਰਕਰਾਰ ਹੈ। ਇਸਦਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜੇ ਆਪਣੇ ਪੁਰਖਿਆਂ ਵੱਲੋਂ ਵਿਕਸਿਤ ਕੀਤੀ ਵਿਰਾਸਤ ਨੂੰ ਸਾਂਭਣ ਤੇ ਆਪਣੇ ਪਰਿਵਾਰ, ਸਮਾਜ ਨੂੰ ਦੱਸਣ ਵਿੱਚ ਕਾਮਯਾਬ ਹੋ ਸਕੇ ਉਹ ਜ਼ਿੰਦਾ ਹਨ ਤੇ ਦੂਸਰੇ ਮੂਲ ਨਾਲੋਂ ਟੁੱਟ ਕੇ ਆਪਣੀ ਹੋਂਦ ਗਵਾ ਬੈਠੇ। ਇਹ ਹੋਂਦ ਕਿਸੇ ਧਰਮ ਜਾਂ ਕੌਮ ਲਈ ਉਸਦੀ ਅੱਡਰੀ ਹਸਤੀ ਦਾ ਪ੍ਰਤੀਕ ਵਜੋਂ ਜਾਣੀ ਜਾਂਦੀ ਹੈ। ਡਾ: ਸਰਬਇੰਦਰ ਸਿੰਘ ਨੇ “ਧਰਮ ਜਾਂ ਕੌਮੀਅਤ ਦੀ ਵੱਖਰੀ ਹੋਂਦ ਲਈ ਪੰਜ ਮਾਪਦੰਡ ਨਿਰਧਾਰਤ ਕੀਤੇ ਹਨ–ਪੈਗ਼ੰਬਰ, ਲਿਪੀ, ਸਭਿਆਚਾਰ, ਧਰਮ ਗ੍ਰੰਥ ਅਤੇ ਸਰੂਪ। ਇਨ੍ਹਾਂ ਤੱਤਾਂ ਵਿੱਚ ਧਰਮ ਗ੍ਰੰਥ ਦੀ ਪ੍ਰਧਾਨਤਾ ਆਪ-ਮੁਹਾਰੇ ਹੀ ਸਪੱਸ਼ਟ ਹੋ ਜਾਂਦੀ ਹੈ ਕਿ ਧਰਮ ਗ੍ਰੰਥ ਤੋਂ ਬਿਨਾਂ ਧਰਮ ਦੀ ਵੱਖਰੀ ਹੋਂਦ ਚਿਤਵਣਾ ਸੰਭਵ ਹੀ ਨਹੀਂ ਹੈ।’’ ਸਿੱਖ ਧਰਮ ਕੋਲ ਇਹ ਪੰਜ ਮਾਪਦੰਡ ਮੌਜੂਦ ਹੀ ਨਹੀਂ ਹਨ, ਇਨ੍ਹਾਂ ਦੀ ਝਲਕ ਵੀ ਸਾਖਸ਼ਾਤ ਸਿੱਖ ਜੀਵਨ ਜਾਂਚ ਵਿੱਚੋਂ ਵੇਖੀ ਜਾ ਸਕਦੀ ਹੈ।ਪੈਗ਼ੰਬਰ ਦੇ ਰੂਪ ਵਿੱਚ ‘‘ਜਗਤ ਗੁਰੂ ਬਾਬਾ” ਦੇ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਤੇ ਬਾਕੀ ਨੌਂ ਗੁਰੂ ਸਾਹਿਬਾਨ, ਲਿਪੀ ਦੇ ਰੂਪ ਵਿੱਚ ਗੁਰਮੁਖੀ ਲਿਪੀ, ਸਭਿਆਚਾਰ ਦੇ ਰੂਪ ਵਿੱਚ ਖ਼ਾਲਸਾਈ ਸਰੂਪ, ਧਰਮ ਗ੍ਰੰਥ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਰੂਪ ਦੇ ਰੂਪ ਵਿੱਚ ਸਿੱਖ ਜੀਵਨ ਜਾਂਚ ਮੌਜੂਦ ਹੈ।

