Home » ਧਾਰਮਿਕ » ਇਤਿਹਾਸ » ਖੋਤੇ ਉੱਤੇ ਸ਼ੇਰ ਦੀ ਖੱਲ

ਖੋਤੇ ਉੱਤੇ ਸ਼ੇਰ ਦੀ ਖੱਲ

94 Views

ਉਹ ਵੇਖੋ, ਸਾਹਿਬ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਲੱਗਾ ਹੋਇਆ ਹੈ। ਸਿੱਖਾਂ ਦਾ ਪਾਤਸ਼ਾਹ ਸਿੰਘਾਸਨ ਪੁਰ ਬਿਰਾਜਮਾਨ ਹੈ। ਰਾਗੀ ਸਿੰਘਾਂ ਨੇ ਸੁਰੀਲੀ ਅਰ ਮਿੱਠੀ ਅਵਾਜ਼ ਵਿਚ ਗੁਰਬਾਣੀ ਦਾ ਸੁੰਦਰ ਗਾਇਨ ਕੀਤਾ ਹੈ। ਉਪਰੰਤ ਗੁਰਮਤਿ ਦੇ ਵਿਦਵਾਨ ਬੁਲਾਰਿਆਂ ਨੇ ਗੁਰਮਤਿ ਦੇ ਸਰਬ-ਉੱਚ ਅਤੇ ਆਲਮਗੀਰੀ ਸਿਧਾਂਤਾਂ ਉਤੇ ਅਸਰ ਭਰਪੂਰ ਰੋਸ਼ਨੀ ਪਾਈ ਹੈ। ਸਭ ਨੂੰ ਧਰਮ ਦੇ ਸੱਚੇ ਸਰੂਪ ਸਮਝਣ ਅਤੇ ਅਮਲ ਵਿਚ ਲਿਆਉਣ ਦੀ ਤਾਕੀਦ ਕੀਤੀ ਗਈ ਹੈ।

ਉਹ ਦੇਖੋ, ਦਸ ਪੰਦਰਾਂ ਸਿੰਘਾਂ ਦੀ ਇਕ ਟੋਲੀ ਬਾਹਰ ਵਾਲੇ ਪਾਸੇ ਤੋਂ ਦੀਵਾਨ ਵਿਚ ਦਾਖਲ ਹੋ ਰਹੀ ਹੈ। ਇਸ ਟੋਲੀ ਦੇ ਪਿੱਛੇ ਕਈ ਬੱਚੇ, ਜੁਆਨ ਅਰ ਬਿਰਧ ਉੱਚੀ ਉੱਚੀ ਹੱਸਦੇ ਅਤੇ ਖਿੱਲ੍ਹੀ ਮਚਾਉਦੇ ਆ ਰਹੇ ਹਨ। ਇਹਨਾਂ ਸਿੰਘਾਂ ਪਾਸ ਇਕ ਖੋਤਾ ਸੀ, ਜੋ ਦੀਵਾਨ ਵਿਚ ਦਾਖਲ ਹੋਣ ਸਮੇਂ ਸਿੰਘਾਂ ਨੇ ਦੀਵਾਨ ਦੀ ਹੱਦ ਤੋਂ ਬਾਹਰ ਬੰਨ੍ਹ ਦਿੱਤਾ ਹੈ। ਮੁਹਰਲੇ ਇਕ ਸਿੰਘ ਨੇ ਸ਼ੇਰ ਦੀ ਸੁੰਦਰ ਖੱਲ ਮੋਢੇ ਤੇ ਧਰੀ ਹੋਈ ਹੈ ਅਤੇ ਉਸ ਦਾ ਇਕ ਸਿਰਾ ਹੱਥ ਵਿਚ ਫੜਿਆ ਹੋਇਆ ਹੈ।

ਜਦ ਸਭ ਸਿੰਘ ਮੱਥਾ ਟੇਕ ਚੁਕੇ ਤਾਂ ਪਾਤਸ਼ਾਹ ਨੇ ਮੁਸਕਰਾਉਦੇ ਹੋਏ ਸਿੰਘਾਂ ਨੂੰ ਵੇਖਕੇ, ਮੁਹਰਲੇ ਸਿੰਘ ਤੋਂ ਇਸ ਦਾ ਕਾਰਨ ਪੁੱਛਿਆ।

