ਆਪ ਜੀ ਨੂੰ ਪੰਜਾਬ ਪੁਲਿਸ ਨੇ 25ਸਤੰਬਰ 1992 ਨੂੰ ਘਰੋਂ ਚੁੱਕ ਕੇ ਲਾਪਤਾ ਕਰ ਦਿੱਤਾ।
ਜਦੋਂ ਪੰਜਾਬ ਦੀ ਧਰਤੀ ਤੇ ਕੌਮੀ ਅਜ਼ਾਦੀ ਲਈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਵਲੋਂ ਸੰਘਰਸ਼ ਵਿੱਢਿਆ ਹੋਇਆ ਸੀ ਤਾਂ ਸਮੇਂ ਦੀ ਜ਼ਾਲਮ ਹਕੂਮਤ ਵਲੋਂ ਹਰ ਉਸ ਸਿੱਖ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ ਜੋ ਕੌਮੀ ਦਰਦ ਰਖਦਾ ਸੀ ਜਾ ਕਹਿ ਲੋ ਜੋ ਵਿਰੋਧਤਾ ਕਰਦਾ ਸੀ ਇਸ ਹਨੇਰੀ ਨੇ ਬੇਕਸੂਰ ਹੋਣ ਤੇ ਵੀ ਅਨੇਕਾਂ ਘਰਾਂ ਦੇ ਦੀਵੇ ਬੁਝਾ ਦਿੱਤੇ ਪਰਿਵਾਰਾਂ ਨੂੰ ਜ਼ਲੀਲ ਕੀਤਾ ਗਿਆ ਤਸੀਹੇ ਦਿੱਤੇ ਗਏ ਇਸ ਦੇ ਨਾਲ ਹੀ ਬਹੁਤੇ ਪਰਿਵਾਰ ਇਹੋ ਜਿਹੇ ਵੀ ਹਨ ਜਿਨਾਂ ਦੇ ਜੀਆਂ ਨੂੰ ਲਾਪਤਾ ਹੀ ਕਰ ਦਿੱਤਾ ਗਿਆ ਜਿਨਾਂ ਦੀ ਪਰਿਵਾਰਾਂ ਨੂੰ ਅੱਜਤੱਕ ਕੋਈ ਉਘਸੁਘ ਨਾਲ ਮਿਲੀ ਇਹੋ ਜਿਹੀ ਹੀ ਇੱਕ ਦਾਸਤਾਨ ਐਡਵੋਕੇਟ ਭਾਈ ਜਗਵਿੰਦਰ ਸਿੰਘ ਜੀ ਹੈਪੀ ਦੀ ਹੀ।
ਸ਼ਹੀਦ ਭਾਈ ਜਗਵਿੰਦਰ ਸਿੰਘ ਜੀ ਹੈਪੀ ਦਾ ਜਨਮ ਇੱਕ ਸਧਾਰਨ ਪਰਿਵਾਰ ਵਿੱਚ ਪਿਤਾ ਸੁਖਦੇਵ ਸਿੰਘ ਜੀ ਦੇ ਗ੍ਰਹਿ ਅੰਮ੍ਰਿਤਸਰ ਵਿਖੇ ਮਾਤਾ ਨਸੀਬ ਕੌਰ ਜੀ ਦੀ ਸੁਲੱਖਣੀ ਕੁੱਖੋਂ 1ਨਵੰਬਰ 1967 ਨੂੰ ਹੋਇਆ ਆਪ ਜੀ ਦਾ ਜੱਦੀ ਪਿੰਡ ਧਾਦਰਾਂ ਜ਼ਿਲਾ ਲੁਧਿਆਣਾ ਹੈ।
