ਨਵੰਬਰ 1984 ‘ਚ ਹਿਮਾਚਲ ਪ੍ਰਦੇਸ਼ ਵਿੱਚ ਵੀ ਸਿੱਖਾਂ ਦਾ ਭਾਰੀ ਕਤਲੇਆਮ ਹੋਇਆ, ਸਿੱਖਾਂ ਨੂੰ ਜਲੀਲ ਕੀਤਾ, ਗੁਰਦੁਆਰੇ ਸਾੜੇ, ਸਿੱਖਾਂ ਦੀਆਂ ਜਾਇਦਾਦਾਂ ਲੁੱਟੀਆਂ, ਸਿੱਖਾਂ ਦੇ ਕੇਸ ਜਬਰੀ ਕਤਲ ਕੀਤੇ, ਸਿੱਖਾਂ ਦੇ ਮੂੰਹ ‘ਚ ਤੰਬਾਕੂ ਤੇ ਸਿਗਰਟਾਂ ਤੁੰਨੀਆਂ, ਸਿੱਖਾਂ ਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਤੇ ਸਿੱਖ ਬੀਬੀਆਂ ਦੀਆਂ ਇੱਜਤਾਂ ਲੁੱਟੀਆਂ ਗਈਆਂ। ਦੰਗਾਕਾਰੀ ਹਿੰਦੂਆਂ ਨੇ ਨਦੌਣ ‘ਚ ਮੋਨਾ ਹਾਈ ਸਕੂਲ ਦੇ ਪ੍ਰਿੰਸੀਪਲ ਮਨੋਹਰ ਸਿੰਘ ਦੀ ਕੁੱਟਮਾਰ ਕਰਕੇ ਉਸ ਦੇ ਮੂੰਹ ‘ਚ ਬੀੜੀਆਂ ਤੁੰਨ ਦਿੱਤੀਆਂ।
ਹਿੰਦੂ ਭੀੜਾਂ ਨੇ ਤ੍ਰਿਲੋਕਪੁਰਾ ਜ਼ਿਲ੍ਹਾ ਕਾਂਗੜਾ ਦਾ ਇਤਿਹਾਸਿਕ ਗੁਰਦੁਆਰਾ, ਜੋਲ ਕੈਂਪ ਕਾਂਗੜਾ ਦਾ ਗੁਰਦੁਆਰਾ, ਮੰਡੀ ਵਿਚਲੇ ਗੁਰਦੁਆਰੇ, ਗੁਰਦੁਆਰਾ ਪਾਤਸ਼ਾਹੀ ਦਸਵੀਂ ਨਦੌਣ, ਗੁਰਦੁਆਰਾ ਸਿੰਘ ਸਭਾ ਸੁਜਾਨਪੁਰ, ਗੁਰਦੁਆਰਾ ਸਾਹਿਬ ਭੁੰਤਰ ਕੁੱਲੂ ਅਤੇ ਕਾਂਗੜਾ ਦੇ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਹਰਿ ਸਰ, ਗੁਰਦੁਆਰਾ ਨਗਰੋਟਾ ਸੂਰੀਆ, ਗੁਰਦੁਆਰਾ ਪੌੜ ਸਾਹਿਬ, ਨਗਰੋਟਾ ਬਗੂਆ, ਗੁਰਦੁਆਰਾ ਸਿੰਘ ਸਭਾ ਪਾਲਮਪੁਰ, ਗੁਰਦੁਆਰਾ ਸਿੰਘ ਸਭਾ ਜੋਗਿੰਦਰ ਨਗਰ, ਗੁਰਦੁਆਰਾ ਸਾਹਿਬ ਮਨਾਲੀ ਆਦਿ ਦੀਆਂ ਪਹਿਲਾਂ ਗੋਲਕਾਂ ਅਤੇ ਹੋਰ ਸਮਾਨ ਲੁੱਟਿਆ, ਪਾਠੀ ਤੇ ਸੇਵਾਦਾਰਾਂ ਨੂੰ ਕੁੱਟਿਆ-ਮਾਰਿਆ ਤੇ ਫਿਰ ਗੁਰਦੁਆਰਿਆਂ ਨੂੰ ਅੱਗਾਂ ਲਾ ਦਿੱਤੀਆਂ।
