104 Views
ਨਵੰਬਰ 1984 ‘ਚ ਹਿੰਦੂਆਂ ਵੱਲੋਂ ਗਵਾਲੀਅਰ ਗੁਰਦੁਆਰੇ ‘ਤੇ ਕਬਜਾ, ਮੱਧ ਪ੍ਰਦੇਸ਼ ‘ਚ ਪਾਵਨ ਸਰੂਪਾਂ ਤੇ ਹਜ਼ਾਰਾਂ ਸਿੱਖਾਂ ਨੂੰ ਸਾੜਿਆ
ਮੱਧ ਪ੍ਰਦੇਸ਼ ‘ਚ ਪੈਂਦੇ ਗਵਾਲੀਅਰ ਦੇ ਕਿਲ੍ਹੇ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੈਦ ਰਹੇ ਤੇ ਇੱਥੋਂ ਹੀ ਗੁਰੂ ਜੀ ਨੇ 52 ਹਿੰਦੂ ਰਾਜਿਆਂ ਨੂੰ ਰਿਹਾਅ ਕਰਵਾਇਆ ਸੀ। ਇੱਥੇ ਕਿਲ੍ਹੇ ਅੰਦਰ ਗੁਰਦੁਆਰਾ ਦਾਤਾ ਬੰਦੀ ਛੋੜ ਤੋਂ ਇਲਾਵਾ ਗੁਰਦੁਆਰਾ ਪਊਆ ਸਾਹਿਬ ਵੀ ਮੌਜੂਦ ਹੈ। ਪਊਆ ਤੋਂ ਭਾਵ ਕਿ ਪੈਰਾਂ ਵਿੱਚ ਪਹਿਨਿਆ ਜਾਣ ਵਾਲ਼ਾ ਜੋੜਾ। ਇੱਥੇ ਸਤਿਗੁਰਾਂ ਦਾ ਜੋੜਾ (ਪਊਆ) ਨਿਸ਼ਾਨੀ ਵਜੋਂ ਸੰਭਾਲਿਆ ਸੀ। ਨਵੰਬਰ 1984 ਦੌਰਾਨ ਹਿੰਦੂ ਭੀੜਾਂ ਨੇ ਗੁਰਦੁਆਰਾ ਪਊਆ ਸਾਹਿਬ ਨੂੰ ਵੀ ਅੱਗ ਲਾ ਦਿੱਤੀ ਤੇ ਉਸ ਦੌਰਾਨ ਇੱਕ ਜੋੜਾ ਸੜ ਗਿਆ, ਦੂਜਾ ਕਿਸੇ ਤਰ੍ਹਾਂ ਬਚ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 15 ਪਾਵਨ ਸਰੂਪਾਂ ਨੂੰ ਵੀ ਹਿੰਦੂਆਂ ਨੇ ਅੱਗ ਲਾ ਦਿੱਤੀ। ਭਾਈ ਸੁਖਚੈਨ ਸਿੰਘ ਗ੍ਰੰਥੀ ਤੇ ਭਾਈ ਹਰੀ ਸਿੰਘ ਨੂੰ ਵੀ ਜਿਉਂਦਿਆਂ ਨੂੰ ਸਾੜਿਆ ਗਿਆ।
ਓਦੋਂ ਹੀ ਕਈ ਹੋਰ ਗੁਰਦੁਆਰੇ ਵੀ ਸਾੜੇ ਤੇ ਗਵਾਲੀਅਰ ਦੇ ‘ਗੁਰਦੁਆਰਾ ਭਾਈ ਹਰਿਦਾਸ ਜੀ’ ਨੂੰ ‘ਸ੍ਰੀ ਕਾਲੀ ਦੇਵੀ ਭੈਰਉ ਮੰਦਰ’ ਵਿੱਚ ਬਦਲ ਦਿੱਤਾ ਗਿਆ ਤੇ ਓਥੋਂ ਦੇ ਸੇਵਾਦਾਰ ਨੂੰ ਕਤਲ ਕੀਤਾ ਗਿਆ। ਇਤਿਹਾਸ ਅਨੁਸਾਰ ਕਾਲੀ ਦੇਵੀ ਭਗਤ ਹਰੀ ਰਾਮ ਉਰਫ਼ ‘ਹਰਿਦਾਸ’ ਗਵਾਲੀਅਰ ਦੇ ਕਿਲ੍ਹੇ ਦਾ ਦਾਰੋਗਾ ਸੀ, ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਮਦ੍ਰਿਸ਼ਟੀ, ਸੂਰਬੀਰਤਾ ਤੇ ਸਚਿਆਰੇ ਕਿਰਦਾਰ ਤੋਂ ਪ੍ਰਭਾਵਿਤ ਹੋ ਕੇ ਗੁਰਸਿੱਖ ਬਣ ਗਿਆ। ਉਸ ਨੇ ਆਪਣੇ ਘਰ ਵਿਚਲੀ ਕਾਲੀ ਦੇਵੀ ਦੀ ਮੂਰਤੀ ਨੂੰ ਪੂਜਾ ਸਥਲ ਤੋਂ ਚੁੱਕ ਕੇ ਸੁੱਟਣ ਦੀ ਥਾਂ ਉਸ ਨੂੰ ਬੁੱਤ ਤਰਾਸ਼ੀ ਦੀ ਇੱਕ ਵਧੀਆ ਕਲਾਕ੍ਰਿਤੀ ਜਾਣਦਿਆਂ ਦੀਵਾਰ ਵਿੱਚ ਚਿਣ ਦਿੱਤਾ ਸੀ। ਜਦੋਂ ਛੇਵੇਂ ਸਤਿਗੁਰੂ 52 ਹਿੰਦੂ ਰਾਜਿਆਂ ਸਮੇਤ ਕਿਲ੍ਹੇ ‘ਚੋਂ ਰਿਹਾਅ ਹੋ ਕੇ ‘ਬੰਦੀ ਛੋੜ ਦਾਤਾ’ ਅਖਵਾਏ, ਉਸ ਰਾਤ ਨੂੰ ਉਹ ਭਾਈ ਹਰਿਦਾਸ ਦੇ ਘਰ ਹੀ ਠਹਿਰੇ ਤੇ ਉਸ ਨੇ ਖੁਸ਼ੀ ਵਿੱਚ ਦੀਪਮਾਲਾ ਵੀ ਕੀਤੀ। ਇਸ ਤਰ੍ਹਾਂ ਭਾਈ ਹਰਿਦਾਸ ਦਾ ਇਤਿਹਾਸਕ ਘਰ ਗੁਰਦੁਆਰੇ ਵਿੱਚ ਬਦਲ ਗਿਆ।
ਭਾਈ ਸੰਤ ਸਿੰਘ ਮਸਕੀਨ ਦੇ ਸਾਥੀ ਗਿਆਨੀ ਹਰਿੰਦਰ ਸਿੰਘ ਅਲਵਰ ਤੇ ਹੋਰ ਕਈ ਗੁਰਮਤਿ ਪ੍ਰਚਾਰਕ ਇਸ ਅਸਥਾਨ ਵਿਖੇ ਗੁਰਬਾਣੀ ਵਿਚਾਰ ਵੀ ਕਰਦੇ ਰਹੇ। ਸੰਨ 1984 ਦੇ ਸਾਕੇ ਵੇਲ਼ੇ ਬਾਬਾ ਸੇਵਾ ਸਿੰਘ ਖਡੂਰ ਵਾਲ਼ਿਆਂ ਦਾ ਇੱਕ ਸਿੰਘ ਉਸ ਅਸਥਾਨ ਦੀ ਸੇਵਾ-ਸੰਭਾਲ ਕਰ ਰਿਹਾ ਸੀ, ਜਿਨ੍ਹਾਂ ਨੇ ਗੁਰਦੁਆਰੇ ਦੀ ਕਾਰ-ਸੇਵਾ ਕਰਦਿਆਂ ਪਿਛਵਾੜੇ ਦੀ ਥਾਂ ਖਰੀਦ ਕੇ ਚਾਰ ਦੀਵਾਰੀ ਵੀ ਕੀਤੀ ਹੋਈ ਸੀ। ਪਰ ਹਿੰਦੂ ਖ਼ਰੂਦੀਆਂ ਨੇ ਉਸ ਸੇਵਾਦਾਰ ਦਾ ਕਤਲ ਕਰਕੇ ਗੁਰਦੁਆਰੇ ਦੇ ਗੇਟ ਤੇ ‘ਸ੍ਰੀ ਕਾਲੀ ਦੇਵੀ ਭੈਰਉ ਜੀ ਮੰਦਰ’ ਲਿਖ ਦਿੱਤਾ। ਬਾਬਾ ਸੇਵਾ ਸਿੰਘ ਹੁਰਾਂ ਨੇ ਇਸ ਨਜਾਇਜ਼ ਕਬਜੇ ਪ੍ਰਤੀ ਕਈ ਸਾਲ ਕਨੂੰਨੀ ਲੜਾਈ ਵੀ ਲੜੀ ਅਤੇ ਕੇਂਦਰ ਦੇ ਸਿੱਖ ਮੰਤਰੀਆਂ ਤੱਕ ਪਹੁੰਚ ਵੀ ਕੀਤੀ, ਪ੍ਰੰਤੂ ਕਿਸੇ ਨੇ ਨਹੀਂ ਸੁਣੀ।