ਆਪ ਜੀ ਕੁਲ ਦੋ ਭਰਾ ਇੱਕ ਭੈਣ ਹਨ ਭਰਾ ਭਾਈ ਮਨਜਿੰਦਰ ਸਿੰਘ ਜੀ ਅਤੇ ਵੱਡੀ ਭੈਣ ਬੀਬੀ ਹਰਜੀਤ ਕੌਰ ਜੀ ਹਨ। ਆਪ ਜੀ ਨੇ 1983 ਵਿੱਚ ਦੱਸਵੀਂ ਜਮਾਤ ਪਾਸ ਕੀਤੀ ਅਤੇ ਇਸ ਮਗਰੋਂ ਪ੍ਰੀ ਮੈਡੀਕਲ ਕੀਤੀ ਤੇ ਫਿਰ ਬੀ ਏ ਦੀ ਪੜਾਈ ਪੂਰੀ ਕਰ 1990 ਚ ਅਜਮੇਰ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ। ਆਪ ਜੀ ਪੜਾਈ ਵਿੱਚ ਸ਼ੁਰੂ ਤੋਂ ਹੀ ਹੁਸ਼ਿਆਰ ਸਨ ਆਪ ਜੀ ਨੇ ਗਰੀਬੀ ਵਿੱਚ ਰਹਿਕੇ ਵੀ ਇਕ ਮੁਕਾਮ ਨੂੰ ਹਾਸਲ ਕਰਨ ਲਈ ਜਿੰਦਗੀ ਨਾਲ ਸੰਘਰਸ਼ ਕੀਤਾ।
ਸ਼ਹੀਦ ਭਾਈ ਜਗਵਿੰਦਰ ਸਿੰਘ ਜੀ ਹੈਪੀ ਨੇ ਮਾਰਚ 1991 ਵਿੱਚ ਪੰਜਾਬ ਹਰਿਆਣਾ ਬਾਰ ਕੌਂਸਲ ਦੀ ਮੈਂਬਰਸ਼ਿਪ ਲਈ ਪਹਿਲਾਂ ਕਪੂਰਥਲਾ ਅਤੇ ਫਿਰ ਬਾਅਦ ਵਿੱਚ ਨਵੀਆਂ ਕਚਿਹਰੀਆਂ ਜਲੰਧਰ ਵਿੱਚ ਪ੍ਰੈਕਟਿਸ ਸ਼ੁਰੂ ਕੀਤੀ। ਜੋ ਕਿ ਲਗਾਤਾਰ ਜਾਰੀ ਸੀ।
ਇਸੇ ਦੌਰਾਨ ਹੀ 25ਸਤੰਬਰ 1992 ਦੀ ਸਵੇਰੇ ਨੂੰ ਪੁਲਿਸ ਦੀਆਂ ਤਿੰਨ ਜਿਪਸੀਆਂ ਮੁਹੱਲੇ ਵਿੱਚ ਆਈਆਂ ਜਿਨਾਂ ਨੇ ਘਰ ਨੂੰ ਚਾਰੇ ਪਾਸੇ ਘੇਰ ਲਿਆ ਤੇ ਇੱਕ ਸਬ ਇੰਸਪੈਕਟਰ ਨਾਲ ਹੋਰ ਸਿਪਾਹੀਆਂ ਨੂੰ ਲੈਕੇ ਘਰ ਚ ਦਾਖਲ ਹੋਇਆ ਤੇ ਉਸ ਨੇ ਭਾਈ ਜਗਵਿੰਦਰ ਸਿੰਘ ਜੀ ਹੈਪੀ ਨੂੰ ਆਪਣੇ ਨਾਲ ਜਾਣ ਲਈ ਕਿਹਾ ਅਤੇ ਇਹ ਵੀ ਕਿਹਾ ਕਿ ਐਸ ਐਸ ਪੀ ਕਪੂਰਥਲਾ ਐਮ ਕੇ ਤਿਵਾੜੀ ਨੇ ਬੁਲਾਇਆ ਹੈ ਕੋਈ ਵਕਾਲਤ ਨਾਲ ਸੰਬੰਧਿਤ ਕੰਮ ਹੈ ਤੇ ਅਸੀ ਸੀ ਆਈ ਏ ਸਟਾਫ ਤੋਂ ਆਏ ਹਾਂ ਉਸ ਦਿਨ ਤੋਂ ਬਾਅਦ ਅੱਜਤੱਕ ਭਾਈ ਜਗਵਿੰਦਰ ਸਿੰਘ ਜੀ ਹੈਪੀ ਦਾ ਕੁੱਝ ਵੀ ਪਤਾ ਨਹੀ ਲਗਿਆ।