ਔਹ ਵੇਖੋ, ਉਹ ਸਿੰਘ ਕਲਗੀਧਰ ਪਿਤਾ ਦੇ ਸਨਮੁਖ ਖੜੋ ਕੇ ਜੁਆਬ ਦੇ ਰਿਹਾ ਹੈ। ਸੰਗਤ ਵਿਚ ਬੈਠੇ ਸਭ ਸਿੰਘ ਬੜੇ ਧਿਆਨ ਨਾਲ ਉਸਦਾ ਜਵਾਬ ਸੁਣ ਰਹੇ ਹਨ। ਉਹ ਸਿੰਘ ਕਹਿ ਰਿਹਾ ਹੈ, ‘ਗੁਰਦੇਵ! ਪਿਛਲੇ ਤਿੰਨ ਦਿਨਾਂ ਤੋਂ ਨਗਰ ਦੇ ਪੱਛਮ ਵਾਲੇ ਪਾਸੇ ਬਾਹਰਵਾਰ ਵੱਲੋਂ ਆਉਦੇ ਕਈ ਵਿਅਕਤੀਆਂ ਨੇ ਨਗਰ ਦੀ ਹੱਦ ਦੇ ਬਿਲਕੁਲ ਨੇੜੇ ਵਿਚਰਦੇ ਇਕ ਸ਼ੇਰ ਦੀ ਖ਼ਬਰ ਦਿਤੀ ਸੀ। ਉਧਰ ਜਾਣ ਆਉਣ ਵਾਲੇ ਬੰਦੇ ਕਾਫੀ ਸਾਵਧਾਨ ਹੋ ਕੇ ਹੀ ਉਧਰ ਜਾ ਰਹੇ ਸਨ। ਇਕੱਲੇ-ਦੁਕੱਲੇ ਯਾਤਰੂ ਇਸ ਸ਼ੇਰ ਦੇ ਦੂਰੋਂ ਹੀ ਦਰਸ਼ਨ ਮਾਤਰ ਕਰਕੇ ਨਗਰ ਭੱਜ ਆਉਦੇ ਸਨ। ਨਗਰ ਅੰਦਰ ਹਰ ਪਾਸੇ ਇਕ ਦੋ ਦਿਨਾਂ ਵਿਚ ਹੀ ਇਸ ਸ਼ੇਰ ਦੀ ਹੋਂਦ ਦੀ ਚਰਚਾ ਛਿੜੀ ਹੋਈ ਸੀ।

(ਹਰ ਕੋਈ ਬੜੇ ਧਿਆਨ ਨਾਲ ਕਹਾਣੀ ਸੁਣ ਰਿਹਾ ਹੈ, ਪਰ ਕਲਗੀਧਰ ਪਿਤਾ ਹੌਲੀ ਹੌਲੀ ਮੁਸਕਰਾ ਰਹੇ ਹਨ ਤੇ ਸੰਗਤ ਵਿਚ ਸਜੇ ਪ੍ਰੇਮੀਆਂ ਵੱਲ ਵੀ ਦੇਖ ਰਹੇ ਹਨ।)

‘‘ਪੁਟਿਆ ਪਹਾੜ ਦੇ ਨਿਕਲੀ ਚੂਹੀ’’, ਉਹ ਸਿੰਘ ਅੱਗੋਂ ਬੋਲ ਰਿਹਾ ਸੀ। ‘‘ਅੱਜ ਸਵੇਰੇ ਨਗਰ ਦਾ ਘੁਮਿਆਰ ਆਪਣੇ ਕੁਝ ਖੋਤੇ ਲੈ ਕੇ ਨਗਰ ਦੇ ਬਾਹਰਵਾਰ ਵਾਲੇ ਪਾਸੇ ਵੱਲ ਜਾ ਰਿਹਾ ਸੀ। ਇਹਨਾਂ ਖੋਤਿਆਂ ਨੂੰ ਵੇਖ ਕੇ ਉਹ ਸ਼ੇਰ ਹੀਂਗਣ ਲੱਗ ਪਿਆ। ਇਸ ਸ਼ੇਰ ਨੂੰ ਹੀਂਗਦਿਆਂ ਵੇਖ ਕੇ ਅਸਲੀਅਤ ਨੂੰ ਸਮਝਣ ਵਿਚ ਘੁਮਿਆਰ ਨੂੰ ਕੋਈ ਬਹੁਤੀ ਔਖਿਆਈ ਨਾ ਹੋਈ। ਉਸਨੂੰ ਪਤਾ ਲੱਗ ਗਿਆ ਕਿ ਉਹ ‘ਸ਼ੇਰ’ ਤਾਂ ਉਸਦਾ ਖੋਤਾ ਹੀ ਹੈ ਜਿਸ ਉਤੇ ਕਿਸੇ ਨੇ ਸ਼ੇਰ ਦੀ ਖੱਲ ਪਾ ਦਿਤੀ ਸੀ। ਉਸ ਨੇ ਇਸ ‘ਸੂਰਬੀਰ ਸ਼ੇਰ’ ਨੂੰ ਜਾ ਨੱਪਿਆ। ਘੁਮਿਆਰ ਨੇ ਖੋਤੇ ਉਤੋਂ ਸ਼ੇਰ ਵਾਲੀ ਖੱਲ ਉਤਾਰ ਲਈ, ਜੋ ਅਸੀਂ ਉਸ ਤੋਂ ਲੈ ਕੇ ਆਪ ਪਾਸ ਹਾਜ਼ਰ ਹੋਏ ਹਾਂ। ਖੱਲ ਲਾਹ ਲੈਣ ਪਰ ਖੋਤੇ ਦੀ ਅਸਲੀਅਤ ਪਰਗਟ ਹੋ ਗਈ।’’

ਸਾਰੀ ਸੰਗਤ ਵਿਚ ਹਾਸਾ ਮੱਚ ਗਿਆ ਹੈ। ਹਰ ਪਾਸੇ ਇਕ ਮਖੌਲ ਭਰੀ ਘਟਨਾ ਬਾਰੇ ਬੜਾ ਹਾਸਾ ਛਿੜਿਆ ਪਿਆ ਹੈ। ਬਾਹਰੋਂ ਆਇਆ ਸਿੰਘ ਸ਼ੇਰ ਦੀ ਉਸ ਖੱਲ ਨੂੰ ਖਿਲਾਰ ਖਿਲਾਰ ਕੇ ਸੰਗਤਾਂ ਨੂੰ ਦਿਖਾ ਰਿਹਾ ਹੈ।

ਔਹ ਵੇਖੋ, ਕਲਗੀਧਰ ਪਿਤਾ ਕੁਝ ਬੋਲ ਰਹੇ ਹਨ। ਉਹ ਸਭ ਸਿੰਘਾਂ ਨੂੰ ਮੁਖਾਤਿਬ ਕਰਕੇ ਕਹਿ ਰਹੇ ਹਨ : ‘‘ਸਿੰਘੋ, ਤੁਸੀਂ ਇਸ ਸ਼ੇਰ-ਨੁਮਾ ਖੋਤੇ ਦੀ ਅਸਲੀਅਤ ਪ੍ਰਗਟ ਹੋਣ ਪੁਰ ਬਹੁਤ ਹੱਸ ਰਹੇ ਹੋ ਪਰ ਤੁਸੀਂ ਇਹ ਤਾਂ ਦੱਸਣ ਦੀ ਕ੍ਰਿਪਾਲਤਾ ਕਰੋ ਕਿ ਤੁਹਾਡੇ ਵਿਚੋਂ ਕਿਹੜਾ ਕਿਹੜਾ ਬੰਦਾ ਇਸ ਸ਼ੇਰ ਨੁਮਾ ਖੋਤੇ ਦਾ ਭਾਈ ਹੈ? ਛੁਪਾਉਣ ਦੀ ਕੋਸ਼ਿਸ਼ ਨਾ ਕਰਨੀ।’’ ਅੱਗੋਂ ਕੋਈ ਬੰਦਾ ਭੀ ਨਹੀਂ ਨਿੱਤਰ ਰਿਹਾ, ਜੋ ਹਿੱਕ ਠੋਕ ਕੇ ਸ਼ੇਰ-ਨੁਮਾ ਖੋਤੇ ਨਾਲ ਆਪਣਾ ਕੋਈ ਰਿਸ਼ਤਾ ਪ੍ਰਗਟ ਕਰੇ।