ਕਿਸੇ ਧਰਮ ਦੀ ਅਹਿਮੀਅਤ ਨੂੰ ਦਰਸਾਉਂਦਿਆਂ ਕਿਸੇ ਵਿਦਵਾਨ ਨੇ ‘‘ਧਰਮ ਗ੍ਰੰਥ ਦੀ ਤੁਲਨਾ ਪਾਣੀ ਦੇ ਅਜਿਹੇ ਚਸ਼ਮਿਆਂ ਨਾਲ ਕੀਤੀ ਹੈ, ਜੋ ਥੱਕੇ-ਟੁੱਟੇ ਮੁਸਾਫ਼਼ਰਾਂ ਲਈ ਅਰਾਮਗਾਹ ਹੀ ਨਹੀਂ ਬਣਦੇ, ਸਗੋਂ ਜ਼ਿੰਦਗੀ ਦੇ ਮਾਰੂਥਲਾਂ ਦੀ ਤਪਸ਼ ਵਿੱਚ ਥੱਕੇ-ਹਾਰੇ, ਭਟਕਦੇ ਅਤੇ ਜਲ ਭੁਜ ਰਹੇ ਲੋਕਾਂ ਨੂੰ ਧੁਰ ਅੰਦਰ ਤੱਕ ਠੰਢ ਨਾਲ ਸਹਿਜ ਅਵਸਥਾ ਦੇ ਧਾਰਨੀ ਬਣਾ ਦਿੰਦੇ ਹਨ।” ਸੋ ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਹਰੇਕ ਧਰਮ ਦੇ ਜ਼ਿੰਦਾ ਰਹਿਣ ਲਈ ਉਸ ਕੋਲ ਆਪਣੇ ਰਹਿਬਰਾਂ ਦੇ ਬਚਨਾਂ ਦਾ ਲਿਖਤੀ ਸਰੂਪ ਹੋਣਾ ਬੇਹੱਦ ਜ਼ਰੂਰੀ ਹੈ। ਸਿੱਖ ਧਰਮ ਦੀ ਵਡੱਪਣਤਾ ਹੈ ਕਿ ਇਸ ਕੋਲ ਆਪਣੀ ਰੱਬੀ ਸਵਰੂਪਾਂ ਦੇ, ਮਨੁੱਖਤਾ ਨੂੰ ਠੰਢਕ ਪ੍ਰਦਾਨ ਕਰਨ ਵਾਲੇ, ਸਮਾਜ ਨੂੰ ਏਕਤਾ ਦੇ ਸੂਤਰ ਵਿੱਚ ਪ੍ਰੋ ਦੇਣ ਵਾਲੇ, ਸਚਿਆਰ ਜੀਵਨ ਜਿਊਣ ਦਾ ਢੰਗ ਦੱਸਣ ਵਾਲੇ ਬਚਨ ਬਾਣੀ ਰਾਹੀਂ ਲਿਖਤੀ ਰੂਪ ਵਿੱਚ ਮੌਜੂਦ ਹਨ।

ਇਸ ਗ੍ਰੰਥ ਦਾ ਨਾਮ ‘‘ਆਦਿ ਗ੍ਰੰਥ” ਰੱਖਿਆ ਗਿਆ, ਇਸਦੇ ਨਾਮ ਨਾਲ ਗੁਰੂ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਸਦੀਵੀ ਕਾਲ ਲਈ ਸ਼ਬਦ ਗੁਰੂ ਨੂੰ ਗੁਰਿਆਈ ਬਖ਼ਸ਼ ਦਿੱਤੀ। ਇਸ ਦੇ ਸੰਕਲਨ ਦਾ ਆਰੰਭ ਗੁਰੂ ਨਾਨਕ ਸਾਹਿਬ ਜੀ ਤੋਂ ਪ੍ਰਗਟ ਹੋਈ ‘ਧੁਰ ਕੀ ਬਾਣੀ’ ਨਾਲ ਹੋਇਆ। ‘ਧੁਰ ਕੀ ਬਾਣੀ’ ਜਿੱਥੇ ਇਲਾਹੀ ਨਾਦ ਰੂਪ ਵਿੱਚ ‘ਮਾਣਸ ਤੇ ਦੇਵਤੇ ਕੀਏ’ ਦਾ ਸਫ਼ਰ ਹੈ, ਉੱਥੇ ਇਸ ਅਨਮੋਲ ‘ਸਚ ਕੀ ਬੇਲਾ’ ਦੀ ਸਥਾਪਤੀ ਸੰਸਾਰ ਵਿੱਚ ਕੀਤੀ ਅਤੇ ‘ਸਭੇ ਸਾਝੀਵਾਲ ਸਦਾਇਨਿ’ ਦਾ ਨਵਾਂ ਅਤੇ ਨਿਵੇਕਲਾ ਸੰਕਲਪ ਪ੍ਰਕਾਸ਼ਨ ਕਰਦਿਆਂ ਹਰ ਤਰ੍ਹਾਂ ਦੀਆਂ ਹੱਦਬੰਦੀਆਂ ਦੇ ਖ਼ਾਤਮੇ ਵੱਲ ਇਸ਼ਾਰਾ ਕਰ ਦਿੱਤਾ।

