Home » ਧਾਰਮਿਕ » ਇਤਿਹਾਸ » ਸੰਤ ਭਿੰਡਰਾਂਵਾਲ਼ੇ ਹਿੰਦੂਆਂ ਦੇ ਵੈਰੀ ਜਾਂ ਪਰਉਪਕਾਰੀ ?

ਸੰਤ ਭਿੰਡਰਾਂਵਾਲ਼ੇ ਹਿੰਦੂਆਂ ਦੇ ਵੈਰੀ ਜਾਂ ਪਰਉਪਕਾਰੀ ?

118 Views
ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਜਦੋਂ ਪੰਥ ਅਤੇ ਪੰਜਾਬ ਦੇ ਹੱਕਾਂ ਤੇ ਅਜ਼ਾਦੀ ਲਈ ਝੰਡਾ ਚੁੱਕਿਆ ਤਾਂ ਭਾਰਤ ਸਰਕਾਰ, ਨੈਸ਼ਨਲ ਮੀਡੀਆ, ਫ਼ਿਰਕੂ ਹਿੰਦੁਤਵੀਆਂ, ਕਾਂਗਰਸੀ-ਭਾਜਪਾਈਆਂ ਤੇ ਹੋਰ ਸਿੱਖ ਵਿਰੋਧੀ ਲੋਕਾਂ ਨੇ ਉਹਨਾਂ ਨੂੰ ਨਿੰਦਣਾ-ਭੰਡਣਾ ਸ਼ੁਰੂ ਕਰ ਦਿੱਤਾ। ਇੰਦਰਾ ਗਾਂਧੀ, ਲਾਲ ਕ੍ਰਿਸ਼ਨ ਅਡਵਾਨੀ, ਲਾਲਾ ਜਗਤ ਨਰਾਇਣ ਤੇ ਹਰਬੰਸ ਲਾਲ ਖੰਨਾ ਨੇ ਸੰਤਾਂ ਖ਼ਿਲਾਫ਼ ਜ਼ਹਿਰ ਉਗਲਿਆ। ਉਹਨਾਂ ਨੂੰ ਹਿੰਦੂਆਂ ਦਾ ਵੈਰੀ, ਕਾਤਲ, ਦੁਸ਼ਮਣ, ਦਹਿਸ਼ਤਗਰਦ, ਅੱਤਵਾਦੀ ਆਦਿਕ ਕਿਹਾ ਗਿਆ। ਜਦ ਕਿ ਸੰਤ ਜੀ ਤਾਂ ਹਰੇਕ ਧਰਮ ਦਾ ਸਤਿਕਾਰ ਕਰਦੇ ਸਨ ਪਰ ਉਹ ਆਪਣੇ ਧਰਮ ਵਿਰੁੱਧ ਕੋਈ ਗੱਲ ਬਰਦਾਸ਼ਤ ਨਹੀਂ ਕਰਦੇ ਸਨ ਕਿਉਂਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੱਚੇ ਸਿੱਖ ਸਨ। ਖ਼ਾਲਸੇ ਦਾ ਕਿਸੇ ਧਰਮ ਜਾਂ ਫ਼ਿਰਕੇ ਨਾਲ਼ ਵੈਰ ਨਹੀਂ, ਖ਼ਾਲਸਾ ਤਾਂ ਜਬਰ-ਜ਼ੁਲਮ ਦੇ ਖ਼ਿਲਾਫ਼ ਲੜਦਾ ਹੈ ਤੇ ਜ਼ੁਲਮ ਕਰਨ ਵਾਲ਼ਾ ਚਾਹੇ ਕਿਸੇ ਵੀ ਭੇਖ ਵਿੱਚ ਹੋਵੇ।
ਸੰਤ ਭਿੰਡਰਾਂਵਾਲ਼ੇ ਅਕਸਰ ਹੀ ਆਪਣੀ ਤਕਰੀਰਾਂ ’ਚ ਕਹਿੰਦੇ ਸਨ ਕਿ ਸਿੱਖ ਪੱਕਾ ਸਿੱਖ ਬਣੇ, ਹਿੰਦੂ ਪੱਕਾ ਹਿੰਦੂ ਬਣੇ ਤੇ ਮੁਸਲਮਾਨ ਪੱਕਾ ਮੁਸਲਮਾਨ ਬਣੇ। ਉਹ ਆਖਦੇ ਸਨ ਕਿ ਹਿੰਦੂ ਧਰਮ ਦੀਆਂ ਰਹੁ-ਰੀਤਾਂ ’ਤੇ ਪਹਿਰਾ ਦੇਣਾ ਵਾਲ਼ਾ ਹਿੰਦੂ, ਮੇਰਾ ਭਰਾ ਹੈ। ਹਿੰਦੁਸਤਾਨ ਦਾ ਪ੍ਰਸਿੱਧ ਵਕੀਲ ਰਾਮ ਜੇਠ ਮਲਾਨੀ, ਸਿਆਸੀ ਆਗੂ ਸੁਬਰਾਮਨੀਅਨ ਸਵਾਮੀ ਤੇ ਧਾਰਮਿਕ ਆਗੂ ਸਵਾਮੀ ਵਿਸ਼ਨੂੰ ਦੇਵਾਨੰਦ ਆਦਿਕ ਸੰਤਾਂ ਨੂੰ ਮਿਲ਼ਦੇ ਰਹੇ। ਅਨੇਕਾਂ ਹਿੰਦੂ ਪੱਤਰਕਾਰ ਉਹਨਾਂ ਨਾਲ਼ ਗੱਲਬਾਤ ਕਰਦੇ ਰਹੇ, ਧਰਮ ਯੁੱਧ ਮੋਰਚੇ ਦੌਰਾਨ ਹਿੰਦੂ ਔਰਤਾਂ ਵੀ ਸੰਤ ਜੀ ਨੂੰ ਮਿਲ਼ਣ ਆਉਂਦੀਆਂ ਰਹੀਆਂ, ਤਸਵੀਰਾਂ ਗਵਾਹ ਹਨ। ਉਹਨਾਂ ਨੂੰ ਤਾਂ ਸੰਤਾਂ ਨੇ ਕਦੇ ਡਰਾਇਆ-ਧਮਕਾਇਆ ਨਹੀਂ, ਨਾ ਹੀ ਕਦੇ ਉਹਨਾਂ ਹਿੰਦੂਆਂ ਨੂੰ ਸੰਤਾਂ ਤੋਂ ਡਰ ਲੱਗਾ। ਸੰਤ ਜੀ ਤਾਂ ਹਰੇਕ ਨਾਲ਼ ਬਹੁਤ ਵਧੀਆ ਵਰਤਾਉ ਕਰਦੇ ਸਨ।
ਸੰਤ ਭਿੰਡਰਾਂਵਾਲ਼ਿਆਂ ਨੂੰ ਹਿੰਦੂਆਂ ਦੇ ਵੈਰੀ ਕਹਿਣ ਵਾਲ਼ੇ ਕਦੇ ਗੁਰਦਾਸਪੁਰ ਦੀ ਜੇਲ੍ਹ ’ਚ ਉਹ ਮੰਦਰ ਵੇਖ ਕੇ ਆਉਣ ਜੋ ਉਹਨਾਂ ਦੇ ਸਾਥੀ ਬਾਬਾ ਠਾਹਰਾ ਸਿੰਘ ਤੇ ਭਾਈ ਅਮਰੀਕ ਸਿੰਘ ਨੇ ਬਣਵਾ ਕੇ ਦਿੱਤਾ ਸੀ ਤੇ ਓਸੇ ਮੰਦਰ ਵਿੱਚ ਛੇ ਹਜ਼ਾਰ ਦੀ ਮੂਰਤੀ ਸਥਾਪਿਤ ਕੀਤੀ ਤਾਂ ਜੋ ਹਿੰਦੂ-ਕੈਦੀ ਪੂਜਾ ਕਰ ਸਕਣ। ਦਮਦਮੀ ਟਕਸਾਲ ਦੇ ਬਾਬਾ ਠਾਹਰਾ ਸਿੰਘ ਨੇ ਗੁਰਦਾਸਪੁਰ ਦੀ ਜੇਲ੍ਹ ਵਿੱਚ ਗੁਰਦੁਆਰਾ ਸਾਹਿਬ ਦੀ ਖਸਤਾ ਹੋਈ ਇਮਾਰਤ ਨੂੰ ਮੁੜ ਉਸਾਰਨ ਦੇ ਨਾਲ਼-ਨਾਲ਼ ਮੰਦਰ ਦੀ ਉਸਾਰੀ ਵੀ ਕਰਵਾ ਕੇ ਦਿੱਤੀ, ਉਹਨਾਂ ਕੋਈ ਭੇਦ-ਭਾਵ ਨਹੀਂ ਕੀਤਾ, ਇਹ ਖ਼ਰਚਾ ਵੀ ਸੰਤ ਭਿੰਡਰਾਂਵਾਲ਼ਿਆਂ ਨੇ ਹੀ ਕੀਤਾ ਸੀ। ਜਦੋਂ ਹਿੰਦੂ-ਕੈਦੀਆਂ ਨੇ ਬਾਬਾ ਠਾਹਰਾ ਸਿੰਘ ਨੂੰ ਮੰਦਰ ਬਣਾਉਣ ਲਈ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਕਿਹਾ ਕਿ ‘ਆਪਣਾ ਕੋਈ ਨਜ਼ਦੀਕੀ ਵਿਅਕਤੀ ਸੰਤ ਭਿੰਡਰਾਂਵਾਲ਼ਿਆਂ ਪਾਸ ਭੇਜੋ, ਜੇਕਰ ਸੰਤ ਜੀ ਆਗਿਆ ਦੇਣਗੇ ਤਾਂ ਮੈਂ ਮੰਦਰ ਬਣਾ ਦਿਆਂਗਾ।’ ਗੁਰਦੁਆਰਾ ਸਾਹਿਬ ਅਤੇ ਮੰਦਰ ਬਣਾਉਣ ਦੀ ਖ਼ਬਰ ਸੰਨ 1983 ਦੇ ਅਪ੍ਰੈਲ ਮਹੀਨੇ ਅਖ਼ਬਾਰਾਂ ’ਚ ਵੀ ਛਪੀ ਸੀ। ਇਹ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਸੰਤ ਜੀ ਹਿੰਦੂ/ਸਨਾਤਨ ਧਰਮ ਦੇ ਵੈਰੀ ਨਹੀਂ ਸਨ, ਉਹਨਾਂ ਦੀ ਲੜਾਈ ਤਾਂ ਸਿਧਾਂਤਕ ਸੀ। ਹੈਰਾਨੀ ਦੀ ਗੱਲ ਹੈ ਕਿ ਜਿਸ ਸੰਤ ਨੂੰ ਹਿੰਦੂ ਮੀਡੀਆ ਅਕਸਰ ਹੀ ਟੀ.ਵੀ. ਚੈੱਨਲਾਂ ਤੇ ਅਖ਼ਬਾਰਾਂ ’ਚ ਹਿੰਦੂਆਂ ਦਾ ਦੁਸ਼ਮਣ ਆਖ ਕੇ ਪ੍ਰਚਾਰਦੇ ਹਨ ਉਸੇ ਸੰਤ ਨੇ ਹਿੰਦੂਆਂ ਲਈ ਮੰਦਰ ਬਣਾ ਕੇ ਦਿੱਤਾ।
ਇੱਕ ਦਿਨ ਸੰਤ ਭਿੰਡਰਾਂਵਾਲ਼ਿਆਂ ਕੋਲ਼ ਹਰਿਦੁਆਰ ਦਾ ਰਹਿਣ ਵਾਲ਼ਾ ਪੰਡਤ ਰੋਸ਼ਨ ਲਾਲ ਆਇਆ। ਉਸ ਨੇ ਬਹੁਤ ਪਿਆਰ ਸਹਿਤ ਸੰਤਾਂ ਦੇ ਦਰਸ਼ਨ ਤੇ ਸਤਿਕਾਰ ਕੀਤਾ ਤੇ ਫਿਰ ਕੁਝ ਵਿਚਾਰਾਂ ਕਰਨ ਤੋਂ ਬਾਅਦ ਕਹਿਣ ਲੱਗਾ “ਮਹਾਂਪੁਰਸ਼ੋ! ਮੇਰੀ ਲੜਕੀ ਦਾ ਵਿਆਹ ਰੱਖਿਆ ਹੋਇਆ, ਮੈਨੂੰ ਮਾਇਆ ਦੀ ਜ਼ਰੂਰਤ ਹੈ, ਮੇਰੇ ਕਿਸੇ ਸਾਥੀ ਤੇ ਹਿੰਦੂ ਸੰਗਠਨ ਨੇ ਵੀ ਮੇਰੀ ਮਦਦ ਨਹੀਂ ਕੀਤੀ, ਹੁਣ ਤੁਸੀਂ ਹੀ ਮੇਰੀ ਬਾਂਹ ਫੜੋ, ਮੈਨੂੰ ਪਤਾ ਹੈ ਤੁਸੀਂ ਬਹੁਤ ਦਿਆਲੂ ਪੁਰਸ਼ ਹੋ ਤੇ ਅਜਿਹੇ ਕਾਰਜਾਂ ਲਈ ਵੱਧ-ਚੜ੍ਹ ਕੇ ਅੱਗੇ ਆਉਂਦੇ ਹੋ, ਮੇਰੀ ਲੜਕੀ ਨੂੰ ਆਪਣੀ ਲੜਕੀ ਜਾਣ ਕੇ ਮੇਰੀ ਝੋਲ਼ੀ ’ਚ ਕੁੱਝ ਮਾਇਆ ਪਾਓ।” ਤਾਂ ਸੰਤਾਂ ਨੇ ਕਿਹਾ “ਦੱਸੋ, ਪੰਡਤ ਜੀ ਕਿੰਨੀ ਮਦਦ ਕਰੀਏ ?” ਅੱਗੋਂ ਪੰਡਤ ਨੇ ਕਿਹਾ “ਜੈਸਾ ਆਪ ਠੀਕ ਸਮਝੋ।” ਤਾਂ ਸੰਤਾਂ ਨੇ ਆਪਣੇ ਖੀਸੇ ’ਚ ਹੱਥ ਪਾਉਂਦਿਆਂ ਕਾਫ਼ੀ ਪੈਸੇ ਕੱਢੇ ਤੇ ਬਿਨਾਂ ਗਿਣਤੀ ਕੀਤਿਆਂ ਪੰਡਤ ਨੂੰ ਫੜਾ ਦਿੱਤੇ ਤੇ ਕਿਹਾ ਕਿ “ਇਸ ਮਾਇਆ ਨੂੰ ਬੇਟੀ ਦੇ ਵਿਆਹ ਲਈ ਹੀ ਖਰਚਿਓ, ਇਸ ਨੂੰ ਕਿਸੇ ਹੋਰ ਪਾਸੇ ਫ਼ਜ਼ੂਲ ਖ਼ਰਚ ਨਾ ਕਰਿਓ।” ਪੰਡਤ ਨੇ ‘ਜੀ ਮਹਾਰਾਜ’ ਕਿਹਾ ਤੇ ਉਹ ਖ਼ੁਸ਼ੀ-ਖ਼ੁਸ਼ੀ ਵਾਪਸ ਮੁੜ ਗਿਆ।
ਜਦੋਂ ਕਪੂਰਥਲੇ ਦੇ ਇੱਕ ਮੰਦਰ ਨੂੰ ਕਿਸੇ ਸ਼ਰਾਰਤੀ ਨੇ ਅੱਗ ਲਾ ਦਿੱਤੀ ਤਾਂ ਇਸ ਵਿੱਚ ਹਿੰਦੂਆਂ ਦਾ ਧਾਰਮਿਕ ਗ੍ਰੰਥ ਰਾਮਾਇਣ ਵੀ ਸੜ ਗਿਆ। ਕੁਝ ਹਿੰਦੂ ਵੀਰ ਇਕੱਠੇ ਹੋ ਕੇ ਸੰਤ ਭਿੰਡਰਾਂਵਾਲ਼ਿਆਂ ਕੋਲ਼ ਆਏ ਤੇ ਸਾਰੀ ਘਟਨਾ ਦੱਸੀ। ਫਿਰ ਕਹਿਣ ਲੱਗੇ ਕਿ ‘ਸੰਤ ਜੀ! ਅਸੀਂ ਇਸ ਸੰਬੰਧ ਵਿੱਚ ਅਦਾਲਤ ਵਿੱਚ ਕੇਸ ਲਾਇਆ ਹੈ, ਸਾਡੀ ਮਾਇਕੀ ਮਦਦ ਕੀਤੀ ਜਾਵੇ।’ ਸੰਤ ਭਿੰਡਰਾਂਵਾਲ਼ਿਆਂ ਨੇ ਨਵੀਂ ਰਾਮਾਇਣ ਲਿਆਉਣ ਅਤੇ ਵਕੀਲ ਦੀ ਫ਼ੀਸ ਲਈ ਪੰਜ ਹਜ਼ਾਰ ਰੁਪਏ ਦੀ ਸਹਾਇਤਾ ਕੀਤੀ। ਸੰਤ ਜੀ ਕਹਿੰਦੇ ਸਨ ਕਿ ਕਿਸੇ ਵੀ ਧਰਮ ਦੇ ਗ੍ਰੰਥ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਕਿਸੇ ਦੁਸ਼ਟ ਵੱਲੋਂ ਰਾਮਾਇਣ ਦੀ ਕੀਤੀ ਬੇਅਦਬੀ ਕਾਰਨ ਸੰਤਾਂ ਦਾ ਦਿਲ ਬੇਹੱਦ ਦੁਖੀ ਹੋਇਆ ਸੀ। ਇਸੇ ਲਈ ਉਹ ਸਪਸ਼ਟ ਆਖਦੇ ਸਨ ਕਿ “ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ, ਕਿਸੇ ਦੀ ਵੀ ਧੀ-ਭੈਣ ਦੀ ਇੱਜ਼ਤ ਲੁੱਟਦਾ ਉਸ ਨੂੰ ਸੋਧ ਕੇ ਮੇਰੇ ਕੋਲ਼ ਆਓ, ਮੈਂ ਸਾਂਭਾਂਗਾ।”
ਧਰਮ ਯੁੱਧ ਮੋਰਚੇ ਦੇ ਰਸਤਾ ਰੋੋਕੋ ਪ੍ਰੋਗਰਾਮ ਦੌਰਾਨ ਜਦੋਂ ਕੁਝ ਵਿਅਕਤੀ ਸ਼ਹੀਦ ਹੋ ਗਏ ਤਾਂ ਉਹਨਾਂ ਵਿੱਚ ਦੋ ਹਿੰਦੂ ਵੀ ਮਾਰੇ ਗਏ, ਇੱਕ ਪਟਿਆਲੇ ਦਾ ਅਤੇ ਦੂਜਾ ਮਲੇਰਕੋਟਲੇ ਦਾ ਸੀ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਦਮਦਮੀ ਟਕਸਾਲ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦਿੱਤੇ ਤੇ ਹਰਚੰਦ ਸਿੰਘ ਲੌਂਗੋਵਾਲ ਨੂੰ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਉਹਨਾਂ ਦੇ ਪਰਿਵਾਰਾਂ ਦੀ ਦਸ-ਦਸ ਹਜ਼ਾਰ ਰੁਪਏ ਮਦਦ ਹੋਰ ਕਰਵਾਈ। ਇਸ ਤੋਂ ਬਾਅਦ ਸੰਤਾਂ ਨੇ ਇਹ ਵੀ ਕਿਹਾ ਕਿ “ਮੋਰਚੇ ਦੌਰਾਨ 200 ਦੇ ਕਰੀਬ ਸਿੰਘਾਂ ਦੀ ਸ਼ਹੀਦੀ ਹੋ ਚੁੱਕੀ ਹੈ ਪਰ ਕਦੇ ਕਿਸੇ ਹਿੰਦੂ ਆਗੂ ਜਾਂ ਹਿੰਦੂ ਸੰਸਥਾ ਨੇ ਸਿੰਘਾਂ ਦੇ ਪਰਿਵਾਰਾਂ ਦੀ ਇੱਕ ਰੁਪਏ ਵੀ ਮਦਦ ਨਹੀਂ ਕੀਤੀ, ਅਸੀਂ ਮਦਦ ਮੰਗਦੇ ਵੀ ਨਹੀਂ। ਸਾਡੀ ਲੜਾਈ ਕਿਸੇ ਆਮ ਹਿੰਦੂ ਨਾਲ਼ ਨਹੀਂ, ਬਲਕਿ ਉਹਨਾਂ ਹਿੰਦੁਤਵੀ ਹੁਕਮਰਾਨਾਂ ਨਾਲ਼ ਹੈ ਜੋ ਸਿੱਖ ਕੌਮ ਦੀ ਹਸਤੀ ਮਿਟਾਉਣਾ ਚਾਹੁੰਦੇ ਨੇ, ਸਾਡੇ ਨਾਲ਼ ਧੱਕੇਸ਼ਾਹੀਆਂ ਤੇ ਵਿਤਕਰੇ ਕਰ ਰਹੇ ਨੇ, ਸਾਨੂੰ ਗ਼ੁਲਾਮ ਬਣਾਉਣ ’ਤੇ ਤੁਲੇ ਹੋਏ ਨੇ, ਤੇ ਸਾਡੇ ਹੱਕ ਮਾਰ ਰਹੇ ਨੇ।”
ਨਵੰਬਰ 1981 ਦੀ ਗੱਲ ਹੈ। ਜਦੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸ਼ਹਿਰ ਜਲਾਲਾਬਾਦ ਵਿਖੇ ਗੁਰਦੁਆਰਾ ਸਿੰਘ ਸਭਾ ’ਚ ਧਰਮ ਪ੍ਰਚਾਰ ਕਰ ਰਹੇ ਸਨ ਤਾਂ ਦੀਵਾਨ ਵਿੱਚ ਇੱਕ ਹੁਕਮ ਚੰਦ ਨਾਂ ਦਾ ਹਿੰਦੂ ਆਇਆ ਤੇ ਸੰਤ ਜੀ ਅੱਗੇ ਧਾਹਾਂ ਮਾਰ ਕੇ ਰੋਣ ਲੱਗਾ। ਸੰਤਾਂ ਨੇ ਪੁੱਛਿਆ ਕਿ “ਕੀ ਗੱਲ ਹੋਈ ?” ਤਾਂ ਉਸ ਨੇ ਕਿਹਾ ਕਿ “ਮੈਂ ਸਿੱਖਾਂ ਦਾ ਇਤਿਹਾਸ ਪੜ੍ਹਿਆ-ਸੁਣਿਆ ਹੈ, ਅਠਾਰ੍ਹਵੀਂ ਸਦੀ ’ਚ ਸਿੱਖ ਜੋ ਹਿੰਦੂਆਂ ਦੀਆਂ ਬਹੂ-ਬੇਟੀਆਂ ਮੁਗਲਾਂ-ਅਫ਼ਗਾਨਾਂ ਦੀ ਕੈਦ ’ਚੋਂ ਛੁਡਾ ਕੇ ਲਿਆਉਂਦੇ ਸਨ, ਇੱਜ਼ਤਾਂ ਬਚਾਉਂਦੇ ਸਨ ਤੇ ਸਹੀ-ਸਲਾਮਤ ਘਰੀਂ ਪਹੁੰਚਾਉਂਦੇ ਸਨ। ਸੰਤ ਜੀ ਮੇਰੇ ਗ਼ਰੀਬ ਦੀ ਜਵਾਨ ਧੀ ਨੂੰ ਇੱਕ ਲਾਲ ਚੰਦ ਨਾਂ ਦਾ ਗੁੰਡਾ ਜਬਰੀ ਚੁੱਕ ਕੇ ਲੈ ਗਿਆ ਹੈ। ਪੁਲਸੀਏ ਅਤੇ ਸਰਕਾਰੀ ਅਧਿਕਾਰੀ ਵੀ ਉਸ ਬਦਮਾਸ਼ ਦੀ ਵੱਡੀ ਪਹੁੰਚ ਹੋਣ ਕਰਕੇ ਮੇਰੀ ਮਦਦ ਨਹੀਂ ਕਰ ਰਹੇ, ਮੇਰੀ ਧੀ ਦੀ ਇੱਜ਼ਤ ਨੂੰ ਛੇਤੀ ਬਚਾਓ।”