ਗੁਰਦੇਵ ਬਚਨ ਕਰ ਰਹੇ ਨੇ, ‘‘ਸਿੰਘੋ। ਸਾਡੇ ਵਿਚ ਅਨੇਕਾਂ ਕੱਚੇ ਪਿਲੇ ਵੀ ਹਨ, ਜਿਹਨਾਂ ਨੇ ਦੇਖਾ ਦੇਖੀ ਸਿੰਘਾਂ ਵਾਲਾ ਰੂਪ ਤਾਂ ਅਵੱਸ਼ ਧਾਰਨ ਕਰ ਰਖਿਆ ਹੈ ਪਰ ਅੰਦਰ ਰਹਿਣੀ ਰਹਿਤ ਸਿੰਘਾਂ ਵਾਲੀ ਨਹੀਂ। ਕੇਵਲ ਬਹਿਰੂਨੀ ਰੂਪ ਸਿੰਘਾਂ ਵਾਲਾ ਬਣਾ ਲੈਣ ਨਾਲ ਧਰਮ ਦੀ ਅਸਲੀ ਪਰਾਪਤੀ ਨਹੀਂ ਹੋ ਸਕਦੀ। ਜਿਸ ਸਿੰਘ ਨੇ ਆਪਣੇ ਮਨ ਉਤੇ ਗੁਰੂ ਦੀ ਦੱਸੀ ਰਹਿਤ ਲਾਗੂ ਨਹੀਂ ਕੀਤੀ ਤਾਂ ਉਸ ਦੀ ਬਾਹਰਲੀ ਰਹਿਤ ਕੇਵਲ ਧਰਮ ਦਾ ਦਿਖਾਵਾ ਬਣਕੇ ਹੀ ਰਹਿ ਜਾਵੇਗੀ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਠਿਲ੍ਹਾਂ ਉਤੇ ਕਾਬੂ ਪਾਕੇ ਮਨ ਵਿਚ ਨੇਕੀ, ਕੁਰਬਾਨੀ, ਮਿਠਾਸ, ਪਰਉਪਕਾਰ ਤੇ ਸਿਮਰਨ ਦੇ ਉਚੇ ਜਜ਼ਬੇ ਪੈਦਾ ਕਰਨ ਪੁਰ ਹੀ ਬਾਹਰਲੀ ਰਹਿਤ ਸ਼ੋਭਾ ਪਾ ਸਕਦੀ ਹੈ। ਬਾਹਰਲੀ ਰਹਿਤ ਸਿੰਘਾਂ ਵਾਲੀ ਧਾਰਨ ਕਰਨ ਦੇ ਨਾਲ ਨਾਲ ਜ਼ਰੂਰੀ ਹੈ ਕਿ ਸਾਡੇ ਅੰਦਰ ਜ਼ੁਰਅਤ, ਦਲੇਰੀ ਤੇ ਸੂਰਬੀਰਤਾ ਵੀ ਸਿੰਘਾਂ ਵਾਲੀ ਹੀ ਹੋਵੇ ਅਤੇ ਪਰਉਪਕਾਰ ਖਾਤਰ ਜੂਝਣ ਦੀ ਤੱਤਪਰਤਾ ਮੌਜੂਦ ਹੋਵੇ। ਜੇ ਸਾਡਾ ਆਚਰਨ ਸੁੱਚਾ ਨਹੀਂ, ਸਦਾਚਾਰਕ ਗੁਣਾਂ ਦੀ ਮਨ ਵਿਚ ਅਣਹੋਂਦ ਹੈ ਤੇ ਜੇ ਸਾਡਾ ਮਨ ਗੁਰੂ ਦੀ ਦੱਸੀ ਅੰਦਰਲੀ ਰਹਿਤ ਦਾ ਧਾਰਨੀ ਨਹੀਂ, ਤਾਂ ਸਾਡੀ ਕੇਵਲ ਮਾਤਰ ਬਾਹਰਲੀ ਰਹਿਤ ਧਰਮ ਦਾ ਵਿਖਾਵਾ ਹੀ ਅਖਵਾ ਸਕਦੀ ਹੈ, ਅਸਲ ਧਰਮ ਨਹੀਂ।

