Home » ਧਾਰਮਿਕ » ਇਤਿਹਾਸ » ਉਦਾਸ ਹੈ ਸਾਰੰਗੀ / ਭੋਗ ਤੇ ਵਿਸ਼ੇਸ਼ – ਸਾਰੰਗੀ ਮਾਸਟਰ ਭਾਈ ਬਲਵੀਰ ਸਿੰਘ ਲੱਖਾ

ਉਦਾਸ ਹੈ ਸਾਰੰਗੀ / ਭੋਗ ਤੇ ਵਿਸ਼ੇਸ਼ – ਸਾਰੰਗੀ ਮਾਸਟਰ ਭਾਈ ਬਲਵੀਰ ਸਿੰਘ ਲੱਖਾ

43 Views

ਪਿਛਲੀ ਅੱਧੀ ਸਦੀ ਦੇ ਢਾਡੀ ਕਲਾ ਦੇ ਇਤਿਹਾਸ ਵਿੱਚ ਇੱਕ ਨਾਮ ਜੋ ਗੁਰਮਤਿ ਸੰਗੀਤ ਕਲਾ ਦੇ ਖੇਤਰ ਹਰ ਨਜ਼ਰੇ ਪਰਵਾਨ ਚੜਿਆ ਹੈ ਉਹ ਨਾਮ ਹੈ ਸਾਰੰਗੀ ਮਾਸਟਰ ਭਾਈ ਬਲਵੀਰ ਸਿੰਘ ਲੱਖਾ। “ਲੱਖਾ ” ਲੁਧਿਆਣੇ ਜ਼ਿਲ੍ਹੇ ਦਾ ਇਤਿਹਾਸਕ ਪਿੰਡ ਹੈ ਜੋ ਭਾਈ ਬਲਵੀਰ ਸਿੰਘ ਦਾ ਉਪਨਾਮ ਸੀ ਤੇ ਇਹ “ਲੱਖਾ ” ਉਹਦੀ ਪਹਿਚਾਣ ਵੀ ਬਣਿਆ ਰਿਹਾ।। ਬਲਵੀਰ ਸਿੰਘ ਲੱਖਾ ਰਾਖਵੇਂ ਸੁਭਾਅ ਵਾਲਾ ਗੁਣੀ ਇਨਸਾਨ ਸੀ। ਥੋੜ੍ਹਾ ਬੋਲਣਾ ਪਰ ਨਿੱਗਰ ਗੱਲ ਕਰਨੀ ਉਹਦੇ ਸੁਭਾਅ ਦੀ ਖਾਸੀਅਤ ਸੀ। ਸਾਰੰਗੀ ਵਾਦਨ ਵਿੱਚ ਬਲਵੀਰ ਸਿੰਘ ਲੱਖਾ ਦਾ ਜ਼ਿਕਰ ਉਨ੍ਹਾਂ ਸਰਬ ਪ੍ਰਵਾਨਿਤ ਸਾਰੰਗੀ ਮਾਸਟਰਾਂ ਵਿੱਚ ਹੁੰਦਾ ਹੈ ਜਿਨ੍ਹਾਂ ਦੀ ਸਾਰੰਗੀ ਦਾ ਜੋੜਾ ਕਦੇ ਬੇਸੁਰਾ ਹੋਇਆ ਨਹੀਂ ਸੁਣਿਆ। ਭਾਈ ਬਲਵੀਰ ਸਿੰਘ ਲੱਖਾ ਦੇ ਮੁੱਢਲੇ ਉਸਤਾਦ ਭਾਈ ਹਰਚੰਦ ਸਿੰਘ ਜਾਂਗਪੁਰੀ ਜੀ ਸਨ। ਜਾਂਗਪੁਰੀ ਸਾਹਿਬ ਤੋਂ ਤੂੰਬੀ ਦੀ ਸਿਖਿਆ ਤੇ ਸੁਰਾਂ ਦੀ ਸਮਝ ਲੈ ਕੇ ਬਲਵੀਰ ਸਿੰਘ ਲੱਖਾ ਨੇ ਧਾਰਮਿਕ ਸਟੇਜਾਂ ਉਪਰ ਅਪਣੀ ਕਲਾ ਦੀ ਮਹਿਕ ਬਖੇਰਨੀ ਸ਼ੁਰੂ ਕੀਤੀ।