ਇਹ ਗੱਲ ਸੁਣਦੇ ਸਾਰ ਸੰਤ ਜੀ ਜੋਸ਼ ਨਾਲ਼ ਭਰ ਗਏ ਤੇ ਉਹਨਾਂ ਨੇ ਭਾਈ ਮਹਿੰਦਰ ਸਿੰਘ ਸਾਂਈਆਂ ਵਾਲ਼ੇ ਦੀ ਜ਼ਿੰਮੇਵਾਰੀ ਲਾਈ, ਆਪਣੀ ਗੱਡੀ ਅਤੇ ਨਾਲ਼ ਕੁਝ ਸਿੰਘ ਭੇਜੇ ਤੇ ਕਿਹਾ ਕਿ “ਸ਼ਾਮ ਦੇ ਪੰਜ ਵਜੇ ਤਕ ਉਸ ਲਾਲ ਚੰਦ ਜ਼ਾਲਮ ਨੂੰ ਖ਼ਾਲਸਈ ਹੱਥ ਵਿਖਾ ਕੇ ਹੁਕਮ ਚੰਦ ਦੀ ਧੀ ਨੂੰ ਛੁਡਾ ਕੇ ਘਰ ਪਹੁੰਚਾਓ।” ਭਾਈ ਮਹਿੰਦਰ ਸਿੰਘ ਜੋ ਸੰਤਾਂ ਦਾ ਬਚਨ ਮੰਨ ਕੇ ਤੁਰੰਤ ਹੀ ਹੁਕਮ ਚੰਦ ਨਾਲ਼ ਉਸ ਟਿਕਾਣੇ ਉੱਤੇ ਪਹੁੰਚਿਆ ਤੇ ਉਸ ਨੇ ਆਪਣੀ ਜਾਨ ਜੋਖ਼ਮ ’ਚ ਪਾ ਕੇ ਲਾਲ ਚੰਦ ਬਦਮਾਸ਼ ਨਾਲ਼ ਟੱਕਰ ਲੈਂਦਿਆਂ ਉਸ ਹਿੰਦੂ ਲੜਕੀ ਨੂੰ ਛੁਡਾਇਆ ਤੇ ਉਸ ਦੇ ਪਿਤਾ ਹੁਕਮ ਚੰਦ ਦੇ ਹਵਾਲੇ ਕੀਤੀ। ਇਸ ਗੱਲ ਤੋਂ ਸਹਿਜੇ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਜੇ ਸੰਤ ਜੀ ਹਿੰਦੂਆਂ ਦੇ ਦੁਸ਼ਮਣ ਹੁੰਦੇ ਤਾਂ ਉਹ ਹਿੰਦੂ ਦੀ ਧੀ ਨੂੰ ਛੁਡਾਉਣ ਲਈ ਐਨੇ ਉਤਾਵਲੇ ਕਿਉਂ ਹੁੰਦੇ! ਕਦੇ ਉਸ ਧੀ ਜਾਂ ਉਸ ਦੇ ਪਿਤਾ ਤੋਂ ਜਾ ਕੇ ਪੁੱਛਿਓ ਕਿ ਸੰਤ ਜੀ ਹਿੰਦੂਆਂ ਦੇ ਦੁਸ਼ਮਣ ਸਨ ? ਤੁਹਾਨੂੰ ਖ਼ੁਦ ਜਵਾਬ ਮਿਲ਼ ਜਾਏਗਾ।
ਇੱਕ ਦਿਨ ਇੱਕ ਗਰੀਬ ਹਿੰਦੂ ਜੋ ਸੰਤ ਭਿੰਡਰਾਂਵਾਲ਼ਿਆਂ ਕੋਲ਼ ਆ ਕੇ ਕਹਿਣ ਲੱਗਾ “ਸੰਤ ਜੀ ਮੇਰੀ ਲੜਕੀ ਨੂੰ ਇੱਕ ਮੁਸ਼ਟੰਡਾ ਚੁੱਕ ਕੇ ਲੈ ਗਿਆ ਹੈ ਤੇ ਉਹ ਵਿਆਹ ਲਈ ਜ਼ੋਰ ਪਾ ਰਿਹਾ ਹੈ, ਕਿਰਪਾ ਕਰਕੇ ਮੇਰੀ ਲੜਕੀ ਵਾਪਸ ਕਰਵਾਓ।” ਤਾਂ ਸੰਤਾਂ ਨੇ ਤੁਰੰਤ ਉਸ ਜ਼ਿਲ੍ਹੇ ਦੇ ਐੱਸ.ਐੱਸ.ਪੀ. ਨੂੰ ਫ਼ੋਨ ਕੀਤਾ ਤੇ ਕਿਹਾ “ਇਸ ਗ਼ਰੀਬ ਨਾਲ਼ ਧੱਕਾ ਹੋਇਆ ਹੈ, ਇਸ ਦੀ ਲੜਕੀ ਉਸ ਹੁੱਲੜਬਾਜ਼ ਤੋਂ ਤੁਰੰਤ ਵਾਪਸ ਕਰਵਾਓ, ਨਹੀਂ ਤਾਂ ਕੱਲ੍ਹ ਨੂੰ ਅਸੀਂ ਖ਼ੁਦ ਆ ਕੇ ਕਾਰਵਾਈ ਪਾਵਾਂਗੇ।” ਕੁਝ ਘੰਟਿਆਂ ਬਾਅਦ ਹੀ ਐੱਸ.ਐੱਸ.ਪੀ. ਨੇ ਫ਼ੋਨ ਕਰਕੇ ਦੱਸਿਆ ਕਿ ਲੜਕੀ ਵਾਪਸ ਕਰਵਾ ਦਿੱਤੀ ਹੈ ਤੇ ਦੋਸ਼ੀਆਂ ’ਤੇ ਕੇਸ ਦਰਜ ਕਰਕੇ ਸਜ਼ਾ ਵੀ ਦੇ ਰਹੇ ਹਾਂ, ਸੰਤ ਜੀ ਹੋਰ ਹੁਕਮ ਕਰੋ।” ਅਜਿਹੇ ਮਹਾਨ ਅਤੇ ਪਰਉਪਕਾਰੀ ਸੰਤ ਨੂੰ ਹਿੰਦੂਆਂ ਦਾ ਦੁਸ਼ਮਣ ਕਹਿਣਾ ਪਾਪ ਅਤੇ ਗ਼ੁਨਾਹ ਹੈ।