ਵਿਖਾਵੇ ਵਾਲੇ ਲੋਕ ਹੀ ਅਸਲ ਵਿਚ ਧਰਮ ਦੀ ਬਦਨਾਮੀ ਦਾ ਕਾਰਨ ਬਣਦੇ ਹਨ। ਧਰਮ ਨੂੰ ਧਰਮ ਦੇ ਵਿਰੋਧੀਆਂ ਅਤੇ ਧਰਮ ਉਤੇ ਵਿਸ਼ਵਾਸ ਨਾ ਰੱਖਣ ਵਾਲੇ ਲੋਕਾਂ ਨੇ ਇਤਨਾ ਨੁਕਸਾਨ ਨਹੀਂ ਪਹੁੰਚਾਇਆ ਜਿਤਨਾ ਧਰਮ ਦੇ ਉੱਚੇ-ਸੁੱਚੇ ਅਤੇ ਪਾਕ-ਪਵਿੱਤਰ ਅੰਦਰੂਨੀ ਗੁਣਾਂ ਤੋਂ ਹੀਣੇ ਉਹਨਾਂ ਲੋਕਾਂ ਨੇ ਪਹੁੰਚਾਇਆ ਹੈ ਜੋ ਆਪਣਾ ਬਾਹਰਲਾ ਸਰੂਪ ਤਾਂ ਧਰਮੀ ਬੰਦਿਆਂ ਵਾਲਾ ਰਖਦੇ ਰਹੇ ਪਰ ਉਹਨਾਂ ਦੇ ਕੰਮ ਸਦਾ ਪਾਪਾਂ ਅਤੇ ਦੁਰਚਾਰਾਂ ਨਾਲ ਭਰੇ ਰਹੇ।

ਸਤਿਗੁਰਾਂ ਨੇ ਸਮੂਹ ਸੰਗਤ ਨੂੰ ਇਹ ਗੱਲ ਵੀ ਦੱਸ ਦਿੱਤੀ ਕਿ ਆਪਣੇ ਗੁਰਸਿੱਖਾਂ ਨੂੰ ਗੁਰਮਤਿ ਦੇ ਇਸ ਮਹਾਨ ਸੱਚੇ ਉਪਦੇਸ਼ ਨੂੰ ਦ੍ਰਿੜ੍ਹ ਕਰਾਉਣ ਹਿਤ ਸਾਹਿਬਾਂ ਨੇ ਆਪ ਹੀ ਇਸ ਖੋਤੇ ਉਤੇ ਸ਼ੇਰ ਦੀ ਖੱਲ੍ਹ ਮੜਵਾ ਕੇ ਬਾਹਰ ਛਡਵਾਇਆ ਸੀ।

ਜਿਥੇ ਸਾਨੂੰ ਸਤਿਗੁਰਾਂ ਦੇ ਬਿਨੋਦ ਅਤੇ ਬਿਲਾਸ ਭਰਪੂਰ ਪਰਚਾਰ ਢੰਗ ਤੋਂ ਸੇਧ ਲੈਣੀ ਚਾਹੀਦੀ ਹੈ ਉਥੇ ਧਰਮ ਦੇ ਫੋਕੇ ਦਿਖਾਵੇ ਤੋਂ ਬਚਣ ਦੇ ਗੁਰਮਤਿ-ਉਪਦੇਸ਼ ਨੂੰ ਪੱਲੇ ਬੰਨ੍ਹਣ ਬਾਰੇ ਵੀ ਸੋਚਣਾ ਚਾਹੀਦਾ ਹੈ। ਖਾਲਸੇ ਵਿਚ ਏਕਤਾ, ਡਸਿਪਲਿਨ ਅਤੇ ਇਕਸਾਰਤਾ ਬਹੁਤ ਹੀ ਜ਼ਰੂਰੀ ਹੈ ਪਰ ਇਸ ਸਚਾਈ ਨੂੰ ਵੀ ਨਾਲੋ ਨਾਲ ਸਮਝ ਲੈਣਾ ਚਾਹੀਦਾ ਹੈ ਕਿ ਅੰਦਰਲੀ ਰਹਿਤ ਤੋਂ ਬਿਨਾਂ ਬਾਹਰਲੀ ਰਹਿਤ ਸਿਰਫ ਦਿਖਾਵੇ ਮਾਤਰ ਭੇਖ ਹੀ ਰਹਿ ਜਾਵੇਗੀ ਜੋ ਸਿੱਖ ਪੰਥ ਦੀ ਚੜ੍ਹਦੀ ਕਲਾ ਪੈਦਾ ਕਰਨ ਦੀ ਥਾਂ ਬਦਨਾਮੀ ਦਾ ਕਾਰਨ ਬਣ ਸਕਦੀ ਹੈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?