Home » ਧਾਰਮਿਕ » ਇਤਿਹਾਸ » ਸੰਤ ਭਿੰਡਰਾਂਵਾਲ਼ਿਆਂ ਦੇ ਹਿੰਦੂ ਵਿਰੋਧੀ ਬਿਆਨਾਂ ਦੀ ਸੱਚਾਈ ?

ਸੰਤ ਭਿੰਡਰਾਂਵਾਲ਼ਿਆਂ ਦੇ ਹਿੰਦੂ ਵਿਰੋਧੀ ਬਿਆਨਾਂ ਦੀ ਸੱਚਾਈ ?

41 Views
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਵਿਰੋਧੀਆਂ ਵੱਲੋਂ ਅਕਸਰ ਹੀ ਕਿਹਾ ਜਾਂਦਾ ਹੈ ਕਿ ਇੱਕ ਵਾਰ ਸੰਤ ਭਿੰਡਰਾਂਵਾਲ਼ਿਆਂ ਨੇ ਪੰਜ ਹਜ਼ਾਰ ਹਿੰਦੂਆਂ ਨੂੰ ਵੱਢਣ ਦੀ ਗੱਲ ਕੀਤੀ ਸੀ, ਇਸ ਕਰਕੇ ਉਹ ਹਿੰਦੂਆਂ ਦੇ ਕਾਤਲ, ਦੁਸ਼ਮਣ ਤੇ ਅੱਤਵਾਦੀ ਹਨ। ਪਰ ਇਹ ਕਹਿਣ ਤੋਂ ਪਹਿਲਾਂ ਸੱਚਾਈ ਜਾਣਨ ਦੀ ਲੋੜ ਹੈ ਕਿ ਸੰਤ ਭਿੰਡਰਾਂਵਾਲ਼ਿਆਂ ਨੂੰ ਇਹ ਬਿਆਨ ਕਿਉਂ ਦੇਣਾ ਪਿਆ ? ਕਿਹੜੇ ਹਲਾਤ ਬਣੇ ਤੇ ਉਹਨਾਂ ਨੇ ਕਿਹੜੀ ਮਜਬੂਰੀ ’ਚ ਐਨੀ ਸਖ਼ਤ ਧਮਕੀ ਦਿੱਤੀ ?  
ਦਰਅਸਲ ਉਹਨੀਂ ਦਿਨੀਂ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੱਚਖੰਡਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦਾ ਬਰਸੀ ਸਮਾਗਮ ਸੀ, ਜਿਸ ਦੇ ਸੰਬੰਧ ਵਿੱਚ ਸੰਤ ਜਰਨੈਲ ਸਿੰਘ ਜੀ ਨੇ ਟਕਸਾਲ ਦੇ ਸਿੰਘਾਂ ਨੂੰ ਜਥੇ ਦੀ ਬੱਸ ਦੇ ਕੇ ਸੰਤ ਕਰਤਾਰ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਜੀ ਬੀਬੀ ਲਾਭ ਕੌਰ ਅਤੇ ਪਰਿਵਾਰ ਨੂੰ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਝੀਂਡੇਵਾਲ਼ਾ ਤੋਂ ਲੈਣ ਵਾਸਤੇ ਭੇਜਿਆ ਸੀ।
ਓਸੇ ਦਿਨ ਹੀ ਅਚਾਨਕ 15 ਅਗਸਤ 1983 ਨੂੰ ਸਿੰਘਾਂ ਨੇ ਬੁੱਚੜ ਪੁਲਿਸ ਅਫ਼ਸਰ ਗੁਰਚਰਨ ਸਿਹੁੰ ਸਾਂਹਸੀ ਨੂੰ ਦੁਪਹਿਰੇ ਸਵਾ ਇੱਕ ਵਜੇ ਗੋਲ਼ੀਆਂ ਮਾਰ ਕੇ ਸੋਧ ਦਿੱਤਾ। ਸੰਤਾਂ ਨੇ ਡੇਢ ਵਜੇ ਇਹ ਬੱਸ ਸ੍ਰੀ ਅੰਮ੍ਰਿਤਸਰ ਤੋਂ ਭੇਜੀ ਸੀ ਜੋ ਸ਼ਾਮ ਛੇ ਵਜੇ ਮੁਕਤਸਰ ਪਹੁੰਚੀ। ਓਧਰ ਪੁਲਿਸ ਵਾਲ਼ਿਆਂ ਨੂੰ ਸਾਂਹਸੀ ਦੇ ਗੋਲ਼ੀ ਮਾਰਨ ਵਾਲ਼ਿਆਂ ਦੇ ਬਚ ਨਿਕਲਣ ਦੀ ਬੜੀ ਨਮੋਸ਼ੀ ਸੀ। ਪੁਲਿਸ ਨੇ ਥਾਂ-ਥਾਂ ’ਤੇ ਨਾਕਾਬੰਦੀ ਕੀਤੀ ਹੋਈ ਸੀ। ਜਿਸ ਸਮੇਂ ਬੱਸ ਮੁਕਤਸਰ ਤੋਂ ਵਾਪਸ ਅੰਮ੍ਰਿਤਸਰ ਨੂੰ ਆ ਰਹੀ ਸੀ ਤਾਂ ਪੁਲਿਸ ਨੇ ਟਕਸਾਲ ਦੀ ਇਸ ਬੱਸ ਨੂੰ ਘੇਰਾ ਪਾ ਲਿਆ ਤੇ ਸਿੰਘਾਂ ਅਤੇ ਬਜ਼ੁਰਗ ਮਾਤਾ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਬੱਸ ਥਾਣੇ ਲੈ ਆਂਦੀ।