ਆਦਿ ਗ੍ਰੰਥ ਦੀ ਸੰਪਾਦਨਾ ਦਾ ਕਾਰਜ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ, ਪਰ ਇਸ ਦਾ ਉਦਭਵ ਗੁਰੂ ਨਾਨਕ ਜੀ ਤੋਂ ਹੋਇਆ ਜਿਨ੍ਹਾਂ ਨੂੰ ਇਹ ਰੱਬੀ ਨਾਦ ਬਾਣੀ ਦੇ ਰੂਪ ਵਿੱਚ ਨਾਜ਼ਲ ਹੋਇਆ ਅਤੇ ਉਹ ਤਿਲੰਗ ਰਾਗ ਵਿੱਚ ਉਚਾਰਨ ਕੀਤੇ ਇਸ ਸ਼ਬਦ ਦੇ ਰਾਹੀਂ ਗਵਾਹੀ ਦਿੰਦਿਆਂ ਹੋਇਆਂ ਭਾਈ ਲਾਲੋ ਨੂੰ ਸੰਬੋਧਨ ਹੁੰਦਿਆਂ ਆਖਦੇ ਹਨ ਕਿ ਹੇ ਲਾਲੋ ! ਮੈਨੂੰ ਜਿਹੋ ਜਿਹੀ ਖ਼ਸਮ ਪ੍ਰਭੂ ਵੱਲੋਂ ਪ੍ਰੇਰਨਾ ਆਈ, ਉਸੇ ਅਨੁਸਾਰ ਮੈਂ ਤੈਨੂੰ ਉਸ ਇਤਿਹਾਸਿਕ ਘਟਨਾ ਦੀ ਵਾਕਫ਼ੀਅਤ ਦੇਂਦਾ ਹਾਂ। ਇਸ ਵਿਚਾਰ ਨੂੰ ਹੋਰ ਵੀ ਬਹੁਤ ਸੁਖੈਨ ਢੰਗ ਨਾਲ ਪੰਚਮ ਪਾਤਸ਼ਾਹ ਸੂਹੀ ਰਾਗ ਵਿੱਚ ਸਮਝਾ ਰਹੇ ਹਨ;

ਹਉ ਆਪਹੁ ਬੋਲਿ ਨ ਜਾਣਦਾ,

ਮੈ ਕਹਿਆ ਸਭੁ ਹੁਕਮਾਉ ਜੀਉ॥

(੭੬੩)

ਗੁਰਬਾਣੀ ਦੇ ਸ਼ਬਦ ਲੋਕ-ਗੀਤ ਨਹੀਂ ਹਨ, ਸਗੋਂ ਨਿਰੰਕਾਰ ਦੇ ਸਾਖਸ਼ਾਤ ਬੋਲ ਹਨ ਜਿਨ੍ਹਾਂ ਨੂੰ ਕਬੀਰ ਸਾਹਿਬ ਆਖਦੇ ਹਨ–

ਲੋਗੁ ਜਾਨੈ ਇਹੁ ਗੀਤੁ ਹੈ

ਇਹੁ ਤਉ ਬ੍ਰਹਮ ਬੀਚਾਰ॥

(ਕਬੀਰ ਜੀ, ਰਾਗੁ ਗਉੜੀ, ੩੩੫)