26ਸਤੰਬਰ 1992 ਨੂੰ ਕਪੂਰਥਲਾ ਅਤੇ ਜਲੰਧਰ ਦੀ ਬਾਰ ਐਸੋਸੀਏਸ਼ਨ ਵਲੋਂ ਹੜਤਾਲ ਕੀਤੀ ਗਈ ਤੇ ਇੱਕ ਵਫਦ ਜਾਕੇ ਐਸ ਐਸ ਪੀ ਕਪੂਰਥਲਾ ਨੂੰ ਮਿਲਿਆ ਅਫਸੋਸ ਕਿ ਅਗੋਂ ਇਹ ਜਵਾਬ ਐਸ ਐਸ ਪੀ ਨੇ ਦਿੱਤਾ ਕੀ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀ ਹੈ ਨਾ ਹੀ ਮੈ ਕਿਸੇ ਨੂੰ ਬੁਲਾਇਆ ਹੈ 27ਸਤੰਬਰ ਨੂੰ ਵਕੀਲਾਂ ਦਾ ਇੱਕ ਵਫਦ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੀ ਕੇ ਅਗਨੀਹੋਤਰੀ ਦੀ ਅਗਵਾਈ ਹੇਠ ਡੀ ਆਈ ਜੀ ਜਲੰਧਰ ਰੇਂਜ ਜੀ ਆਈ ਐਸ ਭੁੱਲਰ ਨੂੰ ਮਿਲਿਆ ਪਰ ਉਥੋਂ ਵੀ ਕੋਈ ਤਸਲੀ ਬਖਸ਼ ਜਵਾਬ ਨਾ ਮਿਲਿਆ।
29ਸਤੰਬਰ 1992 ਨੂੰ ਵਕੀਲਾਂ ਨੇ ਜਲੰਧਰ ਅਦਾਲਤਾਂ ਦੀ ਤਾਲਾਬੰਦੀ ਕੀਤੀ ਉਸ ਦਿਨ ਜਲੰਧਰ ਤੇ ਬਾਕੀ ਸਭ ਸਬ ਡਵੀਜ਼ਨਾਂ ਅਤੇ ਕਪੂਰਥਲਾ ਜ਼ਿਲਾ ਅਤੇ ਸਬ ਡਵੀਜ਼ਨਾਂ ਬੰਦ ਰਹੀਆਂ। ਜਲੰਧਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੀ ਕੇ ਅਗਨੀਹੋਤਰੀ ਨੇ ਸਮੁੱਚੇ ਪੰਜਾਬ ਅਤੇ ਚੰਡੀਗੜ੍ਹ ਬਾਰ ਐਸੋਸੀਏਸ਼ਨਾਂ ਨੂੰ 30ਸਤੰਬਰ 1992 ਨੂੰ ਹੜਤਾਲ ਦਾ ਸੱਦਾ ਦਿਤਾ ਤੇ ਕਿਹਾ ਕੀ ਸਾਨੂੰ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਪੁਲਿਸ ਕੋਈ ਜਵਾਬ ਨਹੀ ਦੇ ਰਹੀ।