ਭਾਰਤ ਦੇ ਸੂਬੇ ਮੱਧ ਪ੍ਰਦੇਸ਼ ਵਿੱਚ ਗਵਾਲੀਅਰ, ਭੋਪਾਲ, ਇੰਦੋਰ, ਝਾਂਸੀ, ਸਿਡੋਲ, ਸਾਗਰ, ਗੈਰਤਗੰਜ, ਮਨਿੰਦਗੜ੍ਹ, ਜਬਲਪੁਰ, ਅਮਲਾਈ, ਅਮਰੀਕਾ ਕੋਰਬਾ, ਰਾਏਪੁਰ, ਰਾਂਚੀ, ਖੁਰਈ, ਦਮੋਹ, ਬੀਨਾ, ਮੰਡਲਾ, ਧੌਲਪੁਰ, ਮੁਰੈਨਾ, ਖੁਰਜਾ, ਸ਼ਿਵਪੁਰੀ, ਮੋਹਨ ਕਸਬਾ, ਬਾੜੋਲੀ ਆਦਿ ਥਾਂਵਾਂ ‘ਤੇ ਸਿੱਖਾਂ ਦਾ ਭਾਰੀ ਕਤਲੇਆਮ ਹੋਇਆ। ਉਸ ਸਮੇਂ ਇੱਥੇ ਕਾਂਗਰਸ ਦੀ ਸਰਕਾਰ ਸੀ ਤੇ ਭਾਰਤੀ ਸਟੇਟ ਨੇ ਖੁੱਲ੍ਹ ਕੇ ਸਿੱਖਾਂ ਦਾ ਕਤਲੇਆਮ ਕੀਤਾ। ਹਿੰਦੂਆਂ ਨੇ ਵਹਿਸ਼ੀ ਦਰਿੰਦਗੀ ਦਾ ਨਾਚ ਨੱਚਿਆ। ਭਾਜਪਾ ਅਤੇ ਆਰ. ਐਸ.ਐਸ. ਦੇ ਟੋਲਿਆਂ ਨੇ ਵੀ ਘੱਟ ਨਾ ਕੀਤੀ। ਹਰ ਹਿੰਦੂ ਨੇ ਸਿੱਖਾਂ ਨਾਲ ਵੈਰ ਕੱਢਿਆ ਤੇ ਗੁਰਦੁਆਰੇ ਵੀ ਸਾੜ ਦਿੱਤੇ।
ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਦੇਬਸ ਦੇ ਬਾੜੋਲੀ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਹਿੰਦੂਆਂ ਨੇ ਘੇਰਾ ਪਾ ਲਿਆ ਤੇ ਅਕ੍ਰਿਤਘਣਤਾ ਦਾ ਸਬੂਤ ਦਿੱਤਾ। ਇਸ ਭੀੜ ਵਿੱਚ ਬਾੜੋਲੀ, ਬੈਰਾਂਗੜ, ਬਾਮਰ ਤੇ ਹੋਰ ਪਿੰਡਾਂ ਦੇ ਹਿੰਦੂ ਸਨ। ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਸੋਨੇ ਦੇ ਛਤਰ, ਗੋਲਕ, ਲੰਗਰ ਘਰ ਸਮੇਤ ਹੋਰ ਵਸਤਾਂ ਨੂੰ ਲੁੱਟ ਲਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਕੀਤੀ ਤੇ ਫਿਰ ਗੁਰਦੁਆਰਾ ਸਾਹਿਬ ਨੂੰ ਅੱਗ ਲਾ ਦਿੱਤੀ। ਹਿੰਦੂਆਂ ਨੂੰ ਸਿੱਖੀ ਦੇ ਨਿਸ਼ਾਨਾਂ ਤੋਂ ਐਨੀ ਨਫ਼ਰਤ ਸੀ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਵੀ ਪੁੱਟ ਦਿੱਤਾ ਅਤੇ ਸਿੱਖਾਂ ਦੇ ਕੇਸ ਕਤਲ ਕਰਕੇ ਉਹਨਾਂ ਨੂੰ ਪਿੰਡ ‘ਚ ਘੁਮਾਇਆ ਗਿਆ ਤੇ ਫਿਰ ਬੁਰੇ ਤਰੀਕੇ ਨਾਲ਼ ਕੋਹ-ਕੋਹ ਕੇ ਮਾਰਿਆ ਗਿਆ। ਇਸ ਪਿੰਡ ਵਿੱਚ ਸਿੱਖਾਂ ਦੇ ਕੁਝ ਕੁ ਘਰ ਹੀ ਸਨ, ਹਿੰਦੂਆਂ ਵੱਲੋਂ ਉਹਨਾਂ ਨੂੰ ਪਹਿਲਾਂ ਲੁੱਟਿਆ ਗਿਆ, ਬੀਬੀਆਂ ਦੀ ਪੱਤ ਰੋਲੀ ਗਈ ਤੇ ਫਿਰ ਸਿੱਖਾਂ ਨੂੰ ਜਿਉਂਦਿਆਂ ਨੂੰ ਸਾੜਿਆ ਗਿਆ।
ਭੋਪਾਲ ਦੇ ਨਾਲ ਲੱਗਦੇ ਜ਼ਿਲ੍ਹਾ ਰਾਏਸੇਨ ਵਿੱਚ ਜਦੋਂ ਸਿੱਖਾਂ ਨੂੰ ਕਤਲ ਕੀਤਾ ਜਾ ਰਿਹਾ ਸੀ ਤਾਂ ਇਕ ਸਿੱਖ ਨੇ ਇਹਨਾਂ ਹਿੰਦੂਆਂ ਦਾ ਮੁਕਾਬਲਾ ਕੀਤਾ ਤੇ ਗੋਲ਼ੀ ਚਲਾ ਕੇ ਦੋ ਦੰਗਾਕਾਰੀ ਮਾਰ ਸੁੱਟੇ। ਇਸ ਘਟਨਾ ਨਾਲ ਹਿੰਦੂਆਂ ਦੀ ਭੀੜ ਵਿੱਚ ਭਗਦੜ ਮੱਚ ਗਈ ਤੇ ਉਹਨਾਂ ਦੀ ਹਿੰਮਤ ਨਾ ਪਈ ਕਿ ਉਹ ਇਸ ਸਿੱਖ ਨਾਲ਼ ਮੁਕਾਬਲਾ ਕਰ ਸਕਣ ਤੇ ਫਿਰ ਉਸ ਸਿੱਖ ਪਰਿਵਾਰ ਨੂੰ ਕਤਲ ਕਰਨ ਲਈ ਹਿੰਦੂਆਂ ਦੀ ਅਗਵਾਈ ਪੁਲਿਸ ਨੇ ਕੀਤੀ। ਪੁਲਿਸ ਨੇੜਲੇ ਘਰਾਂ ਦੀਆਂ ਛੱਤਾਂ ‘ਤੇ ਚੜ੍ਹ ਗਈ ਤੇ ਉਸ ਸਿੱਖ ਪਰਿਵਾਰ ਨੂੰ ਹੱਥ ਖੜ੍ਹੇ ਕਰਕੇ ਬਾਹਰ ਆਉਣ ਲਈ ਕਿਹਾ। ਪਰ ਉਹ ਪਰਿਵਾਰ ਸਮਝ ਚੁੱਕਾ ਸੀ ਕਿ ਪੁਲਿਸ ਵੀ ਇਹਨਾਂ ਨਾਲ਼ ਰਲੀ ਹੋਈ ਹੈ ਤੇ ਇੱਕ ਗਿਣੀ-ਮਿਥੀ ਸਾਜ਼ਿਸ਼ ਤਹਿਤ ਭਾਰਤੀ ਸਟੇਟ ਵੱਲੋਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਸ ਪਰਿਵਾਰ ਨੇ ਇਕੱਠੇ ਹੋ ਕੇ ਪੁਲਿਸ ਦੀਆਂ ਧਾੜਾਂ ਨਾਲ਼ ਮੁਕਾਬਲਾ ਕੀਤਾ। ਜਦੋਂ ਹੋਰ ਕੋਈ ਰਾਹ ਨਾ ਬਚਿਆ ਤਾਂ ਪਰਿਵਾਰ ਦੇ ਸਿੱਖ ਸਰਦਾਰ ਨੇ ਪਹਿਲਾਂ ਆਪਣੇ ਚਾਰ ਮੈਂਬਰਾਂ ਨੂੰ ਗੋਲ਼ੀ ਮਾਰੀ ਤੇ ਫਿਰ ਖ਼ੁਦ ਨੂੰ ਵੀ ਗੋਲ਼ੀ ਮਾਰ ਕੇ ਖ਼ਤਮ ਕਰ ਲਿਆ ਪਰ ਉਹ ਹਿੰਦੂ-ਗੁੰਡਿਆਂ ਤੇ ਹਿੰਦੂ-ਪੁਲਿਸ ਦੇ ਹੱਥ ਨਾ ਆਏ।