ਬਾਕੀ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੇ ਮੁਕਾਬਲੇ ਇਸ ਗ੍ਰੰਥ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਇਹ ਹੈ ਕਿ ਇਸ ਵਿਚਲੀ ਸਾਰੀ ਬਾਣੀ ਦੀ ਰਚਨਾ ਸਵੈ-ਕਾਲ ਅੰਦਰ ਖ਼ੁਦ ਗੁਰੂ ਸਾਹਿਬ ਨੇ ਆਪ ਕੀਤੀ, ਇਸ ਨੂੰ ਲਿਖਤੀ ਰੂਪ ਵੀ ਆਪ ਦਿੱਤਾ ਅਤੇ ਇਸ ਨੂੰ ਤਰਤੀਬ ਦੇ ਕੇ ਹਰ ਇੱਕ ਰਚਨਾਕਾਰ ਦੀ ਰਚਨਾ ਨੂੰ ਉਚਿਤ ਸਥਾਨ ’ਤੇ ਪੇਸ਼ ਕਰਨ ਦੀ ਸੇਵਾ ਵੀ ਆਪ ਗੁਰੂ ਸਾਹਿਬ ਨੇ ਨਿਭਾਈ। ਇਸ ਗ੍ਰੰਥ ਦੀ ਆਰੰਭਤਾ ਦਾ ਕਾਰਜ ਗੁਰੂ ਅਰਜਨ ਸਾਹਿਬ ਜੀ ਨੇ ਅੰਮ੍ਰਿਤਸਰ ਦੇ ਬਿਲਕੁਲ ਨਜ਼ਦੀਕ ਰਾਮਸਰ ਦੇ ਰਮਣੀਕ ਸਰੋਵਰ ਦੇ ਕੰਢੇ ’ਤੇ ਬੈਠ ਕੇ ਕੀਤਾ। ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਨੇ ਨਿਭਾਈ। (ਭਾਈ ਕਾਹਨ ਸਿੰਘ ਨਾਭਾ ਜੀ ਨੇ-ਚਾਰ ਭਾਈ ਗੁਰਦਾਸ ਦਾ ਜ਼ਿਕਰ ਕੀਤਾ ਹੈ ਪਰ ਇਹ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ ਅਤੇ ਵੱਖ-ਵੱਖ ਭਾਸ਼ਾਵਾਂ ਦੇ ਗਿਆਤਾ ਸਨ)। 1604 ਈ: ਵਿੱਚ ਇਹ ਗ੍ਰੰਥ ਸੰਪੂਰਨ ਹੋਇਆ, ਜਿਸ ਦਾ ਨਾਮ ‘ਆਦਿ ਗ੍ਰੰਥ’ ਰੱਖਿਆ ਗਿਆ (ਇਸ ਨਾਮ ਬਾਬਤ ਇਹ ਕਿਹਾ ਜਾਂਦਾ ਹੈ ਕਿ ਆਦਿ ਗ੍ਰੰਥ ਨਾਮ ਕਿਸੇ ਵੀ ਗੁਰੂ ਸਾਹਿਬਾਨ ਦਾ ਦਿੱਤਾ ਹੋਇਆ ਨਹੀਂ ਹੈ ਸਗੋਂ ਲਿਖਾਰੀਆਂ ਨੇ ਰਾਮਸਰ ਸਾਹਿਬ ਦੇ ਸਥਾਨ ’ਤੇ ਲਿਖੇ ਸਰੂਪ ਅਤੇ ਦਮਦਮਾ ਸਾਹਿਬ ਦੇ ਅਸਥਾਨ ’ਤੇ ਲਿਖੇ ਸਰੂਪਾਂ ਬਾਰੇ ਸਮਝਾਉਣ ਲਈ ਵਰਤਿਆ ਸ਼ਬਦ ਹੈ।) ਆਰੰਭਤਾ ਤਤਕਰੇ ਤੋਂ ਕੀਤੀ ਗਈ ਜਿਸ ਰਾਹੀਂ ਗੁਰਬਾਣੀ ਦੇ ਕਿਸੇ ਵੀ ਸ਼ਬਦ ਨੂੰ ਬਹੁਤ ਹੀ ਸੁਖੈਨ ਢੰਗ ਨਾਲ ਲੱਭਿਆ ਜਾ ਸਕਦਾ ਹੈ।ਗ੍ਰੰਥ ਦੀ ਸੰਪੂਰਨਤਾ ਹੋਈ ਤਾਂ ਇਸ ਦੀ ਜਿਲਦ ਬਣਾਉਣ ਦਾ ਪ੍ਰਬੰਧ ਕੀਤਾ ਗਿਆ। ਪੂਰਨ ਮਰਯਾਦਾ ਦੀ ਘਾੜਤ ਘੜਨ ਤੇ ਪੂਰਨ ਮਰਯਾਦਾ ਨਿਭਾਉਣ ਲਈ ਕਿਸੇ ਉਚਿਤ ਵਿਅਕਤੀ ਦੀ ਲੋੜ ਸੀ, ਜਿਸਨੂੰ ਗੁਰਬਾਣੀ ਪਾਠ ਉਚਾਰਨ ਦੀ ਸ਼ੁੱਧਤਾ, ਜਾਣਕਾਰੀ, ਅਰਥ-ਭੇਦ ਵਿੱਚ ਮੁਹਾਰਤ ਹਾਸਲ ਹੋਵੇ। ਅਜਿਹਾ ਵਿਅਕਤੀ ਬਾਬਾ ਬੁੱਢਾ ਜੀ (ਜਿਨ੍ਹਾਂ ਨੇ ਅੱਠ ਗੁਰੂ ਸਾਹਿਬਾਨ ਦੇ ਸਰੀਰਕ ਜਾਮੇ ਵਿੱਚ ਦਰਸ਼ਨ ਕੀਤੇ ਅਤੇ ਉਨ੍ਹਾਂ ਦੀ ਸੰਗਤ ਮਾਣਨ ਦਾ ਸੁਭਾਗ ਪ੍ਰਾਪਤ ਹੋਇਆ ਸੀ) ਨੂੰ ਇਸ ਉੱਚ-ਪਦਵੀ ’ਤੇ ਬਿਠਾਇਆ ਗਿਆ। ਉਸ ਸਮੇਂ ਬਾਬਾ ਬੁੱਢਾ ਜੀ ਨੂੰ ਪ੍ਰਕਾਸ਼, ਸੁਖਆਸਨ ਅਤੇ ਸਤਿਕਾਰ ਦੀ ਮਰਯਾਦਾ ਦੱਸਣ ਤੋਂ ਬਾਅਦ ਇਸ ਮਹਾਨ ਸੌਗਾਤ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਲਿਜਾਣ ਸਮੇਂ ਗੁਰੂ ਜੀ ਆਪ ਚੌਰ ਕਰ ਰਹੇ ਹਨ। 1 ਸਤੰਬਰ 1604 ਈ: ਨੂੰ ਇਸਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ (ਜੋ ਚਾਰ ਵਰਨਾਂ ਦੀ ਵਿੱਥ ਨੂੰ ਖ਼ਤਮ ਕਰਕੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ) ਦੇ ਅਸਥਾਨ ’ਤੇ ਕੀਤਾ ਗਿਆ। ਗੁਰੂ ਜੀ ਆਖਦੇ ਹਨ ;