ਇਸੇ ਤਰ੍ਹਾਂ ਹੋਰ ਵੀ ਅਨੇਕਾਂ ਘਟਨਾਵਾਂ ਹਨ ਜਿਸ ਨੂੰ ਪੜ੍ਹ-ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਦੀ ਗੱਲ ਹੈ। ਇੱਕ ਕੈਲਾਸ਼ ਚੰਦਰ ਨਾਂ ਦਾ ਹਿੰਦੂ ਜਿਸ ਦੀ ਕਰਿਆਨੇ ਦੀ ਦੁਕਾਨ ਬਿਜਲੀ ਦੀਆਂ ਤਾਰਾਂ ਤੋਂ ਅੱਗ ਲੱਗਣ ਕਾਰਨ ਸੜ ਗਈ। ਉਸ ਨੂੰ ਕੁਝ ਅਖੌਤੀ ਸ਼ਿਵ ਸੈਨਿਕ ਕਹਿਣ ਲੱਗੇ ਕਿ ‘ਤੂੰ ਪੁਲਿਸ ਕੋਲ਼ ਭਿੰਡਰਾਂਵਾਲ਼ੇ ਦੇ ਬੰਦਿਆਂ ਦਾ ਨਾਂ ਲੈ ਦੇ।’ ਪਰ ਕੈਲਾਸ਼ ਚੰਦਰ ਉਹਨਾਂ ਦੀਆਂ ਗੱਲਾਂ ’ਚ ਨਾ ਆਇਆ ਤੇ ਉਹ ਸਿੱਧਾ ਸ੍ਰੀ ਦਰਬਾਰ ਸਾਹਿਬ ਲੰਗਰ ਹਾਲ ਦੀ ਛੱਤ ’ਤੇ ਸੰਤਾਂ ਕੋਲ਼ ਪਹੁੰਚਿਆ ਤੇ ਸਾਰੀ ਘਟਨਾ ਦੱਸੀ ਅਤੇ ਨਾਲ਼ ਹੀ ਕਿਹਾ ਕਿ “ਮੇਰੇ ਰੁਜ਼ਗਾਰ ਦਾ ਏਹੀ ਸਾਧਨ ਸੀ, ਸੰਤ ਜੀ ਹੁਣ ਤੁਸੀਂ ਹੀ ਮੇਰੀ ਕੁਝ ਮਦਦ ਕਰੋ ਤੇ ਤੁਹਾਡੇ ਕਾਰਨ ਹੋਰ ਸਿੱਖ ਵੀ ਮੇਰੀ ਮਦਦ ਕਰਨਗੇ ਤੇ ਮੈਂ ਉਗਰਾਹੀ ਕਰਕੇ ਨਵੇਂ ਸਿਿਰਓਂ ਦੁਕਾਨ ਚਲਾ ਲਵਾਂਗਾ।” ਸੰਤਾਂ ਨੇ ਉਸ ਨੂੰ ਪੰਜ ਸੌ ਰੁਪਏ ਦਿੱਤੇ ਤੇ ਕਿਹਾ “ਹੋਰ ਦੱਸ ਕਿੰਨੇ ਚਾਹੀਦੇ ਨੇ ?” ਉਸ ਨੇ ਕਿਹਾ “ਸੰਤ ਜੀ! ਤੁਹਾਡੇ ਵੱਲੋਂ ਦਿੱਤੀ ਇਹ ਮਾਇਆ ਬੇਅੰਤ ਹੈ ਤੇ ਹੁਣ ਮੈਂ ਹੋਰ ਪਾਸਿਓਂ ਉਗਰਾਹੀ ਕਰ ਲਵਾਂਗਾ।”
ਸੰਤ ਭਿੰਡਰਾਂਵਾਲ਼ਿਆਂ ਦੀ ਸ਼ਖ਼ਸੀਅਤ ਐਨੀ ਪ੍ਰਭਾਵਸ਼ਾਲੀ ਸੀ ਕਿ ਉਹ ਲੋਕਾਂ ਦੇ ਘਰੇਲੂ ਮਸਲੇ ਵੀ ਮਿੰਟਾਂ ’ਚ ਹੱਲ ਕਰ ਦਿੰਦੇ ਸਨ। ਉਹਨਾਂ ਨੇ ਸਿੱਖਾਂ ਅਤੇ ਹਿੰਦੂਆਂ ਦੀ ਅਨੇਕਾਂ ਲੜਕੀਆਂ ਵੀ ਵਸਾਈਆਂ ਜਿਨ੍ਹਾਂ ਨੂੰ ਉਹਨਾਂ ਦੇ ਸਹੁਰੇ ਪਰਿਵਾਰ ਦਾਜ ਲਈ ਤੰਗ-ਪ੍ਰੇਸ਼ਾਨ ਤੇ ਕੁੱਟ-ਮਾਰ ਕਰਦੇ ਸਨ। ਇੱਕ ਦਿਨ ਗੁਰੂ ਨਾਨਕ ਨਿਵਾਸ ਵਿਖੇ ਸੋਮ ਪ੍ਰਕਾਸ਼ ਨਾਂ ਦਾ ਇੱਕ ਹਿੰਦੂ ਸੰਤ ਭਿੰਡਰਾਂਵਾਲ਼ਿਆਂ ਕੋਲ਼ ਆਇਆ। ਇਤਫ਼ਾਕ ਉਸੇ ਦਿਨ ਹੀ ਭਾਰਤੀ ਜਨਤਾ ਪਾਰਟੀ ਦੇ ਆਗੂ ਸੁਆਮੀ ਸੁਬਰਾਮਨੀਅਨ ਅਤੇ ਸੁਪਰੀਮ ਕੋਰਟ ਦੇ ਉੱਘੇ ਵਕੀਲ ਰਾਮ ਜੇਠ ਮਲਾਨੀ ਵੀ ਦਿੱਲੀ ਤੋਂ ਕੁਝ ਹੋਰ ਆਗੂਆਂ ਨਾਲ਼ ਸੰਤਾਂ ਨੂੰ ਮਿਲ਼ਣ ਆਏ ਹੋਏ ਸਨ। ਸੋਮ ਪ੍ਰਕਾਸ਼ ਦਾ ਚਿਹਰਾ ਮੁਰਝਾਇਆ ਹੋਇਆ ਸੀ ਤੇ ਉਹ ਸੰਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗਾ ‘ਮਹਾਂਪੁਰਸ਼ੋ ਮੇਰੀ ਮਦਦ ਕਰੋ, ਮੇਰੀ ਧੀ ਨੂੰ ਉਸ ਦਾ ਸਹੁਰਾ ਪਰਿਵਾਰ ਦਾਜ ਨਾ ਦੇਣ ਕਰਨ ਬਹੁਤ ਤੰਗ ਕਰਦਾ ਹੈ, ਮਾਰਦਾ-ਕੁੱਟਦਾ ਹੈ, ਮੈਨੂੰ ਡਰ ਹੈ ਕਿਤੇ ਉਹ ਮੇਰੀ ਬੇਟੀ ਨੂੰ ਮਾਰ ਹੀ ਨਾ ਦੇਣ।”
ਸੰਤਾਂ ਨੇ ਭਾਈ ਕੇਹਰ ਸਿੰਘ ਟਾਂਡਾ (ਹੁਸ਼ਿਆਰਪੁਰ) ਦੀ ਜ਼ਿੰਮੇਵਾਰੀ ਲਾਈ ਤੇ ਉਸ ਨੇ ਤੁਰੰਤ ਜਾ ਕੇ ਗੱਡੀ ’ਚ ਸਹੁਰੇ ਪਰਿਵਾਰ ਨੂੰ ਬਿਠਾ ਲਿਆਂਦਾ। ਸੰਤ ਭਿੰਡਰਾਂਵਾਲ਼ਿਆਂ ਨੇ ਉਸ ਹਿੰਦੂ ਲੜਕੀ ਦੇ ਸਹੁਰਿਆਂ ਨੂੰ ਕਿਹਾ ਕਿ “ਇਹ ਅੱਜ ਤੋਂ ਹਿੰਦੂਆਂ ਦੀ ਧੀ ਨਹੀਂ, ਮੇਰੀ ਧੀ ਹੈ, ਦੱਸੋ ਤੁਹਾਨੂੰ ਕਿੰਨਾ ਦਾਜ ਚਾਹੀਦਾ ਹੈ ?” ਸੰਤਾਂ ਨੇ ਆਪਣੇ ਖੀਸੇ ’ਚ ਹੱਥ ਪਾਉਂਦਿਆਂ ਕਿਹਾ “ਦੱਸੋ, ਤੁਹਾਨੂੰ ਕਿੰਨੇ ਪੈਸੇ ਚਾਹੀਦੇ ਨੇ, ਤੁਹਾਡਾ ਘਰ ਭਰ ਦਿਆਂਗੇ ਪਰ ਇਸ ਨੂੰ ਤੰਗ ਨਾ ਕਰੋ।” ਸ਼ਰਮਸਾਰ ਹੋਇਆ ਸਹੁਰਾ ਪਰਿਵਾਰ ਸੰਤਾਂ ਕੋਲ਼ ਮਾਫ਼ੀਆਂ ਮੰਗਣ ਲੱਗਾ ਕਿ ‘ਅੱਗੇ ਤੋਂ ਕੋਈ ਸ਼ਿਕਾਇਤ ਨਹੀਂ ਆਏਗੀ।’ ਤੇ ਮੁੜ ਉਹਨਾਂ ਨੇ ਕਦੇ ਉਸ ਲੜਕੀ ਨੂੰ ਤੰਗ ਨਾ ਕੀਤਾ ਤੇ ਉਹ ਓਸੇ ਘਰ ਵਿੱਚ ਸੁਖੀ ਵੱਸਦੀ ਰਹੀ। ਕਦੇ ਉਸ ਲੜਕੀ ਦੇ ਪਰਿਵਾਰ ਨੂੰ ਮਿਿਲ਼ਓ ਤੇ ਪੁੱਛਿਓ ਕਿ ਸੰਤ ਜੀ ਹਿੰਦੂਆਂ ਦੇ ਵੈਰੀ ਸਨ ? ਇਹ ਘਟਨਾ ਵੇਖ ਕੇ ਤਾਂ ਸੁਆਮੀ ਸੁਬਰਾਮਨੀਅਨ, ਰਾਮ ਜੇਠ ਮਲਾਨੀ ਤੇ ਹੋਰ ਵਿਅਕਤੀ ਵੀ ਹੈਰਾਨ ਹੋ ਗਏ ਸਨ ਕਿ ਸਰਕਾਰ ਤਾਂ ਸੰਤਾਂ ਨੂੰ ਹਿੰਦੂਆਂ ਦੇ ਦੁਸ਼ਮਣ ਪ੍ਰਚਾਰ ਰਹੀ ਹੈ, ਪਰ ਸੰਤ ਜੀ ਤਾਂ ਹਿੰਦੂਆਂ ਦੀ ਮਦਦ ਕਰ ਰਹੇ ਹਨ। ਸੁਆਮੀ ਸੁਬਰਾਮਨੀਅਨ ਅਕਸਰ ਹੀ ਆਪਣੇ ਭਾਸ਼ਣ ਅਤੇ ਮੀਡੀਆ ’ਚ ਇਹ ਗੱਲ ਆਖਦੇ ਹਨ ਕਿ ਸੰਤ ਭਿੰਡਰਾਂਵਾਲੇ ਹਿੰਦੂਆਂ ਦੇ ਦੁਸ਼ਮਣ ਤੇ ਅੱਤਵਾਦੀ ਨਹੀਂ ਸਨ।
ਜਦੋਂ ਧਰਮ ਯੁੱਧ ਮੋਰਚਾ ਪੂਰੇ ਸ਼ਾਂਤਮਈ ਢੰਗ ਨਾਲ਼ ਚੱਲ ਰਿਹਾ ਸੀ ਤਾਂ ਹਿੰਦ ਸਰਕਾਰ ਅਤੇ ਜਨੂੰਨੀ ਹਿੰਦੁਤਵੀਆਂ ਨੇ ਇਸ ਮੋਰਚੇ ਨੂੰ ਬਦਨਾਮ ਅਤੇ ਤਾਰਪੀਡੋ ਕਰਨ ਦੇ ਅਨੇਕਾਂ ਯਤਨ ਕੀਤੇ। ਕਦੇ ਸੰਤ ਭਿੰਡਰਾਂਵਾਲ਼ਿਆਂ ਦੇ ਨਾਮ ਉੱਤੇ ਸ਼ਹਿਰੀ ਹਿੰਦੂਆਂ ਨੂੰ ਧਮਕੀ ਭਰੇ ਪੱਤਰ ਲਿਖ ਦੇਣੇ, ਕਦੇ ਮੰਦਰਾਂ ਵਿੱਚ ਗਾਂਵਾਂ ਦੇ ਸਿਰ ਤੇ ਪੂਛਾਂ ਵੱਢ ਕੇ ਸੁੱਟ ਦੇਣੀਆਂ, ਕਦੇ ਕੋਈ ਹੋਰ ਹਰਕਤ ਕਰ ਦੇਣੀ। ਸੰਤ ਜੀ ਇਹਨਾਂ ਘਟਨਾਵਾਂ ਦਾ ਪੁਰਜ਼ੋਰ ਵਿਰੋਧ ਕਰਦੇ ਰਹੇ। ਇਹਨਾਂ ਘਟਨਾਵਾਂ ਦੇ ਮੱਦੇਨਜ਼ਰ ਕਈ ਹਿੰਦੂ ਵੀਰ ਸੱਚਾਈ ਜਾਣਨ ਲਈ ਸੰਤਾਂ ਕੋਲ਼ ਆਉਂਦੇ ਰਹੇ, ਸੰਤ ਜੀ ਉਹਨਾਂ ਨੂੰ ਸੰਤੁਸ਼ਟ ਕਰਕੇ ਭੇਜਦੇ ਰਹੇ। ਉਹਨਾਂ ਹਿੰਦੂਆਂ ਨੂੰ ਤਾਂ ਸੰਤਾਂ ਕੋਲ਼ੋਂ ਕੋਈ ਡਰ ਨਹੀਂ ਸੀ ਲੱਗਾ ਉਹ ਤਾਂ ਸੰਤਾਂ ਦੇ ਬਚਨ ਸੁਣ ਕੇ ਕਾਇਲ ਤੇ ਨਿਹਾਲ ਹੋ ਜਾਂਦੇ ਸਨ, ਸੰਤ ਜੀ ਅਧਿਆਤਮਕ-ਰੂਹਾਨੀਅਤ ਭਰਪੂਰ ਸ਼ਖ਼ਸੀਅਤ ਸਨ। ਉਹ ਕਿਸੇ ਦੇ ਖ਼ਿਲਾਫ਼ ਨਹੀਂ ਬਲਕਿ ਸੱਚ ਦੇ ਪਹਿਰੇਦਾਰ ਸਨ।
ਸੰਤ ਭਿੰਡਰਾਂਵਾਲ਼ਿਆਂ ਨੇ ਅਨੇਕਾਂ ਹਿੰਦੂਆਂ ਦੇ ਮਸਲੇ ਹੱਲ ਕਰਵਾਏ ਇਹ ਗੱਲ ਮੈਨੂੰ ਖ਼ੁਦ ਇੱਕ ਅੰਮ੍ਰਿਤਸਰ ਦੇ ਹਿੰਦੂ ‘ਭੂਤ ਨਾਥ’ ਨੇ ਦੱਸੀ। ਉਸ ਨੇ ਦੱਸਿਆ ਕਿ ਅਦਾਲਤਾਂ-ਥਾਣਿਆਂ ’ਚ ਜਿਹੜੇ ਮਸਲੇ ਕਈ-ਕਈ ਸਾਲਾਂ ਤੋਂ ਹੱਲ ਨਹੀਂ ਸਨ ਹੁੰਦੇ ਉਹ ਸੰਤ ਭਿੰਡਰਾਂਵਾਲ਼ੇ ਦਸ ਮਿੰਟਾਂ ’ਚ ਹੱਲ ਕਰ ਦਿੰਦੇ ਸਨ। ਸੰਤਾਂ ਦੇ ਦਰਸ਼ਨ ਕਰਕੇ ਮਨ ਨੂੰ ਬੜੀ ਸ਼ਾਂਤੀ ਮਿਲ਼ਦੀ ਸੀ। ਅੰਮ੍ਰਿਤਸਰ ਦੇ ਇੱਕ ਹੋਰ ਹਿੰਦੂ ਵੀਰ ਭੂਸ਼ਣ ਕੁਮਾਰ (ਜੋ ਸਾਬਤ-ਸੂਰਤ ਸਰੂਪ ’ਚ ਹੈ) ਨੇ ਮੈਨੂੰ ਦੱਸਿਆ ਕਿ “ਮੈਂ ਕਈ ਵਾਰ ਸੰਤਾਂ ਨੂੰ ਮਿਿਲ਼ਆ, ਜੇ ਸੰਤ ਜੀ ਹਿੰਦੂਆਂ ਦੇ ਦੁਸ਼ਮਣ ਹੁੰਦੇ ਤਾਂ ਮੈਨੂੰ ਨਾ ਮਾਰ ਦਿੰਦੇ, ਸੰਤ ਜੀ ਤਾਂ ਸਾਡੀ ਮਦਦ ਕਰਦੇ ਸਨ।” ਇੱਕ ਤਸਵੀਰ ’ਚ ਸੰਤ ਭਿੰਡਰਾਂਵਾਲ਼ੇ ਇੱਕ ਹਿੰਦੂ ਬੱਚੇ ਨੂੰ ਨਕਦ ਇਨਾਮ ਦੇ ਰਹੇ ਹਨ ਤੇ ਦੂਜੀ ਤਸਵੀਰ ’ਚ ਇੱਕ ਹਿੰਦੂ ਦੇ ਗਲ ’ਚ ਹਾਰ ਪਾ ਰਹੇ ਹਨ।