ਉਸ ਸਮੇਂ ਬੰਗਾਲ ਵਿੱਚ ਵੀ ਸਿੱਖਾਂ ਨੂੰ ਮਾਰਿਆ ਤੇ ਲਤਾੜਿਆ ਗਿਆ। ਕਈ ਟਰੱਕ ਡਰਾਈਵਰ ਸਿੱਖਾਂ ਨੂੰ ਘੇਰ ਕੇ ਉਹਨਾਂ ਦੇ ਸਿਰ ਪਾੜ ਦਿੱਤੇ, ਲੱਤਾਂ ਵੱਢ ਦਿੱਤੀਆਂ ਤੇ ਉਹਨਾਂ ਨੂੰ ਬੇਦਰਦੀ ਨਾਲ ਤਸੀਹੇ ਦੇ ਕੇ ਮਾਰ ਦਿੱਤਾ ਗਿਆ, ਟਰੱਕਾਂ-ਗੱਡੀਆਂ ‘ਚ ਲੱਦਿਆ ਸਮਾਨ ਲੁੱਟ ਲਿਆ ਗਿਆ। ਕਈ ਸਿੱਖ ਟਰੱਕ ਡਰਾਈਵਰਾਂ ਨੇ ਹਿੰਦੂਆਂ ਦੀ ਭੀੜ ਉੱਤੇ ਟਰੱਕ ਚੜ੍ਹਾ ਕੇ ਓਥੋਂ ਨਿਕਲਣ ਦੀ ਕੋਸ਼ਿਸ਼ ਵੀ ਕੀਤੀ ਪਰ ਅੱਗੋਂ ਨਾਕੇ ‘ਤੇ ਪੁਲਿਸ ਨੇ ਰੋਕ ਕੇ ਕਤਲ ਕਰਵਾਉਣ ਲਈ ਉਹਨਾਂ ਨੂੰ ਹਿੰਦੂ ਗੁੰਡਿਆਂ ਦੇ ਹਵਾਲੇ ਕਰ ਦਿੱਤਾ।
ਹੁਗਲੀ ਦੇ ਸਰਦਾਰ ਮੋਹਨ ਸਿੰਘ ਨੂੰ ਹਿੰਦੂ ਭੀੜਾਂ ਨੇ ਸਰੀਏ ਮਾਰ-ਮਾਰ ਕੇ ਖ਼ੂਨ ਨਾਲ ਲੱਥ-ਪੱਥ ਕਰਦਿਆਂ ਸ਼ਹੀਦ ਕਰ ਦਿੱਤਾ। ਸ਼ੈਤਾਨ ਅਤੇ ਹੈਵਾਨ ਬਣੇ ਹਿੰਦੂਆਂ ਵੱਲੋਂ ਦਮਦਮਾ ਅਤੇ ਪਾਜੀਰਾ ਵਿੱਚ ਵੀ ਅਨੇਕਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਫ਼ਿਰਕੂ ਹਿੰਦੂਆਂ ਨੇ ਐਨਾ ਹੁੜਦੰਗ ਮਚਾਇਆ ਕਿ ਉਹਨਾਂ ਨੇ ਕਲਕੱਤਾ ਵਿੱਚ 15 ਤੋਂ ਵੱਧ ਗੁਰਦੁਆਰੇ ਸਾੜ ਦਿੱਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਬਾਜ਼ਾਰ ਵਿੱਚ ਸੁੱਟ ਕੇ ਅੰਗ ਖਿਲਾਰ ਦਿੱਤੇ, ਪਾਵਨ ਸਰੂਪ ਪੈਰਾਂ ਵਿੱਚ ਮਧੋਲੇ ਤੇ ਅੱਗਾਂ ਲਾਈਆਂ।
ਬਰਦਾਨ ਜ਼ਿਲ੍ਹੇ ਦੇ ਅੰਡਾਲ ਕਸਬੇ ‘ਚ ਜਦੋਂ ਕਾਤਲ ਹਿੰਦੂਆਂ ਦੀ ਭੀੜ ਸਿੱਖਾਂ ਨੂੰ ਕਤਲ ਕਰਨ ਆਈ ਤਾਂ ਸਿੱਖ ਨੌਜਵਾਨਾਂ ਨੇ ਬੜੀ ਦਲੇਰੀ ਨਾਲ਼ ਮੁਕਾਬਲਾ ਕੀਤਾ। ਪਰ ਓਦੋਂ ਹੀ ਪੁਲਿਸ ਨੇ ਹਿੰਦੂਆਂ ਦੀ ਮਦਦ ਕਰਦਿਆਂ ਗੋਲ਼ੀ ਚਲਾ ਕੇ ਚਾਰ ਸਿੰਘ ਸ਼ਹੀਦ ਕਰ ਦਿੱਤੇ ਤੇ ਕਈ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਦਰਸ਼ਨ ਸਿੰਘ ਅਤੇ ਕੁੰਦਨ ਸਿੰਘ ਨੇ ਆਪਣੇ ਲਾਇਸੰਸੀ ਹਥਿਆਰਾਂ ਦੀ ਵਰਤੋਂ ਕਰਦਿਆਂ ਇਹਨਾਂ ਕਾਤਲ ਭੀੜਾਂ ਨੂੰ ਓਥੋਂ ਦੌੜਾ ਦਿੱਤਾ। ਫਿਰ ਸਿੱਖਾਂ ਵਿਰੁੱਧ ਅਗਲੀ ਡਿਊਟੀ ਪੁਲਿਸ ਨੇ ਸਾਂਭ ਲਈ ਤੇ ਉਹਨਾਂ ਨੇ ਦੋਵਾਂ ਸਿੱਖ ਪਰਿਵਾਰਾਂ ਦੇ ਘਰਾਂ ‘ਤੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਪੁਲਿਸ ਦੀ ਮਦਦ ਨਾਲ਼ ਹਿੰਦੂਆਂ ਦੀ ਭੀੜ ਇੱਕ ਵਾਰ ਫਿਰ ਸਿੱਖਾਂ ਦੇ ਘਰਾਂ ਉੱਤੇ ਟੁੱਟ ਪਈ। ਪਹਿਲਾ ਨਕਦੀ ਰਾਸ਼ੀ, ਸੋਨਾ ਅਤੇ ਹੋਰ ਸਮਾਨ ਲੁੱਟਿਆ ਤੇ ਫਿਰ ਤੁਰੰਤ ਘਰਾਂ ਨੂੰ ਅੱਗ ਲਾ ਦਿੱਤੀ। ਪਰ ਦੋਵੇਂ ਸਿੱਖ ਪਰਿਵਾਰ ਪੁਲਿਸ ਅਤੇ ਹਿੰਦੂ ਭੀੜਾਂ ਵਿਰੁੱਧ ਜੱਦੋਜਹਿਦ ਕਰਦਿਆਂ ਅੱਗ ਦੀਆਂ ਲਪਟਾਂ ਵਿੱਚੋਂ ਸਹੀ-ਸਲਾਮਤ ਬਚ ਨਿਕਲਣ ਵਿੱਚ ਸਫ਼ਲ ਹੋ ਗਏ।
ਹਰਿਆਣੇ ਦਾ ਮੁੱਖ ਮੰਤਰੀ ਭਜਨ ਲਾਲ ਤਾਂ ਸ਼ੁਰੂ ਤੋਂ ਹੀ ਸਿੱਖਾਂ ਦਾ ਕੱਟੜ ਵਿਰੋਧੀ ਸੀ, ਉਸ ਨੇ 1984 ਤੋਂ ਪਹਿਲਾਂ ਵੀ ਕਈ ਸਿੱਖਾਂ ਨੂੰ ਕਤਲ ਕਰਵਾਇਆ ਸੀ ਤੇ ਉਹ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਤੇ ਧਰਮ ਯੁੱਧ ਮੋਰਚੇ ਦਾ ਵਿਰੋਧ ਵੀ ਕਰਦਾ ਰਿਹਾ ਸੀ, ਇਸ ਕਰਕੇ ਉਹ ਹਮੇਸ਼ਾਂ ਹੀ ਜੁਝਾਰੂ ਸਿੰਘਾਂ ਦੀ ਹਿੱਟ ਲਿਸਟ ‘ਤੇ ਰਿਹਾ ਸੀ। ਭਜਨ ਲਾਲ ਨੇ 31 ਅਕਤੂਬਰ 1984 ਨੂੰ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਵਿੱਚ ਸਿੱਖਾਂ ਵਿਰੁੱਧ ਭੜਕਾਊ ਭਾਸ਼ਣ ਦਿੱਤਾ। ਫਿਰ ਭਾਰਤੀ ਸਟੇਟ ਦੀ ਛਤਰ ਛਾਇਆ ਹੇਠ ਹਿੰਦੂ ਭੀੜਾਂ ਨੇ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਪਿੰਡ ਹੋਂਦ ਚਿੱਲੜ ਵਿੱਚ ਸਿੱਖਾਂ ਦੇ ਘਰਾਂ ਨੂੰ ਲੁੱਟਿਆ ਅਤੇ ਸਾੜਿਆ। ਦੋ-ਢਾਈ ਸੌ ਹਿੰਦੂਤਵੀਆਂ ਨੇ ਡਾਂਗਾਂ, ਰਾਡਾਂ, ਡੀਜ਼ਲ ਤੇ ਮਿੱਟੀ ਦਾ ਤੇਲ ਪਾ ਕੇ ਤਕਰੀਬਨ 32 ਸਿੱਖਾਂ ਨੂੰ ਤੜਫਾ ਤੜਫਾ ਕੇ ਮਾਰਿਆ ਤੇ ਅੱਗ ਵਿੱਚ ਸੜੇ ਇਹਨਾਂ ਘਰਾਂ ਦੀਆਂ ਤਸਵੀਰਾਂ ਵੇਖ ਕੇ ਪੂਰੀ ਦੁਨੀਆਂ ਅੱਸ਼-ਅੱਸ਼ ਕਰ ਉੱਠੀ ਤੇ ਇਹ ਮਾਮਲਾ ਸੰਨ 2011 ਵਿੱਚ ਬੇਹੱਦ ਗਰਮਾਇਆ। ਹੌਦ ਚਿੱਲੜ ਵਿੱਚ 2 ਨਵੰਬਰ 1984 ਨੂੰ ਕ੍ਰਿਸ਼ਨਾ ਪਤਨੀ ਭਗਵਾਨ ਸਿੰਘ, ਭਗਵਾਨ ਸਿੰਘ ਪੁੱਤਰ ਕਰਤਾਰ ਸਿੰਘ, ਕਰਤਾਰ ਸਿੰਘ ਪੁੱਤਰ ਗੁਲਾਬ ਸਿੰਘ, ਗੁਲਾਬ ਸਿੰਘ ਧੰਨੋ ਬਾਈ ਪਤਨੀ ਕਰਤਾਰ ਸਿੰਘ, ਸਰਦਾਰ ਸਿੰਘ ਪੁੱਤਰ ਗੁਲਾਬ ਸਿੰਘ, ਧੰਨ ਸਿੰਘ ਪੁੱਤਰ ਸਰਦਾਰ ਸਿੰਘ, ਹਰਭਜਨ ਸਿੰਘ ਪੁੱਤਰ ਸਰਦਾਰ ਸਿੰਘ, ਗੁਰਦਿਆਲ ਸਿੰਘ, ਜਮਨਾ ਪਤਨੀ ਗੁਰਦਿਆਲ ਸਿੰਘ, ਜੋਗਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ, ਜੱਗੋ ਪੁੱਤਰੀ ਗੁਰਦਿਆਲ ਸਿੰਘ, ਗੁਲਾਬ ਸਿੰਘ ਪੁੱਤਰ ਤਰਲੋਕ ਸਿੰਘ, ਪ੍ਰੀਤਮ ਕੌਰ ਪਤਨੀ ਅਰਜਨ ਸਿੰਘ, ਅਬਲੂ ਪੁੱਤਰ ਅਰਜਨ ਸਿੰਘ, ਬਬਲੂ ਪੁੱਤਰ ਅਰਜਨ ਸਿੰਘ, ਸੁਰਜੀਤ ਕੌਰ ਪੁੱਤਰੀ ਅਰਜਨ ਸਿੰਘ, ਤਖ਼ਤ ਸਿੰਘ ਪੁੱਤਰ ਥਾਨਾ ਰਾਮ, ਤਾਰਾਵੰਤੀ ਪੁੱਤਰੀ ਕਰਤਾਰ ਸਿੰਘ, ਵੀਰਾਂ ਵਾਲ਼ੀ ਪੁੱਤਰੀ ਕਰਤਾਰ ਸਿੰਘ, ਜੀਤਾ ਪੁੱਤਰ ਭਗਵਾਨ ਸਿੰਘ, ਦਇਆ ਕੌਰ ਪਤਨੀ ਹਰਭਜਨ ਸਿੰਘ, ਅੰਮ੍ਰਿਤ ਕੌਰ ਪਤਨੀ ਹਰਨਾਮ ਸਿੰਘ, ਮਹਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ, ਗੁਰਚਰਨ ਸਿੰਘ ਪੁੱਤਰ ਗੁਰਦਿਆਲ ਸਿੰਘ ਨੂੰ ਹਿੰਦੂਆਂ ਵੱਲੋਂ ਮਾਰ ਦਿੱਤਾ ਗਿਆ।