ਬੁੱਢਾ ਸਾਹਿਬ ਖੋਲਹੁ ਗ੍ਰੰਥ॥

ਦੇਵਹੁ ਆਵਾਜਾ ਸੁਨਹਿ ਸਭ ਪੰਥ॥

ਬਾਬਾ ਬੁੱਢਾ ਜੀ ਪ੍ਰਕਾਸ਼ ਕਰਦੇ ਹਨ ਤੇ ਜੋ ਪਹਿਲਾ ਹੁਕਮਨਾਮਾ ਆਉਂਦਾ ਹੈ, ਉਹ ਇਸ ਪ੍ਰਕਾਰ ਹੈ;

ਸੂਹੀ ਮਹਲਾ ੫

ਸੰਤਾ ਕੇ ਕਾਰਜਿ ਆਪਿ ਖਲੋਇਆ

ਹਰਿ ਕੰਮੁ ਕਰਾਵਣਿ ਆਇਆ ਰਾਮ॥

ਧਰਤਿ ਸੁਹਾਵੀ ਤਾਲੁ ਸੁਹਾਵਾ

ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥

(ਅੰਗ ੭੮੩)

ਜਿਸ ਗ੍ਰੰਥ ਦਾ ਸਭ ਤੋਂ ਪਹਿਲਾਂ ਪ੍ਰਕਾਸ਼ ਕੀਤਾ ਗਿਆ ਉਸ ਨੂੰ ਸਰਲ ਤਰੀਕੇ ਨਾਲ ਸਮਝਣ ਲਈ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ;

1. ਅੰਕ ਤੋਂ 13 ਅੰਕ ਤੱਕ ਰਾਗੁ ਮੁਕਤ ਬਾਣੀਆਂ।

ਆਰੰਭ ਵਿੱਚ ਮੂਲ ਮੰਤਰ ਦਾ ਸਵਰੂਪ ਇਉਂ ਅੰਕਿਤ ਕੀਤਾ ਹੈ :

ਇਨ੍ਹਾਂ ਵਿੱਚੋਂ ਜਪੁ ਨੀਸਾਣੁ ਬਾਣੀ ਬਿਲਕੁਲ ਰਾਗ ਮੁਕਤ ਬਾਣੀ ਹੈ। ਜਿਸ ਵਿੱਚ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਇਸ ਸਰੂਪ ਵਿੱਚ ਚਾਰ ਰੂਪਾਂ ਵਿੱਚ 567 ਵਾਰ ਸਾਰੀ ਬਾਣੀ ਵਿੱਚ ਆਇਆ ਹੈ। ਇਸ ਬਾਣੀ ਦਾ ਨਿਤਨੇਮ ਅਤੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਸਮੇਂ ਵੀ ਇਸ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਇਹ ਬਾਣੀ ਅੱਠ ਨੰਬਰ (ਅੰਕ) ਤੱਕ ਸ਼ਾਮਲ ਹੈ। ਅੱਗੇ ਸੋ ਦਰੁ, ਸੋ ਪੁਰਖੁ ਅਤੇ ਸੋਹਿਲਾ ਨਾਮ ਦੀ ਬਾਣੀ ਹੈ, ਜਿਨ੍ਹਾਂ ਵਿਚਲੇ ਸ਼ਬਦ ਰਾਗੁ ਆਸਾ, ਗੂਜਰੀ, ਗਉੜੀ, ਧਨਾਸਰੀ ਵਿੱਚ ਵੀ ਥੋੜ੍ਹੇ ਬਹੁਤੇ ਫਰਕਾਂ ਨਾਲ ਲਿਖੇ ਮਿਲਦੇ ਹਨ। ਇਨ੍ਹਾਂ ਦਾ ਪਾਠ ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਅਤੇ ਸੌਣ ਤੋਂ ਪਹਿਲਾਂ ਕਰਨ ਦੀਆਂ ਹਦਾਇਤਾਂ ਹਨ। ਗੁਰੂ ਨਾਨਕ ਦੇਵ ਜੀ ਦੇ ਸਮੇਂ ਸਿੱਖਾਂ ਦੇ ਅੰਮ੍ਰਿਤ, ਸ਼ਾਮ ਅਤੇ ਸੌਣ ਵੇਲੇ ਨਿਤਨੇਮ ਕਰਨ ਸਮੇਂ ਪੜ੍ਹੀਆਂ ਜਾਂਦੀਆਂ ਬਾਣੀਆਂ ਦਾ ਜ਼ਿਕਰ ਇਉਂ ਕੀਤਾ ਹੈ :

ਸੋ ਦਰੁ ਆਰਤੀ ਗਾਵੀਐ,

ਅੰਮ੍ਰਿਤ ਵੇਲੇ ਜਾਪੁ ਉਚਾਰਾ॥

(ਭਾ: ਗੁਰਦਾਸ ਜੀ, ੧–੩੮)