ਇੱਕ ਵਾਰ ਗੁਰੂ ਨਾਨਕ ਨਿਵਾਸ ’ਚ ਸੰਤ ਭਿੰਡਰਾਂਵਾਲ਼ਿਆਂ ਨੂੰ ਮਿਲ਼ ਕੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਛੋਟੇ ਕਾਰਖਾਨੇਦਾਰ ਹਿੰਦੂਆਂ ਨੇ ਆਪਣੀਆਂ ਮੁਸ਼ਕਿਲਾਂ ਦੱਸੀਆਂ ਤੇ ਮਦਦ ਲਈ ਬੇਨਤੀ ਕੀਤੀ ਕਿਉਂਕਿ ਸਰਕਾਰ ਵੱਲੋਂ ਸਾਜ਼ਿਸ਼ ਅਧੀਨ ਵਿਗਾੜੇ ਜਾ ਰਹੇ ਪੰਜਾਬ ਦੇ ਮਹੌਲ ਕਾਰਨ ਉਹ ਆਪਣਾ ਕੰਮ ਛੱਡਣ ਲਈ ਮਜ਼ਬੂਰ ਹੋ ਰਹੇ ਸਨ। ਸੰਤਾਂ ਨੇ ਉਹਨਾਂ ਨੂੰ ਕਿਹਾ ਕਿ “ਤੁਹਾਡੇ ਨਾਲ਼ ਸਾਡਾ ਕੋਈ ਵਿਰੋਧ ਨਹੀਂ, ਤੁਸੀਂ ਨਿਸ਼ਚਿੰਤ ਹੋ ਕੇ ਕੰਮ ਕਰੋ, ਜੇ ਕੋਈ ਦਿੱਕਤ-ਪ੍ਰੇਸ਼ਾਨੀ ਆਏਗੀ ਤਾਂ ਅਸੀਂ ਤੁਹਾਡੀ ਤੁਰੰਤ ਮਦਦ ਕਰਾਂਗੇ।” ਸੰਤਾਂ ਨਾਲ਼ ਮਿਲ਼ ਕੇ ਉਹਨਾਂ ਹਿੰਦੂਆਂ ਨੇ ਬਹੁਤ ਖ਼ੁਸ਼ੀ ਅਤੇ ਤਸੱਲੀ ਮਹਿਸੂਸ ਕੀਤੀ ਤੇ ਕਿਹਾ ਕਿ ਅਸੀਂ ਤਾਂ ਸਰਕਾਰ ਦੀਆਂ ਗੱਲਾਂ ’ਚ ਆ ਕੇ ਐਵੇਂ ਹੀ ਸੰਤਾਂ ਨੂੰ ਹਿੰਦੂਆਂ ਦਾ ਵਿਰੋਧੀ ਮੰਨੀ ਬੈਠੇ ਸੀ।
ਇਸੇ ਤਰ੍ਹਾਂ ਭਾਈ ਮੋਹਰ ਸਿੰਘ ਜੋ ਪਹਿਲਾਂ ਬ੍ਰਾਹਮਣ ਪਰਿਵਾਰ ਨਾਲ਼ ਸੰਬੰਧਤ ਸਨ ਤੇ ਉਹਨਾਂ ਦਾ ਪਹਿਲਾਂ ਨਾਂ ਦੱਤ ਪਾਲ ਸੀ। ਦੱਤ ਪਾਲ ਨੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਕਥਾ ਸੁਣ ਕੇ ਖੰਡੇ-ਬਾਟੇ ਦਾ ਅੰਮ੍ਰਿਤ ਛਕ ਲਿਆ। ਫਿਰ ਗਿਆਨੀ ਮੋਹਰ ਸਿੰਘ ਨੇ ਚੌਦ੍ਹਵੇਂ ਮੁਖੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਅਗਵਾਈ ’ਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਉਹ 13 ਅਪ੍ਰੈਲ 1978 ਦੇ ਸਾਕੇ ਵਿੱਚ ਜ਼ਖ਼ਮੀ ਵੀ ਹੋਏ। ਫਿਰ ਜੂਨ 1984 ਦੇ ਘੱਲੂਘਾਰੇ ਵਿੱਚ ਸੰਤ ਭਿੰਡਰਾਂਵਾਲ਼ਿਆਂ ਦੇ ਨਾਲ਼ ਹੀ ਜੂਨ 1984 ਦੇ ਘੱਲੂਘਾਰੇ ਵਿੱਚ ਭਾਰਤੀ ਫ਼ੌਜਾਂ ਵਿਰੁੱਧ ਜੂਝਦਿਆਂ ਆਪਣੇ ਪਰਿਵਾਰ ਸਮੇਤ ਸ਼ਹਾਦਤ ਦਾ ਜਾਮ ਪੀ ਗਏ। ਭਾਈ ਮੋਹਰ ਸਿੰਘ ਦਾ ਮੋਰਚਾ ਪ੍ਰਕਰਮਾ ਵਿੱਚ ਬੁੰਗਾ ਸ਼ਹੀਦ ਬਾਬਾ ਦੀਪ ਸਿੰਘ ਵਾਲ਼ੇ ਸਥਾਨ ਕੋਲ਼ ਸੀ। ਜਦੋਂ 5 ਜੂਨ ਦੀ ਰਾਤ ਨੂੰ ਟੈਂਕ ਦਾਖ਼ਲ ਹੋਏ ਤਾਂ ਉਹਨਾਂ ਆਪਣੀ ਛੋਟੀ ਉਮਰ ਦੀਆਂ ਧੀਆਂ ਸਤਿਨਾਮੁ ਕੌਰ ਤੇ ਵਾਹਿਗੁਰੂ ਕੌਰ ਦੇ ਸਰੀਰਾਂ ਉੱਤੇ ਬਰੂਦ ਬੰਨ੍ਹ ਕੇ ਟੈਂਕ ਉੱਤੇ ਛਾਲਾਂ ਮਰਵਾਈਆਂ ਤੇ ਟੈਂਕ ਨਕਾਰਾ ਕਰ ਦਿੱਤਾ। ਓਥੇ ਹੀ ਭਾਈ ਸਾਹਿਬ ਦੀ ਸਿੰਘਣੀ ਬੀਬੀ ਪ੍ਰੀਤਮ ਕੌਰ ਨੇ ਵੀ ਸ਼ਹੀਦੀ ਪਾਈ। ਘੱਲੂਘਾਰੇ ਤੋਂ ਬਾਅਦ ਗਿਆਨੀ ਮੋਹਰ ਸਿੰਘ ਦੇ ਦੋਵੇਂ ਭਾਣਜੇ (ਜੋ ਹਿੰਦੂ ਤੋਂ ਸਿੰਘ ਸਜੇ ਸਨ) ਭਾਈ ਬਖ਼ਸ਼ੀਸ਼ ਸਿੰਘ ਕਲਯੁੱਗ ਤੇ ਭਾਈ ਪ੍ਰੇਮ ਸਿੰਘ ਵੀ ਖ਼ਾਲਿਸਤਾਨੀ ਸੰਘਰਸ਼ ਵਿੱਚ ਜੂਝ ਕੇ ਸ਼ਹਾਦਤਾਂ ਪਾ ਗਏ। ਜੇ ਸੰਤ ਭਿੰਡਰਾਂਵਾਲ਼ੇ ਹਿੰਦੂਆਂ ਦੇ ਦੁਸ਼ਮਣ ਹੁੰਦੇ ਤਾਂ ਇਹ ਪਰਿਵਾਰ ਹਿੰਦੂ ਤੋਂ ਸਿੰਘ ਬਣ ਕੇ ਆਪਣੀਆਂ ਜਾਨਾਂ ਸਿੱਖੀ ਦੇ ਲੇਖੇ ਕਿਉਂ ਲਾਉਂਦੇ ?