ਇਸ ਤੋਂ ਇਲਾਵਾ ਹਰਿਆਣੇ ਦੇ ਹੋਰ ਇਲਾਕਿਆਂ ਗੁੜਗਾਉਂ, ਗੁੜਾ, ਪਟੌਦੀ, ਫਰੀਦਾਬਾਦ, ਰੇਵਾੜੀ, ਤਾਵਰੂ, ਮਹਿੰਦਰਗੜ੍ਹ, ਰੋਹਤਕ, ਕਰਨਾਲ਼, ਹਿਸਾਰ, ਸਿਰਸਾ, ਭਿਵਾਨੀ, ਜੀਂਦ, ਕੁਰੂਕਸ਼ੇਤਰ, ਪਾਨੀਪਤ, ਯਮੁਨਾਨਗਰ, ਗੋਹਾਨਾ, ਹੇਲੀਮੰਡ ਅਤੇ ਝੱਜਰ ਵਿੱਚ ਸੱਤ ਸੌ ਤੋਂ ਜ਼ਿਆਦਾ ਸਿੱਖਾਂ ਨੂੰ ਕਤਲ ਅਤੇ ਗੰਭੀਰ ਜ਼ਖ਼ਮੀ ਕੀਤਾ ਗਿਆ।
ਬਿਹਾਰ ਦੇ 10 ਸ਼ਹਿਰਾਂ ਵਿੱਚੋਂ ਬੋਕਾਰੋ ਦੇ ਸਟੀਲ ਪਲਾਂਟ ਵਿੱਚ ਤਕਰੀਬਨ 200 ਤੋਂ ਜ਼ਿਆਦਾ ਸਿੱਖਾਂ ਨੂੰ ਲੋਹੇ ਦੀ ਭੱਠੀਆਂ ਵਿੱਚ ਸੁੱਟ ਪਿਘਲਾ ਦਿੱਤਾ ਗਿਆ। ਇਸ ਤੋਂ ਇਲਾਵਾ ਪਟਨਾ, ਧਨਬਾਦ, ਰਾਂਚੀ, ਦੋਲਤਗੰਜ, ਹਜਾਰੀਬਾਗ, ਮੁਜੱਫਰਪੁਰ, ਪਲਾਮੂ, ਸਮਸਤਪੁਰ, ਸਿਵਾਨ ਪ੍ਰਮੁੱਖ ਹਨ ਜਿੱਥੇ ਸਿੱਖਾਂ ਨੂੰ ਕਤਲ ਕੀਤਾ ਗਿਆ। ਹਿਮਾਚਲ ਵਿੱਚ ਕਾਂਗੜਾ, ਕੁੱਲੂ, ਮੰਡੀ ਅਤੇ ਭੁੰਤਰ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਜੰਮੂ ਦੇ ਊਧਮਪੁਰ, ਰਿਆਸੀ ਵਿੱਚ ਕਤਲੇਆਮ ਹੋਇਆ। ਮੱਧ ਪ੍ਰਦੇਸ਼ ਵਿੱਚ ਵੀ ਭਾਰੀ ਕਤਲੇਆਮ ਕੀਤਾ ਗਿਆ ਜਿਸ ਵਿੱਚ ਇੰਦੌਰ, ਗਵਾਲੀਅਰ ਅਤੇ ਜੱਬਲਪੁਰ ਪ੍ਰਮੁੱਖ ਹਨ। ਮਹਾਰਾਸ਼ਟਰ ਵਿੱਚ ਬੰਬੇ, ਸ੍ਰੀ ਰਾਮਪੁਰ, ਜਲਗਾਉਂ, ਕੋਪਰਗਾਉਂ ਪ੍ਰਮੁੱਖ ਹਨ ਜਿੱਥੇ ਹਜ਼ਾਰਾਂ ਸਿੱਖ ਕਤਲ ਕੀਤੇ ਗਏ।
ਉੜੀਸਾ ਵਿੱਚ ਕਾਲਾਹਾਂਡੀ ਵਿੱਚ ਹੀ ਤਕਰੀਬਨ ਦੋ ਦਰਜਨ ਸਿੱਖਾਂ ਨੂੰ ਤੇਲ ਪਾ ਜ਼ਿੰਦਾ ਸਾੜਿਆ ਗਿਆ। ਗੁਲਾਬੀ ਸ਼ਹਿਰ ਰਾਜਸਥਾਨ ਨੂੰ ਵੀ ਸਿੱਖਾਂ ਦੇ ਖੂਨ ਨਾਲ਼ ਰੰਗਿਆ ਗਿਆ ਜਿਨ੍ਹਾਂ ਵਿੱਚੋਂ ਭਰਤਪੁਰ ਅਤੇ ਅਲਵਰ ਸ਼ਹਿਰ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਵਿੱਚ ਤਾਂ ਅੱਤ ਹੀ ਹੋ ਗਈ ਸੀ। ਇਕੱਲੇ ਕਾਨਪੁਰ ਵਿੱਚ ਹੀ 500 ਤੋਂ ਵੱਧ ਸਿੱਖ ਸ਼ਹੀਦ ਹੋਏ। ਕਾਨਪੁਰ ਤੋਂ ਇਲਾਵਾ ਰਾਏ ਬਰੇਲੀ, ਲਲਿਤਪੁਰ, ਗਾਜੀਆਬਾਦ, ਵਾਰਾਨਸੀ, ਇਟਾਵਾ, ਲਖਨਊ, ਜਲੌਨ, ਲਖੀਨਪੁਰ ਖੀਰੀ ਅਤੇ ਆਗਰਾ ਪ੍ਰਮੁੱਖ ਹਨ। ਵੈਸਟ ਬੰਗਾਲ ਵਿੱਚ ਵਰਧਮਾਨ ਅਤੇ ਕਲਕੱਤੇ ਤਕਰੀਬਨ ਦਰਜ਼ਨਾਂ ਸਿੰਘ ਫੱਟੜ ਹੋਏ।
ਅਸਾਮ ਦੇ ਕੁਕਰਾਝਾਰ, ਸਨੀਤਪੁਰ ਅਤੇ ਸਿਵਸਾਗਰ ਵਿੱਚ ਦਰਜਨਾਂ ਸਿੱਖਾ ਨੂੰ ਸ਼ਹੀਦ ਕੀਤਾ ਗਿਆ। ਗੋਆ ਦੇ ਬਿਚੋਲਿਮ ਸ਼ਹਿਰ ਵਿੱਚ ਵੀ ਸਿੱਖਾਂ ਦਾ ਕਤਲੇਆਮ ਹੋਇਆ। ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਕਤਲੇਆਮ ਹੋਇਆ। ਕਰਨਾਟਕਾ ਦੇ ਬੈਂਗਲੌਰ ਅਤੇ ਤਾਮਿਲਨਾਡੂ ਦੇ ਪ੍ਰਮੁੱਖ ਸ਼ਹਿਰ ਕੋਇੰਬਟੂਰ ਵਿੱਚ ਵੀ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਇਸ ਤੋਂ ਇਲਾਵਾ ਹਿੰਦੂ ਬਹੁਗਿਣਤੀ ਵਾਲੇ ਨੇਪਾਲ ਦੇ ਸ਼ਹਿਰ ਕਾਠਮੰਡੂ ਵਿੱਚ ਵੀ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਕਦੇ ਦਿੱਲੀ ਵਿੱਚ ਜਾ ਕੇ ਵਿਧਵਾ ਕਲੌਨੀ ‘ਚ ਸਿੱਖ ਬੀਬੀਆਂ ਦੀ ਹੂਕ ਸੁਣਿਓ, ਸੀਨਾ ਫੱਟ ਜਾਵੇਗਾ ਤੇ ਦਿਲੋਂ ਅਰਦਾਸ ਨਿਕਲੇਗੀ ਕਿ “ਤੂੰ ਬਹੁੜੀ ਕਲਗੀ ਵਾਲ਼ਿਆਂ, ਕੋਈ ਦੇਸ ਨਾ ਸਾਡਾ। ਸੁਪਨਾ ਪੁਰੀ ਅਨੰਦ ਦਾ, ਬੇਨੂਰ ਦਰਾਡਾ।”
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
Author: Gurbhej Singh Anandpuri
ਮੁੱਖ ਸੰਪਾਦਕ