ਅੰਮ੍ਰਿਤਸਰ, 26 ਅਕਤੂਬਰ ( ਤਾਜੀਮਨੂਰ ਕੌਰ )ਸਿੱਖ ਕੌਮ ਲਈ ਇਹ ਮਾਣ ਵਾਲ਼ੀ ਗੱਲ ਹੈ ਕਿ ਕੌਮੀ ਸ਼ਹੀਦਾਂ ਦੀ ਯਾਦ ਵਿੱਚ ਜਿੱਥੇ ਥਾਂ-ਥਾਂ ‘ਤੇ ਸ਼ਹੀਦੀ ਸਮਾਗਮ ਹੋ ਰਹੇ ਹਨ, ਓਥੇ ਹੀ ਪਿੰਡ ਕੋਲੋਵਾਲ ਦੀ ਸਮੂਹ ਸੰਗਤ ਵੱਲੋਂ ਸ਼ਹੀਦਾਂ ਦੀ ਯਾਦ ‘ਚ ਸ਼ਹੀਦੀ ਸਮਾਗਮ, ਦਸਤਾਰ-ਦੁਮਾਲਾ ਮੁਕਾਬਲਾ ਅਤੇ ਗਤਕਾ ਕੱਪ ਕਰਵਾਇਆ ਜਾਏਗਾ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਵੱਲੋਂ ਅਰੰਭੇ ਸੰਘਰਸ਼ ਵਿੱਚ ਜੂਝ ਕੇ ਸ਼ਹਾਦਤਾਂ ਦਾ ਜਾਮ ਪੀਣ ਵਾਲ਼ੇ ਅਮਰ ਸ਼ਹੀਦ ਜਨਰਲ ਸ਼ਾਬੇਗ ਸਿੰਘ ਖਿਆਲਾ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜੁਝਾਰੂ ਸ਼ਹੀਦ ਭਾਈ ਮੇਜਰ ਸਿੰਘ ਕੋਲੋਵਾਲ ਅਤੇ ਸ਼ਹੀਦ ਭਾਈ ਬਲਬੀਰ ਸਿੰਘ ਕੋਲੋਵਾਲ ਅਤੇ ਸਮੂਹ ਸਾਥੀ ਸਿੰਘਾਂ ਦਾ ਸ਼ਹੀਦੀ ਦਿਹਾੜਾ ਮਿਤੀ 27 ਅਕਤੂਬਰ ਨੂੰ ਗੁਰਦੁਆਰਾ ਸ਼ਹੀਦਾਂ ਸਾਧਸੰਗਤ, ਪਿੰਡ ਕੋਲੋਵਾਲ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ਼ ਮਨਾਇਆ ਜਾਵੇਗਾ। ਇਹ ਜਾਣਕਾਰੀ ਸਾਂਝੀ ਕਰਦਿਆਂ ਸ਼ਹੀਦ ਭਾਈ ਬਲਬੀਰ ਸਿੰਘ ਕੋਲੋਵਾਲ ਦੇ ਸਪੁੱਤਰ ਭਾਈ ਹਰਪਾਲ ਸਿੰਘ ਕੋਲੋਵਾਲ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅਕਾਲ ਅਕੈਡਮੀ ਚੋਗਾਵਾਂ ਦਾ ਕੀਰਤਨੀ ਜਥਾ, ਪੰਥਕ ਕਵੀਸ਼ਰ ਭਾਈ ਗੁਰਸੇਵਕ ਸਿੰਘ ਪੱਧਰੀ, ਢਾਡੀ ਜਥਾ ਭਾਈ ਗੁਰਪ੍ਰਤਾਪ ਸਿੰਘ ਪਦਮ, ਐਸ ਏ ਐਸ ਗਤਕਾ ਗਰੁੱਪ, ਬਾਬਾ ਕਿਰਪਾਲ ਸਿੰਘ ਗੁਰੂ ਕੇ ਬਾਗ ਵਾਲੇ, ਬਾਬਾ ਜੋਗਿੰਦਰ ਸਿੰਘ ਗੁਰਦੁਆਰਾ ਸ਼ਹੀਦਾਂ ਸਾਹਿਬ ਲੋਪੋਕੇ ਭਾਈ ਹਰਪਾਲ ਸਿੰਘ ਸਟੇਜ ਸਕੱਤਰ ਵਿਚਾਰਾਂ ਦੀ ਸਾਂਝੇ ਕਰਨਗੇ। ਉਹਨਾਂ ਦੱਸਿਆ ਕਿ ਦਸਤਾਰ ਅਤੇ ਦੁਮਾਲਾ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਜੇਤੂ ਟੀਮਾਂ ਨੂੰ ਨਗਦ ਇਨਾਮ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਦੀਵਾਨ ਦੀ ਸਮਾਪਤੀ ਉਪਰੰਤ ਗਤਕਾ ਕੱਪ ਵੀ ਕਰਵਾਇਆ ਜਾਵੇਗਾ ਜਿਸ ਵਿੱਚ ਵੱਖ ਵੱਖ ਟੀਮਾਂ ਭਾਗ ਲੈਣਗੀਆਂ ਅਤੇ ਜਿੱਤਣ ਵਾਲੀ ਗਤਕਾ ਟੀਮ ਨੂੰ ਵਿਸ਼ੇਸ਼ ਇਨਾਮ ਦਿੱਤਾ ਜਾਵੇਗਾ। ਸਮਾਗਮ ਦੀ ਸਮਾਪਤੀ ਤੇ ਇਲਾਕੇ ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਹੋਵੇਗਾ। ਉਹਨਾਂ ਸਮੂਹ ਸਿੱਖ ਸੰਗਤਾਂ ਨੂੰ ਵੱਧ-ਚੜ੍ਹ ਕੇ ਸ਼ਹੀਦੀ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ।
Author: Gurbhej Singh Anandpuri
ਮੁੱਖ ਸੰਪਾਦਕ