ਸੰਤ ਭਿੰਡਰਾਂਵਾਲ਼ਿਆਂ ਅਤੇ ਉਹਨਾਂ ਦੇ ਟਕਸਾਲੀ ਜਥੇ ਦਾ ਪ੍ਰਚਾਰ ਸੁਣ ਕੇ ਨੌਜਵਾਨਾਂ ਦੇ ਸਿਰਾਂ ਉੱਤੇ ਦਸਤਾਰਾਂ ਅਤੇ ਲੜਕੀਆਂ ਦੇ ਸਿਰਾਂ ਉੱਤੇ ਚੁੰਨੀਆਂ-ਕੇਸਕੀਆਂ ਆ ਜਾਂਦੀਆਂ ਸਨ, ਨਸ਼ਿਆਂ ਅਤੇ ਹੋਰ ਅਲਾਮਤਾਂ ਤੋਂ ਲੋਕ ਦੂਰ ਹੋ ਕੇ ਧਰਮੀ ਬਣ ਜਾਂਦੇ ਸਨ। ਇੱਕ ਹਿੰਦੂ ਪੰਡਿਤ ਜਗਦੀਸ਼ ਰਾਏ ਦੇ ਪੁੱਤਰ ਅਸ਼ੋਕ ਕੁਮਾਰ ਨੇ ਸੰਤਾਂ ਦਾ ਪ੍ਰਭਾਵ ਐਨਾ ਕਬੂਲਿਆ ਕਿ ਉਹ ਵੀ ਅੰਮ੍ਰਿਤ ਛਕਣ ਲਈ ਤਿਆਰ-ਬਰ-ਤਿਆਰ ਹੋ ਗਿਆ। ਅੰਮ੍ਰਿਤ ਸੰਚਾਰ ਵਾਲ਼ੇ ਜਥੇ ਨੇ ਉਸ ਦੀ ਪਰਖ਼ ਕਰਨ ਤੇ ਦ੍ਰਿੜਤਾ ਵੇਖਣ ਲਈ ਕਿਹਾ ਕਿ “ਅੰਮ੍ਰਿਤ ਛਕ ਕੇ ਰਹਿਤ ਰੱਖਣੀ ਪੈਣੀ ਹੈ ਤੇ ਜੇ ਕੋਈ ਅੰਮ੍ਰਿਤ ਛਕ ਕੇ ਰਹਿਤ ਨਾ ਰੱਖੇ ਤਾਂ ਅਸੀਂ ਬਹੁਤ ਕਰੜੀ ਸਜ਼ਾ ਦਿੰਦੇ ਹਾਂ, ਮਿੱਟੀ ਦਾ ਤੇਲ ਪਾ ਕੇ ਜਿਉਂਦੇ ਨੂੰ ਅੱਗ ਲਾ ਦਿੰਦੇ ਹਾਂ।”
ਅਸ਼ੋਕ ਕੁਮਾਰ ਨੇ ਕਮਾਲ ਕਰ ਵਿਖਾਇਆ। ਉਸ ਨੇ ਤੁਰੰਤ ਮਿੱਟੀ ਦੇ ਤੇਲ ਦਾ ਪੀਪਾ ਭਰ ਕੇ ਲਿਆਂਦਾ ਤੇ ਕਿਹਾ “ਖ਼ਾਲਸਾ ਜੀ! ਜੇ ਮੈਂ ਮਰਯਾਦਾ ਨਾ ਨਿਭਾਵਾਂਗਾ ਤਾਂ ਮੈਨੂੰ ਜਿਊਣ ਦਾ ਕੋਈ ਹੱਕ ਨਹੀਂ, ਮੈਨੂੰ ਤੇਲ ਪਾ ਕੇ ਸਾੜ ਦਿਓ।”
ਸੰਗਤ ਜੀ! ਤੁਸੀਂ ਹੈਰਾਨ ਹੋਵੋਗੇ। ਏਹੀ ਅਸ਼ੋਕ ਕੁਮਾਰ ਜੋ ਅੰਮ੍ਰਿਤ ਛਕ ਕੇ ਭਾਈ ਹਰਦੇਵ ਸਿੰਘ ਬਣਿਆ, ਸੰਤਾਂ ਦੀ ਸੰਗਤ ਵਿੱਚ ਰਿਹਾ, ਧਰਮ ਯੁੱਧ ਮੋਰਚੇ ’ਚ ਸਰਗਰਮੀ ਕੀਤੀ ਤੇ ਫਿਰ ਸੰਤ ਭਿੰਡਰਾਂਵਾਲ਼ਿਆਂ ਦੇ ਨਾਲ਼ ਹੀ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦਿਆਂ ਆਪਣਾ ਸੀਸ ਵਾਰ ਗਿਆ। ਅਸ਼ੋਕ ਕੁਮਾਰ ਨੂੰ ਪਤਾ ਲੱਗ ਗਿਆ ਸੀ ਕਿ ਸੰਤਾਂ ਦੀ ਲੜਾਈ ਹਿੰਦੂਆਂ ਨਾਲ਼ ਨਹੀਂ ਬਲਕਿ ਹਿੰਦ ਸਰਕਾਰ ਨਾਲ਼ ਹੈ। ਹਿੰਦੂ ਪਰਿਵਾਰਾਂ ਵਿੱਚੋਂ ਭਾਈ ਹਰਦੇਵ ਸਿੰਘ ਭੋਲੀ ਪੰਡਤ ਅਤੇ ਭਾਈ ਅਜੀਤ ਸਿੰਘ ਫ਼ਿਰੋਜ਼ਪੁਰ ਨੇ ਵੀ ਘੱਲੂਘਾਰੇ ’ਚ ਜੂਝ ਕੇ ਸ਼ਹਾਦਤਾਂ ਪਾਈਆਂ।
ਅੱਜ ਵੀ ਜਿਹੜੇ ਹਿੰਦੁਤਵੀਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦਾ ਵਿਰੋਧ ਕਰਦੇ ਹਨ, ਉਹਨਾਂ ਦੀਆਂ ਤਸਵੀਰਾਂ ਵੇਖ ਕੇ ਕੰਬਦੇ ਹਨ, ਪੁਤਲੇ ਸਾੜਦੇ ਹਨ, ਮੰਦੀ ਸ਼ਬਦਾਵਲੀ ਬੋਲਦੇ ਹਨ ਉਹਨਾਂ ਦੀ ਸੌੜੀ ਸੋਚ ਅਤੇ ਬਿਮਾਰ ਮਾਨਸਿਕਤਾ ’ਤੇ ਤਰਸ ਆਉਂਦਾ ਹੈ। ਸੰਤਾਂ ਦੀ ਸ਼ਖ਼ਸੀਅਤ ਨੂੰ ਧੁੰਦਲੀ ਕਰਨ ਦਾ ਯਤਨ ਕਰਨ ਵਾਲ਼ੇ ਖ਼ੁਦ ਆਪਣਾ ਜਲੂਸ ਕਢਵਾ ਰਹੇ ਹਨ ਪਰ ਸੰਤ ਜੀ ਤਾਂ ਦਿਨੋਂ-ਦਿਨ ਸੂਰਜ ਵਾਂਗ ਚਮਕਦੇ ਜਾਂਦੇ ਹਨ, ਸਿਆਣੇ ਅਤੇ ਸਮਝਦਾਰ ਹਿੰਦੂ ਉਹਨਾਂ ਦਾ ਸਤਿਕਾਰ ਕਰਦੇ ਹਨ ਤੇ ਸ੍ਰੀ ਦਰਬਾਰ ਸਾਹਿਬ ’ਚ ਸਥਿਤ ਉਹਨਾਂ ਦੇ ਅਸਥਾਨ ਗੁਰਦੁਆਰਾ ਸ਼ਹੀਦੀ ਯਾਦਗਾਰ ਵਿਖੇ ਨਤਮਸਤਕ ਹੁੰਦੇ ਹਨ। ਧਰਮ ਯੁੱਧ ਮੋਰਚੇ ਸਮੇਂ ਸੰਤ ਭਿੰਡਰਾਂਵਾਲ਼ਿਆਂ ਵੱਲੋਂ ਹਿੰਦੂਆਂ ਬਾਰੇ ਦਿੱਤੇ ਬਿਆਨਾਂ ’ਤੇ ਅਗਲੇ ਲੇਖ ਵਿੱਚ ਹੋਰ ਵਿਚਾਰ ਪੇਸ਼ ਕਰਾਂਗਾ।
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ: 88722-93883.
Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?