ਇਸ ਗੱਲ ਦਾ ਪਤਾ ਲੱਗਦਿਆਂ ਸਾਰ ਸੰਤ ਜਰਨੈਲ ਸਿੰਘ ਅਤੇ ਸੰਗਤਾਂ ਨੂੰ ਬੜਾ ਰੋਹ ਆਇਆ। ਸੰਤਾਂ ਨੇ ਤੁਰੰਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਅਤੇ ਫ਼ਿਰੋਜ਼ਪੁਰ ਦੇ ਐੱਸ.ਐੱਸ.ਪੀ. ਨਾਲ਼ ਗੱਲ ਕੀਤੀ ਤੇ ਹੋਰ ਵੀ ਕਈ ਹੀਲੇ ਕੀਤੇ। ਪਰ ਜਦੋਂ ਮਾਤਾ ਜੀ ਨੂੰ ਨਾ ਛੱਡਿਆ ਗਿਆ ਤਾਂ ਸੰਤਾਂ ਨੇ ਹਿੰਦੂ ਸਰਕਾਰ ਦੀ ਸਾਹ ਰਗ ’ਤੇ ਪੈਰ ਰੱਖਦਿਆਂ ਪਹਿਲਾਂ ਸੁਨੇਹਾ ਭੇਜਿਆ ਤੇ ਫਿਰ ਓਹੀ ਗੱਲ ਮੰਜੀ ਸਾਹਿਬ ਦੀਵਾਨ ਹਾਲ਼ ਦੀ ਸਟੇਜ ਤੋਂ ਆਖੀ ਕਿ “ਜੇ ਸਵੇਰ ਦੇ ਪੰਜ ਵਜੇ ਤਕ ਬੱਸ ਨਾ ਛੱਡੀ ਤਾਂ ਪੰਜ ਹਜ਼ਾਰ ਹਿੰਦੂ ਇੱਕੋ ਘੰਟੇ ’ਚ ਵੱਢਾਂਗੇ।”
ਇਸ ਧਮਕੀ ਦਾ ਐਨਾ ਅਸਰ ਹੋਇਆ ਕਿ ਪੂਰਾ ਦੇਸ਼ ਹਿੱਲ ਗਿਆ, ਪੁਲਿਸ ਨੇ ਤੁਰੰਤ ਬੱਸ ਛੱਡ ਦਿੱਤੀ ਅਤੇ ਮਾਤਾ ਜੀ ਤੇ ਸਿੰਘਾਂ ਤੋਂ ਮਾਫ਼ੀ ਮੰਗ ਕੇ ਹਿਰਾਸਤ ’ਚੋਂ ਰਿਹਾਅ ਕਰ ਦਿੱਤਾ। ਅਗਲੇ ਦਿਨ 16 ਅਗਸਤ 1983 ਨੂੰ ਸੰਤ ਕਰਤਾਰ ਸਿੰਘ ਜੀ ਦੇ ਬਰਸੀ ਸਮਾਗਮ ’ਚ ਮਾਤਾ ਲਾਭ ਕੌਰ ਜੀ ਨੂੰ ਸੰਤ ਭਿੰਡਰਾਂਵਾਲ਼ਿਆਂ ਅਤੇ ਲੌਂਗੋਵਾਲ ਨੇ ਸਨਮਾਨਿਤ ਕੀਤਾ ਤੇ ਅਨੇਕਾਂ ਸਿੱਖ ਆਗੂਆਂ ਨੇ ਸੰਤਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਹੁਣ ਵਿਚਾਰਨ ਵਾਲ਼ੀ ਗੱਲ ਇਹ ਹੈ ਕਿ ਸੰਤ ਭਿੰਡਰਾਂਵਾਲ਼ਿਆਂ ਨੇ ਇਹ ਧਮਕੀ ਕਿਉਂ ਦਿੱਤੀ ? ਸੰਤ ਜੀ ਸਾਰਿਆਂ ਨੂੰ ਇਹ ਵਿਖਾਉਣਾ ਚਾਹੁੰਦੇ ਸਨ ਕਿ ਸਰਕਾਰ ਹਿੰਦੂਆਂ ਨੂੰ ਕਿੰਨਾ ਪਿਆਰ ਕਰਦੀ ਹੈ। ਸਿੰਘ ਭਾਵੇਂ ਹਰ ਰੋਜ਼ ਸ਼ਹੀਦ ਹੋਈ ਜਾਣ ਸਰਕਾਰ ਉੱਤੇ ਕੋਈ ਅਸਰ ਨਹੀਂ। ਪਰ ਕਿਸੇ ਹਿੰਦੂ ਦਾ ਕੋਈ ਵਾਲ ਵਿੰਗਾ ਕਰਨ ਦੀ ਗੱਲ ਵੀ ਕਰ ਦੇਵੇ ਤਾਂ ਸਰਕਾਰ ਤੁਰੰਤ ਹਰਕਤ ਵਿੱਚ ਆ ਜਾਂਦੀ ਹੈ। ਇਸ ਬਿਆਨ ਵਿੱਚ ਸੰਤ ਜੀ ਨਹੀਂ, ਬਲਕਿ ਸਰਕਾਰ ਪੂਰੀ ਤਰ੍ਹਾਂ ਦੋਸ਼ੀ ਸੀ। ਸੰਤਾਂ ਵੱਲੋਂ ਇਹ ਬਿਆਨ ਦੇਣ ਤੋਂ ਬਾਅਦ ਸਰਕਾਰ ਇੱਕਦਮ ਸੰਤਾਂ ਦੀ ਗੱਲ ਕਿਉਂ ਮੰਨ ਗਈ ? ਬੱਸ ਕਿਉਂ ਛੱਡ ਦਿੱਤੀ ? ਮਾਤਾ ਜੀ ਨੂੰ ਛੱਡ ਦਿੱਤਾ, ਕਿਉਂਕਿ ਸਿਰਫ਼ ਹਿੰਦੂਆਂ ਦਾ ਨਾਂ ਲੈਣ ਦੀ ਦੇਰ ਸੀ।