ਉਸਤਾਦ ਹਰਚੰਦ ਸਿੰਘ ਜਾਂਗਪੁਰੀ ਦਾ ਸ਼ਾਗਿਰਦ ਹੋਣਾ ਸੁਰ ਦੀ ਪਰਪੱਕਤਾ ਦੀ ਜ਼ਾਮਨੀ ਮੰਨੀ ਜਾਂਦੀ ਹੈ।ਭਾਈ ਬਲਵੀਰ ਸਿੰਘ ਲੱਖਾ ਨੇ ਸਾਰੰਗੀ ਸਿੱਖਣ ਲਈ ਰਾਏਕੋਟ ਨੇੜਲੇ ਪਿੰਡ ਜੌਹਲਾਂ ਵਾਲੇ ਸਰਦਾਰ ਕਪੂਰ ਸਿੰਘ ਨੂੰ ਉਸਤਾਦ ਧਾਰਿਆ। ਜੌਹਲਾਂ ਵਾਲੇ ਸ: ਕਪੂਰ ਸਿੰਘ ਖੁੱਲੇ ਅਖਾੜਿਆਂ ਵਾਲੀ ਢਾਡੀ ਕਲਾ ਵਿੱਚ ਵਿਸ਼ੇਸ਼ ਮੁਹਾਰਤ ਰੱਖਦੇ ਸਨ।ਅਸਲ ਵਿੱਚ ਸ: ਕਪੂਰ ਸਿੰਘ ਦੇ ਸਪੁੱਤਰ ਉਸਤਾਦ ਸਾਰੰਗੀ ਮਾਸਟਰ ਭਾਈ ਬਲਵੀਰ ਸਿੰਘ ਜੌਹਲ ਨੇ ਭਾਈ ਬਲਵੀਰ ਸਿੰਘ ਲੱਖਾ ਨੂੰ ਸਾਰੰਗੀ ਦੇ ਗੁਰ ਦੱਸੇ। ਇਹ ਭਾਈ ਬਲਵੀਰ ਸਿੰਘ ਜੌਹਲ ਉਹ ਸੱਜਣ ਹਨ ਜਿਨ੍ਹਾਂ ਦੀ ਸਾਰੰਗੀ ਵਾਦਨ ਦੀ ਕਲਾ ਦਾ ਕੋਈ ਹੋਰ ਬਦਲ ਮੇਰੀ ਨਜ਼ਰ ਵਿੱਚ ਨਹੀਂ ਹੈ। ਸਵਰਗਵਾਸੀ ਭਾਈ ਬਲਵੀਰ ਸਿੰਘ ਲੱਖਾ 1984 ਵਿੱਚ ਪਹਿਲੀ ਵਾਰ ਕਨੇਡਾ ਆਏ ਸਨ ਨਾਲ ਢਾਡੀ ਸਾਥੀ ਸਨ ਅਤਿ ਸੁਰੀਲੇ ਮਾਸਟਰ ਸੁਰਿੰਦਰਪਾਲ ਸਿੰਘ ਚੌਕੀਮਾਨ ਤੇ ਗੁਰਮੀਤ ਸਿੰਘ ਸੇਖੋਂ। ਲੈਕਚਰ ਭਾਈ ਗੁਰਮੀਤ ਸਿੰਘ ਸੇਖੋਂ ਜੀ ਕਰਦੇ ਸਨ। ਇਹ ਤਿੰਨੇ ਸਾਥੀ ਚਾਰ ਬੰਦਿਆਂ ਜਿੰਨਾਂ ਕੰਮ ਕਰਕੇ ਸਿੱਖ ਸੰਗਤਾਂ ਤੋਂ ਵੱਡਾ ਸਨਮਾਨ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ। ਅਸਲ ਵਿੱਚ ਇਨ੍ਹਾਂ ਨੂੰ ਕਨੇਡਾ ਲਿਆਉਣ ਵਿੱਚ ਭਾਈ ਬਲਵੀਰ ਸਿੰਘ ਲੱਖਾ ਦਾ ਅਹਿਮ ਯੋਗਦਾਨ ਰਿਹਾ। ਸਬੱਬ ਇਹ ਬਣਿਆ ਕਿ ਸੰਸਾਰ ਪ੍ਰਸਿੱਧ ਸਾਰੰਗੀ ਮਾਸਟਰ ਬੂਟਾ ਸਿੰਘ ਬਿਲਾਸਪੁਰੀ ਨੇ ਗੁਰਦੁਆਰਾ ਸੁੱਖ ਸਾਗਰ ਸਾਹਿਬ ਨਿਊ ਵੈਸਟ ਮਨਿਸਟਰ ਕਨੇਡਾ ਦੇ ਹੈਡ ਗ੍ਰੰਥੀ ਸਤਿਕਾਰਤ ਸ਼ਖਸੀਅਤ ਗਿ: ਮੱਲ ਸਿੰਘ ਲੱਖਾ ਨੂੰ ਕਿਹਾ ਕਿ ਤੁਹਾਡੇ ਪਿੰਡ ਲੱਖੇ ਦਾ ਇੱਕ ਗਰੀਬ ਘਰ ਦਾ ਮੁੰਡਾ ਬਹੁਤ ਵਧੀਆ ਸਾਰੰਗੀ ਮਾਸਟਰ ਹੈ ਤੇ ਗਾਉਂਦਾ ਵੀ ਬਰਾਬਰ ਹੈ ਤੁਸੀਂ ਉਨ੍ਹਾਂ ਦੇ ਢਾਡੀ ਜੱਥੇ ਨੂੰ ਕਨੇਡਾ ਬੁਲਾਓ। ਗਿ: ਮੱਲ ਸਿੰਘ ਲੱਖਾ ਜੀ ਦੇ ਯਤਨਾਂ ਸਦਕਾ ਬਲਵੀਰ ਸਿੰਘ ਲੱਖਾ ਸਾਥੀਆਂ ਸਮੇਤ ਕਨੇਡਾ ਆਇਆ। ਉਦੋਂ ਕਨੇਡਾ ਦੀ ਟਿਕਟ ਬਾਰਾਂ ਹਜ਼ਾਰ ਦੀ ਸੀ ਤੇ ਕਨੇਡਾ ਦੇ ਡਾਲਰ ਦੀ ਕੀਮਤ ਛੇ ਰੁਪਏ ਸੀ। ਬਲਵੀਰ ਸਿੰਘ ਲੱਖਾ ਦੀ ਕਨੇਡਾ ਦੀ ਟਿਕਟ ਦਾ ਖਰਚਾ ਵੀ ਗਿ: ਮੱਲ ਸਿੰਘ ਲੱਖਾ ਜੀ ਨੇ ਖੁਦ ਅਪਣੀ ਜੇਬ ਵਿੱਚੋਂ ਕੀਤਾ। ਡੇਢ ਸਾਲ ਇਹ ਜੱਥਾ ਕਨੇਡਾ ਰਿਹਾ ਸੀ। ਡੇਢ ਲੱਖ ਰੁਪਏ ਬਚੇ ਸਨ ਜਿਸ ਨਾਲ ਬਲਵੀਰ ਸਿੰਘ ਲੱਖੇ ਨੇ ਹੁਣ ਵਾਲਾ ਇੱਟ ਬਾਲੇ ਵਾਲਾ ਮਕਾਨ ਬਣਾਇਆ ਸੀ। ਮਾਸਟਰ ਸੁਰਿੰਦਰਪਾਲ ਸਿੰਘ ਜੀ ਚੌਕੀਮਾਨ ਤੇ ਬਲਵੀਰ ਸਿੰਘ ਲੱਖਾ ਵਾਪਸ ਭਾਰਤ ਮੁੜ ਗਏ ਸਨ ਤੇ ਗੁਰਮੀਤ ਸਿੰਘ ਸੇਖੋਂ ਗ੍ਰੰਥੀ ਸਿੰਘ ਵਜੋਂ ਇੱਥੇ ਕਨੇਡਾ ਰੱਖ ਲਏ ਗਏ ਸੀ। ਬਲਵੀਰ ਸਿੰਘ ਲੱਖਾ ਗਿ: ਸੁਦਾਗਰ ਸਿੰਘ ਬੇਪ੍ਰਵਾਹ, ਗਿ: ਕਰਤਾਰ ਸਿੰਘ ਕਿਰਤੀ, ਗਿ: ਬੱਗਾ ਸਿੰਘ ਮਸਕੀਨ ਗਿ: ਕੁੰਢਾ ਸਿੰਘ ਜੋਸ਼ ਦੇ ਜੱਥਿਆਂ ਦਾ ਸ਼ਿੰਗਾਰ ਰਹੇ। ਇੱਕ ਵਾਰ ਢਾਡੀ ਸੀਤਲ ਤੇ ਮਿਸ਼ਰਾ ਦੋਵੇਂ ਭਰਾਵਾਂ ਨਾਲ ਬਲਵੀਰ ਸਿੰਘ ਲੱਖਾ ਮੁੜ ਕਨੇਡਾ ਆਏ। ਪ੍ਰਚਾਰਕ ਦਾ ਨਾਮ ਮੇਰੇ ਜ਼ਿਹਨ ਵਿੱਚ ਨਹੀਂ ਆ ਰਿਹਾ। ਦੋ ਤਿੰਨ ਵਾਰ ਭਾਈ ਬਲਵੀਰ ਸਿੰਘ ਲੱਖਾ ਗਿ: ਕੁੰਢਾ ਸਿੰਘ ਜੋਸ਼ ਤੇ ਸੁਖਜੀਤ ਸਿੰਘ ਤਿਹਾੜਾ ਨਾਲ ਟਰਾਂਟੋ ਕਨੇਡਾ ਆਏ। ਇੰਝ ਭਾਈ ਬਲਵੀਰ ਸਿੰਘ ਲੱਖਾ ਕਨੇਡਾ ਤਾਂ ਕਈ ਵਾਰ ਆਏ, ਪਰ ਆਰਥਿਕ ਤੌਰ ਤੇ ਪੱਕੇ ਪੈਰੀਂ ਨਾ ਹੋ ਸਕੇ। “ਨਾ ਜਾਈੰ ਬਰਮਾ ਨੂੰ ਲੇਖ ਜਾਣਗੇ ਨਾਲੇ” ਵਾਲੀ ਬਾਤ ਦਾ ਸੱਚ ਬਲਵੀਰ ਸਿੰਘ ਲੱਖਾ ਦੇ ਜੀਵਨ ਨਾਲ ਜੋੜ ਕੇ ਸਮਝਿਆ ਜਾ ਸਕਦਾ ਹੈ। ਬਲਵੀਰ ਸਿੰਘ ਲੱਖਾ ਜਿੰਨੀ ਵਾਰ ਵੀ ਮੈਨੂੰ ਮਿਲਿਆ ਮੈਂ ਹਮੇਸ਼ਾਂ ਉਸ ਦੇ ਸਤਿਕਾਰ ਵਜੋਂ ਝੁਕ ਕੇ ਉਨ੍ਹਾਂ ਦਾ ਅਦਬ ਕਰਨਾ ਪਰ ਉਹਨੇ ਕਹਿਣਾ ਨਾ ਯਾਰ ਭਮੱਦੀ ਤੂੰ ਏਂਦਾਂ ਨਾ ਕਰਿਆ ਕਰ,ਤੂੰ ਹੁਣ ਗੁਣਾਂ ਵਿੱਚ ਸਾਥੋਂ ਵੱਡਾ ਏਂ। ਉਨ੍ਹਾਂ ਦੇ ਇਸ ਪਿਆਰ ਸਤਿਕਾਰ ਤੋਂ ਵਾਝੇਂ ਹੋ ਜਾਣਾ ਮੇਰੇ ਲਈ ਵੱਡਾ ਘਾਟਾ ਹੈ।