ਅੰਮ੍ਰਿਤਸਰ, 16 ਅਗਸਤ ( ਸ਼ੋਧ ਸਿੰਘ ਬਾਜ ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਬਾਦਲ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਬਾਰੇ ਲਏ ਫੈਸਲੇ ਦਾ ਭਰਪੂਰ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਧੜੱਲੇਦਾਰ ਫ਼ੈਸਲਿਆਂ ਨਾਲ਼ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ, ਸਰਵਉੱਚਤਾ ਅਤੇ ਮਰਯਾਦਾ ਬਹਾਲ ਹੋਵੇਗੀ ਤੇ ਸਿੱਖ ਕੌਮ ਵਿੱਚ ਜਥੇਦਾਰਾਂ ਦਾ ਮਾਣ-ਸਤਿਕਾਰ ਵੀ ਵਧੇਗਾ। ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰਕੇ ਭਾਰੀ ਅਵੱਗਿਆ ਕੀਤੀ ਹੈ, ਇਸ ਦਾ ਗੁਨਾਹ ਹਰਗਿਜ਼ ਬਖਸ਼ਣਯੋਗ ਨਹੀਂ ਹੈ। ਤਨਖਾਹੀਆ ਐਲਾਨੇ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਵਿਰਸਾ ਸਿੰਘ ਵਲਟੋਹਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਘਰ ਜਾ ਕੇ ਧਮਕਾਉਣਾ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ। ਸੁਖਬੀਰ ਬਾਦਲ ਦੇ ਮਾਮਲੇ ‘ਚ ਜਥੇਦਾਰਾਂ ਉੱਤੇ ਭਾਜਪਾ ਅਤੇ ਆਰ.ਐਸ.ਐਸ. ਦਾ ਦਬਾਅ ਬਾਰੇ ਬਿਨਾਂ ਕਿਸੇ ਸਬੂਤ ਤੋਂ ਮਨਘੜਤ ਗੱਲਾਂ ਬਣਾਉਣੀਆਂ, ਸਿਆਸੀ ਆਗੂਆਂ ਨਾਲ ਮਿਲਣੀਆਂ ਅਤੇ ਤਸਵੀਰਾਂ ਨੂੰ ਲੈ ਕੇ ਇਲਜ਼ਾਮਬਾਜ਼ੀ ਕਰਨੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ਵਿੱਚ ਦਖਲਅੰਦਾਜੀ ਕਰਨੀ ਵਿਰਸਾ ਸਿੰਘ ਵਲਟੋਹਾ ਦੇ ਵੱਡੇ ਗੁਨਾਹ ਹਨ। ਦੋਵਾਂ ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਬਹੁਤ ਹੰਕਾਰਿਆ ਸੀ ਅਤੇ ਇਹ ਲਗਾਤਾਰ ਖ਼ਾਲਸਾ ਪੰਥ ਵਿਰੁੱਧ ਭੁਗਤ ਰਿਹਾ ਸੀ, ਪੰਥ ਦੋਖੀਆਂ ਦੀ ਪੁਸ਼ਤਪਨਾਹੀ ਕਰ ਰਿਹਾ ਸੀ, ਬਾਦਲ ਪਰਿਵਾਰ ਦਾ ਚਮਚਾ ਬਣਿਆ ਹੋਇਆ ਸੀ, ਪੰਥਕ ਸਿਧਾਂਤਾਂ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਤਹਿਸ-ਨਹਿਸ ਕਰ ਰਿਹਾ ਸੀ, ਇਹ ਸ੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰਾਂ ਨੂੰ ਚੁਣੌਤੀ ਦੇ ਰਿਹਾ ਸੀ, ਜਿਸ ਨਾਲ ਸਿੱਖ ਕੌਮ ਦੇ ਹਿਰਦਿਆਂ ਤੇ ਡੂੰਘੀ ਸੱਟ ਵੱਜੀ ਹੈ। ਜਥੇਦਾਰਾਂ ਵੱਲੋਂ ਇਤਿਹਾਸਕ ਫੈਸਲਾ ਲੈਂਦਿਆਂ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚੋਂ ਬਾਹਰ ਕੱਢਣ ਦਾ ਹੁਕਮ ਜਾਰੀ ਕਰਨਾ ਅਤੇ ਇਸ ਨੂੰ ਦਸ ਸਾਲ ਪਾਰਟੀ ਵਿੱਚ ਵਾਪਸ ਨਾ ਲੈਣ ਦਾ ਰਾਜਸੀ ਫੈਸਲਾ ਭਾਵੇਂ ਬਿਲਕੁਲ ਸਹੀ ਹੈ ਪਰ ਇਸ ਦੇ ਨਾਲ-ਨਾਲ ਵਿਰਸਾ ਸਿੰਘ ਵਲਟੋਹਾ ਦੇ ਗੁਨਾਹਾਂ ਅਤੇ ਗ਼ਦਾਰੀਆਂ ਨੂੰ ਵੇਖਦਿਆਂ ਇਸ ਨੂੰ ਖ਼ਾਲਸਾ ਪੰਥ ਵਿੱਚੋਂ ਤੁਰੰਤ ਛੇਕ ਦੇਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਵਿੱਚ ਬੇਲੋੜੀ ਦਖ਼ਲਅੰਦਾਜੀ ਨਾ ਕਰ ਸਕੇ ਅਤੇ ਨਾ ਹੀ ਤਖਤਾਂ ਤੇ ਜਥੇਦਾਰਾਂ ਉੱਤੇ ਬਿਨਾਂ ਕਿਸੇ ਸਬੂਤ ਤੋਂ ਇਲਜ਼ਾਮਬਾਜ਼ੀ ਅਤੇ ਕਿਰਦਾਰਕੁਸ਼ੀ ਕਰ ਸਕੇ। ਫੈਡਰੇਸ਼ਨ ਆਗੂ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿੱਚ ਜਥੇਦਾਰਾਂ ਵੱਲੋਂ ਖ਼ਾਲਸਾ ਪੰਥ ਦੀ ਰਾਏ ਲੈਣਾ, ਸੰਪਰਦਾਵਾਂ-ਜਥੇਬੰਦੀਆਂ ਅਤੇ ਸਾਬਕਾ ਜਥੇਦਾਰਾਂ ਨਾਲ਼ ਇਸ ਫੈਸਲੇ ਪ੍ਰਤੀ ਤਾਲਮੇਲ ਕਰਨਾ ਇੱਕ ਸ਼ਲਾਘਾਯੋਗ ਕਦਮ ਹੈ, ਪਰ ਜਥੇਦਾਰਾਂ ਦੀ ਪਰਖ ਅਜੇ ਬਾਕੀ ਹੈ। ਆਸ ਹੈ ਕਿ ਉਹ ਵਿਰਸਾ ਸਿੰਘ ਵਲਟੋਹਾ ਵਾਂਗ ਸੁਖਬੀਰ ਸਿੰਘ ਬਾਦਲ ਨੂੰ ਵੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਪੱਕੇ ਤੌਰ ‘ਤੇ ਹਟਾ ਦੇਣਗੇ, ਉਸ ਦੀਆਂ ਸਿਆਸੀ ਗਤੀਵਿਧੀਆਂ ਉੱਤੇ ਰੋਕ ਲਾਉਣਗੇ ਤੇ ਉਸ ਨੂੰ ਖ਼ਾਲਸਾ ਪੰਥ ਵਿੱਚੋਂ ਛੇਕ ਕੇ ਇਨਸਾਫ਼ ਕਰਨਗੇ। ਉਹਨਾਂ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫਖਰ-ਏ-ਕੌਮ ਅਤੇ ਪੰਥ ਰਤਨ ਅਵਾਰਡ ਵੀ ਬਾਦਲ ਪਰਿਵਾਰ ਤੋਂ ਵਾਪਸ ਲਿਆ ਜਾਵੇ। ਦੋਵਾਂ ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਬਾਦਲ ਦਲ ਦੇ ਰਾਜ ਵਿੱਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨਾਲ ਰਲ ਕੇ ਵਿਰਸਾ ਸਿੰਘ ਵਲਟੋਹਾ ਨੇ ਪੰਥ ਅਤੇ ਪੰਜਾਬ ਨਾਲ ਖੁੱਲ੍ਹ ਕੇ ਗੱਦਾਰੀਆਂ ਕੀਤੀਆਂ ਹਨ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸਮੇਂ ਸਿੱਖ ਸੰਗਤਾਂ ਨੇ ਮੋਰਚੇ-ਧਰਨੇ ਲਾਏ ਤਾਂ ਇਹੀ ਵਿਰਸਾ ਸਿੰਘ ਵਲਟੋਹਾ ਕਹਿੰਦਾ ਸੀ ਕਿ ਬੇਅਦਬੀ ਦਾ ਇਨਸਾਫ ਮੰਗਣ ਵਾਲੇ ਸਿੱਖਾਂ ਦੀਆਂ ਵੋਟਾਂ ਚਾਹੇ ਸਾਨੂੰ ਨਾ ਪੈਣ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਇਸ ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਨੂੰ ਵੀ ਸਨਮਾਨਿਆ ਸੀ। ਇਸ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਿੱਖ ਸੰਘਰਸ਼ ਦੀ ਪਿੱਠ ਵਿੱਚ ਵੀ ਛੁਰਾ ਖੋਭਿਆ ਤੇ ਸਿੱਖਾਂ ਦੇ ਕਾਤਲਾਂ ਨਾਲ ਯਾਰੀਆਂ ਪਾ ਲਈਆਂ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਕਿ ਵਿਰਸਾ ਸਿੰਘ ਵਲਟੋਹਾ ਨੂੰ ਖ਼ਾਲਸਾ ਪੰਥ ਵਿੱਚੋਂ ਛੇਕਿਆ ਜਾਵੇ।
Author: Gurbhej Singh Anandpuri
ਮੁੱਖ ਸੰਪਾਦਕ