ਚੰਡੀਗੜ੍ਹ 1 ਅਕਤੂਬਰ ( ਤਾਜੀਮਨੂਰ ਕੌਰ ) ਅੱਜ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸੂਬਾਈ ਚੋਣ ਕਮਿਸ਼ਨ, ਪੰਜਾਬ ਸ੍ਰੀ ਰਾਮ ਕਮਲ ਚੌਧਰੀ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਸਰਬ ਸੰਮਤੀ ਦੇ ਢੁਕਵੰਜ ਹੇਠ ਸਰਪੰਚਾਂ /ਪੰਚਾਂ ਦੇ ਅਹੁਦਿਆਂ ਦੀਆਂ ਖੁਲ੍ਹੀਆਂ ਬੋਲੀਆਂ ਲਗਾ ਕੇ ਨਿਲਾਮੀ ਦੀਆਂ ਖਬਰਾਂ ਸੰਚਾਰ ਮਾਧਿਅਮਾਂ ਅਤੇ ਅਖਬਾਰਾਂ ਵਿੱਚ ਆਈਆਂ ਹਨ। ਸਰਪੰਚ ਦੇ ਅਹੁਦੇ ਦੀ ਬੋਲੀ ਦੋ ਕਰੋੜ ਤੱਕ ਵੀ ਪਹੁੰਚੀ ਦੱਸੀ ਗਈ ਹੈ।
ਪਿੰਡਾਂ ਦੇ ਇਕੱਠ ਵਿੱਚ ਖੁਲ੍ਹੀ ਬੋਲੀ ਲਗਾਈ ਜਾ ਰਹੀ ਹੈ ਤੇ ਕੋਈ ਬੰਦਾ ਸ਼ਰ੍ਹੇਆਮ ਬੋਲੀ ਕਰਵਾ ਰਿਹਾ ਹੈ । ਇੱਥੋਂ ਤੱਕ ਕਿ ਸ਼ਰਤਾਂ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਧਨ ਦੀ ਅਦਾਇਗੀ ਕਦ , ਕਿਵੇਂ ਤੇ ਕਿੱਥੇ ਕੀਤੀ ਜਾਵੇਗੀ। ਇਸ ਘਿਨਾਉਣੇ ਕੰਮ ਵਿੱਚ ਗੁਰਦਵਾਰਿਆਂ ਵਰਗੀ ਪਵਿੱਤਰ ਸੰਸਥਾ ਨੂੰ ਵੀ ਲਪੇਟਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਅੱਧਾ ਪੈਸਾ ਤੁਰੰਤ ਅਦਾ ਕੀਤਾ ਜਾਵੇਗਾ ਤੇ ਬਾਕੀ ਅੱਧਾ ਗੁਰਦਵਾਰੇ ਵਿੱਚ ਰੱਖ ਦਿੱਤਾ ਜਾਵੇਗਾ ਅਤੇ ਨਾਮਜਦਗੀਆਂ ਵਾਪਸ ਲੈਣ ਉਪਰੰਤ ਚੋਣ ਦਾ ਨਤੀਜਾ ਬਿਨਾਂ ਕਿਸੇ ਹੋਰ ਉਮੀਦਵਾਰ ਦੇ ਹੋਣ ਕਾਰਨ, ਐਲਾਨੇ ਜਾਣ, ਉਪਰੰਤ ਲੈ ਲਿਆ ਜਾਵੇਗਾ।
ਇਹ ਬੋਲੀ 30 ਲੱਖ, 40 ਲੱਖ, 60 ਲੱਖ ਇਸ ਤੋਂ ਵੀ ਉਪਰ ਅਤੇ ਇਕ ਮਾਮਲੇ ਵਿੱਚ ਤਾਂ ਖ਼ਬਰ ਅਨੁਸਾਰ 2 ਕਰੋੜ ਤੱਕ ਪਹੁੰਚੀ ਹੋਈ ਹੈ।
ਹਰੇਕ ਵਿਅਕਤੀ ਜਿਹੜਾ ਸਰਪੰਚਾਂ ਜਾਂ ਪੰਚਾਂ ਜਾਂ ਦੋਹਾਂ ਦੇ ਅਹੁਦਿਆਂ ਦੀ ਖ੍ਰੀਦੋ ਫਰੋਖਤ ਦੇ ਭਰਿਸ਼ਟ ਵਿਵਹਾਰ ਵਿੱਚ ਸ਼ਾਮਲ ਹੈ, ਬੋਲੀ ਦਿੰਦਾ ਹੈ, ਉਸਨੂੰ ਚੋਣ ਲੜਨ ਦੇ ਅਯੋਗ ਐਲਾਨਿਆ ਜਾਵੇ ਅਤੇ ਉਸਦੀ ਚੋਣ ਲੜਣ ਦੀ ਅਪਾਤਰਤਾ ਦਾ ਐਲਾਨ ਕੀਤਾ ਜਾਵੇ।
ਇਨ੍ਹਾਂ ਹਾਲਤਾਂ ਵਿੱਚ ਆਪ ਵੱਲੋਂ ਤੁਰੰਤ ਕਾਰਵਾਈ ਕਰਕੇ ਇਸ ਅਲਾਮਤ ਨੂੰ ਮੁੱਢ ਵਿੱਚ ਹੀ ਖਤਮ ਕਰਨ ਦੀ ਲੋੜ ਹੋਣ ਕਾਰਨ ਅਸੀਂ ਇਸਦੇ ਖਾਤਮੇ ਦੀ ਅਤੇ ਹੋਰ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ।
ਇਸ ਦੇ ਨਾਲ ਹੀ ਪ੍ਰੋ. ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ), ਡਾ. ਪਿਆਰਾ ਲਾਲ ਗਰਗ, ਪ੍ਰੋ. ਵੀਮਲ ਧਮੋਟ, ਗੁਰਸ਼ਮਸ਼ੀਰ ਸਿੰਘ ਵੜੈਚ ਅਤੇ ਪ੍ਰੀਤਮ ਸਿੰਘ ਰੁਪਾਲ ਨੇ ਇਸ ਵਰਤਾਰੇ ’ਤੇ ਚਿੰਤਾ ਜ਼ਾਹਿਰ ਕੀਤੀ ਹੈ।
Author: Gurbhej Singh Anandpuri
ਮੁੱਖ ਸੰਪਾਦਕ