ਭੋਪਾਲ ਦੇ ਗੈਰਤਗੰਜ ਵਿੱਚ ਇੱਕ ਸਿੰਘ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ਼ ਹਿੰਦੂ ਭੀੜਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਕਈ ਦੁਸ਼ਟ ਗੱਡੀ ਚਾੜ੍ਹ ਦਿੱਤੇ। ਪਰ ਜਦ ਕਾਰਤੂਸ ਖ਼ਤਮ ਹੋ ਗਏ ਤਾਂ ਉਹ ਸਿੰਘ ਨਿਹੱਥਾ ਹੋ ਗਿਆ ਤੇ ਕਾਤਲ ਭੀੜ ਨੇ ਉਸ ਨੂੰ ਘੇਰ ਕੇ ਕਾਬੂ ਕਰ ਲਿਆ ਤੇ ਘਰ ਦੇ ਸਾਰੇ ਜੀਆਂ ਸਮੇਤ ਉਹਨਾਂ ਨੂੰ ਅੱਗ ਲਾ ਕੇ ਸਾੜ ਦਿੱਤਾ।
ਰਾਂਚੀ ਵਿੱਚ ਮਸਤਾਨਾ ਹੋਟਲ ਦੇ ਸਰਦਾਰ ਮਾਲਕ ਨੂੰ ਉਸਦੇ ਹੋਟਲ ਸਮੇਤ ਅੱਗ ਲਾ ਦਿੱਤਾ ਗਈ। ਸ਼ਿਵਪੁਰੀ ਵਿੱਚ ਗੁਰਦੁਆਰਾ ਸਾਹਿਬ ਦੇ ਸਕੱਤਰ ਜਰਨੈਲ ਸਿੰਘ ਅਤੇ ਉਸ ਦੀ ਕੋਠੀ ਨੂੰ ਅੱਗ ਲਗਾਈ ਗਈ। ਬੁਲੰਦ ਸ਼ਹਿਰ ਵਿੱਚ ਕਣਕ ਦੀ ਗਹਾਈ ਦੀਆਂ ਮਸ਼ੀਨਾਂ ਬਣਾਉਣ ਵਾਲ਼ੇ ਦੋ ਸਕੇ ਸਿੱਖ ਭਰਾਵਾਂ ਨੂੰ ਪੁਲਿਸ ਲੈ ਗਈ ਤੇ ਬਾਅਦ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ। ਰੋਜਾਬਾਦ ਵਿੱਚ ਗੁਰਦੁਆਰਾ ਸਾਹਿਬ ਨੂੰ ਸਾੜਿਆ ਗਿਆ ਅਤੇ ਨਾਲ਼ ਹੀ ਹਜ਼ਾਰਾਂ ਸਿੰਘ ਨਾਂ ਦੇ ਇੱਕ ਸਿੱਖ ਨੂੰ ਵੀ ਅੱਗ ਲਾਈ ਗਈ। “ਜਿੱਥੋਂ ਤਕ ਛਾਂ ਦਿੱਲੀ ਤਖ਼ਤ ਦੀ, ਅੱਗਾਂ ਹੀ ਅੱਗਾਂ। ਚੌਂਕ ਚੁਰਾਹੇ ਸੜਦੀਆਂ, ਸਿੱਖਾਂ ਦੀਆਂ ਪੱਗਾਂ ਹੀ ਪੱਗਾਂ।”
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
Author: Gurbhej Singh Anandpuri
ਮੁੱਖ ਸੰਪਾਦਕ