ਅੰਮ੍ਰਿਤਸਰ, 10 ਨਵੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਕਿਰਪਾਨ ਉੱਤੇ ਪਾਬੰਦੀ ਲਗਾਉਣ ਉੱਤੇ ਸਖ਼ਤ ਇਤਰਾਜ ਜਤਾਇਆ ਹੈ ਅਤੇ ਇਸ ਨੂੰ ਸਿੱਖ ਧਰਮ ਉੱਤੇ ਵੱਡਾ ਹਮਲਾ ਅਤੇ ਹਿੰਦੂਤਵੀ ਭਾਰਤ ਸਰਕਾਰ ਦੀ ਅਕਿਰਤਘਣਤਾ ਕਰਾਰ ਦਿੱਤਾ ਹੈ। ਫੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖਾਂ ਦੀ ਵੱਧ ਰਹੀ ਚੜ੍ਹਤ ਤੋਂ ਭਾਰਤ ਸਰਕਾਰ ਬੁਖਲਾਹਟ ਵਿੱਚ ਆ ਗਈ ਹੈ ਤੇ ਉਹ ਸੱਤਾ ਦੇ ਨਸ਼ੇ ਵਿੱਚ ਵਾਰ-ਵਾਰ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਹਨਾਂ ਕਿਹਾ ਕਿ ਭਾਰਤ ਦੇ ਹਵਾਈ ਅੱਡਿਆਂ ‘ਤੇ ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ ਵੱਲੋਂ ਅੰਮ੍ਰਿਤਧਾਰੀ ਸਿੱਖ ਮੁਲਾਜ਼ਮਾਂ ਵਿਰੁੱਧ ਡਿਊਟੀ ਦੌਰਾਨ ਕਿਰਪਾਨ ਪਹਿਨਣ ‘ਤੇ ਲਗਾਈ ਪਾਬੰਦੀ ਕਿਸੇ ਵੀ ਸਿੱਖ ਨੂੰ ਬਰਦਾਸ਼ਤ ਨਹੀਂ ਹੈ, ਸਰਕਾਰ ਆਪਣਾ ਤੁਗਲਕੀ ਅਤੇ ਨਾਦਰਸ਼ਾਹੀ ਫੁਰਮਾਨ ਤੁਰੰਤ ਵਾਪਸ ਲਵੇ, ਨਹੀਂ ਤਾਂ ਠੋਸ ਸੰਘਰਸ਼ ਵਿੱਢਿਆ ਜਾਵੇਗਾ। ਉਹਨਾਂ ਕਿਹਾ ਕਿ ਭਾਰਤ ਵਿੱਚ ਸਿੱਖਾਂ ਨੂੰ ਭਾਰਤ ਸਰਕਾਰ ਵੱਲੋਂ ਹਰ ਰੋਜ਼ ਸੰਤਾਪ ਦਿੱਤਾ ਜਾਂਦਾ ਹੈ, ਸਰਕਾਰ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਸਾਡੇ ਧਾਰਮਿਕ ਸਿਧਾਂਤਾਂ, ਮਰਯਾਦਾ ਅਤੇ ਧਾਰਮਿਕ ਮੁੱਦਿਆਂ ‘ਤੇ ਦਖਲ ਅੰਦਾਜੀ ਕਰ ਰਹੀ ਹੈ। ਉਹਨਾਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਰਪਾਨ ਰੱਖਣ ਦਾ ਹੁਕਮ ਕੀਤਾ ਹੈ ਤੇ ਇਹ ਹਰ ਅੰਮ੍ਰਿਤਧਾਰੀ ਸਿੱਖ ਦਾ ਅਨਿੱਖੜਵਾਂ ਅੰਗ ਹੈ। ਗੁਰੂ ਸਾਹਿਬ ਜੀ ਦਾ ਬਚਨ ਹੈ “ਕਿਰਪਾਨ ਪਾਣ ਧਾਰੀਅੰ। ਕਰੋਰ ਪਾਪ ਟਾਰੀਅੰ। ਕੱਛ ਕਿਰਪਾਨ ਨਾ ਕਬਹੂੰ ਤਿਆਗੇ। ਖਾਲਸਾ ਸੋ ਜੋ ਸ਼ਸਤਰ ਕਉ ਧਾਰੇ। ਸ਼ਸਤਰ ਸਾਡੇ ਪੀਰ ਹਨ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅੱਜ ਸਾਡੀ ਕਿਰਪਾਨ ਤੋਂ ਸਰਕਾਰ ਨੂੰ ਖਤਰਾ ਮਹਿਸੂਸ ਹੋ ਰਿਹਾ ਹੈ ਪਰ ਇਹਨਾਂ ਕਿਰਪਾਨਾਂ, ਸ਼ਸਤਰਾਂ ਤੇ ਹਥਿਆਰਾਂ ਦੇ ਨਾਲ ਹੀ ਸਿੱਖਾਂ ਨੇ 18ਵੀਂ ਸਦੀ ਵਿੱਚ ਹਿੰਦੂਆਂ ਦੀਆਂ ਬਹੂ ਬੇਟੀਆਂ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਬਚਾ ਕੇ ਲਿਆਂਦੀਆਂ ਸਨ, ਹਿੰਦੂਆਂ ਦੇ ਮੰਦਰ ਅਤੇ ਟਿੱਕਾ, ਬੋਧੀ, ਧੋਤੀ ਬਚਾਏ, ਮੁਗਲ ਹਕੂਮਤ ਅਤੇ ਅੰਗਰੇਜ਼ ਹਕੂਮਤ ਨਾਲ ਟੱਕਰ ਲਈ, ਗੋਰਿਆਂ ਨੂੰ ਭਜਾਇਆ ਤੇ ਇਹਨਾਂ ਕਿਰਪਾਨਾਂ ਦੇ ਨਾਲ ਹੀ ਭਾਰਤ ਨੂੰ ਆਜ਼ਾਦ ਕਰਵਾਇਆ ਸੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕਿਰਪਾਨ ਉੱਤੇ ਪਾਬੰਦੀ ਦੇ ਫੈਸਲੇ ਖ਼ਿਲਾਫ਼ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ, ਨਿਹੰਗ ਸਿੰਘ ਸੰਪਰਦਾਵਾਂ ਅਤੇ ਹੋਰ ਜਥੇਬੰਦੀਆਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਾਰਤ ਵਿੱਚ ਸਿੱਖ ਗੁਲਾਮ ਹਨ ਤੇ ਤੇ ਸਾਡੇ ਨਾਲ ਹਰ ਰੋਜ਼ ਗੁਲਾਮਾਂ ਵਾਲਾ ਵਤੀਰਾ ਕੀਤਾ ਜਾ ਰਿਹਾ। ਸਿੱਖਾਂ ਨੂੰ ਅਜਿਹਾ ਰਾਜਭਾਗ ਕੌਮੀ ਘਰ ਖ਼ਾਲਿਸਤਾਨ ਦੀ ਸਿਰਜਣਾ ਦੀ ਲੋੜ ਹੈ ਜਿੱਥੇ ਸਾਡਾ ਇਸ਼ਟ, ਧਰਮ, ਬੋਲੀ, ਸਭਿਆਚਾਰ, ਪਹਿਰਾਵਾ, ਕਕਾਰ ਅਤੇ ਕੁਦਰਤੀ ਸ੍ਰੋਤ ਸੁਰੱਖਿਅਤ ਰਹਿ ਸਕਣ।
Author: Gurbhej Singh Anandpuri
ਮੁੱਖ ਸੰਪਾਦਕ