Home » ਅੰਤਰਰਾਸ਼ਟਰੀ » ਯੂ.ਪੀ. ਦੇ ਪੀਲੀਭੀਤ ‘ਚ ਪੁਲਿਸ ਮੁਕਾਬਲੇ ‘ਚ ਮਾਰੇ ਤਿੰਨ ਨੌਜਵਾਨਾਂ ਦੇ ਨਮਿੱਤ ਹੋਇਆ ਪੰਥਕ ਸਮਾਗਮ, ਪਰਿਵਾਰਾਂ ਦਾ ਕੀਤਾ ਸਨਮਾਨ

ਯੂ.ਪੀ. ਦੇ ਪੀਲੀਭੀਤ ‘ਚ ਪੁਲਿਸ ਮੁਕਾਬਲੇ ‘ਚ ਮਾਰੇ ਤਿੰਨ ਨੌਜਵਾਨਾਂ ਦੇ ਨਮਿੱਤ ਹੋਇਆ ਪੰਥਕ ਸਮਾਗਮ, ਪਰਿਵਾਰਾਂ ਦਾ ਕੀਤਾ ਸਨਮਾਨ

114 Views

ਪੰਥਕ/ਖ਼ਾਲਿਸਤਾਨੀ ਜਥੇਬੰਦੀਆਂ ਦੇ ਆਗੂਆਂ ਨੇ ਪੁਲਿਸ ਅਤੇ ਸਰਕਾਰ ਦੀ ਕੀਤੀ ਘੋਰ ਨਿਖੇਧੀ, ਖ਼ਾਲਿਸਤਾਨ ਦੀ ਸਥਾਪਨਾ ਜ਼ਰੂਰੀ

ਗੁਰਦਾਸਪੁਰ, 3 ਜਨਵਰੀ ( ਤਾਜੀਮਨੂਰ ਕੌਰ ) ਪਿਛਲੇ ਦਿਨੀਂ ਪੰਜਾਬ ਪੁਲਿਸ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਦੁਆਰਾ ਯੂ.ਪੀ. ਦੇ ਪੀਲੀਭੀਤ ‘ਚ ਪੁਲਿਸ ਮੁਕਾਬਲੇ ਵਿੱਚ ਮਾਰੇ ਪੰਜਾਬ ਦੇ ਤਿੰਨ ਸਿੱਖ ਨੌਜਵਾਨਾਂ ਭਾਈ ਵਰਿੰਦਰ ਸਿੰਘ, ਭਾਈ ਗੁਰਵਿੰਦਰ ਸਿੰਘ ਤੇ ਭਾਈ ਜਸ਼ਨਪ੍ਰੀਤ ਸਿੰਘ ਦੇ ਨਮਿੱਤ ਅਰਦਾਸ ਸਮਾਗਮ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਲਾਨੌਰ ਦੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਜੱਥਾ ਠੀਕਰੀਵਾਲਾ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਹਾਜ਼ਰੀ ਭਰੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਜੱਥਿਆਂ ਵੱਲੋਂ ਕੀਰਤਨ ਹੋਇਆ। ਇਸ ਮੌਕੇ ਖ਼ਾਲਿਸਤਾਨੀ ਜਰਨੈਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਾਬਕਾ ਪਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਪ੍ਰੋਫੈਸਰ ਪਰਮਜੀਤ ਸਿੰਘ ਮੰਡ, ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਸਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ (ਇੰਦਰਾ ਗਾਂਧੀ ਸੋਧਕ ਕਾਂਡ), ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੱਲੂਪੁਰ ਖੈੜਾ ਦੇ ਪਿਤਾ ਭਾਈ ਤਰਸੇਮ ਸਿੰਘ, ਯੂਨਾਈਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਜੁਗਰਾਜ ਸਿੰਘ ਮਝੈਲ, ਭਾਈ ਦਲਜੀਤ ਸਿੰਘ ਬਿੱਟੂ ਗਰੁੱਪ ਦੇ ਭਾਈ ਸੁਖਦੀਪ ਸਿੰਘ ਮੀਕੇ, ਪੰਥਕ ਵਕੀਲ ਭਾਈ ਸਿਮਰਨਜੀਤ ਸਿੰਘ ਚੰਡੀਗੜ੍ਹ, ਪੰਥਕ ਆਗੂ ਭਾਈ ਗੁਰਿੰਦਰ ਸਿੰਘ ਬਾਜਵਾ ਅਤੇ ਕਥਾਵਾਚਕ ਭਾਈ ਜਸਵਿੰਦਰ ਸਿੰਘ ਕਾਹਨੂੰਵਾਨ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਪੰਥਕ ਆਗੂਆਂ ਨੇ ਇਸ ਮੁਕਾਬਲੇ ਨੂੰ ਝੂਠਾ ਪੁਲਿਸ ਮੁਕਾਬਲਾ ਕਰਾਰ ਦਿੱਤਾ ਅਤੇ ਸਰਕਾਰ ਦੇ ਘਟੀਆ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸਰਕਾਰ ਨੇ ਜਾਣਬੁੱਝ ਕੇ ਇਹਨਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਹੈ। ਜੇ ਇਹ ਨੌਜਵਾਨ ਪੁਲਿਸ ਥਾਣਿਆਂ ਉੱਤੇ ਗਰਨੇਡ ਸੁੱਟਣ ਦੇ ਦੋਸ਼ੀ ਹਨ ਤਾਂ ਇਹਨਾਂ ਨੂੰ ਮਾਰਨ ਦੀ ਬਜਾਏ ਭਾਰਤੀ ਕਾਨੂੰਨ ਅਨੁਸਾਰ ਕੇਸ ਚਲਾਇਆ ਜਾਂਦਾ ਅਤੇ ਅਦਾਲਤਾਂ ਸਜ਼ਾ ਤੈਅ ਕਰਦੀਆਂ ਪਰ ਸਰਕਾਰ ਨੇ ਇਹਨਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਤਸ਼ੱਦਦ ਕਰ-ਕਰ ਕੇ ਮਾਰਿਆ ਹੈ ਤੇ ਫਿਰ ਮੁਕਾਬਲੇ ਦੀ ਕਹਾਣੀ ਘੜ ਦਿੱਤੀ ਗਈ। ਆਗੂਆਂ ਨੇ ਕਿਹਾ ਕਿ ਪੁਲਿਸ ਨੇ ਪਹਿਲਾਂ ਵੀ ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਕੇ ਸਾਡੀ ਨਸਲਕੁਸ਼ੀ ਕੀਤੀ ਸੀ ਤੇ ਹੁਣ ਫਿਰ ਮੁਕਾਬਲੇ ਬਣਾ ਕੇ ਸਰਕਾਰ ਨੇ ਦਹਿਸ਼ਤ ਦਾ ਮਾਹੌਲ ਬਣਾਉਣਾ ਚਾਹਿਆ ਹੈ। ਪਰ ਸਰਕਾਰ ਦੇ ਇਸ ਜ਼ੁਲਮ ਖ਼ਿਲਾਫ਼ ਸਮੁੱਚੇ ਖ਼ਾਲਸਾ ਪੰਥ, ਪੰਥਕ ਜਥੇਬੰਦੀਆਂ, ਰਾਜਨੀਤਕ ਪਾਰਟੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਇਸ ਵਿੱਚ ਦੋਸ਼ੀ ਅਫ਼ਸਰਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਲੋੜ ਹੈ। ਜਥੇਬੰਦੀਆਂ ਨੇ ਕਿਹਾ ਕਿ ਇੱਕ ਸਾਂਝੀ ਕਮੇਟੀ ਬਣਾ ਕੇ ਖ਼ਾਲਸਾ ਪੰਥ ਵੱਲੋਂ ਵੀ ਆਜ਼ਾਦਾਨਾ ਤੌਰ ‘ਤੇ ਪੜਤਾਲ ਕਰਵਾਈ ਜਾਣੀ ਚਾਹੀਦੀ ਹੈ, ਇਹ ਮਾਮਲਾ ਵਿਦੇਸ਼ੀ ਸਰਕਾਰਾਂ ਤੱਕ ਵੀ ਪਹੁੰਚਾਉਣਾ ਚਾਹੀਦਾ ਹੈ। ਜਥੇਬੰਦੀਆਂ ਦੇ ਆਗੂਆਂ ਨੇ ਆਜ਼ਾਦ ਖ਼ਾਲਸਾ ਰਾਜ ਖ਼ਾਲਿਸਤਾਨ ਦੇ ਹੱਕ ਵਿੱਚ ਵੀ ਆਵਾਜ਼ ਬੁਲੰਦ ਕੀਤੀ। ਸਮਾਪਤੀ ਉੱਤੇ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਇਹਨਾਂ ਤਿੰਨਾਂ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਦਾ ਪ੍ਰਬੰਧ ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਯੂ.ਐਸ.ਏ. ਵੱਲੋਂ ਕੀਤਾ ਗਿਆ। ਇਸ ਮੌਕੇ ਸ਼ਹੀਦ ਭਾਈ ਸਤਵੰਤ ਸਿੰਘ (ਇੰਦਰਾ ਗਾਂਧੀ ਸੋਧਕ ਕਾਂਡ) ਦੇ ਭਤੀਜੇ ਭਾਈ ਸੁਖਵਿੰਦਰ ਸਿੰਘ ਅਗਵਾਨ, ਮਾਨ ਦਲ ਦੇ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ, ਜ਼ਿਲ੍ਹਾ ਪ੍ਰਧਾਨ ਭਾਈ ਗੁਰਬਚਨ ਸਿੰਘ ਪਵਾਰ, ਭਾਈ ਹਰਜੀਤ ਸਿੰਘ ਮੀਆਂਵਿੰਡ, ਭਾਈ ਬਲਵਿੰਦਰ ਸਿੰਘ ਕਾਲਾ, ਭਾਈ ਲਵਪ੍ਰੀਤ ਸਿੰਘ ਤੂਫਾਨ, ਬੀਬੀ ਕੁਲਵਿੰਦਰ ਕੌਰ ਖਾਲਸਾ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਗੁਰਨਾਮ ਸਿੰਘ ਮੂਨਕਾਂ, ਭਾਈ ਗੁਰਪ੍ਰੀਤ ਸਿੰਘ ਖੁੱਡਾ, ਭਾਈ ਬਲਵਿੰਦਰ ਸਿੰਘ ਪੱਖੋਕੇ, ਸਤਿਕਾਰ ਕਮੇਟੀ ਦੇ ਆਗੂ ਭਾਈ ਰਵਿੰਦਰ ਸਿੰਘ ਟਾਂਡਾ, ਹੁਸਨਦੀਪ ਸਿੰਘ ਆਦਿ ਹਾਜ਼ਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?