ਅੰਮ੍ਰਿਤਸਰ, 6 ਨਵੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਕੈਨੇਡਾ ਦੀ ਘਟਨਾ ਨੂੰ ਭਾਰਤ ਸਰਕਾਰ ਵੱਲੋਂ ਸਿੱਖ ਕੌਮ ਤੇ ਖ਼ਾਲਿਸਤਾਨੀ ਸੰਘਰਸ਼ ਖ਼ਿਲਾਫ਼ ਸਾਜ਼ਸ਼ੀ ਢੰਗ ਨਾਲ਼ ਗਲਤ ਰੰਗਤ ਦਿੱਤੀ ਜਾ ਰਹੀ ਹੈ ਤਾਂ ਜੋ ਅੰਤਰ-ਰਾਸ਼ਟਰੀ ਪੱਧਰ ‘ਤੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕੇ। ਭਾਰਤ ਸਰਕਾਰ, ਭਾਰਤੀ ਮੀਡੀਆ ਅਤੇ ਫ਼ਿਰਕੂ ਹਿੰਦੂਤਵੀ ਆਗੂਆਂ ਵੱਲੋਂ ਇਹ ਕੋਰਾ ਝੂਠ ਪ੍ਰਚਾਰਿਆ ਜਾ ਰਿਹਾ ਕਿ ਸਿੱਖਾਂ/ਖ਼ਾਲਿਸਤਾਨੀਆਂ ਨੇ ਹਿੰਦੂ ਮੰਦਰ ‘ਤੇ ਹਮਲਾ ਕੀਤਾ ਜਦਕਿ ਸੱਚਾਈ ਇਹ ਹੈ ਕਿ ਉਥੇ ਭਾਰਤੀ ਕੌਂਸਲੇਟ ਖ਼ਿਲਾਫ਼ ਸਿੱਖਾਂ ਵੱਲੋਂ ਸ਼ਾਂਤਮਈ ਢੰਗ ਨਾਲ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਇਹੀ ਪ੍ਰਦਰਸ਼ਨ ਪਿਛਲੇ ਸਾਲ ਗੁਰਦੁਆਰੇ ਦੇ ਬਾਹਰ ਵੀ ਭਾਰਤੀ ਕੌਂਸਲੇਟ ਵਿਰੁੱਧ ਕੀਤਾ ਸੀ। ਪਰ ਇਸ ਵਾਰ ਫਿਰਕੂ ਹਿੰਦੂਤਵੀਆਂ ਨੇ ਸਿੱਖਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, 1984 ਦੁਹਰਾਉਣ ਦੀਆਂ ਧਮਕੀਆਂ ਦਿੱਤੀਆਂ, ਸਿੱਖਾਂ ਨੂੰ ਗਾਲਾਂ ਕੱਢੀਆਂ, ਅਤਿ ਦਰਜੇ ਦੀ ਮੰਦੀ ਸ਼ਬਦਾਵਲੀ ਵਰਤੀ, ਗੈਂਗਸਟਰ ਲਾਰੰਸ ਬਿਸ਼ਨੋਈ ਜ਼ਿੰਦਾਬਾਦ ਦੇ ਨਾਅਰੇ ਲਾਏ ਅਤੇ ਸਿੱਖਾਂ ਖਿਲਾਫ ਹਿੰਦੂਆਂ ਨੂੰ ਭੜਕਾਇਆ ਜਿਸ ਨੂੰ ਲੈ ਕੇ ਮੰਦਰ ਦੇ ਬਾਹਰ ਸੜਕ ‘ਤੇ ਪਾਰਕਿੰਗ ਵਿੱਚ ਦੋਨਾਂ ਧਿਰਾਂ ਵਿਚਕਾਰ ਝਗੜਾ ਹੋਇਆ ਜਿਸ ਵਿੱਚ ਹਿੰਦੂ ਭੀੜ ਪੂਰੀ ਤਰ੍ਹਾਂ ਦੋਸ਼ੀ ਹੈ। ਉਹਨਾਂ ਕਿਹਾ ਕਿ ਸਿੱਖਾਂ ਨੇ ਕਿਸੇ ਮੰਦਰ ਉੱਤੇ ਕੋਈ ਹਮਲਾ ਨਹੀਂ ਕੀਤਾ, ਨਾ ਹੀ ਕਿਸੇ ਮੂਰਤੀ ਨੂੰ ਕੋਈ ਨੁਕਸਾਨ ਪਹੁੰਚਾਇਆ ਜਦ ਕਿ ਇਸ ਦੇ ਉਲਟ ਫਿਰਕੂ ਹਿੰਦੂਤਵੀਆਂ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਉੱਤੇ ਹਮਲਾ ਜ਼ਰੂਰ ਕੀਤਾ ਹੈ। ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਟਵੀਟ ਕਰਕੇ ਸਿੱਖਾਂ ਖਿਲਾਫ ਮਾਹੌਲ ਰਚ ਰਿਹਾ ਹੈ ਜਿਸ ਤੋਂ ਸਾਬਤ ਹੋ ਗਿਆ ਕਿ ਉਹ ਇਕੱਲਾ ਹਿੰਦੂਆਂ ਦਾ ਪ੍ਰਧਾਨ ਮੰਤਰੀ ਹੈ ਤੇ ਘੱਟ ਗਿਣਤੀ ਕੌਮਾਂ ਨੂੰ ਕੁਚਲ ਦੇਣਾ ਚਾਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਸਿੱਖਾਂ ਦੇ ਕਤਲ ਵੇਲੇ ਇਹੀ ਪ੍ਰਧਾਨ ਮੰਤਰੀ ਚੁੱਪ ਸੀ। ਜਦ ਹੁਣ ਕੈਨੇਡਾ, ਅਮਰੀਕਾ ਦੀਆਂ ਸਰਕਾਰਾਂ ਨੇ ਖੁਲਾਸਾ ਕਰ ਦਿੱਤਾ ਹੈ ਕਿ ਸਿੱਖਾਂ ਦੇ ਕਤਲਾਂ ਪਿੱਛੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੱਥ ਹੈ ਤੇ ਕੈਨੇਡਾ ਨੇ ਤਾਂ ਭਾਰਤ ਨੂੰ ਦੁਸ਼ਮਣ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ ਜਿਸ ਨੂੰ ਲੈ ਕੇ ਭਾਰਤ ਸਰਕਾਰ, ਭਾਰਤੀ ਏਜੰਸੀਆਂ ਪੂਰੀ ਤਰ੍ਹਾਂ ਬੁਖਲਾਹਟ ਵਿੱਚ ਆ ਚੁੱਕੀਆਂ ਹਨ ਤੇ ਉਹ ਸਿੱਖਾਂ ਅਤੇ ਹਿੰਦੂਆਂ ਵਿੱਚ ਪਾੜਾ ਪਾਉਣ ਦੀ ਚਾਲ ਵਿੱਚ ਹਨ। ਦੋਵਾਂ ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਸਿੱਖ ਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ, ਉਹ ਕਦੇ ਮੰਦਰ ਉਤੇ ਹਮਲਾ ਨਹੀਂ ਕਰ ਸਕਦੇ, ਸਿੱਖਾਂ ਦੇ ਛੇਵੇਂ ਪਾਤਸ਼ਾਹ ਨੇ ਸ੍ਰੀ ਹਰਗੋਬਿੰਦਪੁਰ ਵਿੱਚ ਮੁਸਲਮਾਨ ਭਾਈਚਾਰੇ ਲਈ ਮਸੀਤ ਬਣਾ ਕੇ ਦਿੱਤੀ, ਮਹਾਰਾਜਾ ਰਣਜੀਤ ਸਿੰਘ ਨੇ ਹਿੰਦੂ ਮੰਦਰਾਂ ਨੂੰ ਸੋਨਾ ਦਾਨ ਕੀਤਾ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਵੀ ਗੁਰਦਾਸਪੁਰ ਦੀ ਜੇਲ੍ਹ ਵਿੱਚ ਮੰਦਰ ਬਣਵਾ ਕੇ ਦਿੱਤਾ, ਖਾੜਕੂਵਾਦ ਵੇਲੇ ਵੀ ਕਿਸੇ ਖਾੜਕੂ ਨੇ ਕਿਸੇ ਮੰਦਰ ਜਾਂ ਨਿਰਦੋਸ਼ੇ ਹਿੰਦੂ ਨੂੰ ਨੁਕਸਾਨ ਨਹੀਂ ਸੀ ਪਹੁੰਚਾਇਆ। ਉਹਨਾਂ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਕਿ “ਅਜੀਬ ਦਸਤੂਰ ਹੈ ਐ ਮਹਿਜ਼ਬੀਂ ਤੇਰੀ ਮਹਿਫ਼ਿਲ ਕਾ। ਹਮਾਰਾ ਕਤਲ ਭੀ ਕੀਆ, ਔਰ ਮੁਜਰਿਮ ਭੀ ਹਮ ਹੂਏ। ਭਾਰਤ ਸਰਕਾਰ ਜੋ ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕਰਕੇ ਅਤੇ ਭਾਈ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰਚ ਕੇ ਅਜੇ ਵੀ ਆਪਣੀਆਂ ਸਿੱਖ ਮਾਰੂ ਨੀਤੀਆਂ ਤੋਂ ਬਾਜ ਨਹੀਂ ਆ ਰਹੀ, ਹਾਲਾਂਕਿ ਪੂਰੀ ਦੁਨੀਆਂ ਵਿੱਚ ਭਾਰਤ ਸਰਕਾਰ ਦਾ ਕਾਤਲ ਚਿਹਰਾ ਨੰਗਾ ਹੋ ਚੁੱਕਾ ਹੈ। ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਨੇ ਭਾਰਤੀ ਤਖ਼ਤ ਨੂੰ ਹਿਲਾ ਦਿੱਤਾ ਹੈ ਤੇ ਵੱਡੇ ਮੁਲਕਾਂ ਵਿੱਚ ਅੱਜ ਖ਼ਾਲਿਸਤਾਨ ਦੀ ਚਰਚਾ ਹੋ ਰਹੀ ਹੈ, ਖ਼ਾਲਿਸਤਾਨ ਬਣਨ ਦੇ ਆਸਾਰ ਬਣ ਚੁੱਕੇ ਹਨ, ਸਾਡੇ ਸ਼ਹੀਦਾਂ ਦਾ ਡੁੱਲਿਆ ਖ਼ੂਨ ਜ਼ਰੂਰ ਰੰਗ ਲਿਆਏਗਾ, ਖ਼ਾਲਿਸਤਾਨ ਛੇਤੀ ਹੀ ਹੋਂਦ ਵਿੱਚ ਆਏਗਾ ਜਿਸ ਨੂੰ ਲੈ ਕੇ ਭਾਰਤ ਸਰਕਾਰ ਚਿੰਤਤ ਹੈ। ਉਹਨਾਂ ਕਿਹਾ ਕਿ ਇਹਨਾਂ ਦਿਨਾਂ ਵਿੱਚ ਹੀ ਨਵੰਬਰ 1984 ਵਿੱਚ ਭਾਰਤੀ ਸਟੇਟ ਦੀ ਛਾਂ ਹੇਠ ਹਿੰਦੂ ਭੀੜਾਂ ਨੇ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾਏ ਸਨ, 30 ਹਜ਼ਾਰ ਸਿੱਖਾਂ ਨੂੰ ਦਿੱਲੀ ਅਤੇ ਹੋਰਾਂ ਸੂਬਿਆਂ ਵਿੱਚ ਮਾਰਿਆ, ਬੀਬੀਆਂ ਦੀ ਪੱਤ ਲੁੱਟੀ, ਗੁਰਦੁਆਰੇ ਸਾੜੇ ਸਨ ਤੇ ਫਿਰਕੂ ਹਿੰਦੂਤਵੀਆਂ ਦੀ ਮਾਨਸਿਕਤਾ ਅੱਜ ਵੀ ਜਿਉਂ ਦੀ ਤਿਉਂ ਹੈ ਜਿਸ ਦੇ ਚੱਲਦਿਆਂ ਹਰੇਕ ਸਿੱਖ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ ਹੈ ਤਾਂ ਜੋ ਜੂਨ 1984 ਅਤੇ ਨਵੰਬਰ 1984 ਵਰਗਾ ਘੱਲੂਘਾਰਾ ਦੁਬਾਰਾ ਨਾ ਵਾਪਰ ਸਕੇ। ਉਹਨਾਂ ਵਿਦੇਸ਼ੀ ਹਿੰਦੂਆਂ ਨੂੰ ਵੀ ਕਿਹਾ ਕਿ ਉਹ ਭਾਰਤ ਸਰਕਾਰ ਦੀ ਸਿੱਖ ਵਿਰੋਧੀ ਚਾਲ ਨੂੰ ਪਹਿਚਾਨਣ ਅਤੇ ਆਪਸੀ ਭਾਈਚਾਰਾ ਬਣਾ ਕੇ ਰੱਖਣ। ਉਹਨਾਂ ਨੇ ਵਿਦੇਸ਼ੀ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਤੇ ਹੋਰਾਂ ਦੇਸ਼ਾਂ ਨੂੰ ਵੀ ਸਿੱਖਾਂ ਦੇ ਹੱਕ ਵਿੱਚ ਭੁਗਤਾ ਕੇ ਕਾਮਯਾਬੀ ਹਾਸਲ ਕਰਨ।
Author: Gurbhej Singh Anandpuri
ਮੁੱਖ ਸੰਪਾਦਕ