ਇਸ ਤੋਂ ਪਹਿਲਾਂ ਕਈ ਅਪੀਲਾਂ ਕਰਨ ’ਤੇ ਵੀ ਕੋਈ ਸੁਣਵਾਈ ਨਹੀਂ ਸੀ। ਜ਼ਾਹਰ ਹੋ ਗਿਆ ਕਿ ਇਹ ਹਿੰਦ ਸਰਕਾਰ ਸਿਰਫ਼ ਹਿੰਦੂਆਂ ਦੀ ਰਾਖੀ ਲਈ ਹੈ, ਸਰਕਾਰ ਨੂੰ ਸਿੱਖਾਂ ਤੇ ਗੁਰਬਾਣੀ ਨਾਲ਼ੋਂ ਹਿੰਦੂ ਪਿਆਰੇ ਹਨ। ਇੱਕ ਪਾਸੇ ਸਰਕਾਰ ਸਿੱਖਾਂ ਨੂੰ ਹਿੰਦੂ ਕਹਿੰਦੀ ਸੀ ਤੇ ਦੂਜੇ ਪਾਸੇ ਸਿੱਖਾਂ ’ਤੇ ਜ਼ੁਲਮ ਅਤੇ ਧਰਮ ’ਤੇ ਹਮਲੇ ਕਰ ਰਹੀ ਸੀ।
ਸੰਤ ਭਿੰਡਰਾਂਵਾਲ਼ਿਆਂ ਨੇ ਹਿੰਦੂ ਮਾਰੇ ਨਹੀਂ ਅਤੇ ਨਾ ਹੀ ਉਹਨਾਂ ਨੇ ਮਾਰਨੇ ਸਨ। ਇੱਕ ਵੀ ਹਿੰਦੂ ਦੇ ਚਪੇੜ ਜਾਂ ਸੋਟੀ ਨਹੀਂ ਮਾਰੀ, ਕਿਸੇ ਨੂੰ ਫੜ ਕੇ ਨਹੀਂ ਲਿਆਂਦਾ, ਕੁੱਟਿਆ ਨਹੀਂ, ਕੋਈ ਧਮਾਕਾ ਨਹੀਂ ਕੀਤਾ ਤੇ ਸਰਕਾਰ ਹਿੰਦੂਆਂ ਨੂੰ ਬਚਾਉਣ ਲਈ ਤਰਲੋਮੱਛੀ ਹੋ ਗਈ। ਜੇ ਸੰਤ ਭਿੰਡਰਾਂਵਾਲੇ ਇਹ ਕਹਿ ਦਿੰਦੇ ਕਿ ‘ਬੱਸ ਨਾ ਛੱਡੀ ਤਾਂ ਮੈਂ ਪੰਜ ਹਜ਼ਾਰ ਸਿੱਖ, ਮੁਸਲਮਾਨ ਜਾਂ ਇਸਾਈ ਮਾਰ ਦੇਵਾਂਗਾ।’ ਤਾਂ ਇਸ ਬਿਆਨ ਦਾ ਕੋਈ ਅਸਰ ਨਹੀਂ ਸੀ ਹੋਣਾ। ਸਰਕਾਰ ਨੇ ਖ਼ੁਦ ਹੀ ਸਿੱਖ, ਮੁਸਲਮਾਨ ਤੇ ਇਸਾਈ ਮਾਰ ਕੇ ਕਹਿ ਦੇਣਾ ਸੀ ਕਿ ਭਿੰਡਰਾਂਵਾਲ਼ੇ ਨੇ ਮਾਰੇ ਹਨ ਕਿਉਂਕਿ ਸਰਕਾਰ ਹਿੰਦੂਆਂ ਦੀ ਰਾਖੀ ਕਰਦੀ ਹੈ ਤੇ ਸਿੱਖਾਂ ਅਤੇ ਹੋਰ ਘੱਟ-ਗਿਣਤੀ ਕੌਮਾਂ ਨੂੰ ਕੁਚਲ ਦੇਣਾ ਚਾਹੁੰਦੀ ਹੈ।
ਸੰਤ ਭਿੰਡਰਾਂਵਾਲ਼ਿਆਂ ਨੇ ਤਾਂ ਇੱਕ ਵੀ ਹਿੰਦੂ ਨਹੀਂ ਸੀ ਮਾਰਿਆ, ਪਰ ਸਰਕਾਰ ਨੇ ਧਰਮ ਯੁੱਧ ਮੋਰਚੇ ਦੌਰਾਨ ਹੀ 200 ਤੋਂ ਵੱਧ ਸਿੰਘ ਸ਼ਹੀਦ ਕਰ ਦਿੱਤੇ, ਭਾਈ ਕੁਲਵੰਤ ਸਿੰਘ ਨਾਗੋਕੇ ਦੇ ਸਿਰ ਵਿੱਚ ਕਿੱਲ ਠੋਕ ਦਿੱਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਗਨ ਭੇਟ ਕੀਤਾ, ਕਈ ਸਿੰਘ ਝੂਠੇ ਪੁਲਿਸ ਮੁਕਾਬਲਿਆਂ ’ਚ ਮਾਰ ਦਿੱਤੇ, ਕਈਆਂ ਦੀਆਂ ਲੱਤਾਂ-ਬਾਂਹਾਂ ਤੋੜ ਦਿੱਤੀਆਂ, ਅਨੇਕਾਂ ਉੱਤੇ ਅਨਮਨੁੱਖੀ ਤਸ਼ੱਦਦ ਕੀਤਾ ਗਿਆ। ਪਰ ਕੇਂਦਰ ਅਤੇ ਪੰਜਾਬ ਸਰਕਾਰ ਦੇ ਕਿਸੇ ਮੰਤਰੀ ਦੇ ਕੰਨ ’ਤੇ ਜੂੰ ਨਾ ਸਰਕੀ, ਕਿਸੇ ਨੇ ਕੋਈ ਹਮਦਰਦੀ ਜਾਂ ਦੁੱਖ ਦਾ ਪ੍ਰਗਟਾਵਾ ਨਹੀਂ ਕੀਤਾ।
ਸੰਗਤ ਨੇ ਅੰਮ੍ਰਿਤ ਸੰਚਾਰ ਵਾਸਤੇ ਟਕਸਾਲ ਦੇ ਜਥੇ ਨੂੰ ਅੱਸੀ ਹਜ਼ਾਰ ਰੁਪਏ ਦੀ ਜੀਪ ਲੈ ਕੇ ਦਿੱਤੀ ਉਹ ਵੀ ਸਰਕਾਰ ਨੇ ਜਬਤ ਕਰ ਲਈ ਤੇ ਇੱਕ ਸਾਲ ਆਪਣੇ ਕੋਲ਼ ਰੱਖੀ, ਫਿਰ ਸੰਗਤ ਨੇ ਤਿੰਨ ਲੱਖ ਰੁਪਏ ਦੀ ਬੱਸ ਲੈ ਕੇ ਦਿੱਤੀ ਤੇ ਹੁਣ ਉਹ ਵੀ ਪੁਲਿਸ ਨੇ ਫੜ ਲਈ, ਮਾਤਾ ਜੀ ਬੀਬੀ ਲਾਭ ਕੌਰ ਦੀ ਬਜ਼ੁਰਗ ਉਮਰ ਦਾ ਵੀ ਖ਼ਿਆਲ ਨਾ ਰੱਖਿਆ। ਇਹਨਾਂ ਹਲਾਤਾਂ ਦੇ ਮੱਦੇਨਜ਼ਰ ਸੰਤ ਭਿੰਡਰਾਂਵਾਲ਼ੇ ਹੱਥ ’ਤੇ ਹੱਥ ਧਰ ਕੇ ਕਿਵੇਂ ਬੈਠੇ ਰਹਿੰਦੇ।
ਧਰਮ ਯੁੱਧ ਮੋਰਚੇ ਦੌਰਾਨ ਹੀ ਜਦੋਂ ਅਸ਼ੋਕ ਕੁਮਾਰ ਨਾਂ ਦਾ ਹਿੰਦੂ ਪਟਿਆਲੇ ’ਚ ਪੁਲਿਸ ਦੀ ਗੋਲ਼ੀ ਨਾਲ਼ ਮਾਰਿਆ ਗਿਆ ਤਾਂ ਉਸ ਦੀ ਮੌਤ ’ਤੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਗ੍ਰਹਿ ਮੰਤਰੀ ਪ੍ਰਕਾਸ਼ ਚੰਦ ਸੇਠੀ ਤੇ ਕੇਂਦਰੀ ਗ੍ਰਹਿ ਸਕੱਤਰ ਚਤੁਰਵੇਦੀ ਦੌੜਿਆ ਆਇਆ। ਜੇ ਹਿੰਦੂ ਮਰ ਜਾਵੇ ਤਾਂ ਸਰਕਾਰ ਦੇ ਥੰਮ੍ਹ ਹਿੱਲਦੇ ਹਨ ਤੇ ਸਿੱਖਾਂ ਵਾਰੀ ਇਹ ਸਾਰੇ ਤਮਾਸ਼ਾ ਵੇਖਦੇ ਰਹਿੰਦੇ ਹਨ।
ਸੰਤਾਂ ਨੇ ਹਿੰਦੂ ਨਹੀਂ ਮਾਰੇ, ਬਲਕਿ ਹਿੰਦੂਆਂ ਨੇ ਸਿੱਖ ਮਾਰੇ ਹਨ। ਹਿੰਦੂ ਹੁਕਮਰਾਨਾਂ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਕੇ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ, ਜਨਰਲ ਸ਼ਾਬੇਗ ਸਿੰਘ, ਬਾਬਾ ਠਾਹਰਾ ਸਿੰਘ ਸਮੇਤ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ, ਨਵੰਬਰ 1984 ਵਿੱਚ ਤਿੰਨ ਦਿਨਾਂ ਵਿੱਚ ਹੀ ਦਿੱਲੀ, ਕਾਨਪੁਰ ਅਤੇ ਹੋਰ ਸ਼ਹਿਰਾਂ ਵਿੱਚ ਫ਼ਿਰਕੂ ਹਿੰਦੁਤਵੀਆਂ ਨੇ ਦਸ ਹਜ਼ਾਰ ਤੋਂ ਵੱਧ ਸਿੱਖ ਮਾਰ ਦਿੱਤੇ, ਸਿੱਖਾਂ ਦੇ ਗਲਾਂ ’ਚ ਬਲ਼ਦੇ ਟਾਇਰ ਪਾਏ, ਬੀਬੀਆਂ ਦੀ ਪੱਤ ਰੋਲੀ, ਜਾਇਦਾਦਾਂ ਲੁੱਟੀਆਂ, ਗੁਰਦੁਆਰੇ ਸਾੜੇ ਆਦਿਕ।
ਫਿਰ ਹਿੰਦ ਸਰਕਾਰ ਨੇ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਇੱਕ ਲੱਖ ਸਿੱਖਾਂ ਨੂੰ ਮਾਰਿਆ, ਹਿੰਦੂਆਂ ਨੇ ਕਈ ਨਗਰ ਕੀਰਤਨਾਂ ’ਚ ਸਿੱਖਾਂ ’ਤੇ ਹਮਲੇ ਕਰਕੇ ਵੱਖ-ਵੱਖ ਥਾਂਈਂ ਸਿੱਖ ਮਾਰੇ, ਇਤਿਹਾਸ ਅਤੇ ਘਟਨਾਵਾਂ ਗਵਾਹ ਹਨ। ਹਿੰਦੂਆਂ ਨੂੰ ਮਾਰਨ ਦੀ ਧਮਕੀ ਦੇਣ ਕਾਰਨ ਤਾਂ ਸਰਕਾਰ ਸੰਤਾਂ ਨੂੰ ਅੱਤਵਾਦੀ ਆਖਦੀ ਹੈ ਪਰ ਜਿਸ ਸਰਕਾਰ ਨੇ ਅਨੇਕਾਂ ਸਿੱਖ ਮਾਰੇ, ਉਹ ਹਿੰਦ ਸਰਕਾਰ ਤੇ ਹਿੰਦੂ ਅੱਤਵਾਦੀ ਕਿਉਂ ਨਹੀਂ ? ਉਹ ਕਾਤਲ, ਦਰਿੰਦੇ ਤੇ ਦਹਿਸ਼ਗਰਦ ਕਿਉਂ ਨਹੀਂ ?
