ਰੋਮ ਇਟਲੀ( ਨਜ਼ਰਾਨਾ ਨਿਊਜ ਨੈੱਟਵਰਕ ) ਇਟਲੀ ਦੇ ਬ੍ਰਿਡਿਸੀ ਹਵਾਈ ਅੱਡੇ ‘ਤੇ ਅੱਜ ਇੱਕ ਗੰਭੀਰ ਹਾਦਸਾ ਵਾਪਰਿਆ। ਜਦੋਂ ਰਿਆਨਏਅਰ ਦੀ ਫ਼ਲਾਈਟ FR8826 ਵਿੱਚ ਅਚਾਨਕ ਅੱਗ ਲੱਗ ਗਈ। ਜਹਾਜ਼ ਜੋ ਕਿ ਬ੍ਰਿਡਿਸੀ ਤੋਂ ਟੂਰੀਨ ਲਈ ਰਵਾਨਾ ਹੋਣ ਲਈ ਤਿਆਰ ਸੀ ਦੇ ਇੰਜਣ ਵਿੱਚੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਕੈਬਿਨ ਕਰੂ ਨੇ ਜਦੋਂ ਜਹਾਜ਼ ਦੇ ਬਾਹਰ ਧੂੰਆ ਵੇਖਿਆ ਤਾਂ ਉਹਨਾਂ ਨੇ ਤੁਰੰਤ ਸੁਰੱਖਿਆ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਜਹਾਜ਼ ਨੂੰ ਰੋਕ ਦਿੱਤਾ ਗਿਆ ਅਤੇ ਯਾਤਰੀਆਂ ਨੂੰ ਐਮਰਜੈਂਸੀ ਸਲਾਈਡ ਰਾਹੀਂ 184 ਯਾਤਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਜਹਾਜ਼ ਤੋਂ ਬਾਹਰ ਕੱਢਿਆ ਗਿਆ। ਜਿਨ੍ਹਾਂ ਨੂੰ ਬਾਅਦ ਵਿੱਚ ਬੱਸ ਰਾਹੀਂ ਟਰਮਿਨਲ ‘ਤੇ ਵਾਪਸ ਲਿਆਂਦਾ ਗਿਆ। ਫਾਇਰਫਾਈਟਰਾਂ ਨੇ ਤੁਰੰਤ ਮੌਕੇ ‘ਤੇ ਪੁੱਜ ਕੇ ਅੱਗ ਤੇ ਕਾਬੂ ਪਾਇਆ। ਹਵਾਈ ਅੱਡੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਰੇ ਯਾਤਰੀ ਅਤੇ ਕਰੁ ਮੈਂਬਰ ਸੁਰੱਖਿਅਤ ਹਨ, ਅਤੇ ਕੋਈ ਵੱਡੀ ਚੋਟ ਨਹੀਂ ਲੱਗੀ। ਇਸ ਹਾਦਸੇ ਕਰਕੇ ਬ੍ਰਿਡਿਸੀ ਦਾ ਸਾਲੈਂਟੋ ਏਅਰਪੋਰਟ ਤੁਰੰਤ ਬੰਦ ਕਰਨਾ ਪਿਆ। ਪਰ ਪ੍ਰਬੰਧਕ ਕਹਿੰਦੇ ਹਨ ਕਿ ਉਹ ਜਲਦੀ ਹੀ ਹਵਾਈ ਅੱਡੇ ਨੂੰ ਦੁਬਾਰਾ ਖੋਲਣ ਲਈ ਕੰਮ ਕਰ ਰਹੇ ਹਨ। ਇਸ ਸਾਰੇ ਘਟਨਾ ਚੱਕਰ ‘ਚ ਰਿਆਨਏਅਰ ਨੇ ਆਪਣੇ ਯਾਤਰੀਆਂ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਨਵਾਂ ਜਹਾਜ਼ ਜਲਦੀ ਹੀ ਬ੍ਰਿਡਿਸੀ ਤੋਂ ਟੂਰੀਨ ਲਈ ਉਡਾਨ ਭਰੇਗਾ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਅਤੇ ਸਮੇਂ ਸਿਰ ਮੰਜ਼ਿਲ ‘ਤੇ ਪਹੁੰਚਾਉਣ ਲਈ ਉਨ੍ਹਾਂ ਨੇ ਵਚਨਬੱਧਤਾ ਜ਼ਾਹਰ ਕੀਤੀ ਹੈ।
Author: Gurbhej Singh Anandpuri
ਮੁੱਖ ਸੰਪਾਦਕ