ਬਲਵੀਰ ਸਿੰਘ ਲੱਖਾ 1955-56 ਦਾ ਜੰਮਪਲ ਸੀ ਭਾਵ ਸੱਤਰ ਸਾਲ ਤੋਂ ਵੀਂ ਘੱਟ ਉਮਰ ਸੀ ਉਸਦੀ। ਮੈਨੂੰ ਯਾਦ ਹੈ ਜਦੋਂ ਗਿ: ਕਰਤਾਰ ਸਿੰਘ ਕਿਰਤੀ ਮੁੱਲਾਂਪੁਰ ਵਾਲਿਆਂ ਦੀ ਸਤੰਬਰ 1989 ਵਿੱਚ ਅਚਨਚੇਤ ਮੌਤ ਹੋਈ ਤਾਂ ਉਦੋਂ ਉਨ੍ਹਾਂ ਨਾਲ ਅੱਜ ਦੇ ਸੁਪ੍ਰਸਿੱਧ ਢਾਡੀ ਪ੍ਰਚਾਰਕ ਤੇ ਮੇਰੇ ਸਾਬਕਾ ਸਾਥੀ ਗਿ: ਸੁਖਨਿਰੰਜਨ ਸਿੰਘ ਸੁੰਮਣ, ਬਲਵੰਤ ਸਿੰਘ ਸਿੱਧੂ ਤੇ ਸਾਰੰਗੀ ਮਾਸਟਰ ਬਲਵੀਰ ਸਿੰਘ ਲੱਖਾ ਸਾਥੀ ਸਨ। ਪਿਛਲੇ ਸਾਲਾਂ ਦੌਰਾਨ ਬਲਵੀਰ ਸਿੰਘ ਲੱਖਾ ਨੂੰ ਆਰਥਿਕ ਮੰਦਹਾਲੀ ਵਾਲੇ ਦੌਰ ਵਿੱਚੋਂ ਗੁਜ਼ਰਨਾ ਪਿਆ। ਕੋਵਿਡ ਦੇ ਕਹਿਰ ਨੇ ਕਲਾਵਾਨ ਸ਼ਖਸੀਅਤਾਂ ਨੂੰ ਆਰਥਿਕ ਤੌਰ ਤੇ ਬਹੁਤ ਨਪੀੜਿਆ। ਬੇ-ਵਸੀ ਦੇ ਆਲਮ ਵਿੱਚ ਹੀ ਬਲਵੀਰ ਸਿੰਘ ਲੱਖਾ ਦਿਲ ਦੇ ਮਾਰੂ ਰੋਗ ਦੀ ਮਾਰ ਹੇਠ ਆ ਗਿਆ। ਇਲਾਜ਼ ਕਰਾਉਂਦਿਆਂ ਘਰ ਕੁਲੁੰਜਿਆ ਗਿਆ। ਮੈਂ ਜਦੋਂ ਬਲਵੀਰ ਸਿੰਘ ਲੱਖਾ ਦੀ ਮੌਤ ਦਾ ਅਫਸੋਸ ਕਰਨ ਲਈ ਉਨ੍ਹਾਂ ਦੇ ਭਤੀਜੇ ਤੇ ਨਾਮਵਰ ਸਥਾਪਿਤ ਢਾਡੀ ਇੰਦਰਜੀਤ ਸਿੰਘ ਲੱਖਾ ਨੂੰ ਫੋਨ ਕੀਤਾ ਤਾਂ ਉਹਨਾਂ ਕੋਲੋਂ ਭਾਈ ਬਲਵੀਰ ਸਿੰਘ ਲੱਖਾ ਦੀ ਆਖੀਰ ਵਕਤ ਵਾਲੀ ਗੁਰਬਤੀ ਕਹਾਣੀ ਸੁਣ ਕੇ ਮੈਂ ਭਾਵੁਕ ਹੋ ਗਿਆ। ਐਨਾ ਗੁਣੀ ਬੰਦਾ ਇਲਾਜ ਕਰਾਉਣ ਲਈ ਮੱਦਦ ਮੰਗਣ ਵਾਲੀ ਹਾਲਤ ਵਿੱਚੋਂ ਕਿਵੇਂ ਗੁਜਰਿਆ ਹੋਵੇਗਾ? ਔਖੇ ਵੇਲੇ ਜਿਹਨਾਂ ਬਲਵੀਰ ਸਿੰਘ ਲੱਖਾ ਦੀ ਮੱਦਦ ਕੀਤੀ ਉਨ੍ਹਾਂ ਲਈ ਸ਼ਾਬਾਸ਼ ਕਹਿਣਾ ਬਣਦੈ। ਬਲਵੀਰ ਸਿੰਘ ਲੱਖਾ ਦੀ ਸਾਰੰਗੀ ਸਦਾ ਸਦਾ ਲਈ ਖਾਮੋਸ਼ ਹੋ ਗਈ ਹੈ। ਨਹੀਂ ਸੁਣ ਸਕਾਂਗੇ ਉਹਨਾਂ ਦੇ ਸੁਰੀਲੇ ਪੋਟੇ। ਹਾਂ ਉਹਨਾਂ ਦੇ ਸ਼ਾਗਿਰਦਾਂ ਵਿੱਚੋਂ ਭਾਈ ਰਾਜੀਵਨ ਸਿੰਘ ਬੀਹਲਾ ਤੇ ਗੁਰਪ੍ਰੀਤ ਸਿੰਘ ਹਠੂਰ ਸਮੇਤ ਉਨ੍ਹਾਂ ਦੇ ਹੋਰ ਸ਼ਾਗਿਰਦ ਭਾਈ ਬਲਵੀਰ ਸਿੰਘ ਲੱਖਾ ਦੀ ਯਾਦ ਨੂੰ ਤਾਜ਼ਾ ਕਰਦੇ ਰਹਿਣਗੇ। ਅੱਜ 25 ਅਕਤੂਬਰ 2024 ਨੂੰ ਭਾਈ ਬਲਵੀਰ ਸਿੰਘ ਲੱਖਾ ਜੀ ਦੀ ਅੰਤਿਮ ਅਰਦਾਸ ਜਿਲਾ ਲੁਧਿਆਣਾ ਦੇ ਪਿੰਡ ਲੱਖਾ ਵਿਖੇ ਹੋਵੇਗੀ। ਸਮੁੱਚੇ ਢਾਡੀ ਭਾਈਚਾਰੇ ਵਲੋਂ ਭਰੇ ਮਨ ਨਾਲ ਭਾਈ ਬਲਵੀਰ ਸਿੰਘ ਲੱਖਾ ਨੂੰ ਅਲਵਿਦਾ ਕਹਿੰਦਿਆਂ ਅੰਤਰੀਵ ਪੀੜ ਦਾ ਅਣਕਿਆਸਿਆ ਦਰਦ ਅਕਹਿ ਵੀ ਹੈ ਅਸਹਿ ਵੀ ਹੈ ।


ਤਰਲੋਚਨ ਸਿੰਘ ਭਮੱਦੀ (ਢਾਡੀ)
ਫੋਨ-+919814700348

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?