ਸੰਤਾਂ ਦੇ ਅਲੋਚਕ ਕਹਿੰਦੇ ਹਨ ਕਿ ਸੰਤ ਭਿੰਡਰਾਂਵਾਲ਼ਿਆਂ ਨੇ ‘ਇੱਕ-ਇੱਕ ਸਿੱਖ ਦੇ ਹਿੱਸੇ ਪੈਂਤੀ-ਪੈਂਤੀ ਹਿੰਦੂ ਆਉਂਦੇ ਨੇ’ ਬਿਆਨ ਦਿੱਤਾ ਸੀ। ਜਦ ਕਿ ਉਸ ਵਿੱਚ ਵੀ ਅਸਲੀਅਤ ਇਹ ਹੈ ਕਿ ਇਸ ਤੋਂ ਪਹਿਲਾਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਧਮਕੀ ਦਿੰਦਿਆਂ ਕਿਹਾ ਸੀ ਕਿ ‘ਪੰਜਾਬ ਤੋਂ ਬਾਹਰਲੇ ਸਿੱਖਾਂ ਦਾ ਸੋਚ ਲਿਓ ਕੀ ਬਣੇਗਾ ?’ ਤੇ ਉਸ ਦੇ ਮੰਤਰੀ ਨੇ ਕਿਹਾ ਕਿ ‘ਪੈਂਤੀ-ਪੈਂਤੀ ਹਿੰਦੂਆਂ ਦੇ ਹਿੱਸੇ ਇੱਕ-ਇੱਕ ਸਿੱਖ ਆਉਂਦਾ ਏ ਤੇ ਅਸੀਂ ਸਿੱਖਾਂ ਨੂੰ ਮਸਲ ਕੇ ਰੱਖ ਦਿਆਂਗੇ।’ ਤੇ ਫਿਰ ਸੰਤ ਭਿੰਡਰਾਂਵਾਲ਼ਿਆਂ ਨੇ ਜਵਾਬ ਵਿੱਚ ਕਿਹਾ ਕਿ “ਅਸੀਂ ਵੀ ਗਿਣਤੀ ਕਰੀ ਬੈਠੇ ਆਂ, ਇੱਕ-ਇੱਕ ਸਿੱਖ ਦੇ ਹਿੱਸੇ ਪੈਂਤੀ-ਪੈਂਤੀ ਹਿੰਦੂ ਆਉਂਦੇ ਨੇ, ਇੱਕ-ਇੱਕ ਸਿੱਖ ਤਾਂ ਸਵਾ-ਸਵਾ ਲੱਖ ਨਾਲ਼ ਟਕਰਾਅ ਜਾਂਦਾ, ਇਹ ਵੀਹ-ਪੈਂਤੀ ਤਾਂ ਕੋਈ ਵੱਡੀ ਗੱਲ ਨਹੀਂ, ਸਿੱਖਾਂ ਕੋਲ਼ ਦਸਵੇਂ ਪਾਤਸ਼ਾਹ ਦੀ ਮੇਹਰ ਤੇ ਖੰਡੇ-ਬਾਟੇ ਦੇ ਅੰਮ੍ਰਿਤ ਦੀ ਤਾਕਤ ਹੈ।” ਜੇ ਇੰਦਰਾ ਗਾਂਧੀ ਅਤੇ ਉਸ ਦੇ ਹਿੰਦੂ ਮੰਤਰੀ ਧਮਕੀ ਦੇ ਦੇਣ ਤਾਂ ਉਹ ਅੱਤਵਾਦੀ ਨਹੀਂ, ਕੋਈ ਮੁਕੱਦਮਾ ਦਰਜ ਨਹੀਂ, ਪਰ ਜੇਕਰ ਸੰਤ ਜਰਨੈਲ ਸਿੰਘ ਜੀ ਜਵਾਬ ਦੇ ਦੇਣ ਤਾਂ ਉਹਨਾਂ ਨੂੰ ਹਿੰਦੂਆਂ ਦਾ ਦੁਸ਼ਮਣ, ਕਾਤਲ, ਅੱਤਵਾਦੀ ਆਦਿਕ ਕਈ ਖ਼ਿਤਾਬ ਦੇ ਦਿੱਤੇ ਜਾਂਦੇ ਨੇ ਤੇ 506 ਧਾਰਾ ਤਹਿਤ ਕੇਸ ਦਰਜ ਕਰ ਦਿੱਤਾ ਜਾਂਦਾ ਹੈ।
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਮੰਜੀ ਸਾਹਿਬ ਦੀਵਾਨ ਹਾਲ ’ਚ ਇਸ ਘਟਨਾ ਬਾਰੇ ਬਚਨ ਕਰਦਿਆਂ ਕਿਹਾ ਕਿ “ਮੈਂ ਇਹਦੇ ਸੰਬੰਧ ਵਿੱਚ ਬਿਆਨ ਦਿੱਤਾ ਸੀ, ਜਦੋਂ ਹਿੰਦੂਆਂ ਦੀ ਗੱਲ ਸਟੇਜ ਤੋਂ ਚੱਲੀ ਆ ਕਿ ਜੇ ਅਸੀਂ ਆਪਣੇ ਸੱਚਖੰਡ ਵਾਸੀ ਮਹਾਂਪੁਰਖ, ਅਸੀਂ ਜਿਹਨਾਂ ਨੂੰ ਆਪਣਾ ਪਿਤਾ ਮੰਨਦੇ ਆਂ, ਆਪਣੇ ਬਜ਼ੁਰਗ ਮੰਨਦੇ ਆਂ, ਉਹਨਾਂ ਦੀ ਮਾਤਾ ਬਿਰਧ ਹੋਵੇ ਤੇ ਉਹਨਾਂ ਦੇ ਪੁੱਤਰ ਨੇ ਚੜ੍ਹਾਈ ਕੀਤੀ ਹੋਵੇ ਤੇ ਪੁੱਤਰ ਦੀ ਚੜ੍ਹਾਈ ਦੇ ਸੰਬੰਧ ਵਿੱਚ ਬਰਸੀ ਮਨਾਉਂਦੇ ਹੋਈਏ ਤੇ ਬਰਸੀ ਦੇ ਸੰਬੰਧ ਵਿੱਚ, ਬ੍ਰਹਮ-ਗਿਆਨੀ ਦੀ ਮਾਤਾ ਨੂੰ ਲੈਣ ਜਾਵੇ ਬੱਸ। ਉਹਨਾਂ ਦੇ ਪਰਿਵਾਰ ਨੂੰ ਲੈਣ ਜਾਵੇ, ਤੇ ਬੱਸ ਨੂੰ ਫੜ ਕੇ ਥਾਣੇ ਵਿੱਚ ਬੰਦ ਕੀਤਾ ਜਾਵੇ। ਉਹਦੇ ਛੁਡਾਉਣ ਦੇ ਸੰਬੰਧ ਵਿੱਚ ਮੈਂ ਬਿਆਨ ਦਿੱਤਾ ਤੇ ਨਾਲ ਇਹ ਕਿਹਾ ਕਿ ਇਹ ਅੱਖਰ ਕਿਉਂ ਵਰਤੇ ਆ ? ਅੱਖਰ ਤਾਂ ਵਰਤੇ ਆ, ਅਸ਼ੋਕ ਕੁਮਾਰ ਨਾਮੀ ਇੱਕ ਵਿਅਕਤੀ ਪੁਲੀਸ ਦੀ ਗੋਲ਼ੀ ਨਾਲ਼ ਮਾਰਿਆ ਗਿਆ ਪਟਿਆਲੇ ‘ਚ, ਸੈਂਟਰ ਦੀ ਗੌਰਮੈਂਟ ਦੀਆਂ ਥੰਮ੍ਹੀਆਂ ਹਿੱਲ ਗਈਆਂ, ਕੰਧਾਂ ਹਿੱਲ ਗਈਆਂ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੌੜੀ ਆਈ, ਗ੍ਰਹਿ ਮੰਤਰੀ ਸੇਠੀ ਭੱਜਿਆ ਆਇਆ, ਚਤੁਰਵੇਦੀ ਦੀ ਅੱਡੀ ਨਹੀਂ ਲੱਗੀ, ਉਹ ਵੀ ਉਥੇ ਪਹੁੰਚਿਆ, ਪਰ ਪੱਗਾਂ ਵਾਲਿਉ ਵੀਰੋ, ਆਪਾਂ 200 ਸ਼ਹੀਦ ਹੋ ਚੱਲੇ ਆਂ, ਕੁਝ ਹੀ ਘੱਟ ਹੋਵਾਂਗੇ, ਕੋਈ ਸਰਕਾਰ ਦਾ ਚੌਂਕੀਦਾਰ ਤੁਹਾਡਾ ਪਤਾ ਲੈਣ ਆਇਆ ? ਜੇ ਸਿੱਖ ਦੇ ਪੁੱਤ ਦੀ ਸ਼ਹਾਦਤ ਦੀ ਕੁੱਤੇ ਜਿੰਨੀ ਵੀ ਕਦਰ ਨਹੀਂ ਤੇ ਹਿੰਦੂ ਦਾ ਪੁੱਤ ਮਰ ਜਾਵੇ ਤਾਂ ਸੈਂਟਰ ਹਿੱਲ ਜਾਂਦੀ ਆ। ਫਿਰ ਹੱਥ ਉਥੇ ਲਾਉਣਾ ਚਾਹੀਦਾ, ਜਿੱਥੇ ਇਹ ਹਿੱਲਦੇ ਆ ਤੇ ਜਿੱਥੇ ਇਹਨਾਂ ਨੂੰ ਪਤਾ ਈ ਕੁਝ ਨਹੀਂ, ਉਥੇ ਹੱਥ ਲਾ ਕੇ ਕਰਨਾ ਕੀ ਆ ? ਕੋਈ ਹਿੰਦੂ ਮਾਰਿਆ ਆਪਾਂ, ਕੇਵਲ ਬਿਆਨ ਦਿੱਤਾ ਤੇ ਬਿਆਨ ਵੀ ਇਸ ਸ਼ਰਤ ‘ਤੇ ਦਿੱਤਾ ਸੀ, ਭਾਈ ਜੇ ਅਸੀਂ ਬਜ਼ੁਰਗ ਮਾਤਾ ਨੂੰ ਲੈਣ ਗਏ ਤਾਂ ਵੀ ਕਾਤਲ, ਜੇ ਅਸੀਂ ਅੰਮ੍ਰਿਤ ਛਕਾਉਣ ਗਏ ਤਾਂ ਵੀ ਕਾਤਲ, ਬੁੱਟਰਾਂ ਦਾ ਮੁੰਡਾ ਇੱਕ ਫੜਿਆ ਪ੍ਰਚਾਰ ਕਰਨ ਗਿਆ, ਕੁੱਟ-ਕੁੱਟ ਕੇ ਹੱਡ ਤੋੜ ਦਿੱਤੇ ਆ, ਫ਼ਰੀਦਕੋਟ ਜੇਲ੍ਹ ‘ਚ ਜਾ ਕੇ ਵੇਖ ਲਉ। ਕਥਾ ਕਰਨ ਗਿਆ ਪਿੰਡ ‘ਚ। ਪਿੰਡ ‘ਚ ਕਥਾ ਕਰਨ ਗਏ ਨੂੰ ਫੜ ਕੇ ਲੱਤਾਂ ਤੋੜੀਆਂ ਉਹਦੀਆਂ। ਜੇ ਕਥਾ ਕਰਦੇ ਅਸੀਂ ਕਾਤਲ ਆਂ, ਅੰਮ੍ਰਿਤ ਸੰਚਾਰ ਕਰਦੇ ਅਸੀਂ ਕਾਤਲ ਆਂ, ਆਪਣੀ ਮਾਤਾ ਨੂੰ ਲੈਣ ਗਏ ਵੀ ਅਸੀਂ ਕਾਤਲ ਆਂ, ਕਥਾ ਗੁਰੂ ਕੀ ਬਾਣੀ ਦੀ ਅਸੀਂ ਇਥੇ ਬਹਿ ਕੇ ਕਰੀਏ, ਅਸੀਂ ਕਾਤਲ ਆਂ ਤੇ ਸ਼ਹੀਦ ਦੀ ਅਰਥੀ ਦੇ ਮੋਢਾ ਲਾ ਦੇਈਏ ਜਾ ਕੇ, ਅਸਤੀਆਂ ਨੂੰ ਲਿਜਾਣ ਵਾਸਤੇ ਅਸੀਂ ਕਾਤਲ ਆਂ ਤੇ ਫਿਰ ਸਾਨੂੰ ਸੋਚਣਾ ਪਊਗਾ ਭਾਈ, ਜੇ ਅਸੀਂ ਝੂਠੇ ਹੀ ਕਾਤਲ ਆਂ ਤੇ ਸੱਚੇ ਬਣ ਕੇ ਵਿਖਾ ਦੇਈਏ ਚੱਜ ਨਾਲ਼। ਬਿਆਨ ਦਿੱਤਾ, ਕਿਵੇਂ ਪਿੱਟੀ ਆ ਗੌਰਮੈਂਟ ? ਕਿਵੇਂ ਪਿੱਟੇ ਆ ਪਾਂਡੇ ਹੁਰੀਂ ? ਅੱਜ 13 ਮਹੀਨਿਆਂ ਤੋਂ ਉੱਪਰ ਹੋ ਗਿਆ ਇੱਕ ਦਿਨ ਮੋਰਚਾ ਲੱਗੇ ਨੂੰ, ਗ੍ਰਿਫ਼ਤਾਰੀ ਦੇ ਰੂਪ ਵਿੱਚ। ਅੱਜ 20 ਤਰੀਕ ਆ, 19 ਤਰੀਕ ਨੂੰ ਲੱਗਾ ਸੀ, 13 ਮਹੀਨੇ ਪੂਰੇ ਹੋ ਗਏ ਆ, ਉੱਪਰ ਇੱਕ ਦਿਨ ਜਾ ਰਿਹਾ ਅੱਜ। 13 ਮਹੀਨਿਆਂ ‘ਚ ਕਦੇ ਪਾਂਡੇ ਦਾ ਬਿਆਨ ਪੜ੍ਹਿਆ ਕਿ ਸਿੱਖ ਮਾਰੇ ਗਏ, ਬਹੁਤ ਮਾੜਾ ਹੋਇਆ। ਇਤਨੀ ਭਾਰੀ ਗ੍ਰਿਫ਼ਤਾਰੀ ਦੇ ਚੁੱਕੇ ਆਂ, ਪਾਂਡੇ ਨੂੰ ਕੋਈ ਦਰਦ ਨਹੀਂ। ਸ਼ਹੀਦ ਹੋ ਗਏ, ਕੋਈ ਦਰਦ ਨਹੀਂ। ਸਿੱਖਾਂ ਦੀਆਂ ਬੀਬੀਆਂ ਰੰਡੀਆਂ ਹੋ ਗਈਆਂ, ਕੋਈ ਦਰਦ ਨਹੀਂ। ਟਰੈਕਟਰਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਕੁੱਪ ਕਲਾਂ ਵਿੱਚ, ਕੋਈ ਦਰਦ ਨਹੀਂ ਤੇ ਅਜੇ ਤੇ ਨਾਂਅ ਹੀ ਲਿਆ ਸਟੇਜ ਤੋਂ, ਛੁੱਟੀ ਵੀ ਨਹੀਂ ਦਿੱਤੀ ਕੋਈ ਤੇ ਤਾਪ ਪਹਿਲਾਂ ਹੀ ਚੜ੍ਹ ਗਿਆ ਸਾਰਿਆਂ ਨੂੰ।”
ਦਾਸ ਪਹਿਲਾਂ ਹੀ ਇੱਕ ਵੱਖਰੇ ਲੇਖ ਵਿੱਚ ਜ਼ਿਕਰ ਕਰ ਚੁੱਕਾ ਹੈ ਕਿ ਸੰਤ ਭਿੰਡਰਾਂਵਾਲ਼ਿਆਂ ਨੇ ਅਨੇਕਾਂ ਹਿੰਦੂ ਪਰਿਵਾਰਾਂ ਦੀ ਸਹਾਇਤਾ ਕੀਤੀ ਸੀ। ਉਹਨਾਂ ਦੀ ਲੜਾਈ ਹਿੰਦੂਆਂ ਨਾਲ਼ ਨਹੀਂ, ਹਿੰਦੁਤਵੀ ਸਰਕਾਰ ਨਾਲ਼ ਸੀ। ਸੰਤ ਜੀ ਖ਼ੁਦ ਹੀ ਕਈ ਵਾਰ ਦੱਸ ਚੁੱਕੇ ਸਨ ਕਿ ਉਹਨਾਂ ਦਾ ਹਿੰਦੂਆਂ ਨਾਲ਼ ਕੋਈ ਵੈਰ ਨਹੀਂ, ਇਹ ਬਿਆਨ ਤਾਂ ਦਿੱਤਾ ਕਿਉਂਕਿ ਬੱਸ ਨੂੰ ਫੜਾਉਣ ਵਾਲ਼ੇ ਹਿੰਦੂ ਸਨ, ਉਹ ਮਹਾਸ਼ਾ ਪ੍ਰੈੱਸ ਅਤੇ ਫ਼ਿਰੋਜ਼ਪੁਰ ਦਾ ਐੱਸ.ਐੱਸ.ਐੱਸ.ਪੀ. ਹਿੰਦੂ ਹੀ ਸੀ ਜਿਸ ਨੇ ਮੁਕਤਸਰ ਪੁਲਿਸ ਨੂੰ ਕਿਹਾ ਕਿ ‘ਬੱਸ ਫੜ ਲਵੋ।’ ਹਿੰਦੂ ਸਰਕਾਰ ਹੀ ਸਿੱਖਾਂ ਉੱਤੇ ਅੱਤਿਆਚਾਰ ਕਰ ਰਹੀ ਸੀ, ਡੈਣ ਇੰਦਰਾ ਗਾਂਧੀ ਸਿੱਖਾਂ ਦਾ ਖ਼ੂਨ ਪੀ ਰਹੀ ਸੀ, ਦਿੱਲੀ ਬੈਠੇ ਹਿੰਦੁਤਵੀਏ ਸਿੱਖਾਂ ਖ਼ਿਲਾਫ਼ ਨਿੱਤ ਨਵੀਆਂ ਨੀਤੀਆਂ ਘੜ ਰਹੇ ਸਨ।
ਜਦੋਂ ਸੰਤਾਂ ਨੇ ਹਿੰਦੂਆਂ ਨੂੰ ਸੇਕ ਦੇਣ ਦੀ ਗੱਲ ਆਖੀ ਤਾਂ ਤੁਰੰਤ ਸਰਕਾਰ ਨੇ ਮਾਤਾ ਜੀ ਅਤੇ ਟਕਸਾਲ ਦੇ ਸਿੰਘਾਂ ਨੂੰ ਤੇ ਬੱਸ ਨੂੰ ਛੱਡ ਦਿੱਤਾ। ਸੰਤਾਂ ਵੱਲੋਂ ਛੱਡਿਆ ਤੀਰ ਪੂਰਾ ਟਿਕਾਣੇ ’ਤੇ ਲੱਗਾ ਤੇ ਸਰਕਾਰ ਦੀਆਂ ਅੱਖਾਂ ਖੁੱਲ੍ਹ ਗਈਆਂ। ਸੰਤ ਭਿੰਡਰਾਂਵਾਲ਼ਿਆਂ ਨੂੰ ਦੋਸ਼ੀ ਗਰਦਾਨਣ ਤੋਂ ਪਹਿਲਾਂ ਹਰੇਕ ਸਿੱਖ, ਹਿੰਦੂ ਅਤੇ ਹੋਰਾਂ ਨੂੰ ਇਹਨਾਂ ਬਿਆਨਾਂ ਦੀ ਸੱਚਾਈ ਅਤੇ ਸਰਕਾਰ ਦੀ ਚਾਲ ਜਾਣ ਲੈਣੀ ਚਾਹੀਦੀ ਹੈ।
ਅੱਜ ਦੇ ਹਲਾਤਾਂ ਨੂੰ ਵੀ ਵੇਖ ਲਈਏ ਤਾਂ ਕੋਈ ਹਿੰਦੂ ਆਗੂ ਮਾਰਿਆ ਜਾਵੇ ਤਾਂ ਪੁਲਿਸ, ਸਰਕਾਰ ਅਤੇ ਮੰਤਰੀ ਤੁਰੰਤ ਕਾਰਵਾਈ ਕਰਦੇ ਹਨ ਪਰ ਸਿੱਖਾਂ ਉੱਤੇ ਜਿੰਨਾ ਮਰਜੀ ਜ਼ੁਲਮ ਹੋਈ ਜਾਵੇ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਹੁਣ ਤਾਂ ਹਿੰਦੁਤਵੀ ਸਰਕਾਰ ਵਿਦੇਸ਼ਾਂ ਵਿੱਚ ਵੀ ਸਿੱਖ ਆਗੂਆਂ ਦੇ ਕਤਲ ਕਰਵਾ ਰਹੀ ਹੈ। ਇਸੇ ਕਰਕੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ੇ ਸਿੱਖਾਂ ਨੂੰ ਹਿੰਦ ਸਰਕਾਰ ਦੀਆਂ ਗ਼ੁਲਾਮੀ ਦੀਆਂ ਜ਼ੰਜ਼ੀਰਾਂ ਤੋਂ ਮੁਕਤ ਕਰਵਾਉਣਾ ਚਾਹੁੰਦੇ ਸਨ। ਪਰ ਧੰਨ ਹਨ ਉਹ ਲੋਕ ਜੋ ਸਰਕਾਰ ਦੇ ਬਿਰਤਾਂਤ ਦਾ ਸ਼ਿਕਾਰ ਹੋ ਕੇ ਸੰਤ ਭਿੰਡਰਾਂਵਾਲ਼ਿਆਂ ਨੂੰ ਹੀ ਗ਼ਲਤ ਆਖੀ ਜਾਣਗੇ, ਗੁਰੂ ਸਾਹਿਬ ਇਹਨਾਂ ਨੂੰ ਸੁਮੱਤ ਬਖ਼ਸ਼ਣ।
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ: 88722-93883.
Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?