ਇਸੇ ਦੌਰਾਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਜਸਟਿਸ ਅਜੀਤ ਸਿੰਘ ਬੈਂਸ ਸੀਨੀਅਰ ਵਾਇਸ ਚੇਅਰਮੈਨ ਸ੍ਰੀ ਸੀ ਐਸ ਟਿਵਾਣਾ ਅਤੇ ਮੇਜਰ ਨਰਿੰਦਰ ਸਿੰਘ ਨੇ ਭਾਈ ਜਗਵਿੰਦਰ ਸਿੰਘ ਬਾਰੇ ਰਿਪੋਰਟ ਇਕੱਠੀ ਕਰਨ ਲਖਬੀਰ ਸਿੰਘ ਧਾਮੀ ਐਡਵੋਕੇਟ ਮਦਨ ਲਾਲ ਐਡਵੋਕੇਟ ਅਤੇ ਨਰਿੰਦਰ ਸਿੰਘ ਐਡਵੋਕੇਟ ਤੇ ਅਧਾਰਿਤ ਇੱਕ ਕਮੇਟੀ ਬਣਾਈ ਜਿਸ ਨੇ ਪੰਜਾਬ ਪੁਲਿਸ ਵਲੋਂ ਭਾਈ ਜਗਵਿੰਦਰ ਸਿੰਘ ਦੀ ਗ੍ਰਿਫਤਾਰੀ ਦੇ ਤੱਥ ਸਹੀ ਪਿਆ।
ਇਥੇ ਇਹ ਵੀ ਦਸ ਦਈਏ ਕਿ ਭਾਈ ਜਗਵਿੰਦਰ ਸਿੰਘ ਨੂੰ 25ਸਤੰਬਰ 1992 ਨੂੰ ਘਰੋਂ ਚੁੱਕਣ ਆਈ ਪੁਲਿਸ ਨੇ ਬਕਾਇਦਾ ਇਹ ਕਿਹਾ ਕੀ ਐਸ ਐਸ ਪੀ ਕਪੂਰਥਲਾ ਨੇ ਬੁਲਾਇਆ ਹੈ ਤੇ ਕੁੱਝ ਕਾਨੂੰਨੀ ਮਸ਼ਵਰਾ ਕਰਨ ਲਈ ਬੁਲਾਇਆ ਹੈ। ਪਰ ਪਰਿਵਾਰ ਅਤੇ ਹੋਰ ਸੱਜਣ ਸੁਨੇਹੀਆਂ ਲਈ ਇਹ ਦੁੱਖ ਦੀ ਗੱਲ ਹੈ ਕਿ ਐਡਵੋਕੇਟ ਭਾਈ ਜਗਵਿੰਦਰ ਸਿੰਘ ਜੀ ਹੈਪੀ ਦਾ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਕੋਈ ਥਹੁ ਪਤਾ ਨੀ ਲਗ ਸਕਿਆ ਇਹ ਕੇਵਲ ਇਸ ਪਰਿਵਾਰ ਦੀ ਹੀ ਦਾਸਤਾਨ ਨਹੀ ਪੰਜਾਬ ਦੇ ਹਰ ਪਿੰਡ ਕਸਬੇ ਚੌਂਕ ਚੌਰਾਹਿਆਂ ਦੀ ਹੈ ਜਿਥੋਂ ਨੌਜਵਾਨਾਂ ਨੂੰ ਚੁੱਕ ਚੁੱਕ ਕੇ ਮਾਰ ਖਪਾ ਜਾ ਝੂਠੇ ਪੁਲਿਸ ਮੁਕਾਬਲੇ ਬਣਾ ਸ਼ਹੀਦ ਕਰ ਦਿੱਤਾ ਤੇ ਜਿਨਾ ਦੀ ਉਡੀਕ ਵਿੱਚ ਦਿਲਾਂ ਚ ਇੱਕ ਆਸ ਲਾਈ ਅੱਜ ਵੀ ਭਰਾ ਭੈਣਾਂ ਮਾਵਾਂ ਬੈਠੀਆਂ ਹਨ ਕਿ ਕੀ ਪਤਾ ਸਾਡਾ ਪੁੱਤ ਭਰਾ ਵੀਰ ਘਰ ਆ ਹੀ ਜਾਵੇ।
– ਗਗਨ ਦੀਪ ਸਿੰਘ (ਬਾਗੀ ਕਲਮ)
Author: Gurbhej Singh Anandpuri
ਮੁੱਖ ਸੰਪਾਦਕ