2. ਅੰਕ 14 ਤੋਂ 1353 ਤੱਕ ਰਾਗ-ਬੱਧ ਬਾਣੀ ਹੈ, ਜੋ ਕਿ ਬਾਕੀ ਹਿੱਸੇ ਦੇ ਮੁਕਾਬਲੇ ਬਹੁਤ ਵੱਡਾ ਹੈ। ਸਿਰੀਰਾਗੁ ਪਹਿਲਾ ਰਾਗ ਹੈ ਅਤੇ ਰਾਗੁ ਜੈਜਾਵੰਤੀ ਆਖ਼ਰੀ ਰਾਗ ਹੈ। ਸਿਰੀਰਾਗੁ ਇਸ ਗੱਲ ਦਾ ਪ੍ਰਗਟਾਅ ਹੈ ਕਿ ਜੀਵ ਦਾ ਸਫ਼ਰ ਹਨੇਰੇ ਵਿੱਚ ਸ਼ੁਰੂ ਹੁੰਦਾ ਹੈ, ਪਰ ਜਿਉਂ ਜਿਉਂ ਉਸਦਾ ਜੀਵਨ ਗੁਰਬਾਣੀ ਅਨੁਸਾਰੀ ਹੋ ਜਾਂਦਾ ਹੈ ਤਾਂ ਉਸਦੇ ਜੀਵਨ ਵਿਚ ਪ੍ਰਭਾਤ ਆ ਜਾਂਦੀ ਹੈ। ਪ੍ਰਭਾਤ ਦੀ ਸਾਂਭ-ਸੰਭਾਲ ਨਾਲ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ ਸਾਰੀ ਕਾਇਨਾਤ ਅੰਦਰ ਜੈ ਜੈ ਕਾਰ (ਜੈਜਾਵੰਤੀ) ਹੋਣੀ ਆਰੰਭ ਹੋ ਜਾਂਦੀ ਹੈ। ਜੈਜਾਵੰਤੀ ਜੋ 31ਵਾਂ ਰਾਗ ਹੈ ਇਹ ਦਰਬਾਰ ਸਾਹਿਬ ਵਿਖੇ ਪ੍ਰਕਾਸ਼ਿਤ ਆਦਿ ਗ੍ਰੰਥ ਵਿੱਚ ਮੌਜੂਦ ਨਹੀਂ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਦੇ ਅਸਥਾਨ ’ਤੇ ਭਾਈ ਮਨੀ ਸਿੰਘ ਜੀ ਪਾਸੋਂ ਇਸ ਨੂੰ ਲਿਖਵਾਉਣਾ ਕੀਤਾ।

3. 1354 ਤੋਂ 1430 ਤੱਕ ਬਾਣੀਆਂ ਨੂੰ ਰਾਗ-ਮੁਕਤ ਬਾਣੀਆਂ ਵਿੱਚ ਰੱਖਿਆ ਜਾ ਸਕਦਾ ਹੈ, ਭਾਵੇਂ ਕਿ ਇਨ੍ਹਾਂ ਵਿਚਲੇ ਸਲੋਕ ਰਾਗਾਂ ਵਿਚਲੀਆਂ ਬਾਣੀਆਂ ਵਿੱਚ ਵੀ ਆਉਂਦੇ ਹਨ, ਪਰ ਇਸ ਨਾਲ ਇਨ੍ਹਾਂ ਦੀ ਗਿਣਤੀ ਰਾਗਾਂ ਵਿੱਚ ਨਹੀਂ ਕੀਤੀ ਜਾ ਸਕਦੀ। ਕੁਝ ਬਾਣੀਆਂ ਇਉਂ ਲਿਖਤ ਵਿੱਚ ਦਰਜ ਹਨ :

