ਅੰਮ੍ਰਿਤਸਰ, 4 ਅਕਤੂਬਰ ( ਤਾਜੀਮਨੂਰ ਕੌਰ ) ਸ਼੍ਰੋਮਣੀ ਗਤਕਾ ਅਖਾੜਾ ਰਾਮਸਰ ਦੇ ਬਾਨੀ ਅਤੇ ਮੁੱਖ ਸੰਸਥਾਪਕ ਸਵ. ਉਸਤਾਦ ਪ੍ਰੇਮ ਸਿੰਘ ਭਾਟੀਆ ਅਤੇ ਸਵ. ਉਸਤਾਦ ਹਰਬੰਸ ਸਿੰਘ ਅਰੋੜਾ ਦੀ 12ਵੀਂ ਬਰਸੀ ਗੁਰਦੁਆਰਾ ਮਾਈ ਨਰੈਣੀ, ਪਾਥੀ ਗਰਾਉਂਡ, ਸੁਲਤਾਨਵਿੰਡ ਰੋਡ, ਸ੍ਰੀ ਅੰਮ੍ਰਿਤਸਰ ਵਿਖੇ 13 ਅਕਤੂਬਰ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੱਤਕਾ ਪ੍ਰਦਰਸ਼ਨੀ ਕਰਵਾ ਕੇ ਖਾਲਸਾਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ। ਇਹ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੋਮਣੀ ਗਤਕਾ ਅਖਾੜਾ ਰਾਮਸਰ ਦੇ ਮੌਜੂਦਾ ਉਸਤਾਦ ਜਥੇਦਾਰ ਭਾਈ ਹਰੀ ਸਿੰਘ ਖ਼ਾਲਸਾ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥੇਦਾਰ ਭਾਈ ਇੰਦਰ ਸਿੰਘ ਖ਼ਲੀਫ਼ਾ ਅਤੇ ਜਥੇਦਾਰ ਮਹਿੰਦਰ ਸਿੰਘ ਨੇ ਕਿਹਾ ਕਿ 13 ਅਕਤੂਬਰ ਦੀ ਸ਼ਾਮ ਨੂੰ ਗੱਤਕਾ ਟੀਮਾਂ ਅਤੇ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਜੰਗੀ ਜੌਹਰ ਵਿਖਾਏ ਜਾਣਗੇ ਤੇ ਫਿਰ ਉਹਨਾਂ ਖਿਡਾਰੀਆਂ ਦਾ ਸ਼ਾਨਦਾਰ ਸਨਮਾਨ ਹੋਵੇਗਾ। ਉਸਤਾਦ ਭਾਈ ਹਰੀ ਸਿੰਘ ਖ਼ਾਲਸਾ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਹਰੇਕ ਸਿੱਖ ਕੇਸਾਧਾਰੀ, ਅੰਮ੍ਰਿਤਧਾਰੀ ਅਤੇ ਸ਼ਸਤਰਧਾਰੀ ਹੋਵੇ। ਸ਼ਸਤਰ ਵਿੱਦਿਆ ਸਿੱਖ ਪੰਥ ਦਾ ਅਹਿਮ ਅੰਗ ਹੈ ਅਤੇ ਸਿੱਖ ਤੇ ਸ਼ਸਤਰ ਦਾ ਗੂੜ੍ਹਾ ਰਿਸ਼ਤਾ ਹੈ। ਸਿੱਖ ਧਰਮ ਅੰਦਰ ਭਗਤੀ ਤੇ ਸ਼ਕਤੀ, ਬਾਣੀ ਤੇ ਬਾਣਾ, ਸੰਤ ਤੇ ਸਿਪਾਹੀ ਦਾ ਵਿਧਾਨ ਗੁਰੂ ਪਾਤਸ਼ਾਹ ਨੇ ਹੀ ਬਖਸ਼ਿਆ ਹੈ। ਗੱਤਕਾ ਸਵੈ ਰੱਖਿਆ ਲਈ ਵਰਤਿਆ ਜਾਣਾ ਵਾਲਾ ਸਿੱਖਾਂ ਦੀ ਧਰਮ ਯੁੱਧ ਕਲਾ ਦਾ ਹਿੱਸਾ ਹੈ। ਉਸਤਾਦ ਹਰੀ ਸਿੰਘ ਨੇ ਦੱਸਿਆ ਕਿ ਇਹ ਅਖਾੜਾ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ ਤੇ ਹਜ਼ਾਰਾਂ ਖਿਡਾਰੀ ਸ਼ਸਤਰ ਵਿੱਦਿਆ ਪ੍ਰਾਪਤ ਕਰ ਚੁੱਕੇ ਹਨ ਤੇ ਹੁਣ ਵੀ ਲਗਾਤਾਰ ਕਲਾਸਾਂ ਲਗਦੀਆਂ ਹਨ। ਇਹ ਅੰਮ੍ਰਿਤਸਰ ਦੇ ਸਭ ਤੋਂ ਪੁਰਾਣੇ ਅਖਾੜਿਆਂ ਵਿੱਚੋਂ ਇੱਕ ਹੈ। ਇਸ ਮੌਕੇ ਮਨਪ੍ਰੀਤ ਸਿੰਘ ਸੋਨੂੰ, ਦਵਿੰਦਰ ਸਿੰਘ ਖਾਲਸਾ, ਦਿਲਜੀਤ ਸਿੰਘ ਨਿਹੰਗ, ਨਵਰੂਪ ਸਿੰਘ ਖਾਲਸਾ, ਹਰ ਫਤਹਿ ਸਿੰਘ ਖਾਲਸਾ, ਹਰਪ੍ਰੀਤ ਸਿੰਘ, ਸਾਹਿਬ ਸਿੰਘ, ਗੁਰਮੀਤ ਸਿੰਘ, ਕੁਲਦੀਪ ਸਿੰਘ ਖਾਲਸਾ, ਨਿਹਾਲ ਸਿੰਘ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