1. ਸਲੋਕ ਸਹਸਕ੍ਰਿਤੀ ਮਹਲਾ ੧

2. ਸਲੋਕ ਸਹਸਕ੍ਰਿਤੀ ਮਹਲਾ ੫

3. ਗਾਥਾ ਮਹਲਾ ੫

4. ਫੁਨਹੇ ਮਹਲਾ ੫

5. ਚਉਬੋਲੇ ਮਹਲਾ ੫

6. ਸਲੋਕ ਭਗਤ ਕਬੀਰ ਜੀ ਅਤੇ ਭਗਤ ਫ਼ਰੀਦ ਜੀਓ ਕੇ

7. ਭੱਟਾਂ ਦੇ ਸਵੱਯੇ

8. ਸਲੋਕ ਵਾਰਾਂ ਤੇ ਵਧੀਕ

9. ਸਲੋਕ ਮਹਲਾ ੯

10. ਮੁੰਦਾਵਣੀ

11. ਸਲੋਕ ਮਹਲਾ ੫

ਇਨ੍ਹਾਂ 31 ਰਾਗਾਂ ਦੀ ਤਰਤੀਬ ਅਨੁਸਾਰ 35 ਮਹਾਂਪੁਰਸ਼ਾਂ (ਛੇ ਗੁਰੂ ਸਾਹਿਬਾਨ, 15 ਭਗਤ, 11 ਭੱਟ ਅਤੇ ਤਿੰਨ ਗੁਰਸਿੱਖ) ਦੀ ਰਚਨਾ ਇਸ ਵਿੱਚ ਸਾਨੂੰ ਸਮਾਜਿਕ, ਧਾਰਮਿਕ, ਆਰਥਿਕ, ਰਾਜਨੀਤਿਕ ਅਤੇ ਸਭਿਆਚਾਰ ਇਕਮਿਕਤਾ ਦਾ ਸੁਨੇਹਾ ਦੇ ਰਹੀ ਹੈ। ਇਸ ਵਿੱਚ ਅਨੇਕਾਂ ਭਾਸ਼ਾਵਾਂ ਦੇ ਸ਼ਬਦਾਂ ਦਾ ਵਰਣਨ ਕੀਤਾ ਗਿਆ ਹੈ, ਪਰ ਸਭ ਭਾਸ਼ਾਵਾਂ ਦੇ ਸ਼ਬਦਾਂ ਨੂੰ ਲਿਖਤੀ ਰੂਪ ਦੇਣ ਲਈ ‘‘ਗੁਰਮੁਖੀ ਲਿਪੀ” ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਸਾਫ ਸਿੱਧ ਹੁੰਦਾ ਹੈ ਕਿ

ਗੁਰੂ ਸਾਹਿਬ ਦਾ ਸਮਾਜਿਕ ਅਤੇ ਅਧਿਆਤਮਿਕ ਗਿਆਨ ਬਹੁਪੱਖੀ ਸੀ।

ਰਾਗਾਂ ਤੋਂ ਇਲਾਵਾ 22 ਵਾਰਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹਨ ਜਿਨ੍ਹਾਂ ਦਾ ਵੇਰਵਾ ਜਾਣਨਾ ਸਾਡੇ ਲਈ ਲਾਹੇਵੰਦ ਸਿੱਧ ਹੋਵੇਗਾ।

1. ਗੁਰੂ ਨਾਨਕ ਦੇਵ ਜੀ ਤਿੰਨ ਵਾਰਾਂ (ਰਾਗੁ ਮਾਝ, ਆਸਾ, ਮਲਾਰ)

2. ਗੁਰੂ ਅਮਰਦਾਸ ਜੀ ਚਾਰ ਵਾਰਾਂ (ਰਾਗੁ ਗੂਜਰੀ, ਸੂਹੀ, ਰਾਮਕਲੀ ਤੇ ਮਾਰੂ)

3. ਗੁਰੂ ਰਾਮਦਾਸ ਜੀ ਅੱਠ ਵਾਰਾਂ (ਰਾਗੁ ਸਿਰੀਰਾਗੁ, ਗਉੜੀ, ਬਿਹਾਗੜਾ, ਵਡਹੰਸ, ਸੋਰਠਿ, ਬਿਲਾਵਲੁ, ਸਾਰੰਗ, ਕਾਨੜਾ)

4. ਗੁਰੂ ਅਰਜਨ ਦੇਵ ਜੀ ਛੇ ਵਾਰਾਂ (ਰਾਗੁ ਗਉੜੀ, ਗੂਜਰੀ, ਜੈਤਸਰੀ, ਰਾਮਕਲੀ, ਮਾਰੂ, ਬਸੰਤੁ)

5. ਸੱਤਾ ਬਲਵੰਡ 1 ਵਾਰ (ਰਾਗੁ ਰਾਮਕਲੀ)

ਇਨ੍ਹਾਂ ਵਿੱਚੋਂ ਬਸੰਤ ਕੀ ਵਾਰ ਅਤੇ ਸੱਤਾ ਬਲਵੰਡ ਜੀ ਦੀ ਵਾਰ ਤੋਂ ਛੁੱਟ ਬਾਕੀ ਸਾਰੀਆਂ ਵਾਰਾਂ ਨਾਲ ਸਲੋਕ ਅੰਕਿਤ ਕੀਤੇ ਹੋਏ ਹਨ। ਵਾਰਾਂ ਨੂੰ ਜੋਸ਼ੀਲੇ ਯੋਧਿਆਂ ਦੇ ਨਾਵਾਂ ਤੇ ਧੁਨੀਆਂ ਰਾਹੀਂ ਗੁਰੂ ਦਰਬਾਰ ਅੰਦਰ ਗਾਉਣ ਦਾ ਰਿਵਾਜ ਵੀ ਗੁਰੂ ਕਾਲ ਸਮੇਂ ਹੀ ਸ਼ੁਰੂ ਹੋਇਆ ਲੱਗਦਾ ਹੈ, ਜਿਸ ਕਰਕੇ ਧੁਨੀਆਂ ’ਤੇ ਵਾਰਾਂ ਗਾਉਣ ਦੀ ਹਦਾਇਤ ਪੰਚਮ ਪਿਤਾ ਵੱਲੋਂ ਦਿੱਤੀ ਗਈ। ਵਿਸਥਾਰ ਹੋ ਜਾਣ ਕਰਕੇ ਮੈਂ ਇਕੱਲੀ ਇਕੱਲੀ ਧੁਨੀ ਦੇ ਪਾਤਰਾਂ ਬਾਰੇ ਗੱਲ ਨਹੀਂ ਲਿਖ ਰਿਹਾ।

ਨੌਂ ਧੁਨੀਆਂ ਇਹ ਹਨ :

1. ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆਂ ਕੀ ਧੁਨਿ ਗਾਵਣੀ।

2. ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ।

3. ਟੁੰਡੇ ਅਸ ਰਾਜੈ ਕੀ ਧੁਨਿ।

4. ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ।

5. ਲਲਾਂ ਬਹਿਲੀਮਾ ਕੀ ਧੁਨਿ ਗਾਵਣੀ।

6. ਜੋਧੈ ਵੀਰੈ ਪੂਰਬਾਣੀ ਕੀ ਧੁਨੀ।

7. ਰਾਇ ਮਹਿਮੇ ਹਸਨੇ ਕੀ ਧੁਨਿ।

8. ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ।

9. ਮੂਸੇ ਕੀ ਵਾਰ ਕੀ ਧੁਨੀ।

ਸੋ ਇਸ ਤਰ੍ਹਾਂ ਆਦਿ ਗ੍ਰੰਥ ਦੀ ਅਰੰਭਤਾ ਗੁਰੂ ਅਰਜਨ ਸਾਹਿਬ ਨੇ ਕੀਤੀ ਅਤੇ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ। ਜਦੋਂ ਅੰਤਿਮ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਖ਼ਾਲਸਾ ਪੰਥ ਨੇ ਪੁੱਛਿਆ ਕਿ ਪਾਤਸ਼ਾਹ ਜੀ ਸਰੀਰਕ ਜਾਮੇ ਤੋਂ ਬਾਅਦ ਪੰਥ ਕਿਸ ਕੋਲੋਂ ਅਗਵਾਈ ਲਿਆ ਕਰੇਗਾ ਤਾਂ ਗੁਰੂ ਜੀ ਨੇ ਕਿਹਾ ਕਿ–

ਅਕਾਲ ਪੁਰਖ ਕੇ ਬਚਨ ਸਿਉਂ ਪ੍ਰਗਟ ਚਲਾਇਓ ਪੰਥ॥

ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਅਹੁ ਗ੍ਰੰਥ॥

(ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ)

ਜੋ ਸਿਖੁ ਗੁਰ ਦਰਸ਼ਨ ਕੀ ਚਾਹਿ॥

ਦਰਸ਼ਨ ਕਰੇ ਗ੍ਰੰਥ ਜੀ ਆਹਿ॥

ਜੋ ਮਮ ਸਾਥ ਚਹੇ ਕਰਿ ਬਾਤ॥

ਗ੍ਰੰਥ ਜੀ ਪੜ੍ਹੈ ਬਿਚਾਰੈ ਸਾਥ॥

ਮੇਰਾ ਰੂਪ ਗ੍ਰੰਥ ਜੀ ਜਾਨੁ॥

ਇਸ ਮੇਂ ਭੇਦ ਨ ਰੰਚਕ ਮਾਨ॥

ਗ੍ਰੰਥ ਸਾਹਿਬ ਜੀ ਗੁਰੂ ਕਰਿ ਜਾਨੇ

(ਰਹਿਤਨਾਮਾ ਭਾਈ ਨੰਦ ਲਾਲ ਜੀ)

ਦੁਨੀਆਂ ਦੇ ਇਤਿਹਾਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕੋ-ਇੱਕ ਅਜਿਹਾ ਧਾਰਮਿਕ ਗ੍ਰੰਥ ਹੈ, ਜਿਸਨੂੰ ਗੁਰੂ ਰੂਪ ਵਿੱਚ ਪ੍ਰਵਾਨ ਕੀਤਾ ਗਿਆ ਹੈ।

ਦੂਸਰਾ ਇਹ ਦੁਨੀਆਂ ਦਾ ਇੱਕੋ-ਇੱਕ ਵਾਹਿਦ ਧਾਰਮਿਕ ਗ੍ਰੰਥ ਹੈ ਜਿਸਨੂੰ ਪ੍ਰਕਾਸ਼ ਕਰਨ, ਸੁਖ ਆਸਨ ਕਰਨ, ਹੁਕਮ ਲੈਣ ਦੀ ਨਿਵੇਕਲੀ ਅਤੇ ਵਿਲੱਖਣ ਮਰਯਾਦਾ ਹੈ।

ਸੋ ਖ਼ਾਲਸਾ ਪੰਥ ਜੀ ਆਓ ਹੁਸ਼ਿਆਰ, ਖ਼ਬਰਦਾਰ ਹੋਈਏ। ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰੂ ਜੀ ਦੀ ਕਹੀ ਹੋਈ ਇੱਕ ਅੱਧੀ ਗੱਲ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਈਏ। ਦੁਨੀਆਂ ਦੇ ਸਾਰੇ ਆਸਰੇ ਛੱਡ ਕੇ ਇੱਕ ਆਸਰਾ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦਾ ਲੜ ਫੜ ਲਈਏ, ਜੀਵਨ ਸਫਲ ਤੇ ਸੁਹਾਵਣਾ ਹੋ ਜਾਏਗਾ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?